You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੋਲਟਰੀ ਕਾਰੋਬਾਰੀਆਂ 'ਤੇ ਵੱਡੀ ਮਾਰ, 'ਮੇਰੇ ਪੋਲਟਰੀ ਫਾਰਮ ਤੋਂ ਇੱਕ ਲੱਖ ਅੰਡੇ ਰੋਜ਼ਾਨਾ ਸਪਲਾਈ ਹੁੰਦੇ ਸਨ, ਹੁਣ ਸਭ ਬੰਦ ਹੈ'
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਦੁਨੀਆਂ ਭਰ ਵਿੱਚ ਫੈਲੇ ਕਰੋਨਾਵਾਇਰਸ ਅਤੇ ਦੇਸ਼ ਵਿੱਚ ਲੱਗੇ ਲੌਕਡਾਊ ਦਾ ਖਾਸਾ ਅਸਰ ਪੋਲਟਰੀ ਕਾਰੋਬਾਰ 'ਤੇ ਵੇਖਣ ਨੂੰ ਮਿਲ ਰਿਹਾ ਹੈ।
ਪੋਲਟਰੀ ਦਾ ਧੰਦਾ ਕਰਨ ਵਾਲੇ ਪੰਜਾਬ ਦੇ ਕਿਸਾਨ ਅਤੇ ਪੋਲਟਰੀ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਉਹ ਮਾਰ ਪੈ ਰਹੀ ਹੈ ਜੋ ਕਦੇ ਬਰਡ ਫਲੂ ਦੇ ਸਮੇ ਉਨ੍ਹਾਂ ਨੂੰ ਹੰਢਾਉਣੀ ਪਈ ਸੀ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਦਿਨ ਜਨਤਾ ਕਰਫਿਊ ਦੀ ਅਪੀਲ ਕੀਤੀ ਉਸ ਦਿਨ ਤੋਂ ਬਾਅਦ ਪੰਜਾਬ 'ਚ ਕਰਫਿਊ ਸ਼ੁਰੂ ਹੋਇਆ।
ਬਟਾਲਾ ਦੇ ਪੋਲਟਰੀ ਕਿਸਾਨ ਅਤੇ ਕਾਰੋਬਾਰੀ ਜਤਿੰਦਰ ਸਿੰਘ ਆਖਦੇ ਹਨ ਕਿ ਅਜਿਹੇ ਹਾਲਾਤ ਹੋ ਚੁੱਕੇ ਹਨ ਕਿ ਲੌਕਡਾਊਨ ਨੇ ਉਨ੍ਹਾਂ ਨੂੰ 10 ਸਾਲ ਪਿੱਛੇ ਧੱਕ ਦਿਤਾ ਹੈ।
ਇਹ ਵੀ ਪੜ੍ਹੋ:
ਜਤਿੰਦਰ ਸਿੰਘ ਕਹਿੰਦੇ ਹਨ, ''ਮੁਰਗਿਆਂ ਦੇ ਮੀਟ ਅਤੇ ਅੰਡਿਆਂ ਦੀ ਸਪਲਾਈ ਪੂਰੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਹੁੰਦੀ ਸੀ।"
"ਮੁੱਖ ਤੌਰ 'ਤੇ ਵੱਡੇ ਹੋਟਲਾਂ ਅਤੇ ਈਜ਼ੀਡੇ ਵਿੱਚ। ਪਰ 22 ਮਾਰਚ ਤੋਂ ਬਾਅਦ ਕਾਰੋਬਾਰ ਠੱਪ ਹੈ ਅਤੇ ਹੁਣ ਤਾਂ ਇਹ ਹਾਲਾਤ ਹਨ ਕਿ ਜਿਹੜੇ ਪੰਛੀ ਪੋਲਟਰੀ ਫਾਰਮ 'ਚ ਹਨ ਉਨ੍ਹਾਂ ਨੂੰ ਫੀਡ ਦੇਣ ਲਈ ਪੈਸੇ ਨਹੀਂ ਹਨ।''
''ਜੇ ਇਹੀ ਹਾਲਾਤ ਰਹੇ ਤਾਂ ਪੰਛੀਆਂ ਦੀ ਭੁੱਖ ਅਤੇ ਬਿਮਾਰੀ ਨਾਲ ਮੌਤ ਦਰ ਵੱਧ ਸਕਦੀ ਹੈ ਜੋ ਇੱਕ ਨਵੀ ਮੁਸਾਬਿਤ ਖੜੀ ਕਰ ਸਕਦੀ ਹੈ।''
ਜਤਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਰੌਲੇ ਨਾਲ ਲੌਕਡਾਊਨ ਤੋਂ ਪਹਿਲਾ ਹੀ ਵਿਕਰੀ ਨਾਮਾਤਰ ਹੋ ਚੁੱਕੀ ਸੀ ਅਤੇ ਘਾਟਾ ਪੈ ਰਿਹਾ ਸੀ ਅਤੇ ਕਰਫਿਊ ਦੇ ਚਲਦੇ ਸਭ ਦੁਕਾਨਾਂ ਹੁਣ ਤਕ ਬੰਦ ਹਨ।
ਸਾਲਾਂ ਪਹਿਲੇ ਬਰਡ ਫਲੂ ਦਾ ਸਮਾਂ ਤਾਂ ਉਨ੍ਹਾਂ ਝੱਲ ਲਿਆ ਅਤੇ ਮੁੜ ਤੋਂ ਕਾਰੋਬਾਰ ਸੁਰਜੀਤ ਕਰ ਲਿਆ ਸੀ ਪਰ ਹੁਣ ਹਾਲਾਤ ਬੇਹੱਦ ਮਾੜੇ ਹਨ।
ਇਸੇ ਹੀ ਤਰ੍ਹਾਂ ਸਾਹੀ ਪੌਲਟਰੀ ਫਾਰਮ ਦੇ ਮਾਲਕ ਰਿਟਾਇਰਡ ਕਰਨਲ ਜਸਜੀਤ ਸਿੰਘ ਸਾਹੀ ਆਖਦੇ ਹਨ, "ਜਿਵੇ ਲੋਕਾਂ ਨੂੰ 1947 ਦੀ ਵੰਡ ਨਹੀਂ ਭੁਲਦੀ ਉਵੇਂ ਉਨ੍ਹਾਂ ਨੂੰ ਸਾਲ 2006 ਬਰਡ ਫਲੂ ਦਾ ਸਮਾਂ ਨਹੀਂ ਭੁੱਲਦਾ ਸੀ ਅਤੇ ਹੁਣ ਤਾਂ ਉਸ ਦੀ ਵੀ ਯਾਦ ਤੋਂ ਮਾੜਾ ਸਮਾਂ ਹੈ।"
ਜਸਜੀਤ ਸਿੰਘ ਸਾਹੀ ਮੁਤਾਬਕ ਉਨ੍ਹਾਂ ਦੇ ਆਪਣੇ ਫਾਰਮ 'ਚ ਰੋਜ਼ਾਨਾ ਇੱਕ ਲੱਖ ਅੰਡੇ ਦੀ ਪ੍ਰੋਡਿਊਸ ਹੈ ਅਤੇ ਜਿਸ ਵਿੱਚੋਂ 50 ਫ਼ੀਸਦ ਸਪਲਾਈ ਜੰਮੂ-ਕਸ਼ਮੀਰ ਜਾਂਦੀ ਸੀ ਅਤੇ 21 ਮਾਰਚ ਤੋਂ ਉਹ ਸਪਲਾਈ ਬੰਦ ਹੈ।
''ਲੌਕਡਾਊਨ ਤੋਂ ਬਾਅਦ ਤਾਂ ਸੂਬਿਆਂ ਦੇ ਬਾਰਡਰ ਵੀ ਸੀਲ ਹਨ ਅਤੇ ਜੋ 50 ਫ਼ੀਸਦ ਅੰਮ੍ਰਿਤਸਰ , ਗੁਰਦਾਸਪੁਰ ਅਤੇ ਪਠਾਨਕੋਟ 'ਚ ਸਪਲਾਈ ਹੁੰਦੀ ਸੀ ਉਹ ਵੀ ਬੰਦ ਹੈ।''
ਸਾਹੀ ਦੱਸਦੇ ਹਨ ਕਿ ਕੁਝ ਦਿਨ ਪਹਿਲਾਂ ਤਾ ਫੀਡ ਵੀ ਨਹੀਂ ਮਿਲ ਰਹੀ ਸੀ ਪਰ ਹੁਣ ਫੀਡ ਦੀ ਸਪਲਾਈ ਤਾਂ ਮਿਲ ਰਹੀ ਹੈ ਪਰ ਅੰਡਿਆਂ ਦੀ ਵਿਕਰੀ ਨਾਮਾਤਰ ਹੈ।
ਉਹ ਸਰਕਾਰ ਅੱਗੇ ਅਪੀਲ ਕਰ ਰਹੇ ਹਨ ਕਿ ਜਿਵੇਂ ਹਰਿਆਣਾ ਸਰਕਾਰ ਆਪਣੇ ਸੂਬੇ 'ਚ ਪੋਲਟਰੀ ਕਿਸਾਨਾਂ ਨੂੰ ਅਤੇ ਕਾਰੋਬਾਰ ਕਰਨ ਵਾਲਿਆਂ ਨੂੰ ਬਚਾਉਣ ਲਈ ਲੋਕਾਂ ਨੂੰ ਮੁਰਗੇ ਦਾ ਮੀਟ ਅਤੇ ਅੰਡੇ ਖਾਣ ਲਈ ਅਪੀਲ ਕਰ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਇਸ ਦਾ ਕੋਈ ਨੁਕਸਾਨ ਨਹੀਂ ਹੈ ਉਸੇ ਤਰਜ਼ 'ਤੇ ਪੰਜਾਬ ਸਰਕਾਰ ਵੀ ਕਦਮ ਚੁੱਕੇ।
ਉਥੇ ਹੀ ਸਾਹੀ ਦੱਸਦੇ ਹਨ ਕਿ ਉਨ੍ਹਾਂ ਨੂੰ ਚਾਹੇ ਪ੍ਰਸ਼ਾਸਨ ਵਲੋਂ ਕਰਫਿਊ ਪਾਸ ਦਿੱਤੇ ਗਏ ਹਨ ਪਰ ਜੇਕਰ ਡਿਮਾਂਡ ਹੋਵੇਗੀ ਤਾਂ ਹੀ ਉਹ ਅੰਡਿਆਂ ਦੀ ਸਪਲਾਈ ਲਈ ਆਪਣੇ ਮੁਲਾਜ਼ਮਾਂ ਨੂੰ ਬਜ਼ਾਰ 'ਚ ਭੇਜਣਗੇ ਅਤੇ ਜਿੱਥੇ ਉਹ ਅੰਡੇ ਸਟਾਕ ਹੋ ਰਹੇ ਹਨ ਉੱਥੇ ਹੀ ਕਾਮਿਆਂ ਦੀਆਂ ਤਨਖ਼ਾਵਾ ਸਭ ਤੋਂ ਵੱਡਾ ਬੋਝ ਲੱਗ ਰਿਹਾ ਹੈ।
ਬਟਾਲਾ ਦੇ ਰਹਿਣ ਵਾਲਾ ਚਿਤੇਸ਼ ਸੂਰੀ ਦੱਸਦੇ ਹਨ ਕਿ ਉਹ ਬਟਾਲਾ ਅਤੇ ਨਜ਼ਦੀਕੀ ਕਸਬਿਆਂ 'ਚ ਹੋਟਲਾਂ ਅਤੇ ਰੈਸਟੂਰੈਂਟ 'ਚ ਚਿਕਨ ਦੀ ਸਪਲਾਈ ਦੇ ਰਹੇ ਸਨ ਅਤੇ ਕਰੋਨਾ ਦੇ ਰੋਲੇ ਨਾਲ ਵਿਕਰੀ 'ਚ 75 ਫ਼ੀਸਦ ਕਮੀ ਕੀਤੀ ਸੀ।
ਉਹ ਕਹਿੰਦੇ ਹਨ ਜਿਹੜਾ ਚਿਕਨ 180 ਰੁਪਏ ਕਿੱਲੋ ਵਿਕ ਰਿਹਾ ਸੀ ਉਹ ਮਹਿਜ਼ 80-100 ਰੁਪਏ ਕਿਲੋ ਦੇ ਭਾਅ ਹੋ ਗਿਆ ਸੀ ਪਰ ਲੌਕਡਾਊਨ ਤੋਂ ਬਾਅਦ ਤਾ ਕਾਰੋਬਾਰ ਬੰਦ ਹੀ ਹੈ ਅਤੇ ਹੁਣ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਕਰਫ਼ਿਊ ਪਾਸ ਲੈ ਕੇ ਉਹ ਦੁਕਾਨ ਖੋਲ੍ਹ ਸਕਣ।
ਇਹ ਵੀ ਪੜ੍ਹੋ:
ਬਟਾਲਾ ਦੇ ਨਜ਼ਦੀਕ ਲੰਗਰਵਾਲ ਦੇ ਰਹਿਣ ਵਾਲਾ ਕਿਸਾਨ ਰਣਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਕੋਲ ਇੱਕ ਪੌਲਟਰੀ ਸ਼ੈੱਡ ਹੈ ਜਿਸ 'ਚ ਕਰੀਬ 10 ਹਜ਼ਾਰ ਬਰਡ ਹਨ ਅਤੇ ਉਨ੍ਹਾਂ ਦਾ ਇਕ ਕੰਪਨੀ ਨਾਲ ਅਗਰੀਮੇਂਟ ਹੈ।
ਉਸੇ ਹੀ ਕੰਪਨੀ ਨੇ ਫੀਡ ਦੇਣੀ ਹੁੰਦੀ ਹੈ ਤੇ ਉਹ ਮੁਰਗੇ ਪਾਲ ਕੇ ਵੇਚਣ ਲਈ ਕੰਪਨੀ ਨੂੰ ਹੀ ਦਿੰਦੇ ਹਨ ਅਤੇ ਇਸੇ ਹੀ ਤਰ੍ਹਾਂ ਬਹੁਤ ਸਾਰੇ ਕਿਸਾਨ ਵੱਖ-ਵੱਖ ਕੰਪਨੀਆਂ ਨਾਲ ਜੁੜੇ ਹਨ।
ਰਣਦੀਪ ਸਿੰਘ ਆਖਦੇ ਹਨ ਕਿ ਕੁਝ ਦਿਨਾਂ ਤੋਂ ਨਾ ਤਾਂ ਫੀਡ ਉਨ੍ਹਾਂ ਦੇ ਸ਼ੈੱਡ 'ਚ ਆ ਰਹੀ ਹੈ ਅਤੇ ਨਾ ਹੀ ਮੁਰਗੇ ਦੀ ਵਿਕਰੀ ਲਈ ਕੋਈ ਸਪਲਾਈ ਹੋ ਰਹੀ ਹੈ। ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਆਉਣ ਵਾਲੇ ਦਿਨਾਂ 'ਚ ਬਰਡਜ਼ ਦੇ ਮਰਨ ਦੀ ਗਿਣਤੀ ਵੱਧ ਸਕਦੀ ਹੈ ਅਤੇ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਉਨ੍ਹਾਂ ਲਈ ਮੁਸਬੀਤ ਹੋਵੇਗੀ।
ਉਹ ਕਹਿੰਦੇ ਹਨ ਬਿਮਾਰੀ ਨਾਲ ਮਰਨ ਵਾਲੇ ਮੁਰਗੇ ਨੂੰ ਉਹਨਾਂ ਨੂੰ ਕਿਸੇ ਡੂੰਗੀ ਥਾਂ 'ਤੇ ਦੱਬਣਾ ਪੈਂਦਾ ਹੈ ਜਿਸ ਲਈ ਉਹਨਾਂ ਕੋਲ ਕੋਈ ਸਾਧਨ ਨਹੀਂ ਹਨ ਅਤੇ ਜੇਕਰ ਉਹ ਖੁਲੇ ਹੀ ਛੱਡ ਦੇਣ ਤਾ ਬਿਮਾਰੀ ਫੈਲਣ ਦਾ ਖ਼ਤਰਾ ਹੋ ਸਕਦਾ ਹੈ।
ਉਧਰ ਇਸ ਮਾਮਲੇ 'ਤੇ ਗੁਰਦਾਸਪੁਰ ਦੇ ਡੀਸੀ ਮੋਹੰਮਦ ਇਸ਼ਫਾਕ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਚਿਕਨ ਜਾ ਅੰਡਿਆਂ ਦੀ ਵਿਕਰੀ 'ਤੇ ਕੋਈ ਰੋਕ ਨਹੀਂ ਲਗਾਈ ਹੈ ਅਤੇ ਦੁਕਾਨਦਾਰ ਹੋਰ ਖਾਣ ਅਤੇ ਲੋੜ ਦੇ ਸਮਾਨ ਵਾਂਗ ਹੋਮ ਡਿਲਵਰੀ ਰਾਹੀਂ ਅੰਡੇ ਅਤੇ ਮੀਟ ਵੇਚ ਸਕਦੇ ਹਨ।
ਉਨ੍ਹਾਂ ਆਖਿਆ ਕਿ ਰੈਸਟੋਰੈਂਟ ਵੀ ਖੁੱਲ੍ਹ ਸਕਦੇ ਹਨ ਪਰ ਸਿਰਫ਼ ਹੋਮ ਡਿਲਵਰੀ ਰਾਹੀਂ ਲੋਕਾਂ ਨੂੰ ਸਰਵਿਸ ਦੇਣ ਲਈ।
ਉੱਥੇ ਹੀ ਪੰਜਾਬ ਸਟੇਟ ਵੇਟਅਰਨਰੀ ਅਫਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਬਰਡਜ਼ ਦੇ ਮਰਨ ਦੀ ਗਿਣਤੀ ਵਧਦੀ ਹੈ ਤਾ ਪੌਲਟਰੀ ਕਿਸਾਨਾਂ ਅਤੇ ਲੋਕਾਂ ਲਈ ਵੀ ਮੁਸੀਬਤ ਹੋ ਸਕਦੀ ਹੈ ਕਿਉਂਕਿ ਜੇਕਰ ਬਿਮਾਰੀ ਨਾਲ ਮਰੇ ਬਰਡਜ਼ ਨੂੰ ਸਹੀ ਢੰਗ ਨਾਲ ਜ਼ਮੀਨ 'ਚ ਡੂੰਗੀ ਥਾ 'ਤੇ ਨਹੀਂ ਦੱਬਿਆ ਗਿਆ ਤਾਂ ਉਸ ਨਾਲ ਕੋਈ ਬਿਮਾਰੀ ਫੈਲਣ ਦਾ ਡਰ ਬਣ ਸਕਦਾ ਹੈ।
ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਇਸ ਹਾਲਾਤ ਬਾਰੇ ਸੰਜੀਦਾ ਹੈ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕੀਤੀ ਹੈ ਕਿ ਜੰਮੂ ਕਸ਼ਮੀਰ ਸੂਬੇ 'ਚ ਚਿਕਨ ਅਤੇ ਅੰਡਿਆਂ ਦੀ ਸਪਲਾਈ ਨੂੰ ਖੋਲ੍ਹਣ ਲਈ ਗੱਲਬਾਤ ਕਰੇ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਵਾਂਗ ਲੋਕਾਂ 'ਚ ਸੋਸ਼ਲ ਮੀਡਿਆ ਰਾਹੀਂ ਅਤੇ ਹੋਰ ਸਾਧਨਾ ਰਾਹੀਂ ਇਹ ਸੰਦੇਸ਼ ਦੇਣ ਕਿ ਚਿਕਨ ਅਤੇ ਅੰਡੇ ਖਾਣ ਨਾਲ ਕੋਈ ਵਾਇਰਸ ਨਹੀਂ ਫੈਲੇਗਾ ਅਤੇ ਨਾਲ ਹੀ ਜੋ ਮੀਟ ਸ਼ੋਪ ਬੰਦ ਹਨ ਉਨ੍ਹਾਂ ਨੂੰ ਖੋਲ੍ਹਣ ਲਈ ਪਹਿਲ ਕੀਤੀ ਜਾਵੇ ਜਾਂ ਫਿਰ ਗ੍ਰੋਸਰੀ ਸਟੋਰਜ਼ 'ਤੇ ਚਿਕਨ ਵੇਚਿਆ ਜਾਵੇ।
ਇਹ ਵੀ ਦੇਖੋ: