ਆਮਿਰ ਖ਼ਾਨ: ਅਜਿਹਾ ਕੀ ਹੋਇਆ ਕਿ ਤੁਰਕੀ ਗਏ ਆਮਿਰ ਖ਼ਾਨ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਗਏ

ਤਸਵੀਰ ਸਰੋਤ, Emine Erdoğan
ਫਿਲਮ ਅਦਾਕਾਰ ਆਮਿਰ ਖ਼ਾਨ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯੱਪ ਅਰਦੋਆਨ ਦੀ ਪਤਨੀ ਏਮੀਨ ਅਰਦੋਆਨ ਨਾਲ ਮੁਲਾਕਾਤ ਕਾਰਨ ਸੁਰਖੀਆਂ ਵਿਚ ਹਨ।
ਏਮਿਨ ਨੇ 15 ਅਗਸਤ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਆਮਿਰ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਏਮਿਨ ਨੇ ਲਿਖਿਆ, "ਇਸਤਾਂਬੁਲ ਵਿੱਚ ਦੁਨੀਆ ਦੇ ਮਸ਼ਹੂਰ ਅਦਾਕਾਰ, ਨਿਰਦੇਸ਼ਕ, ਫਿਲਮ ਨਿਰਮਾਤਾ ਆਮਿਰ ਖ਼ਾਨ ਨਾਲ ਮੁਲਾਕਾਤ ਹੋਈ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਆਮਿਰ ਨੇ ਆਪਣੀ ਨਵੀਂ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਤੁਰਕੀ ਦੇ ਵੱਖ ਵੱਖ ਹਿੱਸਿਆਂ ਵਿੱਚ ਕਰਨ ਦਾ ਫੈਸਲਾ ਲਿਆ ਹੈ।
ਏਮੀਨ ਅਰਦੋਆਨ ਨਾਲ ਆਮਿਰ ਦੀ ਮੁਲਾਕਾਤ ਭਾਰਤ ਦੇ ਕੁਝ ਲੋਕਾਂ ਨੂੰ ਪਸੰਦ ਨਹੀਂ ਆ ਰਹੀ।
ਭਾਜਪਾ ਦੇ ਸੀਨੀਅਰ ਨੇਤਾ ਸੁਬਰਮਨੀਅਮ ਸਵਾਮੀ ਸਮੇਤ ਭਾਜਪਾ ਨੇਤਾ ਕਪਿਲ ਮਿਸ਼ਰਾ ਵੀ ਇਸ ਮੁੱਦੇ ਉੱਤੇ ਲਿਖ ਰਹੇ ਹਨ।
ਇਹ ਵੀ ਪੜ੍ਹੋ
ਆਮਿਰ ਦੇ ਤੁਰਕੀ ਦੌਰੇ 'ਤੇ ਕਿਸ ਨੇ ਕੀ ਲਿਖਿਆ?
ਕਪਿਲ ਮਿਸ਼ਰਾ ਨੇ ਟਵੀਟ ਕੀਤਾ, "ਇਨ੍ਹਾਂ ਨੂੰ ਭਾਰਤ ਵਿਚ ਡਰ ਲੱਗਦਾ ਹੈ।"
ਸੁਬਰਮਣੀਅਮ ਸਵਾਮੀ ਨੇ ਟਵੀਟ ਕੀਤਾ, "ਇਸਦਾ ਮਤਲਬ ਹੈ ਕਿ ਮੈਂ ਸਹੀ ਸਾਬਤ ਹੋਇਆ ਹਾਂ ਕਿ ਆਮਿਰ ਖ਼ਾਨ ਤਿੰਨ ਖ਼ਾਨਾਂ ਵਿਚੋਂ ਇਕ ਹੈ।"
ਪੱਤਰਕਾਰ ਅਸ਼ੋਕ ਸ੍ਰੀਵਾਸਤਵ ਨੇ ਟਵੀਟ ਕੀਤਾ, "ਆਮਿਰ ਖ਼ਾਨ ਭਾਰਤ ਦੇ ਦੋਸਤਾਨਾ ਦੇਸ਼ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਗੁਰੇਜ਼ ਕਰ ਗਏ ਸਨ। ਪਰ ਉਨ੍ਹਾਂ ਨੂੰ ਭਾਰਤ ਦੇ ਦੁਸ਼ਮਣ ਦੇਸ਼ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਦੇ ਸੱਦੇ ਨੂੰ ਸਵੀਕਾਰ ਕਰਨ ਵਿੱਚ ਕੋਈ ਝਿਜਕ ਨਹੀਂ ਹੋਈ।"
ਅਭਿਨਵ ਖਰੇ ਨੇ ਲਿਖਿਆ, "ਇਸ ਤਸਵੀਰ ਨੂੰ ਫਿਲਮ ਰਿਲੀਜ਼ ਵੇਲੇ ਯਾਦ ਰੱਖਣਾ। ਸਾਡੇ ਪੈਸੇ ਨੂੰ ਸਾਡੇ ਵਿਰੁੱਧ ਵਰਤਣ ਨਾ ਦਿਓ।"
ਕੁਝ ਲੋਕ ਅਜਿਹੇ ਵੀ ਹਨ ਜੋ ਆਮਿਰ ਖ਼ਾਨ ਦੇ ਸਮਰਥਨ ਵਿਚ ਪ੍ਰਤੀਕ੍ਰਿਆ ਦੇ ਰਹੇ ਹਨ। ਹਾਲਾਂਕਿ, ਖ਼ਬਰ ਲਿਖਣ ਤੱਕ, ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ
ਅਸ਼ਰਫ਼ ਹੁਸੈਨ ਲਿਖਦੇ ਹਨ, "ਆਮਿਰ ਖ਼ਾਨ ਨੂੰ ਭਗਤ ਟ੍ਰੋਲ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਹੁਣ ਸੈਲੀਬ੍ਰਿਟੀਜ਼ ਨੂੰ ਇਨ੍ਹਾਂ ਲੋਕਾਂ ਦੇ ਹਿਸਾਬ ਨਾਲ ਚਲਣਾ ਪਵੇਗਾ? ਉਨ੍ਹਾਂ ਨੂੰ ਇਜ਼ਰਾਈਲ ਪਸੰਦ ਹੈ ਪਰ ਤੁਰਕੀ ਨਹੀਂ ... ਇਸ ਲਈ ਆਮਿਰ ਵੀ ਪਸੰਦ ਨਹੀਂ ਹਨ।"
ਜੈਮਿਨ ਸ਼੍ਰੀਮਾਲੀ ਨੇ ਲਿਖਿਆ, "ਅਜਿਹਾ ਲਗਦਾ ਹੈ ਕਿ ਆਮਿਰ ਖ਼ਾਨ ਨੇ ਸੜਕ-2 ਦੇ ਸਭ ਤੋਂ ਨਾਪਸੰਦ ਟ੍ਰੇਲਰ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ।"

ਤਸਵੀਰ ਸਰੋਤ, Twitter/ashraph
ਤੁਰਕੀ ਨਾਲ ਨਾਰਾਜ਼ਗੀ ਦਾ ਕਾਰਨ
ਤੁਰਕੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਵਿਰੋਧ ਕੀਤਾ ਸੀ।
ਤਦ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ, "ਸਾਡੇ ਕਸ਼ਮੀਰੀ ਭਰਾ ਅਤੇ ਭੈਣਾਂ ਦਹਾਕਿਆਂ ਤੋਂ ਦੁੱਖ ਝੇਲ ਰਹੇ ਹਨ। ਅਸੀਂ ਇਕ ਵਾਰ ਫਿਰ ਕਸ਼ਮੀਰ ਉੱਤੇ ਪਾਕਿਸਤਾਨ ਦੇ ਨਾਲ ਹਾਂ। ਅਸੀਂ ਸੰਯੁਕਤ ਰਾਸ਼ਟਰ ਦੀ ਸਾਧਾਰਨ ਸਭਾ ਵਿੱਚ ਇਹ ਮੁੱਦਾ ਚੁੱਕਿਆ ਸੀ। ਕਸ਼ਮੀਰ ਦਾ ਮੁੱਦਾ ਯੁੱਧ ਨਾਲ ਨਹੀਂ ਸੁਲਝਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦਾ ਹੱਲ ਸਭ ਦੇ ਹੱਕ ਵਿਚ ਹੈ। ਤੁਰਕੀ ਨਿਆਂ, ਸ਼ਾਂਤੀ ਅਤੇ ਸੰਵਾਦ ਦਾ ਸਮਰਥਨ ਕਰਦਾ ਰਹੇਗਾ।"
ਉਸ ਸਮੇਂ ਭਾਰਤ ਨੇ ਤੁਰਕੀ ਦੇ ਇਸ ਰੁਖ਼ ਉੱਤੇ ਸਖ਼ਤ ਇਤਰਾਜ਼ ਜਤਾਇਆ ਸੀ।
ਹਾਲ ਹੀ ਵਿੱਚ, ਤੁਰਕੀ ਨੇ ਹਾਗੀਆ ਸੋਫੀਆ ਮਿਊਜ਼ਿਅਮ ਨੂੰ ਦੁਬਾਰਾ ਮਸਜਿਦ ਬਣਾਉਣ ਦੇ ਫੈਸਲੇ ਕਾਰਨ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਏਮਿਨ ਅਰਦੋਆਨ, ਜਿਸ ਨਾਲ ਆਮਿਰ ਮਿਲੇ ਹਨ, ਉਹ ਹਮੇਸ਼ਾਂ ਹੀ ਹਿਜਾਬ ਪਹਿਨਦੀ ਹੈ। ਤੁਰਕੀ ਵਿੱਚ ਹਿਜਾਬ ਦੀ ਮਨਾਹੀ ਸੀ। ਕੁੜੀਆਂ ਹਿਜਾਬ ਨਾਲ ਯੂਨੀਵਰਸਿਟੀ ਨਹੀਂ ਜਾ ਸਕਦੀਆਂ ਸਨ। ਅਰਦੋਆਨ ਦੀ ਪਤਨੀ ਹਿਜਾਬ ਕਾਰਨ ਹੀ ਕਿਸੇ ਵੀ ਜਨਤਕ ਸਮਾਗਮ ਵਿਚ ਨਹੀਂ ਜਾਂਦੀ ਸੀ।
ਕੁਝ ਲੋਕ ਆਮਿਰ ਨੂੰ ਇਸ ਸੋਚ ਨਾਲ ਵੀ ਜੋੜ ਕੇ ਟ੍ਰੋਲ ਕਰ ਰਹੇ ਹਨ।

ਤਸਵੀਰ ਸਰੋਤ, YRF/BBC
ਆਮਿਰ ਦੀ ਫਿਲਮ ਅਤੇ ਪੁਰਾਣੇ ਬਿਆਨ
ਭਾਰਤ ਵਿਚ ਅਸਹਿਣਸ਼ੀਲਤਾ ਬਾਰੇ ਆਪਣੇ ਪੁਰਾਣੇ ਬਿਆਨ ਕਾਰਨ ਆਮਿਰ ਖ਼ਾਨ ਕਈ ਵਾਰ ਟ੍ਰੋਲ ਹੋ ਚੁੱਕੇ ਹਨ। ਆਮਿਰ ਖ਼ਾਨ ਉੱਤੇ ਪੀਕੇ ਫਿਲਮ ਵਿੱਚ ਹਿੰਦੂ ਧਰਮ ਦਾ ਮਜ਼ਾਕ ਉਡਾਉਣ ਦਾ ਇਲਜ਼ਾਮ ਵੀ ਲੱਗਦਾ ਹੈ।
ਆਮਿਰ ਇਨ੍ਹੀਂ ਦਿਨੀਂ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਫਿਲਮ ਟੌਮ ਹੈਂਕਸ ਦੀ ਫਿਲਮ 'ਫੋਰੈਸਟ ਗੰਪ' ਦੀ ਰੀਮੇਕ ਹੈ, ਜੋ 1994 ਵਿੱਚ ਆਈ ਸੀ।
ਇਸ ਅੰਗਰੇਜ਼ੀ ਫ਼ਿਲਮ ਦੀ ਕਹਾਣੀ ਵਿਚ, ਕਿਰਦਾਰ ਫੋਰੈਸਟ ਗੰਪ ਇਕ ਲੰਮੇ ਸਮੇਂ ਲਈ ਚਲਦਾ ਹੈ। ਉਹ ਤੁਰਦਿਆਂ-ਤੁਰਦਿਆਂ ਸਾਰੀ ਦੁਨੀਆ ਦਾ ਚੱਕਰ ਲਗਾਂਦਾ ਹੈ। ਫਿਰ ਇੱਕ ਦਿਨ ਉਸਨੂੰ ਅਹਿਸਾਸ ਹੁੰਦਾ ਹੈ ਕਿ ਉਸਨੂੰ ਰੁਕਣਾ ਚਾਹੀਦਾ ਹੈ।
ਫਿਲਮ ਵਿਚ ਇਸ ਸੀਨ ਅਤੇ ਕਹਾਣੀ ਦਾ ਇਕ ਸੰਵਾਦ - 'ਰਨ ਫੌਰਸਟ ਰਨ' ਹੈ। ਜਿਸ ਵਿਚ ਅਦਾਕਾਰਾ ਫੋਰੈਸਟ ਗੰਪ ਦੇ ਕਿਰਦਾਰ ਨੂੰ ਭੱਜਣ ਲਈ ਕਹਿੰਦੀ ਹੈ।
ਇਹ ਸੰਭਵ ਹੈ ਕਿ ਆਮਿਰ ਖ਼ਾਨ ਵੀ ਇਸ ਸੀਨ ਨੂੰ ਦਰਸਾਉਣ ਲਈ ਤੁਰਕੀ ਗਏ ਹੋਣ। ਫੋਰੈਸਟ ਗੰਪ ਵਿਚ ਟੌਮ ਕਰੂਜ਼ ਦਾ ਕਿਰਦਾਰ ਵੀ ਕਈ ਦੇਸ਼ਾਂ ਵਿਚ ਗਿਆ ਸੀ। ਫਿਲਮ ਦੇ ਇਕ ਸੀਨ ਵਿਚ ਭਾਰਤ ਦਾ ਦੌਰਾ ਵੀ ਦਿਖਾਇਆ ਗਿਆ ਸੀ।
ਇਹ ਫਿਲਮ ਪਹਿਲਾਂ 2020 ਵਿਚ ਰਿਲੀਜ਼ ਹੋਣੀ ਸੀ। ਪਰ ਕੋਰੋਨਾ ਤੋਂ ਬਾਅਦ, ਇਸ ਫਿਲਮ ਦੀ ਰਿਲੀਜ਼ ਦਾ ਤਰੀਕ ਅੱਗੇ ਵਧਾਉਣਾ ਤੈਅ ਹੈ।












