You’re viewing a text-only version of this website that uses less data. View the main version of the website including all images and videos.
ਅਕਾਲੀ ਦਲ ਭਾਜਪਾ ਗਠਜੋੜ ਟੁੱਟਣ 'ਤੇ ਵਿਰੋਧੀ ਕੀ ਕਹਿੰਦੇ- 'ਜਿੰਨੀ ਖੁਸ਼ੀ ਭਾਜਪਾ ਨੇ ਮਨਾਈ ਹੈ ਇਸ ਤੋਂ ਪਤਾ ਲੱਗ ਗਿਆ ਕਿ ਅਕਾਲੀ ਕਿੰਨੇ ਕੁ ਚਹੇਤੇ ਸੀ'
'ਸੁਖਬੀਰ ਬਾਦਲ ਦੱਸ ਦੇਣ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਬੁਢਾਪਾ ਕਿਉਂ ਰੋਲਿਆ'
'ਇਨ੍ਹਾਂ ਨੂੰ ਡਰ ਸੀ ਕਿ ਭਾਜਪਾ ਕੱਢ ਦੇਵੇਗੀ, ਇਸ ਲਈ ਇਨ੍ਹਾਂ ਨੇ ਅੱਧੀ ਰਾਤ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ'
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਭਾਜਪਾ ਤੋਂ ਗਠਜੋੜ ਤੋੜ ਦਿੱਤਾ ਹੈ। ਇਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪ੍ਰਤੀਕਰਮ ਦਿੱਤਾ ਹੈ।
ਕਾਂਗਰਸ ਨੇ ਕੀ ਕਿਹਾ
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਗਠਜੋੜ ਦੇ ਟੁੱਟਣ ਮਗਰੋਂ ਅਕਾਲੀ ਦਲ ਨੂੰ ਘੇਰਿਆ ਹੈ।
ਉਨ੍ਹਾਂ ਕਿਹਾ ਕਿਹਾ, "ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਭਾਸ਼ਨ ਦਿੱਤਾ ਸੀ, ਉਨ੍ਹਾਂ ਨੇ ਪ੍ਰਧਾਨ ਮੰਤਰੀ ਲਈ ਕੁਝ ਅਜਿਹੇ ਅਲਫ਼ਾਜ਼ ਵਰਤੇ ਸੀ ਕਿ ਮੈਂ ਮੋਦੀ 'ਤੇ ਬੰਬ ਮਾਰਿਆ ਹੈ। ਇਨ੍ਹਾਂ ਨੂੰ ਡਰ ਸੀ ਕਿ ਉਹ ਕੱਢ ਦੇਣਗੇ। ਇਸ ਲਈ ਉਨ੍ਹਾਂ ਨੇ ਅੱਧੀ ਰਾਤ ਨੂੰ ਹੀ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਫੈਸਲਾ ਲਿਆ। ਹਾਲਾਂਕਿ ਇਹ ਦਿਨ ਵਿੱਚ ਵੀ ਹੋ ਸਕਦੀ ਸੀ।"
ਮਨਪ੍ਰੀਤ ਨੇ ਅੱਗੇ ਕਿਹਾ ਕਿ ਇਨ੍ਹਾਂ ਨੂੰ ਪਤਾ ਚੱਲ ਗਿਆ ਸੀ ਕਿ ਭਾਜਪਾ ਨੇ ਇਸ ਦਾ ਸਖ਼ਤ ਇਤਰਾਜ਼ ਕੀਤਾ ਹੈ ਕਿ ਪ੍ਰਧਾਨ ਮੰਤਰੀ ਖ਼ਿਲਾਫ਼ ਅਜਿਹੇ ਸ਼ਬਦ ਵਰਤੇ ਗਏ ਹਨ। ਅਸੀਂ ਜੇ ਕਿਸੇ ਵੀ ਵੱਡੇ ਅਹੁਦੇਦਾਰ ਜਾਂ ਪਾਕਿਸਤਾਨ ਦੇ ਪੀਐੱਮ ਨੂੰ ਵੀ ਸੰਬੋਧਨ ਕਰਦੇ ਹਾਂ ਤਾਂ ਜੀ ਲਾ ਕੇ ਬੋਲਦੇ ਹਾਂ।
ਇਹ ਵੀ ਪੜ੍ਹੋ:
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਭਾਜਪਾ ਦਾ ਸਾਥ ਛੱਡਣ ਨੂੰ ਕੋਈ ਨੈਤਿਕ ਤੌਰ 'ਤੇ ਲਿਆ ਫ਼ੈਸਲਾ ਨਹੀਂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲਾ ਲੈਣਾ ਅਕਾਲੀ ਦਲ ਦੀ ਸਿਆਸੀ ਮਜਬੂਰੀ ਸੀ।
ਕੈਪਟਨ ਅਮਰਿੰਦਰ ਨੇ ਕਿਹਾ, "ਜਦੋਂ ਭਾਜਪਾ ਨੇ ਅਕਾਲੀਆਂ ਨੂੰ ਕਿਸਾਨਾਂ ਨੂੰ ਸਮਝਾਉਣ ਵਿੱਚ ਨਾਕਾਮ ਰਹਿਣ ਦਾ ਜ਼ਿੰਮੇਵਾਰ ਕਰਾਰ ਦਿੱਤਾ ਤਾਂ ਅਕਾਲੀ ਦਲ ਕੋਲ ਹੋਰ ਕੋਈ ਰਾਹ ਨਹੀਂ ਬੱਚਿਆ ਸੀ।"
ਅਕਾਲੀ ਦਲ ਦੇ ਭਾਜਪਾ ਤੋਂ ਤੋੜ-ਵਿਛੋੜੇ ਕਰਨ ਮਗਰੋਂ ਸਿਆਸੀ ਗਲਿਆਰਿਆਂ ਤੋਂ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਇਸ ਫ਼ੈਸਲੇ 'ਤੇ ਚੁੱਟਕੀ ਲਈ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
ਆਮ ਆਦਮੀ ਪਾਰਟੀ ਨੇ ਕੀ ਕਿਹਾ
'ਆਪ' ਆਗੂ ਭਗਵੰਤ ਮਾਨ ਪਾਰਟੀ ਦੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਪੱਤਰਕਾਰਾਂ ਨੂੰ ਮੁਖਾਤਿਬ ਹੋਏ। ਉਨ੍ਹਾਂ ਕਿਹਾ, "ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਰਹੇ ਕਿ ਮੇਰੇ ਜਿਉਂਦੇ-ਜੀਅ ਅਕਾਲੀ-ਭਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਟੁੱਟ ਨਹੀਂ ਸਕਦਾ। ਫਿਰ ਸੁਖਬੀਰ ਬਾਦਲ ਦੱਸ ਦੇਣ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਬੁਢਾਪਾ ਕਿਉਂ ਰੋਲਿਆ।"
"ਉਨ੍ਹਾਂ ਨੇ ਦਬਾਅ ਤੋਂ ਬਾਅਦ ਐੱਨਡੀਏ ਤੋਂ ਖਹਿੜਾ ਛੁਡਾਇਆ ਹੈ। ਜਿੰਨੀ ਖੁਸ਼ੀ ਭਾਜਪਾ ਨੇ ਮਨਾਈ ਹੈ ਵੱਖ ਹੋਣ ਦੀ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਕੁ ਚਹੇਤੇ ਸੀ ਇਹ ਭਾਜਪਾ ਦੇ।"
ਭਗਵੰਤ ਮਾਨ ਨੇ ਅੱਗੇ ਕਿਹਾ, "ਪਹਿਲਾਂ ਇਨ੍ਹਾਂ ਨੂੰ ਦਿੱਲੀ ਤੋਂ ਜਵਾਬ ਮਿਲਿਆ, ਕੋਈ ਵੀ ਸੀਟ ਦੇਣ ਤੋਂ ਇਨਕਾਰ। ਫਿਰ ਵੀ ਜਿਵੇਂ ਜਵਾਕ ਭੱਜ ਕੇ ਟਰਾਲੀ ਵਿੱਚ ਚੜ੍ਹਦੇ ਹਨ, ਕੋਈ ਨੀ ਅਸੀਂ ਤੁਹਾਡੇ ਨਾਲ ਹਾਂ, ਇਨ੍ਹਾਂ ਨੇ ਵੀ ਉਹੀ ਕੀਤਾ।"
"ਹੁਣ ਵੀ ਹਰਸਿਮਰਤ ਨੇ ਅਸਤੀਫਾ ਦਿੱਤਾ ਰਾਤ ਨੂੰ ਰਾਸ਼ਟਰਪਤੀ ਤੋਂ ਦਸਖ਼ਤ ਕਰਵਾਏ ਤਾਂ ਕਿ ਅਗਲੇ ਦਿਨ ਮੁਕਰ ਨਾ ਜਾਣ। ਅਸਤੀਫ਼ਾ ਦੇਣ ਦੇ ਅਗਲੇ ਹੀ ਦਿਨ ਭਾਜਪਾ ਨੇ ਨਰਿੰਦਰ ਸਿੰਘ ਤੋਮਰ ਨੂੰ ਹਰਸਿਮਰਤ ਵਾਲਾ ਵਿਭਾਗ ਦੇ ਦਿੱਤਾ।"
ਭਗਵੰਤ ਮਾਨ ਨੇ ਖੇਤੀ ਆਰਡੀਨੈਂਸ ਸਬੰਧ ਕਾਂਗਰਸ ਦੇ ਸਟੈਂਡ 'ਤੇ ਵੀ ਸਵਾਲ ਚੁੱਕੇ। ਭਗਵੰਤ ਮਾਨ ਨੇ ਕਿਹਾ, "ਕੈਪਟਨ ਸਾਹਿਬ ਕਹਿ ਰਹੇ ਚਲੋ ਦਿੱਲੀ ਚਲੀਏ। ਕੈਪਟਨ ਸਾਹਿਬ, ਤੁਸੀਂ ਲੇਟ ਨਹੀਂ ਹੋ ਗਏ? ਢਾਈ ਮਹੀਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਇਕੱਠੇ ਹੋ ਕੇ ਪੀਐੱਮ ਨੂੰ ਮਿਲਣ ਚੱਲੀਏ।"
ਇਹ ਵੀ ਪੜ੍ਹੋ:
ਖੇਤੀ ਬਿੱਲਾਂ ਬਾਰੇ ਸਾਡੇ ਨਾਲ ਗੱਲ ਨਹੀਂ ਹੋਈ- ਸੁਖਬੀਰ ਬਾਦਲ
ਭਾਜਪਾ ਨਾਲ ਰਿਸ਼ਤਾ ਤੋੜਨ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ, "ਜਿਸ ਪਾਰਟੀ ਅਕਾਲੀ ਦਲ ਨੇ ਪੂਰੀ ਜ਼ਿੰਦਗੀ ਕਿਸਾਨੀ ਲਈ ਲਗਾ ਦਿੱਤੀ, ਉਸੇ ਨੂੰ ਖੇਤੀ ਆਰਡੀਨੈਂਸ ਲਿਆਉਣ ਵੇਲੇ ਨਹੀਂ ਪੁੱਛਿਆ ਗਿਆ। ਸਾਨੂੰ ਪੁੱਛਿਆ ਜਾਣਾ ਚਾਹੀਦਾ ਸੀ ਪਰ ਸਾਡੇ ਨਾਲ ਕੋਈ ਗੱਲ ਨਹੀਂ ਹੋਈ।"
"ਫਿਰ ਜਦੋਂ ਕੈਬਨਿਟ ਵਿੱਚ ਇਹ ਆਰਡੀਨੈਂਸ ਲਿਆਂਦੇ ਗਏ ਤਾਂ ਵੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਵਜੋਂ ਕਈ ਵਾਰ ਬਿਲਾਂ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਅਨੁਸਾਰ ਬਦਲਣ ਲਈ ਕਿਹਾ ਪਰ ਸਾਡੀ ਗੱਲ ਨਹੀਂ ਮੰਨੀ ਗਈ।"
"ਫਿਰ ਤੁਹਾਨੂੰ ਪਤਾ ਹੈ ਕਿ ਖੇਤੀ ਬਿਲਾਂ ਨੂੰ ਲੋਕ ਸਭਾ ਵਿੱਚ ਲਿਆਂਦਾ ਗਿਆ ਤੇ ਪਾਸ ਕਰਵਾਇਆ ਗਿਆ ਤੇ ਰਾਜ ਸਭਾ ਵਿੱਚ ਵਿੱਚ ਵੀ ਪਾਸ ਕਰਵਾ ਲਿਆ ਗਿਆ।"
ਇਹ ਵੀ ਪੜ੍ਹੋ:
"ਸ਼੍ਰੋਮਣੀ ਅਕਾਲੀ ਦਲ ਭਾਵੇਂ ਉਸ ਵੇਲੇ ਸਰਕਾਰ ਦਾ ਹਿੱਸਾ ਸੀ ਪਰ ਉਸੇ ਵੇਲੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਉਸੇ ਵੇਲੇ ਮੈਂ ਕਿਹਾ ਸੀ ਕਿ ਅਗਲਾ ਫੈਸਲਾ ਅਸੀਂ ਆਪਣੇ ਵਰਕਰਾਂ ਤੇ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਲਵਾਂਗੇ। ਬੀਤੇ ਦਿਨਾਂ ਵਿੱਚ ਮੈਂ ਆਪਣੇ ਵਰਕਰਾਂ ਤੇ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕੀਤੀ।"
"ਹੁਣ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਜਿਸ ਪਾਰਟੀ ਨੇ, ਜਿਸ ਐੱਨਡੀਏ ਨੇ ਇਹ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਬਿਲ ਲਿਆਏ ਹਨ ਅਸੀਂ ਉਨ੍ਹਾਂ ਦੇ ਨਾਲ ਨਹੀਂ ਰਹਿ ਸਕਦੇ ਹਾਂ।"
ਸੁਖਬੀਰ ਬਾਦਲ ਨੇ ਅੱਗੇ ਕਿਹਾ, "ਅਸੀਂ ਬੇਨਤੀ ਕੀਤੀ ਕਿ ਜੰਮੂ-ਕਸ਼ਮੀਰ ਨਾਲ ਦਾ ਸੂਬਾ ਹੈ ਉੱਥੇ ਪੰਜਾਬੀ ਨੂੰ ਆਫੀਸ਼ੀਅਲ ਭਾਸ਼ਾ ਦਾ ਦਰਜਾ ਮਿਲਣਾ ਚਾਹੀਦਾ ਹੈ। ਪਰ ਉਹ ਸਾਡੀ ਗੱਲ ਨਹੀਂ ਮੰਨੀ ਗਈ।"
ਵੀਡੀਓ: ਅਕਾਲੀ-ਭਾਜਪਾ ਗਠਜੋੜ ਟੁੱਟਣ ਦੇ ਪੰਜਾਬ 'ਚ ਸਿਆਸੀ ਸਮੀਕਰਣ ਕੀ ਹੋਣਗੇ?
ਵੀਡੀਓ: ਕਲਾਕਾਰ ਕਿੱਥੇ-ਕਿੱਥੇ ਨਿੱਤਰੇ ਕਿਸਾਨਾਂ ਲਈ
ਵੀਡੀਓ: ਕਿਸਾਨਾਂ ਤੇ ਵਰ੍ਹਿਆ ਭਾਜਪਾ ਕਾਰਕੁਨਾਂ ਦਾ ਚੱਲਿਆ ਡੰਡਾ