You’re viewing a text-only version of this website that uses less data. View the main version of the website including all images and videos.
ਸੋਨਾਲੀ ਫੋਗਾਟ ਵੱਲੋਂ ਸਰਕਾਰੀ ਮੁਲਾਜ਼ਮ ਦੀ ਕੁੱਟਮਾਰ ਦਾ ਮਾਮਲਾ ਭਖਿਆ, ਐੱਫ਼ਾਈਆਰ ਦਰਜ
ਟਿਕਟੌਕ ਸਟਾਰ ਤੋਂ ਭਾਜਪਾ ਆਗੂ ਬਣੀ ਸੋਨਾਲੀ ਫੋਗਾਟ ਵੱਲੋਂ ਇੱਕ ਸਰਕਾਰੀ ਅਧਿਕਾਰੀ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਦ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।
ਹਰਿਆਣਾ ਵਿੱਚ ਕਈ ਥਾਈਂ ਮਾਰਕੀਟ ਕਮੇਟੀ ਦੇ ਮੁਲਾਜ਼ਮ ਸੋਨਾਲੀ ਫੋਗਾਟ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਸਿਰਸਾ, ਫਤਿਹਾਬਾਦ, ਐਲਨਾਬਾਦ ਸਮੇਤ ਕਈ ਥਾਈਂ ਧਰਨੇ ਦਿੱਤੇ।
ਘਟਨਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਵਾਪਰੀ ਅਤੇ ਇਹ ਆਦਮੀ ਉੱਥੇ ਮਾਰਕੀਟ ਕਮੇਟੀ ਦਾ ਸਕੱਤਰ ਸੁਲਤਾਨ ਸਿੰਘ ਸੀ। ਫੋਗਾਟ ਮੁਤਾਬਕ, ਉਹ ਫ਼ਸਲ ਦੀ ਖਰੀਦ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜਾ ਲੈਣ ਪਹੁੰਚੇ ਸੀ ਜਿੱਥੇ ਅਧਿਕਾਰੀ ਵੱਲੋਂ ਉਨ੍ਹਾਂ ਲਈ ਵਰਤੀ ਭੱਦੀ ਸ਼ਬਦਾਵਲੀ ਤੋਂ ਉਨ੍ਹਾਂ ਨੂੰ ਗੁੱਸਾ ਆ ਗਿਆ।
ਟਵਿੱਟਰ 'ਤੇ ਵੀ #ArrestSonaliPhogat ਟਰੈਂਡ ਕਰਦਾ ਰਿਹਾ।
ਪੁਲਿਸ ਨੇ FIR ਕੀਤੀ ਦਰਜ
ਮਾਮਲੇ ਵਿੱਚ ਪੁਲਿਸ ਨੇ ਕਰੌਸ FIR ਦਰਜ ਕਰ ਲਈ ਹੈ। ਸੋਨਾਲੀ ਫੋਗਾਟ ਨੇ ਪੁਲਿਸ ਨੂੰ ਦਰਜ ਕਰਾਏ ਆਪਣੇ ਬਿਆਨ ਵਿੱਚ ਕਿਹਾ ਹੈ ਕਿ, "ਮੈਂ 5 ਜੂਨ, 2020 ਨੂੰ ਬਾਲਸਮੰਦ ਮੰਡੀ ਦੇ ਦੌਰੇ 'ਤੇ ਗਈ ਸੀ ਅਤੇ ਨਾਲ ਮਾਰਕੀਟ ਕਮੇਟੀ ਦਾ ਸਕੱਤਰ ਸੁਲਤਾਨ ਸਿੰਘ ਵੀ ਸੀ।"
"ਉਸ ਨੇ ਉੱਥੇ ਮੇਰੇ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਅਸ਼ਲੀਲ ਹਰਕਤ ਕੀਤੀ ਅਤੇ ਮੈਨੂੰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ। ਉਸਨੇ ਮੈਨੂੰ ਘਰ ਬੈਠਣ ਦੀ ਧਮਕੀ ਦਿੱਤੀ।"
"ਬਾਅਦ ਵਿੱਚ ਮੈਂ ਜਦੋਂ ਉਸ ਨੂੰ ਥੱਪੜ ਮਾਰਿਆ ਅਤੇ ਰਿਪੋਰਟ ਦਰਜ ਕਰਾਉਣ ਦੀ ਗੱਲ ਕਹੀ ਤਾਂ ਉਸ ਨੇ ਮਾਫੀ ਮੰਗੀ ਅਤੇ ਮਾਫ਼ੀਨਾਮਾ ਦਿੱਤਾ। ਹੁਣ ਮੈਂ ਚਾਹੁੰਦੀ ਹਾਂ ਕਿ ਉਸ ਦੇ ਖਿਲਾਫ ਸਖ਼ਤ ਕਾਰਵਾਈ ਹੋਵੇ ਤਾਂ ਕਿ ਅੱਗੇ ਤੋਂ ਇਹ ਕਿਸੇ ਮਹਿਲਾ ਨਾਲ ਗੰਦੀ ਹਰਕਤ ਨਾ ਕਰ ਸਕੇ।"
ਉਧਰ ਸੁਲਤਾਨ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸੋਨਾਲੀ ਫੋਗਾਟ ਨੇ ਜੋ-ਜੋ ਕੰਮ ਕਹੇ ਉਹ ਨੋਟ ਕਰਦਾ ਰਿਹਾ ਅਤੇ ਫ਼ਰਸ਼ ਵੀ ਨਵਾਂ ਬਣਵਾਉਣ ਦੀ ਹਾਮੀ ਭਰ ਦਿੱਤੀ।
"ਫਿਰ ਮੈਡਮ ਨੇ ਮੈਨੂੰ ਥੱਪੜ ਮਾਰਿਆ ਅਤੇ ਕਿਹਾ ਕਿ ਗਾਲੀ ਦਿੰਦੇ ਹੋ। ਮੈਂ ਕਿਹਾ ਨਹੀਂ। ਫਿਰ ਮੈਨੂੰ ਉਨ੍ਹਾਂ ਦੇ ਨਾਲ ਆਏ 6-7 ਮੁੰਡਿਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ।"
"ਮੈਂ ਬਚ ਕੇ ਇੱਕ ਦੁਕਾਨ ਵੱਲ ਭੱਜਿਆ। ਮੇਰਾ ਸਿਰ ਮੁੱਕੇ ਲੱਗਣ ਕਾਰਨ ਦੁਖ ਰਿਹਾ ਸੀ ਅਤੇ ਉਲਟੀ ਆਈ। ਉੱਥੇ ਫਿਰ ਮੈਡਮ ਆ ਗਈ ਅਤੇ ਉਹਨਾਂ ਨੇ ਮੈਨੂੰ ਚੱਪਲ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰੀ ਵੀਡੀਓ ਬਣਾਉਂਦੇ ਰਹੇ।"
"ਮੈਨੂੰ ਕਹਿਣ ਲੱਗੇ ਕਿ ਮਾਫ਼ੀ ਮੰਗ ਗਾਲ਼ ਕਿਉਂ ਕੱਢੀ, ਮੈਂ ਕਿਹਾ ਕਿ ਗਾਲ਼ ਨਹੀਂ ਦਿੱਤੀ। ਤੁਹਾਡੇ ਸਾਰੇ ਕਹੇ ਕੰਮ ਨੋਟ ਕਰ ਲਏ ਹਨ। ਮੈਨੂੰ ਮਾਫੀ ਲਿਖਣ ਲਈ ਕਿਹਾ ਗਿਆ। ਉਹ ਮਾਫੀ ਮੰਗਦੇ ਦੀ ਵੀਡੀਓ ਬਣਾਉਂਦੇ ਰਹੇ ਅਤੇ ਮਾਫੀਨਾਮਾ ਲਿਖਵਾ ਲਿਆ।"
"ਮੈਨੂੰ ਕਿਹਾ ਗਿਆ ਕਿ ਕਿਸੇ ਨੂੰ ਦੱਸਿਆ ਤਾਂ ਤੇਰਾ ਕੰਮ ਕਰਵਾ ਦੇਵਾਂਗੀ ਅਤੇ ਕਿਹਾ ਕਿ ਇੱਥੋਂ ਤਬਾਦਲਾ ਕਰਵਾ ਲੈ। ਮੇਰੇ ਨਾਲ ਬਹੁਤ ਬੁਰੀ ਘਟਨਾ ਹੋਈ ਅਤੇ ਸਰਕਾਰੀ ਕੰਮ ਵਿੱਚ ਅੜਿੱਕਾ ਪਾਇਆ।"
"ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਗੁੰਡਿਆਂ ਦੀ ਮੌਜੂਦਗੀ ਵਿੱਚ ਮੇਰੇ ਤੋਂ ਦਬਾਅ ਪਾ ਕੇ ਮਾਫੀਨਾਮਾ ਲਿਖਵਾਇਆ ਗਿਆ। ਕ੍ਰਿਪਾ ਕਰਕੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ।"
ਕਿਸ ਨੇ ਕੀ ਕਿਹਾ?
ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਨੇ ਸਰਕਾਰੀ ਅਧਿਕਾਰੀ ਦੇ ਕੁਟਾਪੇ ਦੀ ਨਿਖੇਧੀ ਕੀਤੀ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਘਟਨਾ 'ਤੇ ਸਖਤ ਇਤਰਾਜ਼ ਜਤਾਉਂਦਿਆਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਹਾ ਕਿ ਜੇ ਅਜਿਹੇ ਭਾਜਪਾ ਨੇਤਾਵਾਂ ਖ਼ਿਲਾਫ ਕਾਰਵਾਈ ਨਾ ਹੋਈ ਤਾਂ ਸਾਬਤ ਹੋ ਜਾਵੇਗਾ ਕਿ ਇਹ ਲੋਕ ਮੰਤਰੀ ਦੇ ਇਸ਼ਾਰੇ 'ਤੇ ਸਰਕਾਰੀ ਮੁਲਾਜ਼ਮਾਂ 'ਤੇ ਹਮਲੇ ਕਰਦੇ ਹਨ।
ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਨੇ ਵੀ ਕਿਹਾ ਕਿ ਕਰਮਚਾਰੀਆਂ ਖਿਲਾਫ਼ ਬਰਬਰਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ।
ਕੇਂਦਰੀ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਰਾਜ ਮੰਤਰੀ ਰਤਨਲਾਲ ਕਟਾਰੀਆ ਨੇ ਕਿਹਾ, "ਬੀਜੇਪੀ ਇੱਕ ਜਿੰਮੇਵਾਰ ਪਾਰਟੀ ਹੈ। ਭਾਵੇਂ ਕੋਈ ਬਿਉਰੋਕ੍ਰੈਟ ਹੋਵੇ ਭਾਵੇਂ ਕੋਈ ਆਮ ਆਦਮੀ ਹੋਵੇ, ਬੀਜੇਪੀ ਕਿਸੇ ਨਾਲ ਵੀ ਅਜਿਹੇ ਵਤੀਰੇ ਦਾ ਸਮਰਥਨ ਨਹੀਂ ਕਰਦੀ। ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਹੋਏਗਾ ਕਿ ਇਸ ਗੱਲ ਦੀ ਵੀ ਜਾਂਚ ਹੋਵੇ ਕਿ ਉਹ ਕੀ ਹਾਲਾਤ ਸੀ ਜਿਨ੍ਹਾਂ ਵਿੱਚ ਸੋਨਾਲੀ ਫੋਗਾਟ ਨੂੰ ਇਹ ਕਦਮ ਚੁੱਕਣਾ ਪਿਆ।"
ਇਹ ਵੀਡੀਓਜ਼ ਵੀ ਦੇਖੋ