You’re viewing a text-only version of this website that uses less data. View the main version of the website including all images and videos.
ਜੇ ਕਸ਼ਮੀਰ ਦੇ ਮੁੱਦੇ ’ਤੇ ਫਰਾਂਸ ਭਾਰਤ ਦਾ ਹਮਾਇਤੀ ਨਹੀਂ ਤਾਂ ਭਾਰਤ ਕਿਉਂ ਹੁਣ ਖੁੱਲ੍ਹ ਕੇ ਸਮਰਥਨ ਦੇ ਰਿਹਾ ਹੈ
- ਲੇਖਕ, ਟੀਮ ਬੀਬੀਸੀ
- ਰੋਲ, ਨਵੀਂ ਦਿੱਲੀ
ਗੱਲ 22 ਅਗਸਤ 2019 ਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੌਰ 'ਤੇ ਸਨ ਅਤੇ ਸਾਂਝੀ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ।
ਇਸ ਦੌਰਾਨ ਇੱਕ ਪੱਤਰਕਾਰ ਨੇ ਕਸ਼ਮੀਰ 'ਚ ਧਾਰਾ 370 ਹਟਾਉਣ ਨੂੰ ਲੈ ਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਤੋਂ ਸਵਾਲ ਪੁੱਛਿਆ।
ਜਵਾਬ 'ਚ ਉਨ੍ਹਾਂ ਨੇ ਕਿਹਾ, ''ਫਰਾਂਸ ਦੀ ਇਸ ਗੱਲ ਉੱਤੇ ਨਿਗਾਹ ਹੈ ਕਿ ਕੰਟਰੋਲ ਲਾਈਨ ਦੇ ਦੋਵਾਂ ਪਾਸੇ ਆਮ ਨਾਗਰਿਕਾਂ ਦੇ ਅਧਿਕਾਰ ਅਤੇ ਹਿੱਤਾਂ ਦੀ ਅਣਦੇਖੀ ਨਾ ਹੋਵੇ।''
ਇਸ ਮੌਕੇ 'ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੱਲਬਾਤ ਹੋਈ ਹੈ। ਮੈਕਰੋਂ ਦਾ ਕਹਿਣਾ ਸੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਹ ਗੱਲ ਜ਼ਿੰਮੇਵਾਰੀ ਨਾਲ ਸਮਝਣੀ ਹੋਵੇਗੀ।
ਇਹ ਵੀ ਪੜ੍ਹੋ:
ਮੈਕਰੋਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਦੋਵੇਂ ਮੁਲਕਾਂ ਨੂੰ ਆਪਸੀ ਗੱਲਬਾਤ ਤੋਂ ਆਪਣੇ ਮਤਭੇਦ ਦੂਰ ਕਰਨੇ ਚਾਹੀਦੇ ਹਨ ਅਤੇ ਉਹ ਇਹੀ ਗੱਲ ਪਾਕਿਸਤਾਨ ਲਈ ਵੀ ਕਹਿਣਗੇ।
ਹੁਣ ਗੱਲ 28 ਅਕਤੂਬਰ 2020 ਦੀ। ਫਰਾਂਸ ਵਿੱਚ ਇਸਲਾਮ ਨੂੰ ਲੈ ਕੇ ਚੱਲ ਰਹੇ ਤਾਜ਼ਾ ਵਿਵਾਦ ਉੱਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਫਰਾਂਸ ਦੇ ਰਾਸ਼ਟਰਪਤੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ, ''ਅੰਤਰਰਾਸ਼ਟਰੀ ਵਾਦ-ਵਿਵਾਦ ਦੇ ਸਭ ਤੋਂ ਬੁਨਿਆਦੀ ਮਾਣਕਾਂ ਦੇ ਉਲੰਘਣ ਦੇ ਮਾਮਲੇ ਵਿੱਚ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਖ਼ਿਲਾਫ਼ ਨਾ ਸਵੀਕਾਰੀ ਜਾਣ ਵਾਲੀ ਭਾਸ਼ਾ ਵਿੱਚ ਵਿਅਕਤੀਗਤ ਹਮਲਿਆਂ ਦੀ ਅਸੀਂ ਨਿੰਦਾ ਕਰਦੇ ਹਾਂ।”
“ਅਸੀਂ ਨਾਲ ਹੀ ਅੱਤਵਾਦੀ ਹਮਲੇ ਵਿੱਚ ਫਰਾਂਸਿਸੀ ਅਧਿਆਪਕ ਦੀ ਜਾਨ ਲਏ ਜਾਣ ਦੀ ਵੀ ਨਿੰਦਾ ਕਰਦੇ ਹਾਂ। ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਫਰਾਂਸ ਦੇ ਲੋਕਾਂ ਪ੍ਰਤੀ ਸੰਵੇਦਨਾ ਜਤਾਉਂਦੇ ਹਾਂ। ਕਿਸੇ ਵੀ ਕਾਰਨ ਤੋਂ ਜਾਂ ਹਾਲਾਤਾਂ ਵਿੱਚ ਅੱਤਵਾਦ ਦੇ ਸਮਰਥਨ ਦਾ ਕੋਈ ਸਵਾਲ ਹੀ ਨਹੀਂ ਹੈ।''
ਭਾਰਤ ਤੋਂ ਪਹਿਲਾਂ ਜਰਮਨੀ, ਇਟਲੀ ਅਤੇ ਨੀਦਰਲੈਂਡ ਵਰਗੇ ਯੂਰਪੀ ਦੇਸ਼ਾਂ ਨੇ ਵੀ ਫਰਾਂਸ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਸੀ।
ਵੀਰਵਾਰ 29 ਅਕਤੂਬਰ ਨੂੰ ਫਰਾਂਸ ਦੇ ਨੀਸ ਸ਼ਹਿਰ ਦੀ ਇੱਕ ਚਰਚ ਵਿੱਚ ਵਿਅਕਤੀ ਨੇ ਚਾਕੂ ਨਾਲ ਹਮਲਾ ਕੀਤਾ ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਨਿੰਦਾ ਕੀਤੀ। ਇਸ ਤੋਂ ਬਾਅਦ ਅਮਰੀਕਾ, ਬ੍ਰਿਟੇਨ ਅਤੇ ਰੂਸ ਦੇ ਵੀ ਬਿਆਨ ਸਾਹਮਣੇ ਆਏ ਹਨ।
ਪਰ ਭਾਰਤ ਦੇ ਭੋਪਾਲ ਸ਼ਹਿਰ ਵਿੱਚ ਫਰਾਂਸ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋਇਆ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਭਾਰਤ ਦੇ ਸਮਰਥਨ 'ਤੇ ਫਰਾਂਸ ਵਿੱਚ ਪ੍ਰਤੀਕਿਰਿਆ
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਨੂੰ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਏਲ ਲੀਨੈਨ ਨੇ ਟਵੀਟ ਕੀਤਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦਾ ਸ਼ੁਕਰੀਆ ਅਦਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਤਵਾਦ ਖਿਲਾਫ਼ ਲੜਾਈ ਵਿੱਚ ਫਰਾਂਸ ਅਤੇ ਭਾਰਤ ਹਮੇਸ਼ਾ ਇੱਕ-ਦੂਜੇ ਉੱਤੇ ਭਰੋਸਾ ਕਰ ਸਕਦੇ ਹਨ।
ਜਦੋਂ ਕਸ਼ਮੀਰ ਵਿੱਚ ਮਨੁੱਖੀ ਅਧਿਕਾਰ ਮੁੱਦੇ ਉੱਤੇ ਫਰਾਂਸ ਖੁੱਲ੍ਹ ਕੇ ਭਾਰਤ ਦਾ ਸਮਰਥਨ ਨਹੀਂ ਕਰਦਾ, ਤਾਂ ਫਿਰ ਫਰਾਂਸ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਉੱਤੇ ਭਾਰਤ ਫਰਾਂਸ ਦਾ ਸਾਥ ਕਿਉਂ ਦੇ ਰਿਹਾ ਹੈ?
ਕੀ ਭਾਰਤ-ਫਰਾਂਸ ਦੋਸਤੀ ਹੀ ਇੱਕੋ-ਇੱਕ ਇਸ ਦੀ ਵਜ੍ਹਾ ਹੈ ਜਾਂ ਪਿੱਠਭੂਮੀ ਵਿੱਚ ਕੁਝ ਹੋਰ ਗੱਲਾਂ ਵੀ ਹਨ।
ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਉੱਤੇ ਨਜ਼ਰ ਰੱਖਣ ਵਾਲੇ ਆਈਆਰਆਈਐਸ ਸੰਸਥਾਨ 'ਚ ਅਸੋਸਿਏਟ ਰਿਸਰਚਰ ਜਾਂ-ਜੋਸੇਫ਼ ਬਾਇਲੋਟ ਫਿਲਹਾਲ ਫਰਾਂਸ ਵਿੱਚ ਰਹਿੰਦੇ ਹਨ।
ਪੈਰਿਸ ਤੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, ''ਭਾਰਤ ਦੇ ਇਸ ਸਮਰਥਨ ਉੱਤੇ ਫਰਾਂਸ ਦੇ ਮੀਡੀਆ ਵਿੱਚ ਕੋਈ ਖਾਸਾ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ। ਭਾਰਤ ਦੇ ਇਸ ਸਮਰਥਨ ਨੂੰ ਫਰਾਂਸ ਵਿੱਚ ਬਹੁਤ ਜ਼ਿਆਦਾ ਅਹਿਮੀਆਤ ਨਹੀਂ ਦਿੱਤੀ ਗਈ ਹੈ। ਇਸ ਪਿੱਛੇ ਕਈ ਕਾਰਨ ਹਨ।”
“ਪਹਿਲਾਂ ਤਾਂ ਇਹ ਕਿ ਬੁੱਧਵਾਰ (28 ਅਕਤੂਬਰ) ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਫਰਾਂਸ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਗਿਆ। ਜਨਤਾ ਅਤੇ ਮੀਡੀਆ ਦਾ ਧਿਆਨ ਉਸ ਖ਼ਬਰ ਉੱਤੇ ਜ਼ਿਆਦਾ ਸੀ।''
ਇਹ ਵੀ ਪੜ੍ਹੋ:
''ਦੂਜੇ ਪਾਸੇ 'ਇਸਲਾਮੋਫੋਬਿਆ' ਨੂੰ ਲੈ ਕੇ ਫਰਾਂਸ ਵਿੱਚ ਬਹਿਸ ਤਾਂ ਚੱਲ ਰਹੀ ਹੈ, ਪਰ ਅਜਿਹਾ ਦੇਸ਼ (ਭਾਰਤ) ਜਿੱਥੇ ਧਰਮ ਨਿਰਪੱਖਤਾ ਨੂੰ ਫਰਾਂਸ ਆਪਣੀ ਧਰਮ ਨਿਰਪੱਖਤਾ ਵਰਗਾ ਨਹੀਂ ਮੰਨਦਾ, ਉਸ ਤੋਂ ਇਸ ਮੁੱਦੇ ਉੱਤੇ ਸਮਰਥਨ ਨਾਲ ਮੈਕਰੋਂ ਬਹੁਤ ਕੁਝ ਹਾਸਿਲ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਫਰਾਂਸ ਕਸ਼ਮੀਰ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦੇ ਉੱਤੇ ਆਵਾਜ਼ ਚੁੱਕਦਾ ਰਿਹਾ ਹੈ।''
ਉਹ ਅੱਗੇ ਕਹਿੰਦੇ ਹਨ, ''ਜਿਸ ਵੇਲੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਫਰਾਂਸ ਦੇ ਸਮਰਥਨ ਵਿੱਚ ਬਿਆਨ ਜਾਰੀ ਹੋ ਰਿਹਾ ਸੀ, ਉਸ ਸਮੇਂ ਫਰਾਂਸ ਦੇ ਚੈਨਲ ARTE ਉੱਤੇ ਜੰਮੂ-ਕਸ਼ਮੀਰ ਵਿੱਚ ਹੁਣ ਕੋਈ ਵੀ ਭਾਰਤੀ ਬਿਨਾ ਡੋਮਿਸਾਇਲ ਦੇ ਖੇਤੀ ਲਈ ਜ਼ਮੀਨ ਨੂੰ ਛੱਡ ਕੇ ਜ਼ਮੀਨ ਖ਼ਰੀਦ ਸਕਦਾ ਹੈ - ਇਸ ਬਾਰੇ ਖ਼ਬਰ ਜ਼ਰੂਰ ਚੱਲ ਰਹੀ ਸੀ।''
ਜਾਂ-ਜੋਸੇਫ਼ ਬਾਇਲੋਟ ਭਾਰਤ ਅਤੇ ਫਰਾਂਸ ਦੇ ਰਿਸ਼ਤਿਆਂ ਉੱਤੇ ਨਿਗਾਹ ਰੱਖਦੇ ਹਨ। ਉਹ ਕਹਿੰਦੇ ਹਨ ਕਿ ARTE ਨੂੰ ਫਰਾਂਸ ਵਿੱਚ ਪ੍ਰਭਾਵਸ਼ਾਲੀ ਚੈਨਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਮੈਕਰੋਂ ਦੇ ਸਮਰਥਨ ਵਿੱਚ ਭਾਰਤ ਦੇ ਆਉਣ ਦੀ ਖ਼ਬਰ ਨੂੰ ਛੱਡ ਕੇ ਕਸ਼ਮੀਰ ਦੇ ਨਵੇਂ ਜ਼ਮੀਨ ਨਾਲ ਜੁੜੇ ਕਾਨੂੰਨ ਦੀ ਖ਼ਬਰ ਨੂੰ ਦਿਖਾਉਣਾ ਇਹ ਦੱਸਦਾ ਹੈ ਕਿ ਫਰਾਂਸ ਦੇ ਮੀਡੀਆ ਵਿੱਚ ਭਾਰਤ ਦੇ ਕਿਸ ਪਹਿਲੂ ਦੀ ਚਰਚਾ ਵੱਧ ਹੁੰਦੀ ਹੈ।
ਸਵਾ ਸਾਲ ਪੁਰਾਣੀ ਮੋਦੀ-ਮੈਕਰੋਂ ਦੀ ਮੁਲਾਕਾਤ ਦਾ ਜ਼ਿਕਰ ਲੇਖ ਦੀ ਸ਼ੁਰੂਆਤ ਵਿੱਚ ਇਸੇ ਕਰਕੇ ਕੀਤਾ ਗਿਆ ਹੈ।
ਪਰ ਅਜਿਹਾ ਨਹੀਂ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਸਿਰਫ਼ ਇਸੇ ਮੁੱਦੇ ਨਾਲ ਪਰਿਭਾਸ਼ਿਤ ਹੁੰਦੇ ਹੋਣ। ਇਹ ਸਿੱਕੇ ਦਾ ਸਿਰਫ਼ ਇੱਕ ਪਹਿਲੂ ਹੈ।
ਉਹ ਅੱਗੇ ਕਹਿੰਦੇ ਹਨ, ''ਫਰਾਂਸ ਦੇ ਸਮਰਥਨ ਵਿੱਚ ਉਤਰਣ ਦੇ ਭਾਰਤ ਕੋਲ ਕਈ ਕਾਰਨ ਹਨ। ਇਹ ਦਿਖਾਉਂਦਾ ਹੈ ਕਿ ਅੱਤਵਾਦ ਖਿਲਾਫ਼ ਭਾਰਤ ਦਾ ਰੁਖ਼ ਕੀ ਹੈ। ਜ਼ਰੂਰਤ ਵੇਲੇ ਭਾਰਤ ਆਪਣੇ ਦੋਸਤ ਫਰਾਂਸ ਦੇ ਨਾਲ ਖੜ੍ਹਾ ਹੈ। ਪਰ ਇਸ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਦੋਵਾਂ ਨੂੰ ਚੀਨ ਖਿਲਾਫ਼ ਇੱਕ-ਦੂਜੇ ਦੀ ਲੋੜ ਹੈ।”
ਭਾਰਤ ਚੀਨ ਦੇ ਖਿਲਾਫ਼ ਯੂਰਪੀ ਦੇਸ਼ਾਂ ਤੋਂ ਸਮਰਥਨ ਲੈਣ ਵਿੱਚ ਲੱਗਿਆ ਹੈ। ਦੂਜੇ ਪਾਸੇ ਚੀਨ ਜਿਸ ਰਫ਼ਤਾਰ ਨਾਲ ਵਿਸ਼ਵ ਵਿੱਚ ਆਪਣਾ ਵਿਸਥਾਰ ਕਰ ਰਿਹਾ ਹੈ, ਯੂਰਪੀ ਦੇਸ਼ ਉਸ ਨੂੰ ਮਨੁੱਖੀ ਅਧਿਕਾਰਾਂ ਅਤੇ ਹੋਰਨਾਂ ਸਿਧਾਂਤਾਂ ਦੇ ਖਿਲਾਫ਼ ਦੇਖਦੇ ਹਨ।''
ਭਾਰਤ ਹਮੇਸ਼ਾ ਕੌਮਾਂਤਰੀ ਪੱਧਰ ਉੱਤੇ ਇਹ ਤਰਕ ਦਿੰਦਾ ਰਿਹਾ ਹੈ ਕਿ ਉਹ 'ਅੱਤਵਾਦ' ਨਾਲ ਸਭ ਤੋਂ ਵੱਧ ਪੀੜਤ ਦੇਸ਼ਾਂ ਵਿੱਚੋਂ ਇੱਕ ਹੈ ਇਸ ਲਈ ਫਰਾਂਸ ਜਾਂ ਹੋਰ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਹਮਲੇ ਹੁੰਦੇ ਹਨ, ਭਾਰਤ ਦੇ ਖੁੱਲ੍ਹ ਕੇ ਸਾਹਮਣੇ ਆਉਣ ਦੀ ਗੱਲ ਸਮਝ ਆਉਂਦੀ ਹੈ।
ਭਾਰਤ-ਫਰਾਂਸ ਦੇ ਰਿਸ਼ਤੇ
ਰਾਕੇਸ਼ ਸੂਦ, ਫਰਾਂਸ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਭਾਰਤ ਅਤੇ ਫਰਾਂਸ ਦੇ ਰਿਸ਼ਤਿਆਂ ਨੂੰ ਇੱਕ ਲਾਈਨ ਵਿੱਚ ਸਮਝਾਉਂਦੇ ਹੋਏ ਉਹ ਕਹਿੰਦੇ ਹਨ, ''ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਦੋਸਤੀ ਹੈ ਅਤੇ ਸਮੇਂ-ਸਮੇਂ ਉੱਤੇ ਜਦੋਂ ਵੀ ਇਸ ਨੂੰ ਪਰਖਿਆ ਗਿਆ ਹੈ, ਹਰ ਵਾਰ ਇਹ ਗੱਲ ਸਹੀ ਸਾਬਤ ਹੋਈ ਹੈ।''
ਫਿਰ ਫਰਾਂਸ ਦੇ ਰਾਸ਼ਟਰਪਤੀ ਕਸ਼ਮੀਰ ਵਿੱਚ ਮਨੁੱਖੀ ਅਧਿਕਾਰ ਦਾ ਮੁੱਦਾ ਕਿਉਂ ਚੁੱਕਦੇ ਹਨ?
ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, ''ਫਰਾਂਸ ਦੇ ਸੇਕਿਉਲਰਿਜ਼ਮ ਦੀ ਆਪਣੀ ਇੱਕ ਪਰਿਭਾਸ਼ਾ ਹੈ, ਜਿਸ ਤਹਿਤ ਕੋਈ ਵੀ ਧਾਰਮਿਕ ਪ੍ਰਤੀਕ ਦਾ ਤਜਰਬਾ ਜਨਤਕ ਨਹੀਂ ਕੀਤਾ ਜਾਂਦਾ। ਫਰਾਂਸ ਵਿੱਚ 80 ਫੀਸਦੀ ਤੋਂ ਵੱਧ ਲੋਕ ਇਸਾਈ ਹਨ ਪਰ ਉੱਥੇ ਧਰਮ ਨਿਰਪੱਖਤਾ ਦੀ ਇਸ ਪਰਿਭਾਸ਼ਾ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਂਦਾ ਹੈ।”
“ਜੇ ਉਹ ਹਿਜਾਬ ਲਈ ਇਨਕਾਰ ਕਰਦੇ ਹਨ ਤਾਂ ਕ੍ਰਿਸ਼ਚਿਅਨ ਕ੍ਰੋਸ ਦੇ ਲਈ ਵੀ ਮਨ੍ਹਾ ਕਰਦੇ ਹਨ। ਪਰ ਭਾਰਤ ਵਿੱਚ ਸੇਕਿਉਲਰਿਜ਼ਮ ਵੱਖਰੀ ਤਰ੍ਹਾਂ ਦਾ ਹੈ, ਦੋਵਾਂ ਦੇਸ਼ਾਂ ਵਿੱਚ ਧਰਮ ਨਿਰਪੱਖਤਾ ਦੀ ਸਮਝ ਵੱਖਰੀ ਹੈ।''
ਪਰ ਰਾਕੇਸ਼ ਸੂਦ ਨੂੰ ਲਗਦਾ ਹੈ ਕਿ ਸਿਰਫ਼ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਨਾਲ ਇਹ ਨਹੀਂ ਸਮਝਿਆ ਜਾ ਸਕਦਾ ਹੈ ਕਿ ਭਾਰਤ ਅਤੇ ਫਰਾਂਸ ਦੋਸਤ ਨਹੀਂ ਹਨ।
ਜਾਂ-ਜੋਸੇਫ਼ ਬਾਇਲੋਟ ਵੀ ਇਹ ਮੰਨਦੇ ਹਨ ਕਿ ਦੋਵਾਂ ਦੇਸ਼ਾਂ ਵਿੱਚ ਸਿਆਸੀ ਅਤੇ ਆਰਥਿਕ ਮੋਰਚੇ ਉੱਤੇ ਬਹੁਤ ਚੰਗੇ ਰਿਸ਼ਤੇ ਹਨ। ਮੋਦੀ ਅਤੇ ਮੈਕਰੋਂ ਵਿਚਾਲੇ ਕੈਮਿਸਟ੍ਰੀ ਸ਼ੁਰੂਆਤ ਤੋਂ ਬਹੁਤ ਚੰਗੀ ਹੈ, ਪਰ ਅਜਿਹੀ ਕੈਮਿਸਟ੍ਰੀ ਦੋਵਾਂ ਦੇਸ਼ਾਂ ਦੀ ਜਨਤਾ ਦੇ ਵਿਚਾਲੇ ਵੀ ਹੋਵੇ, ਇਹ ਜ਼ਰੂਰੀ ਨਹੀਂ।
ਇਤਿਹਾਸ ਵਿੱਚ ਫਰਾਂਸ ਨੇ ਭਾਰਤ ਦਾ ਸਾਥ ਕਦੋਂ-ਕਦੋਂ ਦਿੱਤਾ?
ਰਾਕੇਸ਼ ਸੂਦ, 1998 ਵਿੱਚ ਪਰਮਾਣੁ ਟ੍ਰਾਇਲ ਦੇ ਵੇਲੇ ਨੂੰ ਚੇਤੇ ਕਰਦੇ ਹੋਏ ਕਹਿੰਦੇ ਹਨ, ''ਉਸ ਸਮੇਂ ਜਦੋਂ ਦੁਨੀਆਂ ਦੇ ਜ਼ਿਆਦਾਤਰ ਮੁਲਕਾਂ ਨੇ ਭਾਰਤ ਦਾ ਸਾਥ ਛੱਡ ਦਿੱਤਾ ਸੀ, ਉਦੋਂ ਭਾਰਤ ਨੂੰ ਫਰਾਂਸ ਤੋਂ ਸਭ ਤੋਂ ਜ਼ਿਆਦਾ ਮਦਦ ਮਿਲੀ ਸੀ। ਫਰਾਂਸ ਨੇ ਉਸ ਵੇਲੇ ਦੋ ਟੂਕ ਸ਼ਬਦਾਂ ਵਿੱਚ ਕਿਹਾ ਸੀ ਕਿ ਏਸ਼ੀਆ ਵਿੱਚ ਕੋਈ ਦੇਸ਼ ਸਾਡਾ ਪਾਰਟਨਰ ਹੈ ਤਾਂ ਉਹ ਭਾਰਤ ਹੈ ਅਤੇ ਉਨ੍ਹਾਂ ਦਾ ਇਹੀ ਸਟੈਂਡ ਅੱਜ ਤੱਕ ਕਾਇਮ ਹੈ।''
11 ਮਈ 1998 ਨੂੰ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਕਾਰਜਕਾਲ ਵਿੱਚ ਪੋਖਰਣ 'ਚ ਭਾਰਤ ਨੇ ਪਰਮਾਣੁ ਪਰੀਖਣ ਕੀਤਾ ਸੀ। ਉਸ ਤੋਂ ਬਾਅਦ ਭਾਰਤ ਉੱਤੇ ਕਈ ਤਰ੍ਹਾਂ ਦੇ ਇੰਟਰਨੈਸ਼ਨਲ ਪਾਬੰਦੀਆਂ ਲਗਾਈਆਂ ਗਈਆਂ ਸਨ। ਉਸ ਸੰਕਟ ਦੀ ਘੜੀ ਵਿੱਚ ਫਰਾਂਸ ਨੇ ਭਾਰਤ ਦਾ ਸਾਥ ਦਿੱਤਾ ਸੀ।
ਰਾਕੇਸ਼ ਸੂਦ ਮੁਤਾਬਕ ਕਈ ਹੋਰ ਮੌਕੇ ਵੀ ਆਏ, ਜਦੋਂ ਫਰਾਂਸ ਨੇ ਭਾਰਤ ਦਾ ਸਾਥ ਦਿੱਤਾ ਹੈ।
''1982 ਵਿੱਚ ਤਾਰਾਪੁਰ ਨਿਊਕਲੀਅਰ ਪਲਾਂਟ ਲਈ ਅਮਰੀਕਾ ਨੇ ਯੂਰੇਨਿਅਮ ਦੀ ਸਪਲਾਈ ਬੰਦ ਕਰ ਦਿੱਤੀ ਸੀ, ਉਸ ਵੇਲੇ ਭਾਰਤ ਨੂੰ ਰੂਸ ਤੋਂ ਵੀ ਮਦਦ ਨਹੀਂ ਮਿਲੀ ਸੀ ਅਤੇ ਫਰਾਂਸ ਨੇ ਮਦਦ ਦਾ ਹੱਥ ਅੱਗੇ ਵਧਾਇਆ ਸੀ।”
"ਭਾਰਤ ਅਤੇ ਫਰਾਂਸ ਵਿਚਾਲੇ ਪੁਲਾੜ ਦੇ ਖੇਤਰ ਵੱਲ਼ ਵੀ ਕਾਫੀ ਸਾਂਝ ਹੈ। ਸਬ-ਮਰੀਨ ਬਣਾਉਣ ਵਿੱਚ ਵੀ ਫਰਾਂਸ ਭਾਰਤ ਦੀ ਮਦਦ ਕਰ ਰਿਹਾ ਹੈ। ਫਰਾਂਸ ਪਹਿਲਾ ਦੇਸ਼ ਸੀ, ਜਿਸ ਨੇ ਕਿਹਾ ਸੀ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਬਣਨਾ ਚਾਹੀਦਾ ਹੈ।”
“ਰੂਸ, ਅਮਰੀਕਾ ਅਤੇ ਬ੍ਰਿਟੇਨ ਦੇ ਕਹਿਣ ਤੋਂ ਬਹੁਤ ਪਹਿਲਾਂ ਫਰਾਂਸ ਨੇ ਆਪਣਾ ਪੱਖ ਸਾਹਮਣੇ ਰੱਖਿਆ ਸੀ। ਚੀਨ ਨਾਲ ਸਰਹੱਦ ਉੱਤੇ ਤਣਾਅ ਵਿਚਾਲੇ ਜਿਸ ਰਫਾਲ ਦੇ ਆਉਣ ਨਾਲ ਭਾਰਤ ਵਿੱਚ ਖੁਸ਼ੀ ਦੀ ਲਹਿਰ ਹੈ, ਉਹ ਲੜਾਕੂ ਜਹਾਜ਼ ਵੀ ਭਾਰਤ ਨੇ ਫਰਾਂਸ ਤੋਂ ਹੀ ਖ਼ਰੀਦਿਆ ਹੈ। ਦੋਵੇਂ ਦੇਸ਼ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਹਿੱਸਾ ਵੀ ਹਨ। ਇਹ ਸਾਰੇ ਉਦਾਹਰਣ ਦੱਸਦੇ ਹਨ ਕਿ ਭਾਰਤ ਅਤੇ ਫਰਾਂਸ ਦੇ ਵਿਚਾਲੇ ਰਿਸ਼ਤੇ ਹਮੇਸ਼ਾ ਚੰਗੇ ਰਹੇ ਹਨ।''
ਭਾਰਤ ਤੇ ਫਰਾਂਸ ਵਿਚਾਲੇ ਵਪਾਰ
ਜਿਹੜੇ ਮੁਲਕਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਤੋਂ ਜ਼ਿਆਦਾ ਵਾਰ ਦੌਰਾ ਕੀਤਾ ਹੈ, ਉਨ੍ਹਾਂ ਵਿੱਚੋਂ ਫਰਾਂਸ ਵੀ ਇੱਕ ਹੈ।
ਫਰਾਂਸ 'ਚ ਭਾਰਤੀ ਸਫਾਰਖਾਨੇ ਮੁਤਾਬਕ ਭਾਰਤ ਅਤੇ ਫਰਾਂਸ ਵਿਚਾਲੇ ਸਾਲ 2019 ਵਿੱਚ 11.59 ਬਿਲੀਅਨ ਯੂਰੋ ਦਾ ਕਾਰੋਬਾਰ ਹੋਇਆ ਸੀ।
ਭਾਰਤ ਫਰਾਂਸ ਵਿਚਾਲੇ ਐਕਸਪੋਰਟ ਵੱਧ ਹੈ ਅਤੇ ਇੰਪੋਰਟ ਘੱਟ ਹੈ। ਪਰ ਪਿਛਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਘਾਟੇ ਵਿੱਚ ਲਗਾਤਾਰ ਕਮੀ ਆ ਰਹੀ ਹੈ।
ਭਾਰਤ ਜੋ ਸਮਾਨ ਫਰਾਂਸ ਨੂੰ ਐਕਸਪੋਰਟ ਕਰਦਾ ਹੈ, ਉਸ ਵਿੱਚ ਸੂਤੀ ਕੱਪੜੇ ਅਤੇ ਡ੍ਰੈੱਸ ਅਹਿਮ ਹੈ। ਫਰਾਂਸ ਜੋ ਸਮਾਨ ਭਾਰਤ ਨੂੰ ਵੇਚਦਾ ਹੈ, ਉਸ 'ਚ ਕੀਟਨਾਸ਼ਕ, ਟੀਕਾ ਬਣਾਉਣ ਲਈ ਦਵਾਈ ਅਤੇ ਹੋਰ ਕਈ ਤਰ੍ਹਾਂ ਦੇ ਮੈਡੀਕਲ ਅਤੇ ਕੈਮਿਕਲ ਦੇ ਸਮਾਨ ਸ਼ਾਮਿਲ ਹਨ।
ਇੰਨਾ ਹੀ ਨਹੀਂ ਦੋਵੇਂ ਦੇਸ਼ਾਂ ਵਿਚਾਲੇ ਕਈ ਲੈਵਲ 'ਤੇ ਸਮਝੌਤੇ ਅਤੇ ਨਿਵੇਸ਼ ਵੀ ਹੋਏ ਹਨ।
ਇਹੀ ਵਜ੍ਹਾ ਹੈ ਕਿ ਕੋਵਿਡ-19 ਦੇ ਦੌਰ ਵਿੱਚ ਵੀ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਸ਼੍ਰਿੰਗਲਾ ਫਰਾਂਸ ਪਹੁੰਚੇ ਹਨ। ਇੱਥੋਂ ਉਹ ਬ੍ਰਿਟੇਨ ਤੇ ਜਰਮਨੀ ਵੀ ਜਾਣਗੇ।
ਵੀਰਵਾਰ (29 ਅਕਤੂਬਰ) ਨੂੰ ਹੀ ਉਹ ਫਰਾਂਸ ਪਹੁੰਚੇ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੁਨੇਹੇ ਨੂੰ ਦੁਹਰਾਇਆ ਹੈ। ਇਹ ਦੌਰਾ ਦੋਵਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਦੀ ਨਿੱਘ ਨੂੰ ਦਰਸ਼ਾਉਂਦਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: