ਫਰਾਂਸ ਨੇ ਕਿਵੇਂ ਕੱਟੜਵਾਦੀ ਇਸਲਾਮ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ

    • ਲੇਖਕ, ਲੂਸੀ ਵਿਲੀਅਮਸਨ
    • ਰੋਲ, ਬੀਬੀਸੀ ਪੱਤਰਕਾਰ, ਪੈਰਿਸ

ਉੱਤਰ-ਪੂਰਬੀ ਪੈਰਿਸ ਦੇ ਪੈਂਟੀਨ ਦੀ ਮਸਜਿਦ ਪਹਿਲੇ ਅਜਿਹੇ ਸੰਕੇਤਾਂ ਵਿਚੋਂ ਇਕ ਸੀ ਜੋ ਦੱਸ ਰਹੀ ਸੀ ਕਿ ਇਸ ਵਾਰ ਕੁਝ ਵੱਖਰਾ ਹੋ ਰਿਹਾ ਹੈ।

ਇਕ ਹਵਾਈ ਜਹਾਜ਼ ਦੇ ਹੈਂਗਰ ਦੀ ਸ਼ਕਲ ਵਾਲੀ ਇਹ ਇਮਾਰਤ ਬਿਲਕੁਲ ਖਾਲੀ ਅਤੇ ਬੰਦ ਹੈ।

ਬਾਹਰ ਇਕ ਅਧਿਕਾਰਤ ਨੋਟਿਸ ਹੈ, ਜਿਸ ਨੂੰ ਮੀਂਹ ਤੋਂ ਬਚਾਉਣ ਲਈ ਪਲਾਸਟਿਕ ਨਾਲ ਟੇਪ ਕੀਤਾ ਗਿਆ ਸੀ।

ਇਹ ਵੀ ਪੜ੍ਹੋ

ਇਸ ਮਸਜਿਦ ਨੂੰ ਸਰਕਾਰ ਦੁਆਰਾ "ਇਸਲਾਮਿਕ ਲਹਿਰ ਵਿਚ ਸ਼ਾਮਲ ਹੋਣ" ਅਤੇ “ਅਧਿਆਪਕ ਸੈਮੂਅਲ ਪੈਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝਾ ਕਰਨ ਲਈ” ਜ਼ਬਰਦਸਤੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।

ਇਸ ਮਹੀਨੇ ਇੱਕ ਅਧਿਆਪਕ ਦੇ ਸਿਰ ਕਲਮ ਕਰਨ ਦੇ ਜਵਾਬ ਵਿੱਚ, ਇਸਲਾਮਿਕ ਕੱਟੜਵਾਦੀਆਂ ਉੱਤੇ ਫਰਾਂਸ ਦੀ ਸਰਕਾਰ ਵੱਲੋਂ ਕੀਤੀ ਗਈ ਇਹ ਕਾਰਵਾਈ ਕਾਫ਼ੀ ਤਿੱਖੀ ਅਤੇ ਸਖ਼ਤ ਹੈ।

ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਪਿਛਲੇ ਹਫ਼ਤੇ ਆਪਣੀ ਰੱਖਿਆ ਪ੍ਰੀਸ਼ਦ ਨੂੰ ਕਿਹਾ "ਡਰ ਨਾਲ ਹੀ ਹਾਲਾਤ ਬਦਲਣਗੇ।"

ਸਰਕਾਰ ਨੇ 120 ਤੋਂ ਵੱਧ ਲੋਕਾਂ ਦੀ ਭਾਲ, ਕੱਟੜਵਾਦੀ ਬਿਆਨਬਾਜ਼ੀ ਫੈਲਾਉਣ ਦੇ ਇਲਜ਼ਾਮਾਂ ਵਾਲੀਆਂ ਐਸੋਸੀਏਸ਼ਨਾਂ ਨੂੰ ਭੰਗ ਕਰਨ, ਅੱਤਵਾਦੀ ਫੰਡਾਂ ਨੂੰ ਨਿਸ਼ਾਨਾ ਬਣਾਉਣ, ਅਧਿਆਪਕਾਂ ਲਈ ਨਵਾਂ ਸਮਰਥਨ ਅਤੇ ਸੋਸ਼ਲ ਮੀਡੀਆ ਕੰਪਨੀਆਂ ਉੱਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਹਨ।

ਵਿਆਪਕ ਨਿਗਰਾਨੀ

ਜਰੋਮ ਫੋਰਕੁਏਟ ਇਕ ਰਾਜਨੀਤਕ ਵਿਸ਼ਲੇਸ਼ਕ ਅਤੇ ਆਈਐਫਓਪੀ ਪੋਲਿੰਗ ਏਜੰਸੀ ਦੇ ਡਾਇਰੈਕਟਰ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹਮਲਾ ਇੱਕ ਅਧਿਆਪਕ ਨੂੰ ਨਿਸ਼ਾਨਾ ਬਣਾਉਣ ਅਤੇ ਇਸਦੀ ਬੇਰਹਿਮੀ ਵਾਲੀਆਂ ਪਹਿਲੀਆਂ ਕਾਰਵਾਈਆਂ ਤੋਂ ਵੱਖਰਾ ਸੀ। ਇਸ ਕਰਕੇ ਹੀ ਸਰਕਾਰ ਦੇ ਅੰਦਰ ਵੀ ਇੱਕ "ਤਬਦੀਲੀ" ਆਈ ਹੈ।

ਉਨ੍ਹਾਂ ਕਿਹਾ, "ਹੁਣ ਅਸੀਂ ਸੰਗਠਿਤ ਜੇਹਾਦੀ ਨੈਟਵਰਕਸ ਨਾਲ ਡੀਲ ਨਹੀਂ ਕਰ ਰਹੇ, ਪਰ ਇੱਕ ਅੱਤਵਾਦੀ ਜੋ ਸਾਡੇ ਆਪਣੇ ਦੇਸ਼ ਤੋਂ ਆਇਆ ਹੈ, ਇਕ ਅਜਿਹਾ ਵਿਅਕਤੀ ਜਿਸ ਨੂੰ ਕੱਟੜਵਾਦੀ ਬਣਾਇਆ ਗਿਆ ਹੈ, ਉਸ ਨਾਲ ਨਜਿੱਠ ਰਹੇ ਹਾਂ।”

ਉਨ੍ਹਾਂ ਅੱਗੇ ਕਿਹਾ, "ਸਰਕਾਰ ਦਾ ਮੰਨਣਾ ਹੈ ਕਿ ਪ੍ਰਤੀਕ੍ਰਿਆ ਸਿਰਫ਼ ਕਾਨੂੰਨ ਲਾਗੂ ਕਰਨ ਬਾਰੇ ਨਹੀਂ ਹੋ ਸਕਦੀ। ਉਹਨਾਂ ਨੂੰ ਸੋਸ਼ਲ ਨੈੱਟਵਰਕ ਅਤੇ ਐਸੋਸੀਏਸ਼ਨਾਂ ਦੇ ਪ੍ਰਬੰਧ ਦੀ ਵੀ ਜ਼ਰੂਰਤ ਹੈ, ਕਿਉਂਕਿ ਇਹ ਦੁੱਖਦਾਈ ਕੇਸ ਇੱਕ ਪੂਰੇ ਨੈੱਟਵਰਕ 'ਤੇ ਚਾਨਣਾ ਪਾਉਂਦਾ ਹੈ ਜੋ ਲੋਕਾਂ ਦੇ ਅੰਦਰ ਨਫ਼ਰਤ ਫੈਲਾਉਂਦਾ ਹੈ। ਸਿਸਟਮ ਨੂੰ ਬਦਲਣ ਦੀ ਲੋੜ ਹੈ।"

ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਆਈਐੱਫਓਪੀ ਦੇ ਸਰਵੇ ਨੇ ਸੁਝਾਅ ਦਿੱਤਾ ਸੀ ਕਿ ਧਰਮ ਨਿਰਪੱਖਤਾ ਪ੍ਰਤੀ ਟਕਰਾਅ ਤੋਂ ਬਚਣ ਲਈ ਇਕ ਤਿਹਾਈ ਅਧਿਆਪਕਾਂ ਨੇ "ਸੈਲਫ਼-ਸੈਂਸਰ" ਕੀਤਾ ਸੀ।

ਲੇਕਿਨ ਫਰਾਂਸ ਦੇ ਨੈਸ਼ਨਲ ਸੈਂਟਰ ਫਾਰ ਸਾਇੰਟਫਿਕ ਰਿਸਰਚ ਦੇ ਇੱਕ ਸਮਾਜ ਸ਼ਾਸਤਰੀ, ਲੌਰੇਂਟ ਮੁਚੀਲੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਮੈਕਰੌਨ ਅਤੇ ਉਨ੍ਹਾਂ ਦੀ ਸਰਕਾਰ ਨੇ ਰਾਜਨੀਤਿਕ ਕਾਰਨਾਂ ਕਰਕੇ "ਔਵਰ-ਰਿਐਕਟ" ਕੀਤਾ ਹੈ; ਖਾਸ ਤੌਰ 'ਤੇ, 2022 ਵਿਚ ਰਾਸ਼ਟਰਪਤੀ ਚੋਣਾਂ ਨੂੰ ਲੈਕੇ।

ਮੁਚੀਲੀ ਨੇ ਕਿਹਾ, "ਮੈਕਰੌਨ ਅੱਗ ਵਿਚ ਤੇਲ ਪਾ ਰਹੇ ਹਨ।"

ਉਨ੍ਹਾਂ ਕਿਹਾ, "ਉਹ ਪਿੱਛੇ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਦਾ ਮੁੱਖ ਟੀਚਾ 2022 ਵਿਚ ਦੁਬਾਰਾ ਚੁਣੇ ਜਾਣਾ ਹੈ।"

ਸੱਭਿਆਚਾਰਕ ਤਣਾਅ

ਦਫ਼ਤਰ ਵਿਚ ਆਪਣੇ ਸਮੇਂ ਦੇ ਦੌਰਾਨ, ਮੈਕਰੌਨ ਨੇ ਸੁਰੱਖਿਆ ਖਤਰਿਆਂ ਅਤੇ ਧਰਮ ਨਿਰਪੱਖਤਾ ਵਿਚ ਫਰਕ ਰੱਖਣ ਲਈ ਬਹੁਤ ਧਿਆਨ ਦਿੱਤਾ ਹੈ।

ਲੰਬੇ ਸਮੇਂ ਤੋਂ ਉਹ ਅਕਸਰ ਹਿਜਾਬ, ਬੁਰਕੀਨੀ ਸਵੀਮਸੂਟ ਜਾਂ ਹਲਾਲ ਸਕੂਲੀ ਖਾਣੇ ਦੇ ਦੁਆਲੇ ਸਵਾਲ ਚੁੱਕਦੇ ਰਹੇ ਹਨ। ਪਰ ਫਰਾਂਸ ਵਿਚ ਧਾਰਮਿਕ ਪ੍ਰਗਟਾਵੇ ਦੁਆਲੇ ਗੁੰਝਲਦਾਰ ਰਾਜਨੀਤੀ ਨੇ ਕਈ ਵਾਰ ਸੂਖਮਤਾ (ਸੌਖੀ ਜ਼ਿੰਦਗੀ) ਨੂੰ ਇਕ ਲਗਜ਼ਰੀ ਵਰਗਾ ਮਹਿਸੂਸ ਕੀਤਾ ਹੈ।

ਸਤੰਬਰ ਵਿਚ ਮੈਕਰੋਨ ਦੀ ਲਿਬਰਲ ਲਾ ਰਿਪਬਲਿਕ ਐਨ ਮਾਰਚੇ (ਐਲਈਆਰਈਐਮ) ਪਾਰਟੀ ਤੋਂ ਸੰਸਦ ਮੈਂਬਰ ਐਨੇ-ਕ੍ਰਿਸਟੀਨ ਲਾਂਗ ਨੂੰ ਹਿਜਾਬ ਪਹਿਨੇ ਕਿਸੇ ਵਿਅਕਤੀ ਦੀ ਗਵਾਹੀ ਸੁਣਨ ਲਈ ਕਿਹਾ ਗਿਆ ਤਾਂ ਉਹ ਨੈਸ਼ਨਲ ਅਸੈਂਬਲੀ ਤੋਂ ਬਾਹਰ ਚਲੇ ਗਏ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਉਨ੍ਹਾਂ ਕਿਹਾ, "ਮੈਂ ਇਹ ਸਵੀਕਾਰ ਨਹੀਂ ਕਰ ਸਕਦੀ ਕਿ ਲੋਕਤੰਤਰ ਦੀ ਧੜਕਣ ਵਾਲੀ ਨੈਸ਼ਨਲ ਅਸੈਂਬਲੀ ਦੇ ਅੰਦਰ ਅਸੀਂ ਕਿਸੇ ਵੱਲੋਂ ਹਿਜਾਬ ਪਾਉਣ ਨੂੰ ਸਵੀਕਾਰ ਕਰਾਂਗੇ।"

ਜਨਤਕ ਸੇਵਕਾਂ - ਜਿਵੇਂ ਕਿ ਅਧਿਆਪਕ ਅਤੇ ਮੇਅਰਾਂ - ਨੂੰ ਧਾਰਮਿਕ ਵਿਸ਼ਵਾਸ ਦੇ ਕੋਈ ਸਪੱਸ਼ਟ ਸੰਕੇਤ ਨਹੀਂ ਦਿਖਾਉਣ ਦੀ ਲੋੜ ਹੁੰਦੀ ਹੈ, ਪਰ ਜਨਤਕ ਮੈਂਬਰਾਂ ਨੂੰ ਕਾਨੂੰਨ ਅਧੀਨ ਇਥੋਂ ਤਕ ਕਿ ਜਨਤਕ ਇਮਾਰਤਾਂ ਦੇ ਅੰਦਰ ਵੀ ਅਜਿਹੀ ਕੋਈ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਇਸ ਨਾਲ ਇਸ ਬਾਰੇ ਗਹਿਮਾਗਹਿਮੀ ਨਹੀਂ ਰੁਕੀ ਕਿ ਕੀ ਹਿਜ਼ਾਬ ਪਾ ਕੇ ਮਾਪੇ ਸਕੂਲ ਟ੍ਰਿਪਸ ਸਮੇਂ ਆਪਣੇ ਬੱਚੇ ਦੀ ਕਲਾਸ ਦੇ ਨਾਲ ਜਾ ਸਕਦੇ ਹਨ, ਜਾਂ ਕੀ ਬੀਚ 'ਤੇ ਤੈਰਾਕ ਬੁਰਕੀਨੀ ਪਹਿਨ ਸਕਦੇ ਹਨ।

ਸੈਮੂਅਲ ਪੈਟੀ ਦੀ ਹੱਤਿਆ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਵਿਚ ਗਤੀਵਿਧੀਆਂ ਗੁੰਝਲਦਾਰ ਹੋ ਰਹੀਆਂ ਹਨ, ਜਿਸ ਨੂੰ ਇਕ ਕਲਾਸ ਨੂੰ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਉਣ ਲਈ ਨਿਸ਼ਾਨਾ ਬਣਾਇਆ ਗਿਆ ਸੀ।

ਅੰਤਰ ਰਾਸ਼ਟਰੀ ਮਾਪਦੰਡ

ਹਾਲਾਂਕਿ ਸਰਕਾਰ ਦੀ ਇਹ ਪ੍ਰਤੀਕ੍ਰਿਆ ਰਾਸ਼ਟਰਪਤੀ ਮੈਕਰੌਨ ਸਮਰਥਕਾਂ ਨੂੰ ਘਰ ਵਿੱਚ ਤਾਂ ਜਿੱਤ ਦਵਾ ਰਹੀ ਹੈ ਪਰ ਇਹ ਨਿਸ਼ਚਤ ਤੌਰ 'ਤੇ ਉਸ ਦੇ ਆਲੋਚਕਾਂ ਨੂੰ ਵਿਦੇਸ਼ਾਂ ਵਿਚ ਭੜਕਾ ਰਹੀ ਹੈ।

ਲੀਬੀਆ, ਬੰਗਲਾਦੇਸ਼ ਅਤੇ ਗਾਜ਼ਾ ਪੱਟੀ ਵਿਚ ਵਿਰੋਧ ਪ੍ਰਦਰਸ਼ਨ ਹੋਏ ਹਨ, ਨਾਲ ਹੀ ਫ੍ਰੈਂਚ ਉਤਪਾਦਾਂ ਦਾ ਬਾਈਕਾਟ ਕਰਨ ਅਤੇ ਤੁਰਕੀ ਨਾਲ ਸ਼ਬਦੀ ਜੰਗ ਵੱਧ ਰਹੀ ਹੈ।

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਯਿਪ ਏਰਦੋਗਨ ਨੇ ਬਾਈਕਾਟ ਦੀ ਹਮਾਇਤ ਕੀਤੀ ਹੈ ਅਤੇ ਰਾਸ਼ਟਰਪਤੀ ਮੈਕਰੌਨ ਦੀ ਮਾਨਸਿਕ ਸਿਹਤ ਬਾਰੇ ਜਨਤਕ ਤੌਰ 'ਤੇ ਸਵਾਲ ਖੜੇ ਕੀਤੇ ਹਨ।

ਫਰਾਂਸ ਨੇ ਹੁਣ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ।

ਪਰ, ਬਹੁਤ ਸਾਰੇ ਗੁੰਝਲਦਾਰ ਸੰਬੰਧਾਂ ਵਾਂਗ, ਇਸਦਾ ਲੰਬਾ ਇਤਿਹਾਸ ਹੈ।

ਮੈਕਰੌਨ ਪਹਿਲਾਂ ਹੀ ਆਪਣੇ ਤੁਰਕੀ ਦੇ ਹਮਰੁਤਬਾ ਵਿਰੁੱਧ ਸ਼ਿਕਾਇਤਾਂ ਦੀ ਇੱਕ ਲੰਬੀ ਸੂਚੀ ਤਿਆਰ ਕਰ ਚੁੱਕੇ ਹਨ, ਜਿਸ ਵਿੱਚ ਤੁਰਕੀ ਵੱਲੋਂ ਸੀਰੀਆ ਵਿੱਚ ਕੁਰਦਿਸ਼ ਖਾੜਕੂਆਂ ਦੇ ਵਿਰੁੱਧ ਕੀਤੀ ਗਈ ਮੁਹਿੰਮ, ਪੂਰਬੀ ਮੈਡੀਟੇਰੀਅਨ ਵਿੱਚ ਗੈਸ ਦੀ ਖੋਜ ਅਤੇ ਕਥਿਤ ਤੌਰ 'ਤੇ ਲੀਬੀਆ ਦੇ ਹਥਿਆਰਬੰਦ ਰੋਕ (ਐੰਬਾਰਗੋ) ਨੂੰ ਤੋੜਨਾ ਸ਼ਾਮਲ ਹੈ।

ਹੁਣ ਇਕ ਹੈਰਾਨ ਕਰਨ ਵਾਲੇ ਕਤਲ ਅਤੇ ਇਸ ਬਾਰੇ ਫਰਾਂਸ ਦੇ ਜਵਾਬ ਨੇ ਧਰਮ ਅਤੇ ਰਾਜਨੀਤੀ ਵਿਚਲੀਆਂ ਸੀਮਾਵਾਂ ਅਤੇ ਇਸ ਨੂੰ ਸੱਤਾ ਵਿਚ ਆਉਣ ਵਾਲੇ ਲੋਕਾਂ ਦੁਆਰਾ ਕਿਵੇਂ ਇਸਤੇਮਾਲ ਕੀਤਾ ਗਿਆ ਹੈ, ਬਾਰੇ ਫਰਾਂਸ ਦੇ ਅੰਦਰ ਅਤੇ ਬਾਹਰ ਦੋਵਾਂ ਪਾਸੇ ਵਿਚਾਰ-ਚਰਚਾਵਾਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)