ਹਜ਼ਰਤ ਮੁਹੰਮਦ ਦਾ ਕਾਰਟੂਨ ਵਿਵਾਦ: ਮੈਕਰੋਂ ਨੇ ਕਿਹਾ,‘ਮੁਸਲਮਾਨਾਂ ਨੂੰ ਸਮਝਦਾ ਹਾਂ ਪਰ ਕੱਟੜ ਇਸਲਾਮ ਸਾਰਿਆਂ ਲਈ ਖ਼ਤਰਾ’- ਅਹਿਮ ਖ਼ਬਰਾਂ

ਫਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੈਕਰੋਂ ਨੇ ਕਿਹਾ ਹੈ ਕਿ ਉਹ ਮੁਸਲਮਾਨਾਂ ਦੀਆਂ ਭਾਵਨਾਵਾਂ ਸਮਝਦੇ ਹਨ ਪਰ ਕਟੱੜ ਇਸਲਾਮ ਸਾਰਿਆਂ ਲਈ ਖ਼ਤਰਨਾਕ ਹੈ।

ਦੂਜੇ ਪਾਸੇ ਫਰਾਂਸ ਵਾਂਗ ਹੀ ਕੈਨੇਡਾ ਦੇ ਕਿਊਬੈਕ ਸ਼ਹਿਰ ਵਿਚ ਛੁਰੇਬਾਜ਼ੀ ਨਾਲ ਦੋ ਵਿਅਕਤੀਆਂ ਨੂੰ ਕਤਲ ਕਰਨ ਅਤੇ ਕਈਆਂ ਨੂੰ ਜ਼ਖਮੀ ਕਰਨ ਦੀ ਖ਼ਬਰ ਆਈ ਹੈ।

ਇਹ ਵੀ ਪੜ੍ਹੋ:

ਮੈਕਰੋਂ ਨੇ ਕੀ ਕਿਹਾ

ਅਮੈਨੂਅਲ ਮੈਕਰੋਂ ਨੇ ਇਹ ਗੱਲਾਂ ਕਤਰ ਦੇ ਨਿਊਜ਼ ਚੈਨਲ ਅਲ ਜਜ਼ੀਰਾ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਹੀਆਂ। ਇਸ ਇੰਟਰਵਿਊ ਵਿੱਚ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਉਣ ਤੋਂ ਬਾਅਦ ਹੋਏ ਕਤਲਾਂ, ਉਨ੍ਹਾਂ ਦੇ ਬਿਆਨ ਅਤੇ ਮੁਸਲਿਮ ਦੇਸ਼ਾਂ ਵਿੱਚ ਉਨ੍ਹਾਂ ਦੀ ਹੋ ਰਹੀ ਮੁਖ਼ਾਲਫ਼ਤ ਬਾਰੇ ਕੀਤੀ।

ਰਾਸ਼ਟਰਪਤੀ ਮੈਕਰੋਂ ਨੇ ਕਿਹਾ,"ਮੈਂ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ ਕਿ ਜਿਨ੍ਹਾਂ ਨੂੰ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਏ ਜਾਣ ਤੋਂ ਝਟਕਾ ਲੱਗਿਆ ਹੈ। ਲੇਕਿਨ 'ਕੱਟੜ ਇਸਲਾਮ' ਨਾਲ ਉਹ ਲੜਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਸਾਰਿਆਂ ਲਈ ਖ਼ਾਸ ਤੌਰ ਤੇ ਮੁਸਲਮਾਨਾਂ ਲਈ ਖ਼ਤਰਾ ਹੈ।"

ਮੈਂ ਇਨ੍ਹਾਂ ਭਾਵਨਾਵਾਂ ਨੂੰ ਸਮਝਦਾ ਹਾਂ ਅਤੇ ਉਨ੍ਹਾਂ ਦਾ ਸਨਮਾਨ ਕਰਦਾ ਹਾਂ ਪਰ ਤੁਹਾਨੂੰ ਮੇਰੀ ਭੂਮਿਕਾ ਸਮਝਣੀ ਪਵੇਗੀ। ਮੈਂ ਇਸ ਭੂਮਿਕਾ ਵਿੱਚ ਦੋ ਕੰਮ ਕਰਨੇ ਹਨ- ਸ਼ਾਂਤੀ ਨੂੰ ਉਤਸ਼ਾਹਿਤ ਕਰਨਾ ਅਤੇ ਇਨ੍ਹਾਂ ਹੱਕਾਂ ਦੀ ਰਾਖੀ ਕਰਨਾ।"

ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਬੋਲਣ, ਲਿਖਣ ਅਤੇ ਵਿਚਾਰ ਕਰਨ ਅਤੇ ਤਸਵੀਰਾਂ ਬਣਾਉਣ ਦੀ ਅਜ਼ਾਦੀ ਦਾ ਹਮੇਸ਼ਾ ਬਚਾਅ ਕਰਨਗੇ।

ਇਸੇ ਮਹੀਨੇ ਮੈਕਰੋਂ ਨੇ ਕਿਹਾ ਸੀ ਕਿ ਉਹ ਹਜ਼ਰਤ ਮੁਹੰਮਦ ਦਾ ਕਾਰਟੂਨ ਦਿਖਾਉਣ ਕਾਰਨ ਕਤਲ ਕੀਤੇ ਗਏ ਅਧਿਆਪਕ ਦੇ ਕਾਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ। ਇਸ ਤੋਂ ਬਾਅਦ ਮੈਕਰੋਂ ਖ਼ਿਲਾਫ਼ ਮੁਸਲਿਮ ਦੇਸ਼ਾਂ ਵਿੱਚ ਵਿਰੋਧ ਮੁਜ਼ਾਹਰੇ ਹੋ ਰਹੇ ਸਨ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਿਉਬੈਕ ਵਿੱਚ ਛੁਰੇਬਾਜ਼ੀ ਦੌਰਾਨ ਦੋ ਹਲਾਕ ਕਈ ਜ਼ਖ਼ਮੀ

ਫਰਾਂਸ ਵਾਂਗ ਹੀ ਕੈਨੇਡਾ ਦੇ ਕਿਊਬੈਕ ਸ਼ਹਿਰ ਵਿਚ ਛੁਰੇਬਾਜ਼ੀ ਨਾਲ ਦੋ ਵਿਅਕਤੀਆਂ ਨੂੰ ਕਤਲ ਕਰਨ ਅਤੇ ਕਈਆਂ ਨੂੰ ਜ਼ਖਮੀ ਕਰਨ ਦੀ ਖ਼ਬਰ ਆਈ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਰਾਂਸ ਹਮਲੇ ਤੋਂ ਬਾਅਦ ਹਿੰਸਾ ਦੀ ਨਿਖੇਧੀ ਕੀਤੀ ਸੀ। ਪਰ ਨਾਲ ਹੀ ਪ੍ਰਗਟਾਵੇ ਦੀ ਅਜ਼ਾਦੀ ਦੀ ਵੀ ਖੁੱਲ੍ਹ ਕੇ ਵਕਾਲਤ ਕੀਤੀ ਸੀ।

ਕੈਨੇਡਾ ਦੇ ਕਿਊਬੈਕ ਸ਼ਹਿਰ ਵਿਚ ਕੁਝ ਲੋਕਾਂ ਉੱਤੇ ਛੁਰੇ ਨਾਲ ਹੋਏ ਹਮਲੇ ਦੌਰਾਨ ਘੱਟੋ ਘੱਟ ਦੋ ਮੌਤਾਂ ਹੋ ਗਈਆਂ ਅਤੇ 5 ਜਣੇ ਜਖ਼ਮੀ ਹੋ ਗਏ।

ਪੁਲਿਸ ਮੁਤਾਬਕ ਵਾਰਦਾਤ ਸ਼ਨੀਵਾਰ ਰਾਤੀਂ ਤੇਜ਼ਧਾਰ ਹਥਿਆਰ ਨਾਲ ਅੰਜ਼ਾਮ ਦਿੱਤੀ ਗਈ।

ਇਹ ਵੀ ਪੜ੍ਹੋ:

ਪੁਲਿਸ ਮੁਤਾਬਕ ਹਮਲਾਵਰ "ਅਰਬੀ ਪਹਿਰਾਵੇ" ਵਿਚ ਸੀ ਅਤੇ ਉਸ ਦੇ ਹਮਲੇ ਵਿਚ "ਕਈ ਲੋਕ ਜਖ਼ਮੀ" ਹੋਏ ਹਨ। ਸਥਾਨਕ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।

ਅਧਿਕਾਰੀਆਂ ਮੁਤਾਬਕ ਵਾਰਦਾਤ ਸਥਾਨਕ ਸਮੇਂ ਮੁਤਾਬਕ ਕਰੀਬ ਇੱਕ ਵਜੇ ਹੋਈ। ਮਾਮਲੀ ਦੀ ਜਾਂਚ ਚੱਲ ਰਹੀ ਹੈ ਅਤੇ ਲੋਕਾਂ ਨੂੰ ਅਜੇ ਵੀ ਘਰੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ।

ਪੁਲਿਸ ਮੁਤਾਬਕ ਵਾਰਦਾਤ ਇਹਿਤਾਸਕ ਪੁਰਾਣੇ ਕਿਊਬੈਕ ਨੇਬਰਹੁੱਡ ਦੇ ਪਾਰਲੀਮੈਂਟ ਹਿੱਲਜ਼ ਵਿਚ ਵਾਪਰੀ ਹੈ। ਵਿਅਕਤੀ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਹਸਪਤਾਲ ਵਿਚ ਲਿਜਾਇਆ ਗਿਆ ਹੈ। ਪਾਰਲੀਮੈਂਟ ਹਿੱਲਜ਼ ਨੇੜੇ ਮੌਜੂਦ ਪੱਤਰਕਾਰਾਂ ਕੈਦ ਪੁਲਿਸ ਗਤੀਵਿਧੀਆਂ ਦੀਆਂ ਫੋਟੋਆਂ ਟਵੀਟ ਕੀਤੀਆਂ ਹਨ।

ਫਰਾਂਸ ਵਿੱਚ ਇੱਕ ਹੋਰ ਹਮਲਾ

ਅਧਿਕਾਰੀਆਂ ਮੁਤਾਬਕ ਫਰਾਂਸ ਦੇ ਸ਼ਹਿਰ ਲਿਓ ਵਿੱਚ ਇੱਕ ਗ੍ਰੀਕ ਆਰਥੋਡੌਕਸ ਪਾਦਰੀ ਗੋਲਬਾਰੀ ਦੀ ਘਟਨਾ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।

ਗੋਲੀਬਾਰੀ ਤੋਂ ਬਾਅਦ ਹਮਲਾਵਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਪਰ ਬਾਅਦ ਵਿੱਚ ਚਸ਼ਮਦੀਦ ਦੇ ਆਧਾਰ ਉੱਤੇ ਇੱਕ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਹਮਲੇ ਦਾ ਮਕਸਦ ਅਜੇ ਸਾਫ਼ ਨਹੀਂ ਹੋਇਆ ਹੈ। ਪ੍ਰਸ਼ਾਸਨ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਤੋਂ ਪਹਿਲਾਂ ਹੀ ਦੱਖਣੀ ਫਰਾਂਸਿਸੀ ਸ਼ਹਿਰ ਨੀਸ ਵਿੱਚ ਇੱਕ ਚਰਚ 'ਚ ਚਾਕੂ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ।

ਇੰਗਲੈਂਡ 'ਚ ਮੁੜ ਲੌਕਡਾਊਨ, ਕੋਰੋਨਾ ਕੇਸ 10 ਲ਼ੱਖ ਤੋਂ ਪਾਰ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬਕਾਇਦਾ ਲੌਕਡਾਊਨ ਨੂੰ ਮੁੜ ਲਾਗੂ ਕਰਦਿਆਂ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪੂਰੇ ਇੰਗਲੈਂਡ ਵਿੱਚ ਇੱਕ ਮਹੀਨੇ ਦਾ ਲੌਕਡਾਊਨ ਲਗਾ ਦਿੱਤਾ ਹੈ ਅਤੇ ਇਹ 2 ਦਸੰਬਰ ਤੱਕ ਜਾਰੀ ਰਹੇਗਾ।

ਬੋਰਿਸ ਵੱਲੋਂ ਇਹ ਫ਼ੈਸਲਾ ਕੋਵਿਡ-19 ਦੇ ਕੇਸ 10 ਲੱਖ ਪਾਰ ਹੋਣ ਤੋਂ ਬਾਅਦ ਅਹਿਤਿਆਤ ਦੇ ਤੌਰ 'ਤੇ ਲਿਆ ਗਿਆ।

ਯੂਰਪ ਦੇ ਇੰਗਲੈਂਡ ਵਿੱਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇੱਥੇ ਹਰ ਰੋਜ਼ 20 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ।

ਫਰਾਂਸ ਹਮਲੇ ਦੇ ਸੰਦਰਭ 'ਚ ਜਸਟਿਨ ਟਰੂਡੋ 'ਤੇ ਕਿਉਂ ਭੜਕੀ ਕੰਗਨਾ?

ਕੈਨੇਡਾ ਦੇ ਪੀਐੱਮ ਜਸਟਿਨ ਟਰੂਡੇ ਨੇ ਫਰਾਂਸ ਵਿੱਚ ਹੋਏ ਹਮਲੇ ਬਾਰੇ ਗੱਲ ਕਰਦੇ ਹੋਏ ਪ੍ਰਗਟਾਵੇ ਦੀ ਆਜ਼ਾਦੀ ਦਾ ਬਚਾਅ ਕੀਤਾ ਪਰ ਨਾਲ ਹੀ ਕਿਹਾ ਕਿ ਕੁਝ ਭਾਈਚਾਰਿਆਂ ਨੂੰ ਮਨ-ਮਰਜ਼ੀ ਅਤੇ ਗੈਰ-ਜ਼ਰੂਰੀ ਤਰੀਕਿਆਂ ਨਾਲ ਠੇਸ ਨਹੀਂ ਪਹੁੰਚਾਉਣੀ ਚਾਹੀਦੀ।

ਜਸਟਿਨ ਟਰੂਡੋ ਦੇ ਇਸ ਬਿਆਨ ਉੱਤੇ ਅਦਾਕਾਰਾ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਸਵਾਲ ਕਰਦਿਆਂ ਕੁਝ ਟਵੀਟ ਕੀਤੇ।

ਕੰਗਨਾ ਨੇ ਲਿਖਿਆ, ''ਪਿਆਰੇ ਜਸਟਿਨ, ਅਸੀਂ ਇੱਕ ਆਦਰਸ਼ ਦੁਨੀਆਂ ਵਿੱਚ ਨਹੀਂ ਰਹਿੰਦੇ, ਲੋਕ ਰੋਜ਼ ਸਿਗਨਲ ਤੋੜਦੇ ਹਨ, ਡਰੱਗਸ ਲੈਂਦੇ ਹਨ, ਸ਼ੋਸ਼ਣ ਕਰਦੇ ਹਨ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਜੇ ਹਰ ਨਿੱਕੇ ਅਪਰਾਧ ਦੀ ਸਜ਼ਾ ਇੱਕ-ਦੂਜੇ ਦਾ ਗਲਾ ਵੱਡਣਾ ਹੈ ਤਾਂ ਸਾਨੂੰ ਪ੍ਰਧਾਨ ਮੰਤਰੀ ਅਤੇ ਕਾਨੂੰਨ ਵਿਵਸਥਾ ਦੀ ਕੀ ਲੋੜ ਹੈ?''

ਕੰਗਨਾ ਨੇ ਇੱਕ ਹੋਰ ਟਵੀਟ 'ਚ ਲਿਖਿਆ, ''ਕੋਈ ਵੀ ਜੇ ਰਾਮ, ਕ੍ਰਿਸ਼ਣ, ਮਾਂ ਦੁਰਗਾ ਜਾਂ ਕੋਈ ਵੀ ਹੋਰ ਭਗਵਾਨ ਭਾਵੇਂ ਅੱਲ੍ਹਾ, ਈਸਾ ਮਸੀਹ ਦਾ ਕਾਰਟੂਨ ਬਣਾਉਂਦਾ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਕੰਮ ਵਾਲੀ ਥਾਂ ਜਾਂ ਸੋਸ਼ਲ ਮੀਡੀਆ ਉੱਤੇ ਅਜਿਹਾ ਕਰਦਾ ਹੈ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ। ਜੇ ਸਰੇਆਮ ਕਰਦਾ ਹੈ ਤਾਂ ਉਸ ਨੂੰ 6 ਮਹੀਨੇ ਜੇਲ੍ਹ ਭੇਜ ਦੇਣਾ ਚਾਹੀਦਾ ਹੈ, ਬੱਸ ਇਹੀ ਲੋਕਾਂ ਨੂੰ ਨਾਸਤਿਕ ਹੋਣ ਦਾ ਅਧਿਕਾਰ ਹੈ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)