You’re viewing a text-only version of this website that uses less data. View the main version of the website including all images and videos.
ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਕੀ ਬੋਲੇ ਪੰਜਾਬ ਦੇ ਭਾਜਪਾ ਆਗੂ
ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਤੋੜਨ ’ਤੇ ਭਾਜਪਾ ਦੇ ਨਵੇਂ ਜਨਰਲ ਸਕੱਤਰ ਬਣੇ ਤਰੁਣ ਚੁੱਘ ਨੇ ਕਿਹਾ ਹੈ ਕਿ ਜੋ ਜਾਣਾ ਚਾਹੁੰਦਾ ਉਹ ਉਸਦਾ ਕੰਮ ਹੈ ਪਰ ਉਨ੍ਹਾਂ ਦੀ ਪਾਰਟੀ ਕਿਸਾਨਾਂ ਬਾਰੇ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਅਸੀਂ ਕਿਸਾਨਾਂ ਨਾਲ ਖੜ੍ਹੇ ਹਨ।
ਸ਼ਨੀਵਾਰ ਰਾਤ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਖੇਤੀ ਬਿਲਾਂ ’ਤੇ ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡ ਕੇ ਐੱਨਡੀਏ ਤੋਂ ਬਾਹਰ ਆਉਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਹਾਲਾਂਕਿ ਪਹਿਲਾਂ ਅਕਾਲੀ ਦਲ ਨੇ ਇਸ ਬਿੱਲ ਦੀ ਹਮਾਇਤ ਕੀਤੀ ਸੀ ਪਰ ਬਾਅਦ ਵਿੱਚ ਕਿਸਾਨਾਂ ਦੇ ਵਧਦੇ ਰੋਸ ਕਾਰਨ ਅਕਾਲੀ ਦਲ ਨੇ ਇਸ ਬਿੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ:
ਜੋ ਛੱਡਣਾ ਚਾਹੁੰਦਾ ਹੈ, ਉਹ ਉਸ ਦਾ ਕੰਮ ਹੈ - ਤਰੁਣ ਚੁੱਘ
ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨਾਲ ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਨੇ ਗੱਲਬਾਤ ਕੀਤੀ।
ਜਦੋਂ ਤਰੁਣ ਚੁੱਘ ਨੂੰ ਪੁੱਛਿਆ ਕਿ, ਕੀ ਇਹ ਕਿਸਾਨੀ ਦਾ ਮੁੱਦਾ ਹੀ ਹੈ ਜਿਸ ਕਰਕੇ ਗਠਜੋੜ ਟੁੱਟਿਆ ਤਾਂ ਉਨ੍ਹਾਂ ਕਿਹਾ, "ਕਿਸਾਨ ਸਾਡੇ ਲਈ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਇਸ ਲਈ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ ਹਾਂ। ਜੇ ਕੋਈ ਛੱਡਣਾ ਚਾਹੇ ਤਾਂ ਉਹ ਉਨ੍ਹਾਂ ਦਾ ਕੰਮ ਹੈ ਪਰ ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ।"
ਬੀਤੇ ਕੁਝ ਦਿਨਾਂ ਤੋਂ ਸੁਖਬੀਰ ਬਾਦਲ ਲਗਾਤਾਰ ਕੇਂਦਰ ਸਰਕਾਰ 'ਤੇ ਬਿੱਲਾਂ ਬਾਰੇ ਚਰਚਾ ਨਾ ਕਰਨ ਦਾ ਇਲਜ਼ਾਮ ਲਗਾ ਰਹੇ ਹਨ।
ਇਸ ਬਾਰੇ ਤਰੁਣ ਚੁੱਘ ਕਹਿੰਦੇ, "ਉਨ੍ਹਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਐੱਮਐੱਸਪੀ ਰਹੇਗਾ ਜਾਂ ਨਹੀਂ ਉਹ ਅਸੀਂ ਦੂਰ ਕੀਤੀ। ਉਨ੍ਹਾਂ ਕਿਹਾ ਕਿ ਲਿਖ ਦੇ ਦਿਓ, ਅਸੀਂ ਲਿਖ ਕੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਵਿੱਚ ਖੜ੍ਹੇ ਹੋ ਕੇ ਕਹੋ ਅਸੀਂ ਲੋਕ ਸਭਾ ਵਿੱਚ ਕਹਿ ਦਿੱਤਾ ਕਿ ਐੱਮਐੱਸਪੀ ਖਤਮ ਨਹੀਂ ਹੋਵੇਗੀ ਤੇ ਮੰਡੀਆਂ ਖ਼ਤਮ ਨਹੀਂ ਹੋਣਗੀਆਂ। ਅਸੀਂ ਉਸ ਸਟੈਂਡ 'ਤੇ ਕਾਇਮ ਹਾਂ।"
ਕੇਂਦਰੀ ਵਜ਼ਾਰਤ ਵਿੱਚ ਮੰਤਰੀ ਰਹੇ ਹਰਸਿਮਰਤ ਬਾਦਲ ਦੇ ਸ਼ੰਕਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, "ਮੇਰੀ ਵੱਡੀ ਭੈਣ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਦਾ ਹਿੱਸਾ ਸਨ ਜਿਸ ਵਿੱਚ ਇਹ ਬਿੱਲ ਪੇਸ਼ ਹੋਏ ਸਨ ਤੇ ਉਸ ਗਠਜੋੜ ਦਾ ਵੀ ਹਿੱਸਾ ਸਨ।"
ਕੀ ਪਹਿਲਾਂ ਬਿਲਾਂ ਨੂੰ ਬਿਨਾਂ ਪੜ੍ਹੇ ਸਿਫ਼ਤਾਂ ਕੀਤੀਆਂ-ਮਨੋਰੰਜਨ ਕਾਲੀਆ
ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਖੇਤੀਬਾੜੀ ਬਿਲਾਂ ਦੀ ਸਿਫਤ ਕਰਦਾ ਸੀ ਤੇ ਹੁਣ ਯੂ-ਟਰਨ ਲੈ ਲਿਆ ਹੈ।
ਅਸਲ ਵਿੱਚ ਮਨੋਰੰਜਨ ਕਾਲੀਆ ਨੂੰ ਪੁੱਛਿਆ ਗਿਆ ਸੀ ਕਿ ਅਕਾਲੀ ਦਲ ਕਹਿੰਦਾ ਹੈ ਕਿ ਉਨ੍ਹਾਂ ਨੂੰ ਆਰਡੀਨੈਂਸ ਬਾਰੇ ਪੁੱਛਿਆ ਨਹੀਂ ਗਿਆ ਸੀ।
ਇਸ ਬਾਰੇ ਮਨੋਰੰਜਨ ਕਾਲੀਆ ਨੇ ਕਿਹਾ, "ਪਹਿਲਾਂ ਤਾਂ ਸੁਖਬੀਰ ਬਾਦਲ ਨੇ ਖੇਤੀ ਆਰਡੀਨੈਂਸਾਂ ਦੀ ਬਹੁਤ ਤਾਰੀਫ ਕੀਤੀ ਸੀ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਖੇਤੀ ਬਿਲਾਂ ਦੀ ਸ਼ਲਾਘਾ ਕੀਤੀ ਸੀ।"
"ਦੋਹਾਂ ਪਾਰਟੀਆਂ ਦੀਆਂ ਕੋਰ ਕਮੇਟੀਆਂ ਦੀ ਮੀਟਿੰਗ ਹੋਈ ਸੀ। ਅਕਾਲੀ ਦਲ ਨੂੰ ਕੇਵਲ ਐੱਮਐੱਸਪੀ ਦਾ ਸ਼ੰਕਾ ਸੀ ਜਿਸ ਬਾਰੇ ਨਰਿੰਦਰ ਸਿੰਘ ਤੋਮਰ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਸੀ।"
"ਜੋ ਅਕਾਲੀ ਦਲ ਦੀ ਗੱਲ ਮੰਨ ਵੀ ਲਈਏ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਪਹਿਲਾਂ ਬਿਨਾਂ ਪੜ੍ਹੇ ਹੀ ਸਿਫ਼ਤਾਂ ਕੀਤੀਆਂ ਹਨ, ਇਹ ਕਿਵੇਂ ਹੋ ਸਕਦਾ ਹੈ।"
ਮਨੋਰੰਜਨ ਕਾਲੀਆ ਨੂੰ ਜਦੋਂ ਸੂਬੇ ਵਿੱਚ ਇਕੱਲੇ ਚੋਣ ਲੜਨ ਵਾਸਤੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਭਾਜਪਾ 117 ਸੀਟਾਂ 'ਤੇ ਚੋਣ ਲੜਨ ਦੇ ਕਾਬਿਲ ਹੈ, ਹਰਿਆਣਾ ਵਿੱਚ ਵੀ ਪਹਿਲਾਂ ਕਮਜ਼ੋਰ ਯੂਨੀਟ ਸੀ ਪਰ ਹੁਣ ਉੱਥੇ ਭਾਜਪਾ ਦੀ ਸਰਕਾਰ ਹੈ ਇਸ ਲਈ ਪੰਜਾਬ ਵਿੱਚ ਵੀ ਕਮਲ ਜ਼ਰੂਰ ਖਿੜੇਗਾ।
ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਮੀਨ ਤਲਾਸ਼ ਰਿਹਾ ਹੈ-ਇਕਬਾਲ ਸਿੰਘ ਲਾਲਪੁਰਾ
ਬੀਬੀਸੀ ਪੰਜਾਬੀ ਪੱਤਰਕਾਰ ਪ੍ਰਿਅੰਕਾ ਧੀਮਾਨ ਨੇ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨਾਲ ਵੀ ਗੱਲਬਾਤ ਕੀਤੀ।
ਲਾਲਪੁਰਾ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਦੇ ਕਿਸਾਨ ਵਿਰੋਧੀ ਹੋਣ ਦੀ ਦਲੀਲ ਦੇ ਕੇ ਗਠਜੋੜ ਤੋੜਨ ਦੇ ਸਵਾਲ 'ਤੇ ਬੋਲੇ।
ਲਾਲਪੁਰਾ ਨੇ ਕਿਹਾ, ''ਖੇਤੀ ਬਿੱਲਾਂ ਦੀ ਇਹ ਜੂਨ ਮਹੀਨੇ ਵਿੱਚ ਤਾਂ ਹਿਮਾਇਤ ਕਰ ਰਹੇ ਸਨ, ਹੁਣ ਕੀ ਹੋ ਗਿਆ। ਸਭ ਨੂੰ ਆਜ਼ਾਦੀ ਹੈ, ਕੋਈ ਵੀ ਸਿਆਸੀ ਗਠਜੋੜ ਤੋੜ ਜਾਂ ਜੋੜ ਸਕਦਾ ਹੈ।''
''ਅਸਲ ਵਿੱਚ ਇਨ੍ਹਾਂ ਦੀਆਂ ਆਪਣੀਆਂ ਸਿਆਸੀ ਮਜਬੂਰੀਆਂ ਹਨ। ਇਹ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ। ਐਸਜੀਪੀਸੀ ਦੀ ਬਦਇੰਤਜ਼ਾਮੀ ਹੋਵੇ ਜਾਂ ਬੇਅਦਬੀਆਂ ਦਾ ਮੁੱਦਾ, ਇਹ ਆਪਣੀ ਜ਼ਮੀਨ ਤਲਾਸ਼ ਦੇ ਰਹੇ ਹਨ।''
ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇਣ ਮਗਰੋਂ ਹਰਸਿਮਰਤ ਕੌਰ ਬਾਦਲ ਇਹ ਕਹਿੰਦੇ ਨਜ਼ਰ ਆਏ ਕਿ ਭਾਜਪਾ-ਅਕਾਲੀ ਗਠਜੋੜ ਤਾਂ ਪੰਜਾਬ ਤੇ ਸਿੱਖਾਂ ਦੀ ਖੁਸ਼ਹਾਲੀ ਲਈ ਬਣਿਆ ਸੀ।
ਇਸ ਗੱਲ ਦੇ ਜਵਾਬ ਵਿੱਚ ਲਾਲਪੁਰਾ ਕਹਿੰਦੇ ਹਨ, ''ਸਿੱਖ ਭਾਈਚਾਰਾ ਭਾਜਪਾ ਤੋਂ ਵੱਖਰਾ ਨਹੀਂ ਹੈ।ਇਦਾਂ ਤਾਂ ਹੈ ਨਹੀਂ ਕਿ ਇੱਕ ਸ਼ਖਸ ਜਾਂ ਪਾਰਟੀ ਹੀ ਸਿੱਖਾਂ ਦੀ ਨੁਮਾਇੰਦਗੀ। ਸਿੱਖ ਹਰ ਪਾਰਟੀ ਵਿੱਚ ਹਨ ਨਾ ਕਿ ਕਿਸੇ ਇੱਕ ਪਾਰਟੀ ਦਾ ਹਿੱਸਾ ਹਨ।''
ਕੀ ਭਾਜਪਾ ਅਕਾਲੀ ਦਲ ਅਤੇ ਕਿਸਾਨਾਂ ਨੂੰ ਸਮਝਾ ਨਹੀਂ ਪਾਈ? ਇਸ ਦੇ ਜਵਾਬ ਵਿੱਚ ਲਾਲਪੁਰਾ ਕਹਿੰਦੇ ਕਿ ਇਹ ਸਾਡੇ ਲਈ ਨਹੀਂ ਅਕਾਲੀਆਂ ਲਈ ਸਵਾਲ ਹੈ, ਉਨ੍ਹਾਂ ਨੇ ਗਠਜੋੜ ਤੋੜਿਆ ਹੈ ਉਹੀ ਜਾਣਨ।
ਉਹ ਅੱਗੇ ਕਹਿੰਦੇ ਹਨ, ''ਮੋਦੀ ਨੇ ਕਾਲੀ ਸੂਚੀ ਖ਼ਤਮ ਕੀਤੀ, ਦਿੱਲੀ ਦੇ ਦੰਗਿਆਂ ਦੇ ਮਾਮਲੇ ਵਿੱਚ ਸਜ਼ਾਵਾਂ ਹੋਈਆਂ। ਇਹ ਸਭ ਕੁਝ ਮੋਦੀ ਦੇ ਸਮੇਂ ਵਿੱਚ ਹੋਇਆ। ਮੋਦੀ ਤਾਂ ਸਾਥ ਦੇਣਾ ਚਾਹੀਦਾ ਹੈ।''
''ਖੇਤੀ ਬਿੱਲਾਂ ਦੀ ਗੱਲ ਹੈ ਤਾਂ ਇਹ ਇੱਕ ਨਵੀਂ ਸੜਕ ਬਣਾ ਰਹੇ ਹਾਂ ਅਤੇ ਪੁਰਾਣੀ ਵੀ ਕਾਇਮ ਹੈ। ਕਿਸਾਨ ਕੋਲ ਤਾਂ ਦੂਜਾ ਬਦਲ ਵੀ ਹੈ ਹੁਣ।''
ਅਕਾਲੀ ਦਲ ਦੇ ਨੇਤਾ ਇਹ ਕਹਿੰਦੇ ਨਜ਼ਰ ਆਏ ਕਿ ਐੱਨਡੀਏ ਦਾ ਹਿੱਸਾ ਹੋਣ ਦੇ ਬਾਵਜੂਦ ਪੀਐੱਮ ਮੋਦੀ ਵੱਲੋਂ ਅਕਾਲੀਆਂ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਜਾਂਦਾ ਸੀ।
ਲਾਲਪੁਰਾ ਕਹਿੰਦੇ ਹਨ ਕਿ ਹਰਸਿਮਰਤ ਕੌਰ ਬਾਦਲ ਕੈਬਨਿਟ ਦੀ ਹਰ ਮੀਟਿੰਗ ਵਿੱਚ ਮੌਜੂਦ ਰਹਿੰਦੇ ਸਨ।
ਉਹ ਅੱਗੇ ਕਹਿੰਦੇ ਹਨ, ਅਕਾਲੀ ਦਲ ਦੇ ਪ੍ਰਧਾਨ ਨੂੰ ਹਰ ਐੱਨਡੀਏ ਦੀ ਹਰ ਮੀਟਿੰਗ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਮੋਦੀ ਜੀ ਹਰ ਸਾਥੀ ਨੂੰ ਸਤਕਾਰ ਤੇ ਪੂਰਾ ਸਮਾਂ ਦਿੰਦੇ ਹ। ਜੇ ਕੋਈ ਨਿੱਜ ਸਵਾਰਥ ਤੱਕ ਸੀਮਤ ਹੋ ਜਾਵੇ ਤਾਂ ਕੀ ਕਹਿ ਸਕਦੇ ਹਾਂ। ਇਨ੍ਹਾਂ ਨੂੰ ਪੁੱਛੋ ਕਿ ਇਨ੍ਹਾਂ ਨੇ ਪੰਜਾਬ ਅਤੇ ਸਿੱਖ ਸਮੱਸਿਆਵਾਂ ਲਈ ਕੀ ਕੀਤਾ। ਜਦੋ ਇਹ ਇੰਨੇ ਸਾਲ ਪਾਵਰ 'ਚ ਰਹੇ ਉਨ੍ਹਾਂ ਦੀਆਂ ਨੀਤੀਆਂ ਕੀ ਰਹੀਆਂ।''
ਜਦੋਂ ਕਿਸਾਨ ਸੜਕਾਂ ਉੱਤੇ ਉਤਰੇ ਤਾਂ ਖੇਤੀਬਾੜੀ ਮੰਤਰੀ ਸਣੇ ਪ੍ਰਧਾਨ ਮੰਤਰੀ ਨੂੰ ਵੀ ਸਾਹਮਣੇ ਆਉਣਾ ਪਿਆ। ਪੀਐਮ ਨੇ ਕਿਹਾ ਕਿ ਭਾਜਪਾ ਕਾਰਕੁਨ ਪਿੰਡ ਪਿੰਡ ਜਾ ਕੇ ਕਿਸਾਨਾਂ ਨਾਲ ਬੈਠਕਾਂ ਕਰਨ ਅਤੇ ਖੇਤੀਬਾੜੀ ਬਿੱਲਾਂ ਬਾਰੇ ਉਨ੍ਹਾਂ ਦੇ ਸ਼ੰਕੇ ਦੂਰ ਕਰਨ।
ਕਿਸਾਨਾਂ ਕੋਲ ਜਾਣ ਲਈ ਕੀ ਰਣਨੀਤੀ ਬਣਾਈ ਜਾ ਰਹੀ ਹੈ ਇਸ ਸਵਾਲ ਦੇ ਜਵਾਬ ਵਿੱਚ ਲਾਲਪੁਰਾ ਕਹਿੰਦੇ ਹਨ ਕਿ ਅਸੀਂ ਆਪ ਕਿਸਾਨ ਹਾਂ ਅਤੇ ਕਿਸਾਨਾਂ ਵਿੱਚ ਆਪਹੀ ਬੈਠੇ ਹਾਂ। ਅਸੀਂ ਪਿੰਡਾਂ ਵਿੱਚ ਹੀ ਹਾਂ।
''ਸੜਕਾਂ ਰੋਕਣੀਆਂ ਠੀਕ ਨਹੀਂ। ਕੋਈ ਹੋਰ ਰੋਕੇ ਤਾਂ ਸਰਕਾਰ ਪਰਚਾ ਦੇ ਦਿੰਦੀ ਹੈ ਇਹ ਕਹਿ ਕੇ ਕਿ ਕੋਰੋਨਾ ਹੈ। ਹੁਣਸਰਕਾਰ ਆਪ ਹੀ ਧਰਨਾ ਦੇ ਰਹੀ। ਤੁਸੀਂ ਸਮਾਂ ਲਵੋ, ਪੀਐਮ ਨੂੰ ਮਿਲੋ, ਆਪਣੀਆਂ ਸੰਕਾਵਾਂ ਦੂਰ ਕਰੋ ਅਤੇ ਡਰ ਪੈਦਾ ਨਾ ਕਰੋ।''
ਖੇਤੀ ਬਿੱਲਾਂ ਬਾਰੇ ਸਾਡੇ ਨਾਲ ਗੱਲ ਨਹੀਂ ਹੋਈ- ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਕਿਹਾ, “ਜਿਸ ਪਾਰਟੀ ਅਕਾਲੀ ਦਲ ਨੇ ਪੂਰੀ ਜ਼ਿੰਦਗੀ ਕਿਸਾਨੀ ਲਈ ਲਗਾ ਦਿੱਤੀ, ਉਸੇ ਨੂੰ ਖੇਤੀ ਆਰਡੀਨੈਂਸ ਲਿਆਉਣ ਵੇਲੇ ਨਹੀਂ ਪੁੱਛਿਆ ਗਿਆ। ਸਾਨੂੰ ਪੁੱਛਿਆ ਜਾਣਾ ਚਾਹੀਦਾ ਸੀ ਪਰ ਸਾਡੇ ਨਾਲ ਕੋਈ ਗੱਲ ਨਹੀਂ ਹੋਈ।”
“ਫਿਰ ਜਦੋਂ ਕੈਬਨਿਟ ਵਿੱਚ ਇਹ ਆਰਡੀਨੈਂਸ ਲਿਆਂਦੇ ਗਏ ਤਾਂ ਵੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਮੰਤਰੀ ਵਜੋਂ ਕਈ ਵਾਰ ਬਿਲਾਂ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਅਨੁਸਾਰ ਬਦਲਣ ਲਿਆ ਕਿਹਾ ਪਰ ਸਾਡੀ ਗੱਲ ਨਹੀਂ ਮੰਨੀ ਗਈ।”
“ਫਿਰ ਤੁਹਾਨੂੰ ਪਤਾ ਹੈ ਕਿ ਖੇਤੀ ਬਿਲਾਂ ਨੂੰ ਲੋਕ ਸਭਾ ਵਿੱਚ ਲਿਆਂਦਾ ਗਿਆ ਤੇ ਪਾਸ ਕਰਵਾਇਆ ਗਿਆ ਤੇ ਰਾਜ ਸਭਾ ਵਿੱਚ ਵਿੱਚ ਵੀ ਪਾਸ ਕਰਵਾ ਲਿਆ ਗਿਆ।”
“ਸ਼੍ਰੋਮਣੀ ਅਕਾਲੀ ਦਲ ਭਾਵੇਂ ਉਸ ਵੇਲੇ ਸਰਕਾਰ ਦਾ ਹਿੱਸਾ ਸੀ ਪਰ ਉਸੇ ਵੇਲੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਉਸੇ ਵੇਲੇ ਮੈਂ ਕਿਹਾ ਸੀ ਕਿ ਅਗਲਾ ਫੈਸਲਾ ਅਸੀਂ ਆਪਣੇ ਵਰਕਰਾਂ ਤੇ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਲਵਾਂਗੇ। ਬੀਤੇ ਦਿਨਾਂ ਵਿੱਚ ਮੈਂ ਆਪਣੇ ਵਰਕਰਾਂ ਤੇ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕੀਤੀ।”
“ਹੁਣ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਜਿਸ ਪਾਰਟੀ ਨੇ, ਜਿਸ ਐੱਨਡੀਏ ਨੇ ਇਹ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਬਿਲ ਲਿਆਏ ਹਨ ਅਸੀਂ ਉਨ੍ਹਾਂ ਦੇ ਨਾਲ ਨਹੀਂ ਰਹਿ ਸਕਦੇ ਹਾਂ।”
ਸੁਖਬੀਰ ਬਾਦਲ ਨੇ ਅੱਗੇ ਕਿਹਾ, “ਅਸੀਂ ਬੇਨਤੀ ਕੀਤੀ ਕਿ ਜੰਮੂ-ਕਸ਼ਮੀਰ ਨਾਲ ਦਾ ਸੂਬਾ ਹੈ ਉੱਥੇ ਪੰਜਾਬੀ ਨੂੰ ਆਫੀਸ਼ੀਅਲ ਭਾਸ਼ਾ ਦਾ ਦਰਜਾ ਮਿਲਣਾ ਚਾਹੀਦਾ ਹੈ। ਪਰ ਉਹ ਸਾਡੀ ਗੱਲ ਨਹੀੰ ਮੰਨੀ ਗਈ।”
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕੀ ਕਿਹਾ
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਭਾਜਪਾ ਦਾ ਸਾਥ ਛੱਡਣ ਨੂੰ ਕੋਈ ਨੈਤਿਕ ਤੌਰ 'ਤੇ ਲਿਆ ਫ਼ੈਸਲਾ ਨਹੀਂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲਾ ਲੈਣਾ ਅਕਾਲੀ ਦਲ ਦੀ ਸਿਆਸੀ ਮਜਬੂਰੀ ਸੀ।
ਕੈਪਟਨ ਅਮਰਿੰਦਰ ਨੇ ਕਿਹਾ, "ਜਦੋਂ ਭਾਜਪਾ ਨੇ ਅਕਾਲੀਆਂ ਨੂੰ ਕਿਸਾਨਾਂ ਨੂੰ ਸਮਝਾਉਣ ਵਿੱਚ ਨਾਕਾਮ ਰਹਿਣ ਦਾ ਜ਼ਿੰਮੇਵਾਰ ਕਰਾਰ ਦਿੱਤਾ ਤਾਂ ਅਕਾਲੀ ਦਲ ਕੋਲ ਹੋਰ ਕੋਈ ਰਾਹ ਨਹੀਂ ਬੱਚਿਆ ਸੀ।"
ਅਕਾਲੀ ਦਲ ਦੇ ਭਾਜਪਾ ਤੋਂ ਤੋੜ-ਵਿਛੋੜੇ ਕਰਨ ਮਗਰੋਂ ਸਿਆਸੀ ਗਲਿਆਰਿਆਂ ਤੋਂ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਇਸ ਫ਼ੈਸਲੇ ’ਤੇ ਚੁਟਕੀ ਲਈ ਹੈ।
ਭਗਵੰਤ ਮਾਨ ਨੇ ਕਿਹਾ, “ਅਬ ਪਛਤਾਏ ਕਿਆ ਹੋਤ ਹੈ ਜਬ ਚਿੜਿਆ ਚੁਗ ਗਈ ਖੇਤ।”
ਇਹ ਵੀ ਵੇਖੋ