ਕੋਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਟੋਇਆ ’ਚ ਸੁੱਟੀਆਂ, ਵੀਡੀਓ ਵਾਇਰਲ ਤਾਂ ਮੰਗੀ ਮਾਫ਼ੀ

ਕਰਨਾਟਕ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀਆਂ ਲਾਸ਼ਾਂ ਸੁੱਟਣ ਦਾ ਵੀਡੀਓ ਵਾਇਰਲ ਹੋਣ ਮਗਰੋਂ ਪ੍ਰਸ਼ਾਸਨ ਨੇ ਮਾਫ਼ੀ ਮੰਗੀ ਹੈ।

ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਲੋਕ ਪੀਪੀਈ ਕਿੱਟਾਂ ਪਾਏ ਹੋਏ ਹਨ ਅਤੇ ਉਹ ਟੋਇਆਂ ਵਿੱਚ ਲਾਸ਼ਾਂ ਨੂੰ ਸੁੱਟ ਰਹੇ ਹਨ।

ਇਹ ਘਟਨਾ ਕਰਨਾਟਕ ਦੇ ਬੇਲਾਰੀ ਜ਼ਿਲ੍ਹੇ ਦੀ ਹੈ। ਪ੍ਰਸ਼ਾਸਨਿਕ ਅਫ਼ਸਰਾਂ ਨੇ ਮੰਨਿਆ ਹੈ ਕਿ ਵੀਡੀਓ ਸਹੀ ਹੈ ਅਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਤੋਂ ਮਾਫ਼ੀ ਮੰਗੀ ਹੈ।

ਉਹ ਲਾਸ਼ਾਂ ਉਨ੍ਹਾਂ ਅੱਠ ਲੋਕਾਂ ਦੀਆਂ ਸਨ ,ਜਿਨ੍ਹਾਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਸੀ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਕਾਰਨ ਹੁਣ ਤੱਕ ਕਰਨਾਟਕ ਵਿੱਚ 246 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਭਾਵੇਂ ਕਰਨਾਟਾਕ ਨੂੰ ਉਨ੍ਹਾਂ ਸੂਬਿਆਂ ਵਿੱਚ ਮੰਨਿਆ ਜਾ ਰਿਹਾ ਹੈ ਜਿੱਥੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਸਹੀ ਟਰੇਸਿੰਗ ਕੀਤੀ ਗਈ ਹੈ ਤੇ ਬਿਮਾਰੀ ਨੂੰ ਸਹੀ ਤਰੀਕੇ ਨਾਲ ਕੰਟਰੋਲ ਕੀਤਾ ਗਿਆ ਹੈ।

ਪ੍ਰਸਾਸ਼ਨ ਦਾ ਮਾਫ਼ੀਨਾਮਾ

ਜ਼ਿਲ੍ਹਾ ਪ੍ਰਸ਼ਾਸਨ ਦੇ ਅਫ਼ਸਰ ਐੱਸ ਐੱਸ ਨਕੂਲਾ ਨੇ ਬੀਬੀਸੀ ਦੇ ਸਹਿਯੋਗੀ ਇਮਰਾਨ ਕੁਰੈਸ਼ੀ ਨੂੰ ਦੱਸਿਆ, "ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਿਨਾਂ ਸ਼ਰਤ ਚਿੱਠੀ ਲਿਖ ਕੇ ਮਾਫੀ ਮੰਗੀ ਹੈ। ਅਸੀਂ ਇਸ ਘਟਨਾ ਨਾਲ ਕਾਫੀ ਸ਼ਰਮਿੰਦਾ ਹਾਂ। ਉੁਨ੍ਹਾਂ ਦਾ ਸਸਕਾਰ ਸਨਮਾਨ ਨਾਲ ਕਰਨਾ ਚਾਹੀਦਾ ਸੀ।"

"ਉਨ੍ਹਾਂ ਨੇ ਸਾਰੇ ਪ੍ਰੋਟੋਕੋਲਜ਼ ਦਾ ਪਾਲਣ ਕੀਤਾ ਸੀ। ਉਨ੍ਹਾਂ ਤੋਂ ਜਿੱਥੇ ਗਲਤੀ ਹੋਈ ਹੈ, ਉਹ ਪ੍ਰੋਟੋਕੋਲ ਦਾ ਹਿੱਸਾ ਨਹੀਂ ਸੀ। ਪਰ ਹਾਂ ਫਿਰ ਵੀ ਲਾਸ਼ਾਂ ਦਾ ਸਨਮਾਨ ਨਾਲ ਸਸਕਾਰ ਕਰਨਾ ਚਾਹੀਦਾ ਸੀ।"

ਉਨ੍ਹਾਂ ਅੱਗੇ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਇੱਕ ਨਵੀਂ ਟੀਮ ਲਾਸ਼ਾਂ ਸਾਂਭਣ ਦਾ ਕੰਮ ਕਰੇਗੀ।

ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਹੈ ਤੇ ਇਹ ਸ਼ਰਮ ਦਾ ਵਿਸ਼ਾ ਵੀ ਬਣਿਆ ਹੋਇਆ ਹੈ।

ਜੋ ਲੋਕ ਕੋਰੋਨਾ ਦੀ ਲਾਗ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਮਾੜੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਤੇ ਸਿਹਤ ਕਰਮੀ ਮਰੀਜ਼ਾਂ ਦੀ ਲਾਸ਼ਾਂ ਨੂੰ ਛੂਹਣ ਤੋਂ ਵੀ ਡਰਦੇ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ