ਕੈਪਟਨ ਅਮਰਿੰਦਰ ਤੇ ਪ੍ਰਤਾਪ ਬਾਜਵਾ ਵਿਵਾਦ: 'ਸਚਿਨ ਪਾਇਲਟ ਵਾਂਗ ਪ੍ਰਤਾਪ ਬਾਜਵਾ ਨੂੰ ਹਾਈ ਕਮਾਂਡ ਤੋਂ ਕੁੱਝ ਨਹੀਂ ਮਿਲਣਾ'

ਤਸਵੀਰ ਸਰੋਤ, Getty Images/Pratap Bajwa FB
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
"ਪ੍ਰਤਾਪ ਸਿੰਘ ਬਾਜਵਾ ਕੋਈ ਸਚਿਨ ਪਾਇਲਟ ਨਹੀਂ ਹੈ। ਉਂਝ ਵੀ ਸਚਿਨ ਪਾਇਲਟ ਨੂੰ ਹਾਈ ਕਮਾਂਡ ਤੋਂ ਕੁੱਝ ਨਹੀਂ ਮਿਲਿਆ। ਬਾਜਵਾ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਆਪਣੀ ਲੜਾਈ ਵਿੱਚ ਹਾਈ ਕਮਾਨ ਤੋਂ ਕੁੱਝ ਵੀ ਨਹੀਂ ਮਿਲੇਗਾ।"
ਇਹ ਸ਼ਬਦ ਹਨ ਸੀਨੀਅਰ ਪੱਤਰਕਾਰ ਅਤੇ ਲੇਖਕ ਹਰੀਸ਼ ਖਰੇ ਦੇ ਜੋ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਤੇ ਦਿ ਟ੍ਰਿਬਿਉਨ ਦੇ ਮੁੱਖ ਸੰਪਾਦਕ ਵੀ ਰਹੇ ਹਨ।
ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕਾਂਗਰਸ ਪਾਰਟੀ ਦੇ ਕੁੱਝ ਆਗੂਆਂ, ਖ਼ਾਸ ਤੌਰ 'ਤੇ ਪ੍ਰਤਾਪ ਸਿੰਘ ਬਾਜਵਾ, ਨੇ ਤਲਖ਼ੀ ਭਰੇ ਤੇਵਰ ਦਿਖਾਏ ਹਨ।
ਹਾਲਾਂਕਿ ਉਨ੍ਹਾਂ ਨੇ ਬਾਜਵਾ ਦੇ ਤਿੱਖੇ ਸ਼ਬਦੀ ਵਾਰਾਂ ਦਾ ਬਰਾਬਰ ਜਵਾਬ ਦਿੱਤਾ ਹੈ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੈਪਟਨ ਦਾ ਸਮਰਥਨ ਕੀਤਾ ਹੈ।
ਪਰ ਕਈ ਲੋਕ ਇਹ ਕਿਆਸ ਲਾ ਰਹੇ ਹਨ ਕਿ ਰਾਜਸਥਾਨ ਦਾ ਸਿਆਸੀ ਮਸਲਾ ਹੱਲ ਕਰਨ ਤੋਂ ਬਾਅਦ ਕੀ ਗਾਂਧੀ ਪਰਿਵਾਰ ਜੋ ਕਿ ਅਜੇ ਤੱਕ ਪੰਜਾਬ ਕਾਂਗਰਸ ਦੀ ਇਸ ਖਿੱਚੋਤਾਣ ਤੋਂ ਦੂਰ ਰਿਹਾ ਹੈ ਹੁਣ ਪੰਜਾਬ ਵੱਲ ਆਪਣਾ ਧਿਆਨ ਦੇਵੇਗਾ।
ਇਹ ਵੀ ਪੜ੍ਹੋ:
ਜ਼ਹਿਰੀਲੀ ਸ਼ਰਾਬ ਮਾਮਲੇ ਤੋਂ ਅਕਸ ਨੂੰ ਨੁਕਸਾਨ?
100 ਤੋਂ ਵੀ ਵੱਧ ਮੌਤਾਂ ਦੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਦੋ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਤੇ ਇਸ ਸਬੰਧੀ ਰਾਜਪਾਲ ਨੂੰ ਮੰਗ ਪੱਤਰ ਵੀ ਸੌਂਪਿਆ ਸੀ।
ਇਸ ਤੋਂ ਬਾਅਦ ਹੀ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਸਿਖਰ 'ਤੇ ਪਹੁੰਚ ਗਈ ਹੈ।
ਪਰ ਸਵਾਲ ਇਹ ਹੈ ਕਿ ਕੀ ਕਾਂਗਰਸ ਕੋਲ ਅਮਰਿੰਦਰ ਸਿੰਘ ਤੋਂ ਇਲਾਵਾ ਕੋਈ ਹੋਰ ਆਗੂ ਹੈ ਜੋ ਸਾਰੀ ਪਾਰਟੀ ਨੂੰ ਨਾਲ ਲੈ ਕੇ ਚੱਲ ਸਕਦਾ ਹੈ।
ਪੰਜਾਬ ਦੀ ਰਾਜਨੀਤੀ ਤੇ ਕਰੀਬੀ ਨਜ਼ਰ ਰੱਖਣ ਵਾਲੇ ਜ਼ਿਆਦਾਤਰ ਜਾਣਕਾਰ ਮੰਨਦੇ ਹਨ ਕਿ ਇਸ ਵੇਲੇ ਕਿਸੇ ਹੋਰ ਦਾ ਕੈਪਟਨ ਦੀ ਥਾਂ 'ਤੇ ਆਉਣਾ ਸੰਭਵ ਨਹੀਂ ਜਾਪਦਾ।
ਖ਼ਾਸ ਤੌਰ 'ਤੇ ਉਸ ਵੇਲੇ ਜਦੋਂ ਕਾਂਗਰਸ ਪਾਰਟੀ ਦੀ ਸਥਿਤੀ ਪਹਿਲਾਂ ਹੀ ਕਮਜ਼ੋਰ ਹੈ ਤੇ ਕੈਪਟਨ ਦਾ ਕੱਦ ਪੰਜਾਬ ਵਿੱਚ ਕਾਫ਼ੀ ਉੱਚਾ ਹੈ।
ਇਹ ਪੁੱਛੇ ਜਾਣ 'ਤੇ ਕੀ ਅਮਰਿੰਦਰ ਸਿੰਘ ਦੀ ਕੋਈ ਥਾਂ ਲੈ ਸਕਦਾ ਹੈ ਤਾਂ ਹਰੀਸ਼ ਖਰੇ ਦਾ ਸਾਫ਼ ਕਹਿਣਾ ਹੈ ਕਿ ਨਹੀਂ।
ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਉਨ੍ਹਾਂ ਦੇ ਕੱਦ ਦਾ ਕੋਈ ਵਿਅਕਤੀ ਨਹੀਂ ਹੈ। ਜੇ ਕੋਈ ਅਕਾਲੀਆਂ ਨੂੰ ਚੁਣੌਤੀ ਦੇ ਸਕਦਾ ਹੈ ਤਾਂ ਉਹ ਇੱਕੋ ਅਮਰਿੰਦਰ ਸਿੰਘ ਹੀ ਹੈ।
ਕੀ ਮਨਪ੍ਰੀਤ ਸਿੰਘ ਬਾਦਲ ਜਾਂ ਨਵਜੋਤ ਸਿੱਧੂ ਜਾਂ ਕੋਈ ਉਨ੍ਹਾਂ ਦੀ ਜਗਾ ਲੈ ਸਕਦਾ ਹੈ? ਹਰੀਸ਼ ਖਰੇ ਦਾ ਕਹਿਣਾ ਹੈ, "ਨਹੀਂ, ਹਰ ਕੋਈ ਮੁੱਖ ਮੰਤਰੀ ਨਹੀਂ ਹੋ ਸਕਦਾ। ਇੱਥੇ ਸਿਰਫ਼ ਇੱਕ ਮੁੱਖ ਮੰਤਰੀ ਹੀ ਹੋ ਸਕਦਾ ਹੈ।"

ਤਸਵੀਰ ਸਰੋਤ, PARTAP SINGH BAJWA/FB
ਪ੍ਰਤਾਪ ਸਿੰਘ ਬਾਜਵਾ ਬਾਰੇ ਉਨ੍ਹਾਂ ਨੇ ਕਿਹਾ, "ਉਹ ਕੋਈ ਸਚਿਨ ਪਾਇਲਟ ਨਹੀਂ ਹਨ। ਵੈਸੇ ਵੀ ਪਾਇਲਟ ਨੂੰ ਬਿਨਾਂ ਕੁੱਝ ਲਏ ਹੀ ਵਾਪਸ ਆਉਣਾ ਪਿਆ। ਇੱਥੇ ਹਾਈ ਕਮਾਂਡ ਉਸ ਲਈ ਕੁੱਝ ਨਹੀਂ ਕਰ ਸਕੀ। ਹਾਈ ਕਮਾਂਡ ਬਾਜਵਾ ਵਾਸਤੇ ਵੀ ਕੁੱਝ ਨਹੀਂ ਕਰ ਸਕਦੀ।"
ਉਨ੍ਹਾਂ ਨੇ ਅੱਗੇ ਕਿਹਾ, "ਉਹ ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਦੀ ਬਹੁਤ ਸੀਮਤ ਅਪੀਲ ਹੈ। ਹਾਈ ਕਮਾਂਡ ਨੂੰ ਇਹ ਵੀ ਪਤਾ ਹੈ ਕਿ ਨਵਜੋਤ ਸਿੱਧੂ ਨੂੰ ਅੱਗੇ ਵਧਾ ਕੇ ਉਹ ਦੇਖ ਹੀ ਚੁੱਕੇ ਹਨ।"
ਕੀ ਬਾਜਵਾ, ਕੈਪਟਨ ਲਈ ਚੁਣੌਤੀ ਹਨ?
ਪੰਜਾਬ ਯੂਨੀਵਰਸਿਟੀ ਦੇ ਪੁਲਿਟੀਕਲ ਸਾਇੰਸ ਦੇ ਪੋਫੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਿਲਹਾਲ ਕੋਈ ਗੰਭੀਰ ਚੁਣੌਤੀ ਨਹੀਂ ਹੈ।
ਪਰ ਨਕਲੀ ਸ਼ਰਾਬ ਦੇ ਮਾਮਲੇ ਨਾਲ ਉਨ੍ਹਾਂ ਦੀ ਸਾਖ 'ਤੇ ਪ੍ਰਭਾਵ ਪਿਆ ਹੈ ਅਤੇ ਇਸੇ ਲਈ ਉਨ੍ਹਾਂ ਨੇ ਬਾਜਵਾ ਦੇ ਹਮਲਿਆਂ ਦਾ ਤੁਰੰਤ ਜਵਾਬ ਦਿੱਤਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਅਮਰਿੰਦਰ ਹੀ ਪਾਰਟੀ ਦੇ ਸੀਐੱਮ ਅਹੁਦੇ ਦੇ ਇਕੱਲੇ ਦਾਅਵੇਦਾਰ ਹਨ। ਉਨ੍ਹਾਂ ਦਾ ਕੋਈ ਵਿਰੋਧੀ ਨਹੀਂ ਹੈ। ਕਾਂਗਰਸ ਕੋਲ ਕੋਈ ਆਗੂ ਨਹੀਂ ਹੈ ਜਿਸ ਦਾ ਸਮਰਥਨ ਸੂਬਾ ਪੱਧਰੀ ਹੋਵੇ।"
"ਜਾਖੜ ਇੱਕ ਹਿੰਦੂ ਹਨ ਅਤੇ ਇੱਕ ਹਿੰਦੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਆਤਮ-ਹੱਤਿਆ ਹੋਵੇਗੀ। ਮਨਪ੍ਰੀਤ ਬਾਦਲ ਨੂੰ ਅਜੇ ਵੀ ਅਕਾਲੀ ਵਜੋਂ ਦੇਖਿਆ ਜਾਂਦਾ ਹੈ ਹਾਲਾਂਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਪਸੰਦ ਕਰਦੇ ਹਨ। ਇਸ ਲਈ ਪਾਰਟੀ ਲਈ ਕੋਈ ਬਦਲ ਨਹੀਂ ਹੈ।"

ਤਸਵੀਰ ਸਰੋਤ, Getty Images
ਬਾਜਵਾ ਨੂੰ ਅਸਲ ਵਿੱਚ ਇੰਨੇ ਮਹੀਨਿਆਂ ਬਾਅਦ ਅਮਰਿੰਦਰ ਉੱਤੇ ਹਮਲਾ ਕਰਨ ਦਾ ਮੌਕਾ ਮਿਲਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਨਾਲ ਹੀ, ਉਨ੍ਹਾਂ ਨੂੰ ਵੱਖ ਵੱਖ ਥਾਵਾਂ ਤੋਂ ਕਾਫ਼ੀ ਪ੍ਰਸ਼ੰਸਾ ਮਿਲ ਰਹੀ ਸੀ। ਪਰ ਜ਼ਹਿਰੀਲੀ ਸ਼ਰਾਬ ਦੀ ਤਰਾਸਦੀ ਨਾਲ ਬਾਜਵਾ ਨੇ ਇੱਕ ਮੌਕਾ ਵੇਖਿਆ।
ਇਹ ਵੀ ਪੜ੍ਹੋ:-
ਦੂਜੀ ਗਲ ਇਹ ਹੈ ਇਸ ਤੋਂ ਪਹਿਲਾਂ ਅਮਰਿੰਦਰ ਨੇ ਕਿਹਾ ਸੀ ਕਿ ਪਿਛਲੀਆਂ ਚੋਣਾਂ ਉਨ੍ਹਾਂ ਦੀ ਆਖ਼ਰੀ ਚੋਣਾਂ ਹਨ। ਹੁਣ ਉਨ੍ਹਾਂ ਨੇ ਕਿਹਾ ਹੈ ਕਿ ਉਹ ਦੁਬਾਰਾ ਚੋਣ ਲੜਨਗੇ ਜਿਸ ਨਾਲ ਕਈ ਨੌਜਵਾਨ ਆਗੂਆਂ ਨੂੰ ਆਪਣੇ ਭਵਿੱਖ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਹਾਈ ਕਮਾਨ ਸਿਰਫ਼ ਤਾਂ ਹੀ ਇੱਕ ਕੋਈ ਭੂਮਿਕਾ ਨਿਭਾਏਗੀ ਜੇ ਉਹ ਕੋਈ ਗੰਭੀਰ ਚੁਨੌਤੀ ਵੇਖਦੇ ਹਨ।
ਡੀਏਵੀ ਕਾਲਜ, ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸਤਰ ਦੀ ਪ੍ਰੋਫੈੱਸਰ ਕੰਵਲਪ੍ਰੀਤ ਕੌਰ ਇਸ ਗੱਲ ਨਾਲ ਸਹਿਮਤ ਹਨ ਕਿ ਬਾਜਵਾ ਵਰਗੇ ਬਹੁਤ ਸਾਰੇ ਆਗੂ ਸੋਚਦੇ ਹਨ ਕਿ ਇੱਕ ਵਾਰ ਫਿਰ ਕੈਪਟਨ ਚੋਣ ਲੜਨਗੇ ਤਾਂ ਉਨ੍ਹਾਂ ਦੇ ਭਵਿੱਖ ਦਾ ਕੀ ਹੋਵੇਗਾ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਬਾਜਵਾ ਉਨ੍ਹਾਂ ਵਾਸਤੇ ਕੋਈ ਚੁਣੌਤੀ ਨਹੀਂ ਹਨ। ਬਾਜਵਾ ਜੋਸ਼ ਵਾਲੇ ਤਾਂ ਹਨ ਪਰ ਹੋਸ਼ ਵਾਲੇ ਨਹੀਂ।
ਉਹ ਕਹਿੰਦੇ ਹਨ ਕਿ ਜੇ ਕਾਂਗਰਸ ਕੈਪਟਨ ਨੂੰ ਹਟਾਉਂਦੀ ਹੈ ਤਾਂ ਕਾਂਗਰਸ ਖ਼ਤਮ ਹੋ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਬਾਜਵਾ ਨੂੰ ਉਨ੍ਹਾਂ ਦੇ ਹਲਕੇ ਤੋਂ ਬਾਹਰ ਕੋਈ ਨਹੀਂ ਜਾਣਦਾ।












