ਪਾਕਿਸਤਾਨ ਧਮਾਕਾ: ਮਸਜਿਦ 'ਚ ਹੋਏ ਧਮਾਕੇ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ, ਜਾਣੋ ਪੂਰਾ ਮਾਮਲਾ

ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਸਪਿਨ ਜਮਾਤ ਮਸਜਿਦ ਦੇ ਇਕ ਮਦਰੱਸੇ ਵਿਚ ਬੰਬ ਧਮਾਕਾ ਹੋਇਆ ਹੈ। ਰਿਪੋਰਟਾਂ ਅਨੁਸਾਰ ਇਸ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ।

ਪੁਲਿਸ ਅਫ਼ਸਰ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਵਿਦਿਆਰਥੀ ਵੀ ਸ਼ਾਮਲ ਹਨ। ਹਮਲਾ ਉਸ ਵੇਲੇ ਹੋਇਆ ਜਦੋਂ ਮਦਰਸੇ ਵਿੱਚ ਕਲਾਸ ਚੱਲ ਰਹੀ ਸੀ।

ਅਜੇ ਤੱਕ ਕਿਸੇ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਜਾ ਚੁਕੀ ਹੈ।

ਇਹ ਵੀ ਪੜ੍ਹੋ

ਸੀਨੀਅਰ ਪੁਲਿਸ ਅਧਿਕਾਰੀ ਵਕਰ ਅਜ਼ੀਮ ਨੇ ਦੱਸਿਆ ਕਿ 'ਕੋਈ ਮਦਰਸੇ ਦੇ ਅੰਦਰ ਬੈਗ ਵਿੱਚ ਬੰਬ ਲੈ ਕੇ ਆਇਆ ਸੀ।'

ਰਿਪੋਰਟਾਂ ਅਨੁਸਾਰ ਇਸ ਹਮਲੇ ਵਿੱਚ ਦਰਜਨਾਂ ਲੋਕ ਜ਼ਖਮੀ ਹੋਏ ਹਨ।

ਖੈਬਰ-ਪਖ਼ਤੂਨਖਵਾ ਦੇ ਵਿੱਤ ਮੰਤਰੀ ਤੈਮੂਰ ਝਾਂਗੜਾ ਨੇ ਮੀਡੀਆ ਨੂੰ ਦੱਸਿਆ ਕਿ ਬਲਾਸਟ ਵਿੱਚ 7 ਲੋਕ ਮਾਰੇ ਗਏ ਹਨ ਜਿਨ੍ਹਾਂ 'ਚ ਬੱਚੇ ਸ਼ਾਮਲ ਹਨ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹਨ।

ਅਫ਼ਗਾਨ ਸਰਹੱਦ ਦੇ ਨੇੜੇ ਵੱਸਦੇ ਪੇਸ਼ਾਵਰ ਸ਼ਹਿਰ ਵਿੱਚ ਪਿਛਲੇ ਕਈ ਸਾਲਾਂ 'ਚ ਤਾਲੀਬਾਨ ਦੇ ਮਜ਼ਬੂਤ ਹੋਣ ਦੌਰਾਨ ਕਈ ਹਿੰਸਕ ਹਮਲੇ ਹੋਏ ਹਨ।

ਛੇ ਸਾਲ ਪਹਿਲਾਂ ਇੱਕ ਬੰਦੂਕਧਾਰੀ ਨੇ ਮਿਲਟਰੀ ਸਕੂਲ 'ਚ ਤਾਬੜਤੋੜ ਹਮਲਾ ਕੀਤਾ ਸੀ ਜਿਸ ਦੌਰਾਨ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਜ਼ਿਆਦਾ ਬੱਚੇ ਸ਼ਾਮਲ ਸਨ।

ਆਖ਼ਰ ਹੋਇਆ ਕੀ?

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਬਲਾਸਟ ਸਵੇਰੇ ਸਾਢੇ 8 ਵਜੇ (03:30 GMT) ਹੋਇਆ।

ਮਦਰਸੇ ਦੀ ਕਲਾਸ 'ਚ ਉਸ ਵੇਲੇ ਕਰੀਬ 60 ਬੱਚੇ ਮੌਜੂਦ ਸਨ।

ਇਹ ਵੀ ਪੜ੍ਹੋ:

ਚਸ਼ਮਦੀਦ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇੱਕ ਆਦਮੀ ਨੂੰ ਬਲਾਸਟ ਤੋਂ ਚੰਦ ਮਿੰਟ ਪਹਿਲਾਂ ਬੈਗ ਲੈਕੇ ਇਮਾਰਤ ਦੇ ਅੰਦਰ ਆਉਂਦਿਆ ਵੇਖਿਆ।

ਪੁਲਿਸ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਿਆਂ ਵਿੱਚ ਬੱਚੇ ਸ਼ਾਮਲ ਹਨ। ਏਐਫ਼ਪੀ ਏਜੰਸੀ ਨੂੰ ਇੱਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਅਧਿਆਪਕ ਵੀ ਜ਼ਖ਼ਮੀ ਹੋਏ ਹਨ।

ਲੇਡੀ ਰੀਡੀਨਗ ਹਸਪਤਾਲ ਦੇ ਬੁਲਾਰੇ ਮੁਹੰਮਦ ਆਸੀਮ ਨੇ ਦੱਸਿਆ ਕਿ ਉਨ੍ਹਾਂ ਕੋਲ 50 ਦੇ ਕਰੀਬ ਜ਼ਖ਼ਮੀ ਲੋਕ ਆਏ ਹਨ, ਜ਼ਿਆਦਤਰ ਲੋਕਾਂ ਦੇ ਸਰੀਰ ਦੇ ਕੁਝ ਹਿੱਸੇ ਜਲ ਗਏ ਹਨ। ਅਤੇ ਹੁਣ ਤੱਕ ਪੰਜ ਲਾਸ਼ਾਂ ਆਈਆਂ ਹਨ।

ਬੰਬ ਡਿਸਪੋਜ਼ਲ ਯੂਨਿਟ ਦੇ ਅਧਿਕਾਰੀ ਸ਼ਫਕਤ ਮਲਿਕ ਨੇ ਦੱਸਿਆ ਕਿ ਇਹ ਇਹ ਟਾਈਮ ਡਿਵਾਇਸ ਸੀ।

ਉਨ੍ਹਾਂ ਕਿਹਾ, "ਪੂਰੀ ਘਟਨਾ ਦੀ ਬੜੇ ਸਹੀ ਤਰੀਕੇ ਨਾਲ ਯੋਜਨਾਬੰਦੀ ਕੀਤੀ ਗਈ ਸੀ। ਜਿਸ ਵੀ ਗਰੁੱਪ ਨੇ ਇਸ ਘਟਨਾ ਨੂੰ ਅੰਜਾਮ ਤੱਕ ਪਹੁੰਚਾਇਆ ਹੈ ਉਹ ਕਾਫ਼ੀ ਤਜਰਬੇਕਾਰ ਨਜ਼ਰ ਆਉਂਦੀ ਹੈ। ਅਸੀਂ ਸਬੂਤ ਜੁਟਾ ਰਹੇ ਹਾਂ ਅਤੇ ਜਲਦੀ ਹੀ ਹਮਲਾਵਰਾਂ ਨੂੰ ਬੇਨਕਾਬ ਕਰਾਂਗੇ।

ਚਸ਼ਮਦੀਦ ਅਲੀਮ ਸ਼ਾਹ ਨੇ ਦੱਸਿਆ, "ਸਵੇਰੇ ਕਰੀਬ 8.30 ਵਜੇ ਦਾ ਸਮਾਂ ਸੀ। ਅਸੀਂ ਧਮਾਕੇ ਦੀ ਆਵਾਜ਼ ਸੁਣੀ। ਅਸੀਂ ਸਾਰੇ ਭੱਜ ਕੇ ਉਸ ਵੱਲ ਗਏ। ਇਸ ਵੇਲੇ ਕਰੀਬ-ਕਰੀਬ ਇਸ ਮਦਰਸੇ 'ਚ 1150 ਬੱਚੇ ਤਾਲੀਮ ਹਾਸਲ ਕਰ ਰਹੇ ਸਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)