ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੂੰ ਭਾਰਤ ਦਾ ਸਮਰਥਨ, ਟਵਿੱਟਰ 'ਤੇ ਚੱਲਿਆ ਇਹ ਟਰੈਂਡ - ਪ੍ਰੈੱਸ ਰਿਵੀਊ

ਮੁਸਲਿਮ ਦੇਸ਼ਾਂ ਵੱਲੋਂ ਫਰਾਂਸ ਦੀਆਂ ਵਸਤੂਆਂ ਦਾ ਬਾਈਕਾਟ ਕਰਨ ਲਈ ਚਲਾਈ ਗਈ ਮੁਹਿੰਮ ਵਿਚਾਲੇ ਭਾਰਤ ਨੇ ਫਰਾਂਸ ਦਾ ਸਮਰਥਨ ਕੀਤਾ ਹੈ।

ਕੌਮਾਂਤਰੀ ਅਖ਼ਬਾਰ ਅਲਜਜ਼ੀਰਾ ਦੀ ਖ਼ਬਰ ਮੁਤਾਬਕ ਸੋਮਵਾਰ ਅਤੇ ਮੰਗਲਵਾਰ ਟਵਿੱਟਰ 'ਤੇ #IStandWithFrance ਅਤੇ #WeStandWithFrance ਟੌਪ ਟਰੈਂਡ ਵਿੱਚ ਰਿਹਾ। ਜਿਸ ਵਿੱਚ ਹਜ਼ਾਰਾਂ ਭਾਰਤੀਆਂ ਵੱਲੋਂ ਫਰਾਂਸ ਦੀ ਹਮਾਇਤ ਕੀਤੀ ਗਈ ਸੀ।

ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਆਪਣੀ ਪ੍ਰਤਿਕਿਆ ਦੇ ਦਿੱਤੀ ਹੈ। ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਫਰਾਂਸੀਸੀ ਰਾਸ਼ਟਰਪਤੀ ਦਾ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ:

ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ, "ਕੌਮਾਂਤਰੀ ਵਿਵਾਦ ਦੇ ਸਭ ਤੋਂ ਬੁਨਿਆਦੀ ਮਾਨਕਾਂ ਦੇ ਉਲੰਘਣ ਦੇ ਮਾਮਲੇ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਿੱਚ ਵਿਅਕਤੀਗਤ ਹਮਲਿਆਂ ਦੀ ਅਸੀਂ ਨਿੰਦਾ ਕਰਦੇ ਹਾਂ।''

''ਅਸੀਂ ਨਾਲ ਹੀ ਭਿਆਨਕ ਤਰੀਕੇ ਨਾਲ ਅੱਤਵਾਦੀ ਹਮਲੇ ਵਿੱਚ ਫਰਾਂਸੀਸੀ ਅਧਿਆਪਕ ਦੇ ਕਤਲ ਦੀ ਵੀ ਨਿੰਦਾ ਕਰਦੇ ਹਾਂ। ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਫਰਾਂਸ ਦੇ ਲੋਕਾਂ ਪ੍ਰਤੀ ਹਮਦਰਦੀ ਜਤਾਉਂਦੇ ਹਾਂ।''

ਫਰਾਂਸ ਦੇ ਰਾਸ਼ਟਰਪਤੀ ਵੱਲੋਂ ਅਧਿਆਪਕ ਦੇ ਕਤਲ ਤੋਂ ਬਾਅਦ ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਹੀ ਇਹ ਸਾਰਾ ਮਾਮਲਾ ਭਖਿਆ ਹੈ।

ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ 'ਇਸਲਾਮਿਕ ਵੱਖਵਾਦ' ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਸੀ।

ਬੀਬੀਸੀ ਨਿਊਜ਼ ਪੰਜਾਬ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ਤੇ ਇੰਝ ਲਿਆਓ

ਕੁੜੀ ਦੇ ਕਤਲ ਦੇ ਮਾਮਲੇ ਵਿੱਚ SIT ਦਾ ਗਠਨ

ਹਰਿਆਣਾ ਵਿੱਚ ਕੁਝ ਦਿਨ ਪਹਿਲਾਂ 21 ਸਾਲਾ ਕੁੜੀ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ SIT (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦਾ ਗਠਨ ਕੀਤਾ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਏਸੀਪੀ (ਕਰਾਈਮ) ਅਨਿਲ ਕੁਮਾਰ ਦੀ ਅਗਵਾਈ ਵਿੱਚ ਤਿੰਨ ਮੈਂਬਰੀ SIT ਦਾ ਗਠਨ ਕੀਤਾ ਗਿਆ ਹੈ ਜੋ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਟੀਮ ਵੱਲੋਂ 2018 ਵਿੱਚ ਦਰਜ ਹੋਈਆਂ ਸ਼ਿਕਾਇਤਾਂ ਦੀ ਵੀ ਜਾਂਚ ਕਰੇਗੀ।

ਦੱਸ ਦਈਏ ਕਿ 26 ਅਕਤੂਬਰ ਨੂੰ ਫਰੀਦਾਬਾਦ ਦੇ ਬਲਭਗੜ੍ਹ ਵਿੱਚ 21 ਸਾਲਾ ਕੁੜੀ ਦਾ ਸਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਵੱਲੋਂ ਉਸ ਨਾਲ ਵਿਆਹ ਕਰਵਾਉਣ ਲਈ ਜ਼ਬਰਦਸਤੀ ਕੀਤੀ ਜਾ ਰਹੀ ਸੀ।

ਆਰੋਗਿਆ ਸੇਤੂ ਐੱਪ 'ਤੇ ਸਵਾਲ

ਆਰੋਗਿਆ ਸੇਤੂ ਐਪ ਕਿਸ ਨੇ ਬਣਾਇਆ ਇਸਦੀ ਜਾਣਕਾਰੀ ਕੇਂਦਰ ਸਰਕਾਰ ਦੇ ਕੋਲ ਨਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਇਹ ਐਪ 'ਸਭ ਤੋਂ ਪਾਰਦਰਸ਼ੀ ਤਰੀਕੇ ਨਾਲ' ਬਣਾਇਆ ਗਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮੰਤਰਾਲੇ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਨੇ ਪਬਲਿਕ-ਪ੍ਰਾਈਵੇਟ ਪਾਰਟਰਸ਼ਿਪ ਦੇ ਤਹਿਤ ਰਿਕਾਰਡ ਸਮੇਂ ਵਿੱਚ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿੱਚ ਮਦਦ ਲਈ ਇਹ ਐਪ ਵਿਕਸਿਤ ਕੀਤਾ ਸੀ।

ਦਰਅਸਲ ਮੰਤਰਾਲੇ ਦੀ ਇਹ ਸਫ਼ਾਈ ਉਦੋਂ ਆਈ ਹੈ ਜਦੋਂ ਕੇਂਦਰੀ ਸੂਚਨਾ ਆਯੋਗ ਨੇ ਇੱਕ ਆਰਟੀਆਈ ਦੇ ਸਵਾਲ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।

ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਅਤੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਮੋਬਾਈਲ ਐਪਲੀਕੇਸ਼ਨ ਨੂੰ ਬਣਾਏ ਜਾਣ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ।

ਕੋਵਿਡ-19 ਦੀ ਵੈਕਸੀਨ ਕਦੋਂ ਤਿਆਰ ਹੋਵੇਗੀ

ਸੀਰਮ ਇੰਸਟੀਚਿਊਟ ਦੇ ਸੀਈਓ ਮੁਤਾਬਕ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਸੰਬਰ ਤੱਕ ਤਿਆਰ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਜਿਨ੍ਹਾਂ ਦਾ ਐਗਰੀਮੈਂਟ ਐਸਤਰਾ ਜ਼ੈਨੇਕਾ ਨਾਲ ਹੈ ਜੋ ਕਿ ਆਕਸਫੋਰਕਡ ਯੂਨੀਵਰਸਿਟੀ ਦੀ ਵੈਕਸੀਨ ਮੈਨੁਫੈਕਚਰ ਕਰ ਰਹੀ ਹੈ।

ਉਨ੍ਹਾਂ ਦੇ ਸੀਈਓ ਅਦਾਰ ਪੂਨਾਵਾਲਾ ਵੱਲੋਂ ਬੁੱਧਵਾਰ ਨੂੰ ਐਨਡੀਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਗਿਆ ਕਿ ਕਰੋਨਾ ਵੈਕਸੀਨ ਦਸੰਬਰ ਤੱਕ ਆ ਸਕਦੀ ਹੈ ਅਤੇ 2021 ਦੇ ਦੂਜੇ ਜਾਂ ਤੀਜੇ ਕੁਆਰਟਰ ਤੱਕ 100 ਮਿਲੀਅਨ ਖ਼ੁਰਾਕਾਂ ਮਿਲ ਸਕਣਗੀਆਂ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)