ਕੋਰੋਨਾਵਾਇਰਸ ਲੌਕਡਾਊਨ: ਅੰਬਾਲਾ 'ਚ ਸ਼ੱਕੀ ਮਰੀਜ਼ ਦੇ ਸਸਕਾਰ ਵੇਲੇ 'ਹੋਏ ਪਥਰਾਅ' ਤੇ ਪੁਲਿਸ ਦੇ ਲਾਠੀਚਾਰਜ ਦਾ ਕੀ ਹੈ ਮਾਮਲਾ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਨਾਲ ਮੌਤ ਹੋਣ ਕਰਕੇ ਅੰਤਿਮ ਸੰਸਕਾਰ ਵੇਲੇ ਵਿਵਾਦ ਰੁੱਕ ਨਹੀਂ ਰਹੇ ਹਨ। ਭਾਰਤ ਦੇ ਕਈ ਹਿੱਸਿਆਂ ਵਿਚੋਂ ਇਸ ਤਰ੍ਹਾਂ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ।

ਸੋਮਵਾਰ ਨੂੰ ਅਜਿਹਾ ਮਾਮਲਾ ਹਰਿਆਣਾ ਸੂਬੇ ਦੇ ਅੰਬਾਲਾ ਵਿਚ ਵੀ ਸਾਹਮਣੇ ਆਇਆ ਹੈ।

ਇੱਥੋਂ ਦੇ ਇੱਕ ਪਿੰਡ ਵਿਚ ਪੁਲਿਸ ਨੂੰ ਹਵਾਈ ਫਾਇਰ ਕਰਨਾ ਪਿਆ ਤੇ ਲਾਠੀਚਾਰਜ ਵੀ ਕੀਤਾ ਗਿਆ, ਵਸਨੀਕਾਂ ਤੇ ਪੁਲਿਸ ਵਿਚਕਾਰ ਸੋਮਵਾਰ ਦੀ ਸ਼ਾਮ ਝੜਪ ਵੀ ਹੋਈ।

ਸ਼ੁਰੂਆਤ ਉਦੋਂ ਹੋਈ ਜਦੋਂ ਵਸਨੀਕਾਂ ਨੇ ਇੱਕ ਕੋਵਿਡ-19 ਦੇ ਸ਼ੱਕੀ ਔਰਤ ਦੇ ਸਸਕਾਰ ਦਾ ਵਿਰੋਧ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ 62 ਸਾਲਾ ਇੱਕ ਮਹਿਲਾ ਦੀ ਸੋਮਵਾਰ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਬਿਮਾਰੀ ਕਾਰਨ ਮੌਤ ਹੋ ਗਈ ਸੀ।

ਜਦੋਂ ਉਸ ਦੇ ਸਸਕਾਰ ਵਾਸਤੇ ਉਸ ਨੂੰ ਚਾਂਦਪੂਰਾ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਲਿਆਉਂਦਾ ਗਿਆ ਤਾਂ ਦੇਸ਼ ਵਿਆਪੀ ਤਾਲਾਬੰਦੀ ਦੀ ਉਲੰਘਣਾ ਕਰਦਿਆਂ ਚਾਂਦਪੂਰਾ ਪਿੰਡ ਦੇ ਵਸਨੀਕਾਂ ਨੇ ਸ਼ਮਸ਼ਾਨ ਘਾਟ ਵਿਖੇ ਪੁਲਿਸ ਅਤੇ ਡਾਕਟਰਾਂ 'ਤੇ ਕਥਿਤ ਤੌਰ 'ਤੇ ਪੱਥਰ ਸੁੱਟੇ।

ਅੰਬਾਲਾ ਦੇ ਐੱਸਪੀ ਅਭਿਸ਼ੇਕ ਜੋਰਵਾਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਰੇਲਵੇ ਸਟੇਸ਼ਨ ਕੋਲ ਇਹ ਸ਼ਮਸ਼ਾਨ ਘਾਟ ਹੋਣ ਕਾਰਨ ਉੱਥੇ ਪੱਥਰ ਪਏ ਰਹਿੰਦੇ ਹਨ ਤੇ ਉਨ੍ਹਾਂ ਪੱਥਰਾਂ ਦੇ ਨਾਲ ਉਨ੍ਹਾਂ ਨੇ ਪੁਲਿਸ ਉੱਤੇ ਹਮਲਾ ਕਰ ਦਿੱਤਾ।

ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਵਾ ਵਿੱਚ ਫਾਇਰ ਤੇ ਲਾਠੀਚਾਰਜ ਕਰਨਾ ਪਿਆ।

ਐੱਸਪੀ ਨੇ ਦੱਸਿਆ, "ਕੁਝ ਪੁਲਿਸ ਵਾਲਿਆਂ ਦੇ ਮਾਮੂਲੀ ਸੱਟਾਂ ਵੀ ਵੱਜੀਆਂ ਹਨ। ਭੀੜ ਖਿੱਲਰ ਜਾਣ ਤੋਂ ਬਾਅਦ ਸਸਕਾਰ ਕੀਤਾ ਗਿਆ।"

ਉਨ੍ਹਾਂ ਨੇ ਦੱਸਿਆ, "ਮਹਿਲਾ ਕੋਰੋਨਾਵਾਇਰਸ ਸ਼ੱਕੀ ਮਰੀਜ਼ ਹੈ ਪਰ ਉਸ ਦੇ ਟੈਸਟ ਦੇ ਨਤੀਜੇ ਦਾ ਇੰਤਜ਼ਾਰ ਹੈ।"

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਕੀ ਸੀ ਵਸਨੀਕਾਂ ਦੇ ਗ਼ੁੱਸੇ ਦਾ ਕਾਰਨ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਹ ਜਗਾ ਨਿਰਧਾਰਿਤ ਕੀਤੀ ਹੈ ਜਿੱਥੇ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਸਸਕਾਰ ਕੀਤਾ ਜਾ ਸਕਦਾ ਹੈ।

ਪਰ ਇੱਥੋਂ ਦੇ ਵਸਨੀਕਾਂ ਨੂੰ ਇਹ ਨਾਰਾਜ਼ਗੀ ਸੀ ਕਿ ਇਹ ਮਹਿਲਾ ਕਿਸੇ ਹੋਰ ਮੁਹੱਲੇ ਦੀ ਹੈ ਤੇ ਇਸ ਨੂੰ ਉੱਥੇ ਕਿਵੇਂ ਲਿਆਇਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਤੇ ਸ਼ੱਕੀ ਕਰੋਨਾਵਾਇਰਸ ਦੇ ਮਰੀਜ਼ਾਂ ਦੇ ਸਸਕਾਰ ਦਾ ਤਰੀਕਾ ਤੇ ਕਾਨੂੰਨ ਇੱਕੋ ਜਿਹੇ ਹਨ ਤੇ ਇਸੇ ਲਈ ਉਨ੍ਹਾਂ ਨੂੰ ਉੱਥੇ ਲੈ ਕੇ ਗਏ ਸੀ ਪਰ ਪਿੰਡ ਵਾਸੀਆਂ ਨੇ ਬਿਨਾਂ ਕਿਸੇ ਠੋਸ ਕਾਰਨ ਦੇ ਅੰਤਿਮ ਸੰਸਕਾਰ ਦਾ ਵਿਰੋਧ ਕੀਤਾ।

ਪੁਲਿਸ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਅਰਥ ਰਹੀਆਂ।

ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਇਹ ਦੱਸਦੇ ਹੋਏ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸੁਰੱਖਿਆ ਦੇ ਸਾਰੇ ਉਪਾਅ ਅਪਣਾਏ ਜਾ ਰਹੇ ਹਨ, ਪਰ ਉਨ੍ਹਾਂ ਨੇ ਨਹੀਂ ਸੁਣਿਆ।

ਜਲਦੀ ਹੀ ਉਨ੍ਹਾਂ ਨੇ ਉੱਥੇ ਮੌਜੂਦ ਡਾਕਟਰਾਂ ਅਤੇ ਪੁਲਿਸ ਮੁਲਾਜ਼ਮਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਇੱਕ ਐਂਬੂਲੈਂਸ ਨੂੰ ਵੀ ਨੁਕਸਾਨ ਪਹੁੰਚਾਇਆ।

ਐੱਸਪੀ ਨੇ ਅੱਗੇ ਦੱਸਿਆ, "ਕੁਲ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਹੜੇ ਮੁਕੱਦਮੇ ਉਨ੍ਹਾਂ ਦੇ ਖ਼ਿਲਾਫ਼ ਦਾਇਰ ਕੀਤੇ ਗਏ ਹਨ ਉਨ੍ਹਾਂ ਵਿਚ ਤਾਲਾਬੰਦੀ ਦੀ ਉਲੰਘਣਾ ਕਰਨ ਅਤੇ ਪੁਲਿਸ ਤੇ ਡਾਕਟਰਾਂ 'ਤੇ ਹਮਲਾ ਕਰਨ ਦੇ ਇਲਜ਼ਾਮ ਸ਼ਾਮਲ ਹਨ।"

ਅੰਬਾਲਾ ਵਿਚ ਕੋਰੋਨਵਾਇਰਸ ਦੇ 14 ਮਾਮਲੇ ਹਨ ਤੇ ਇੱਕ ਮੌਤ ਵੀ ਹੋ ਚੁੱਕੀ ਹੈ। ਹਰਿਆਣੇਾ ਵਿੱਚ ਸੋਮਵਾਰ ਰਾਤ ਤੱਕ ਕੁਲ ਮਿਲਾ ਕੇ ਤਿੰਨ ਮੌਤਾਂ ਸਮੇਤ 292 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)