'ਪਿੰਜਰਾ ਤੋੜ' ਦੀਆਂ ਕੁੜੀਆਂ ਦੀ ਗ੍ਰਿਫ਼ਤਾਰੀ, ਜਮਾਨਤ ਅਤੇ ਫਿਰ ਪੁਲਿਸ ਹਿਰਾਸਤ ਦੀ ਕਹਾਣੀ

ਕੁੜੀਆਂ ਦੀ ਆਜ਼ਾਦੀ ਨਾਲ ਜੁੜੀ ਮੁਹਿੰਮ ‘ਪਿੰਜਰਾ ਤੋੜ’ ਦੀਆਂ ਦੋ ਮਹਿਲਾ ਕਾਰਕੁਨਾਂ ਨੂੰ ਦੋ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਉੱਤਰ ਪੂਰਬੀ ਦਿੱਲੀ ਵਿੱਚ ਫਿਰਕੂ ਹਿੰਸਾ ਨਾਲ ਜੁੜੇ ਇੱਕ ਕੇਸ ਵਿੱਚ ਉਨ੍ਹਾਂ ਨੂੰ ਐਤਵਾਰ ਨੂੰ ਜਮਾਨਤ ਮਿਲੀ ਸੀ।

ਹਾਲਾਂਕਿ, ਜਮਾਨਤ ਮਿਲਣ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਨੇ ਕੁੜੀਆਂ ਨੂੰ ਕਤਲ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ।

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਫਿਰਕੂ ਹਿੰਸਾ ਦੇ ਮਾਮਲੇ ਵਿੱਚ, ਜਿਵੇਂ ਹੀ ਮੈਟਰੋਪੋਲੀਟਨ ਮੈਜਿਸਟਰੇਟ ਅਜੀਤ ਨਾਰਾਇਣ ਨੇ ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਾਲਿਤਾ ਨੂੰ ਜਮਾਨਤ ਦੇਣ ਦਾ ਫੈਸਲਾ ਸੁਣਾਇਆ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਇੱਕ ਜਾਂਚ ਅਧਿਕਾਰੀ ਨੇ ਅਦਾਲਤ ਵਿੱਚ ਇੱਕ ਨਵੀਂ ਅਰਜ਼ੀ ਦਾਇਰ ਕਰ ਕੀਤੀ।

ਇਸ ਅਰਜ਼ੀ ਵਿੱਚ ਦੰਗਿਆਂ ਨਾਲ ਜੁੜੇ ਕਤਲ ਦੇ ਇੱਕ ਹੋਰ ਕੇਸ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਪੁੱਛ-ਗਿੱਛ ਲਈ ਮਨਜ਼ੂਰੀ ਮੰਗੀ ਗਈ ਸੀ।

'ਪਿੰਜਰਾ ਤੋੜ' ਮੁਹਿੰਮ ਨਾਲ ਸਬੰਧਤ ਇਨ੍ਹਾਂ ਦੋ ਕੁੜੀਆਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸ਼ੁਰੂਆਤੀ ਐਫ਼ਆਈਆਰ

ਦਿੱਲੀ ਪੁਲਿਸ ਦੀ ਸ਼ੁਰੂਆਤੀ ਐਫ਼ਆਈਆਰ ਵਿੱਚ ਫਰਵਰੀ ’ਚ ਦਿੱਲੀ ਦੇ ਜ਼ਫ਼ਰਾਬਾਦ ਇਲਾਕੇ ’ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੌਰਾਨ ਇਨ੍ਹਾਂ ਕੁੜੀਆਂ ਉੱਤੇ ਡਿਊਟੀ 'ਤੇ ਤਾਇਨਾਤ ਸਰਕਾਰੀ ਅਧਿਕਾਰੀਆਂ ਨੂੰ ਕੰਮ ਕਰਨ ਤੋਂ ਰੋਕਣ, ਉਨ੍ਹਾਂ ਦੇ ਹੁਕਮਾਂ ਦੀ ਉਲੰਘਣਾ ਕਰਨ, ਉਨ੍ਹਾਂ 'ਤੇ ਹਮਲਾ ਕਰਨ, ਲੋਕਾਂ ਦਾ ਰਸਤਾ ਰੋਕਣ ਅਤੇ ਦੰਗੇ ਕਰਵਾਉਣ ਦੇ ਇਲਜ਼ਾਮ ਲਗਾਏ ਗਏ ਸਨ।

ਮੈਟਰੋਪੋਲੀਟਨ ਮੈਜਿਸਟਰੇਟ ਅਜੀਤ ਨਾਰਾਇਣ ਨੇ ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਾਲਿਤਾ ਨੂੰ 20,000 ਰੁਪਏ ਦੇ ਜੁਰਮਾਨੇ ਮਗਰੋਂ ਜ਼ਮਾਨਤ ਦੇ ਦਿੱਤੀ ਸੀ।

ਅਦਾਲਤ ਨੇ ਕਿਹਾ, “ਕੇਸ ਦੇ ਤੱਥ ਇਹ ਦਰਸਾਉਂਦੇ ਹਨ ਕਿ ਮੁਲਜ਼ਮ ਸਿਰਫ਼ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਦਾ ਵਿਰੋਧ ਕਰ ਰਹੇ ਸਨ।”

"ਉਹ ਕਿਸੇ ਵੀ ਰੂਪ ਵਿੱਚ ਹਿੰਸਾ ਵਿੱਚ ਸ਼ਾਮਲ ਨਹੀਂ ਸਨ। ਉਹ ਇਸ ਸਮਾਜ ਨਾਲ ਡੂੰਘੇ ਰੂਪ ਵਿੱਚ ਜੁੜੇ ਹੋਏ ਹਨ ਅਤੇ ਚੰਗੇ ਪੜ੍ਹੇ-ਲਿਖੇ ਵੀ ਹਨ। ਪੂਰੀ ਜਾਂਚ ਦੇ ਸੰਬੰਧ ਵਿੱਚ ਇਹ ਪੁਲਿਸ ਦਾ ਸਹਿਯੋਗ ਕਰਨ ਲਈ ਤਿਆਰ ਹਨ।”

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਅਦਾਲਤ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ਉੱਤੇ ਭੇਜਣ ਦੀ ਹੱਕਦਾਰ ਨਹੀਂ ਸੀ ਅਤੇ ਹਿਰਾਸਤ ਲਈ ਦਿੱਤੀ ਗਈ ਪੁਲਿਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ।

ਹਾਲਾਂਕਿ, ਇੰਡੀਅਨ ਐਕਸਪ੍ਰੈਸ ਅਖ਼ਬਾਰ ਦੇ ਅਨੁਸਾਰ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਾਲਿਤਾ 'ਤੇ ਕਤਲ, ਕਤਲ ਦੀ ਕੋਸ਼ਿਸ਼, ਦੰਗੇ ਤੇ ਅਪਰਾਧਿਕ ਸਾਜਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਇਸ ਲਈ 14 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਵੀ ਕੀਤੀ ਸੀ।

ਅਦਾਲਤ ਵਿੱਚ ਕੀ ਹੋਇਆ?

ਸੁਣਵਾਈ ਦੌਰਾਨ ਪੁਲਿਸ ਨੇ ਹਿਰਾਸਤ ਦੀ ਮੰਗ ਕਰਦਿਆਂ ਅਦਾਲਤ ਨੂੰ ਕਿਹਾ ਕਿ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜਣਾ ਜ਼ਰੂਰੀ ਹੈ ਕਿਉਂਕਿ ਉਹ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸਨ।

ਇਸ 'ਤੇ ਮੁਲਜ਼ਮਾਂ ਲਈ ਪੇਸ਼ ਵਕੀਲ ਨੇ ਕਿਹਾ ਹੈ ਕਿ ਇਹ ਇਲਜ਼ਾਮ ਬੁਰੀ ਨਿਯਤ ਨਾਲ ਲਗਾਏ ਗਏ ਹਨ ਅਤੇ ਇਨ੍ਹਾਂ ਵਿਚ ਕੋਈ ਦਮ ਨਹੀਂ ਹੈ।

ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਾਲਿਤਾ ਦੇ ਵਕੀਲ ਨੇ ਕਿਹਾ ਕਿ ਐਫ਼ਆਈਆਰ 24 ਫਰਵਰੀ ਨੂੰ ਦਰਜ ਕੀਤੀ ਗਈ ਸੀ। ਨਤਾਸ਼ਾ ਅਤੇ ਦੇਵਾਂਗਨਾ ਵੀ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਹੀਆਂ ਸੀ। ਇਸ ਲਈ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜਮਾਨਤ ਮਿਲਣੀ ਚਾਹੀਦੀ ਹੈ।

ਜਿਵੇਂ ਹੀ ਜੱਜ ਅਤੀਤ ਨਾਰਾਇਣ ਨੇ ਇਸ ਕੇਸ ਵਿੱਚ ਜਮਾਨਤ ਦਾ ਆਦੇਸ਼ ਦਿੱਤਾ, ਪੁਲਿਸ ਨੇ ਪੁੱਛਗਿੱਛ ਅਤੇ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਦੂਜੀ ਅਰਜ਼ੀ ਦਾਇਰ ਕਰ ਦਿੱਤੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਇੱਕ ਹੋਰ ਮਾਮਲੇ ਵਿੱਚ ਸ਼ੱਕੀ ਹਨ।

15 ਮਿੰਟ ਦੀ ਪੁੱਛਗਿੱਛ ਤੋਂ ਬਾਅਦ, ਪੁਲਿਸ ਨੇ ਦੋਵਾਂ ਕੁੜੀਆਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਲੈਣ ਦੀ ਮੰਗ ਕੀਤੀ। ਇਸ ਵਾਰ ਮਾਮਲਾ ਕਤਲ ਦਾ ਸੀ ਅਤੇ ਪੁਲਿਸ ਨੇ ਕਿਹਾ ਕਿ ਅੱਗੇ ਦੀ ਜਾਂਚ ਲਈ ਪੁਲਿਸ ਹਿਰਾਸਤ ਜ਼ਰੂਰੀ ਹੈ।

ਇਸ ਵਾਰ ਬਚਾਅ ਪੱਖ ਦੇ ਵਕੀਲ ਦੇ ਵਿਰੋਧ ਦੇ ਬਾਵਜੂਦ ਅਦਾਲਤ ਨੇ ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਾਲਿਤਾ ਨੂੰ ਦੋ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾਇਆ।

ਕਤਲ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜਿਸ਼ ਦੇ ਨਾਲ-ਨਾਲ ਪੁਲਿਸ ਨੇ ਉਨ੍ਹਾਂ 'ਤੇ ਆਰਮਜ਼ ਐਕਟ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਇਲਜ਼ਾਮ ਲਾਇਆ ਹੈ।

ਉੱਤਰ ਪੂਰਬੀ ਦਿੱਲੀ ਵਿਚ 24 ਫਰਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧੀਆਂ ਅਤੇ ਸਮਰਥਕਾਂ ਵਿਚ ਹਿੰਸਾ ਭੜਕ ਗਈ ਸੀ।

ਇਸ ਹਿੰਸਾ ਵਿੱਚ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 200 ਲੋਕ ਜ਼ਖਮੀ ਹੋਏ ਸਨ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)