ਕੋਵਿਡ ਐਸਟਰਾਜ਼ੈਨੇਕਾ ਵੈਕਸੀਨ: ਆਕਸਫੋਰਡ ਦੀ ਕੋਵਿਡ-19 ਵੈਕਸੀਨ ਦੇ ਟ੍ਰਾਇਲਾਂ ਉੱਪਰ ਇਸ ਗੱਲੋਂ ਲੱਗੀ ਰੋਕ - ਪ੍ਰੈੱਸ ਰਿਵੀਊ

ਐਸਟਰਾਜ਼ੈਨੇਕਾ ਵਲੋਂ ਆਕਸਫੋਰਡ ਯੂਨੀਵਰਿਸਟੀ ਨਾਲ ਮਿਲ ਕੇ ਵਿਕਸਿਤ ਕੀਤੀ ਜਾ ਰਹੀ ਕੋਵਿਡ-19 ਵੈਕਸੀਨ ਦੇ ਕਲੀਨਿਕਲ ਟ੍ਰਾਇਲਾਂ ਨੂੰ ਰੋਕ ਦਿੱਤਾ ਗਿਆ ਹੈ।

ਬੀਬੀਸੀ ਦੀ ਖ਼ਬਰ ਮੁਤਾਬਕ ਅਧਿਐਨ ਵਿੱਚ ਸ਼ਾਮਲ ਇੱਕ ਵਿਅਕਤੀ ਦੇ ਬਿਮਾਰ ਹੋ ਜਾਣ ਕਾਰਨ ਬ੍ਰਿਟੇਨ ਦੀ ਦਵਾਈ ਨਿਰਮਾਤਾ ਕੰਪਨੀ ਨੇ ਸਵੈ-ਇੱਛਾ ਨਾਲ ਹੀ ਇਹ ਟ੍ਰਾਇਲ ਰੋਕ ਦਿੱਤੇ ਹਨ।

ਕੰਪਨੀ ਨੇ ਕਿਹਾ ਹੈ ਕਿ ਘਟਨਾ ਦੀ ਨਜ਼ਰਸਾਨੀ ਕਰ ਰਹੀ ਹੈ ਤਾਂ ਜੋ ਟ੍ਰਾਇਲ ਵਿੱਚ ਹੋਰ ਦੇਰੀ ਨਾ ਹੋਵੇ।

ਇਹ ਵੀ ਪੜ੍ਹੋ:

ਵੈਕਸੀਨ ਦੀ ਤਿਆਰੀ ਵਿੱਚ ਰੂਸ ਨੇ ਭਾਰਤ ਦੀ ਮਦਦ ਮੰਗੀ

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਰੂਸੀ ਸਰਕਾਰ ਵੱਲੋਂ ਜਨਤਕ ਵਰਤੋਂ ਲਈ ਪ੍ਰਵਾਨ ਕੀਤੀ ਗਈ ਸਪੂਤਨੀਕ ਵੀ ਵੈਕਸੀਨ ਜਾਂ ਤਾਂ ਭਾਰਤ ਵਿੱਚ ਭਾਰਤੀ ਕੰਪਨੀਆਂ ਦੀ ਸਾਂਝੇਦਾਰੀ ਵਿੱਚ ਬਣਾਈ ਜਾਵੇਗੀ ਜਾਂ ਇਸ ਦੇ ਤੀਜੇ ਪੜਾਅ ਦੇ ਇੱਕ ਤੋਂ ਵਧੇਰੇ ਭਾਰਤੀ ਸ਼ਹਿਰਾਂ ਵਿੱਚ ਟ੍ਰਾਇਲ ਕੀਤੇ ਜਾਣਗੇ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਡਾ. ਵੀ ਕੇ ਪਟੇਲ, ਮੈਂਬਰ ਨੀਤੀ ਆਯੋਗ ਅਤੇ ਕੋਵਿਡ-19 ਵੈਕਸੀਨ ਐਡਮਨਿਸਟਰੇਸ਼ਨ ਬਾਰੇ ਮਾਹਰਾਂ ਦੇ ਕੌਮੀ ਸਮੂਹ ਦੇ ਕੋ-ਚੇਅਰ ਹਨ।

ਉਨ੍ਹਾਂ ਨੇ ਕਿਹਾ ਕਿ ਰੂਸ ਨੇ 'ਇਨ੍ਹਾਂ ਦੋ ਮੋਹਾਜ਼ਾਂ ਉੱਪਰ ਮਦਦ ਮੰਗੀ ਹੈ', ਅਤੇ ਇਸ ਮਾਮਲੇ ਵਿੱਚ ਤਿੰਨ ਭਾਰਤੀ ਕੰਪਨੀਆਂ ਨੇ ਰੂਸ ਦੇ ਗਮਾਲਿਆ ਰਿਸਰਚ ਇੰਸਟੀਚਿਊਟ ਅਫ਼ਾ ਐਪੀਡਿਮੌਲੋਜੀ ਐਂਡ ਮਾਈਕ੍ਰੋਬਾਈਓਲੋਜੀ ਨਾਲ ਮਿਲ ਕੇ ਇਸ ਕੰਮ ਨੂੰ ਕਰਨ ਵਿੱਚ ਦਿਲਚਸਪੀ ਦਿਖਾਈ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਉਨਾਓ ਬਾਲਾਤਕਾਰ ਕਾਂਡ ਵਿੱਚ ਸੀਬੀਆਈ ਨੇ ਚਾਰ ਅਫ਼ਸਰਾਂ ਖ਼ਿਲਾਫ਼ ਜਾਂਚ ਦੀ ਸਿਫ਼ਾਰਿਸ਼ ਕੀਤੀ

ਸਾਲ 2017 ਵਿੱਚ ਉਨਾਓ ਬਾਲਤਕਾਰ ਕਾਂਡ ਵਿੱਚ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਹੁਣ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਇੱਕ ਆਈਏਐੱਸ ਅਤੇ ਤਿੰਨ ਆਪੀਐੱਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਸੀਬੀਆਈ ਨੇ ਕਿਹਾ ਹੈ ਕਿ ਉਨਾਓ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਦੋ ਐੱਸਪੀਆਂ ਨੇ ਮਾਮਲੇ ਦੀ ਪੀੜਤਾ ਵੱਲੋਂ ਧਿਆਨ ਵਿੱਚ ਲਿਆਂਦੇ ਜਾਣ ਸਮੇਂ ਅਣਦੇਖੀ ਕੀਤੀ।

ਕੁੜੀ ਨਾਲ ਕੁਲਦੀਪ ਸੇਂਗਰ, ਉਸ ਦੇ ਭਰਾ ਅਤੇ ਇੱਕ ਗੁੰਡੇ ਨੇ ਬਲਾਤਕਾਰ ਕੀਤਾ ਸੀ। ਜਦਕਿ ਐੱਫ਼ਆਈਆਰ ਸਿਰਫ਼ ਅਗਵਾ ਕੀਤੇ ਜਾਣ ਦੀ ਦਰਜ ਕੀਤੀ ਗਈ।

ਸੀਬੀਆਈ ਨੇ ਜਿਨ੍ਹਾਂ ਚਾਰ ਅਫ਼ਸਰਾਂ ਬਾਰੇ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਹੈ ਉਨ੍ਹਾਂ ਵਿੱਚ ਸ਼ਾਮਲ ਹਨ 2009 ਬੈਚ ਦੀ ਅਫ਼ਸਰ ਅਦਿਤੀ ਸਿੰਘ ਜੋ ਕਿ 24 ਜਨਵਰੀ 2017 ਤੋਂ 26 ਅਕਤੂਬਰ 2017 ਦੌਰਾਨ ਉਨਾਓ ਦੀ ਡੀਐੱਮ ਸੀ। ਦੂਜੀ ਅਫ਼ਸਰ, ਮਨੀਪੁਰ ਕੇਡਰ ਦੀ ਆਪੀਐੱਸ ਅਫ਼ਸਰ ਪੁਸ਼ਪਾਂਜਲੀ ਦੇਵੀ ਹੈ ਜੋ ਕਿ 27 ਅਕਤੂਬਰ 2017 ਤੋਂ 30 ਅਪ੍ਰੈਲ 2018 ਤੱਕ ਉਨਾਓ ਦੀ ਐੱਸਪੀ ਸੀ।

ਸੀਬੀਆਈ ਨੇ ਸਾਲ 2009 ਬੈਚ ਦੀ ਆਪੀਐੱਸ ਅਫ਼ਸਰ ਨੇਹਾ ਪਾਂਡੇ ਜੋ ਕਿ 2 ਫ਼ਰਵਰੀ 2016 ਤੋਂ 26 ਅਕਤੂਬਰ 2017 ਤੱਕ ਉਨਾਓ ਦੀ ਐੱਸਪੀ ਸੀ ਖ਼ਿਲਾਫ਼ ਵੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਚੌਥੇ ਅਫ਼ਸਰ ਹਨ ਅਸ਼ਟਭੁਜਾ ਸਿੰਘ ਜੋ ਕਿ ਉਨਾਓ ਵਿੱਚ ਵਧੀਕ ਐੱਸਪੀ ਸਨ।

ਪਾਕਿਸਤਾਨ ਵਿੱਚ ਈਸ਼ ਨਿੰਦਾ ਲਈ ਇੱਕ ਨੂੰ ਸਜ਼ਾਏ ਮੌਤ

ਲਾਹੌਰ ਦੀ ਇੱਕ ਸੈਸ਼ਨ ਅਦਾਲਤ ਨੇ ਇੱਕ ਈਸਾਈ ਵਿਅਕਤੀ ਨੂੰ ਈਸ਼ ਨਿੰਦਾ ਵਾਲਾ ਟੈਕਸਟ ਮੈਸਜ ਭੇਜਣ ਦੇ ਇਲਜ਼ਾਮ ਵਿੱਚ ਸਜ਼ਾਏ ਮੌਤ ਦੀ ਸਜ਼ਾ ਸੁਣਾਈ ਹੈ।

ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਦਿ ਡਾਅਨ ਦੀ ਖ਼ਬਰ ਮੁਤਾਬਕ 37 ਸਾਲਾ ਆਸਿਫ਼ ਨਾਂਅ ਦਾ ਇਹ ਸ਼ਖ਼ਸ਼ 2013 ਤੋਂ ਹਿਰਾਸਤ ਵਿੱਚ ਸੀ ਅਤੇ ਈਸ਼ ਨਿੰਦਾ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਸੀ।

ਇਹ ਇਲਜ਼ਾਮ ਉਸ ਉੱਪਰ ਗਾਰਨਮੈਂਟ ਫੈਕਟਰੀ ਦੇ ਮਾਲਕ ਵੱਲੋਂ ਲਾਏ ਗਏ ਸਨ ਜਿੱਥੇ ਕਿ ਉਹ ਨੌਕਰੀ ਕਰਦਾ ਸੀ।

ਮਾਲਕ ਦਾ ਇਲਜ਼ਾਮ ਸੀ ਕਿ ਆਸਿਫ਼ ਨੇ ਉਸ ਨੂੰ ਇੱਕ ਟੈਕਸਟ ਮੈਸਜ ਭੇਜਿਆ ਜਿਸ ਵਿੱਚ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਵੀਡੀਓ: ਡਾ. ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)