You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪਹਿਲੀ ਮੌਤ ਦਰਜ ਕਰਵਾਉਣ ਤੋਂ ਬਾਅਦ ਕਿਵੇਂ ਬਦਲੇ ਪੰਜਾਬ ਦੇ ਇਸ ਪਿੰਡ ਦੇ ਹਾਲਾਤ
- ਲੇਖਕ, ਅਰਵਿੰਦ ਛਾਬੜਾ ਅਤੇ ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਪਿੰਡ ਦੀ ਬਹੁਤ ਬਦਨਾਮੀ ਕਰ ਦਿੱਤੀ ਗਈ, ਇੰਝ ਬਣਾ ਦਿੱਤਾ ਗਿਆ ਕਿ ਪੰਜਾਬ ਵਿਚ ਕੋਰੋਨਾ ਸਾਡੇ ਪਿੰਡ ਕਾਰਨ ਆਇਆ ਹੈ।"
ਇਹ ਸ਼ਬਦ ਹਨ ਪਠਲਾਵਾ ਪਿੰਡ ਦੇ ਸਰਪੰਚ ਹਰਪਾਲ ਸਿੰਘ ਦੇ, ਇਸ ਸਮੇਂ ਹਸਪਤਾਲ ਵਿਚ ਹਨ ਕਿਉਂਕਿ ਉਨ੍ਹਾਂ ਦੇ ਟੈੱਸਟ ਵੀ ਪਿਛਲੇ ਦਿਨੀਂ ਪੌਜ਼ਿਟਿਵ ਆਇਆ ਸੀ, ਪਰ ਰਾਹਤ ਦੀ ਗੱਲ ਇਹ ਹੈ ਕਿ ਐਤਵਾਰ ਨੂੰ ਹੋਏ ਟੈੱਸਟ ਵਿਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ।
ਕਿਵੇਂ ਬਦਲੇ ਪਿੰਡ ਦੇ ਹਾਲਾਤ
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਬੰਗਾ ਨੇੜੇ ਪੈਂਦਾ ਇਹ ਪਿੰਡ ਕਰੀਬ ਦੋ ਹਫ਼ਤੇ ਪਹਿਲਾਂ ਪੰਜਾਬ ਦੇ ਆਮ ਪਿੰਡਾਂ ਵਾਂਗ ਸੀ।
ਪਰ 18 ਮਾਰਚ ਤੋਂ ਬਾਅਦ ਇਹ ਪਿੰਡ ਦੇਸ਼ ਵਿਦੇਸ਼ ਵਿਚ ਇੱਕ ਦਮ ਚਰਚਾ ਵਿੱਚ ਉਸ ਸਮੇਂ ਆ ਗਿਆ ਜਦੋਂ ਇੱਥੋਂ ਦੇ ਇੱਕ 70 ਸਾਲਾ ਬਜ਼ੁਰਗ ਦੀ ਅਚਾਨਕ ਮੌਤ ਹੋ ਗਈ।
ਮੌਤ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਕੋਰੋਨਾਵਾਇਰਸ ਨਾਲ ਪੀੜਤ ਸੀ। ਇਸ ਤੋਂ ਬਾਅਦ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ।
ਇੱਕ ਤਰ੍ਹਾਂ ਨਾਲ ਇਸ ਪਿੰਡ ਨੂੰ ਪੰਜਾਬ ਵਿਚ ਕੋਰੋਨਾਵਾਇਰਸ ਦੇ ਧੁਰੇ ਵਾਂਗ ਪੇਸ਼ ਕਰ ਦਿੱਤਾ ਗਿਆ।
ਕੁਝ ਗਾਣੇ ਵੀ ਇਸ ਪਿੰਡ ਨੂੰ ਆਧਾਰ ਬਣਾ ਕੇ ਪੇਸ਼ ਕੀਤੇ ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਵੀ ਕੀਤਾ।
ਅੱਜ ਪਿੰਡ ਦਾ ਮਾਹੌਲ ਕਿਵੇਂ ਹੈ ਇਸ ਸਬੰਧੀ ਬੀਬੀਸੀ ਪੰਜਾਬੀ ਨੇ ਇੱਥੋਂ ਸਰਪੰਚ ਨਾਲ ਫ਼ੋਨ ਰਾਹੀਂ ਰਾਬਤਾ ਕਾਇਮ ਕਰ ਕੇ ਹਾਲਤ ਜਾਣਨ ਦੀ ਕੋਸ਼ਿਸ਼ ਕੀਤੀ।
ਕਰੀਬ ਦੋ ਹਜ਼ਾਰ ਦੀ ਆਬਾਦੀ ਵਾਲੇ ਪਿੰਡ ਵਿਚ ਲੋਕਾਂ ਦੇ ਟੈੱਸਟ ਕੀਤੇ, ਜਿਸ ਵਿਚ ਜ਼ਿਆਦਾਤਰ ਹੁਣ ਨੈਗੇਟਿਵ ਆ ਰਹੇ ਹਨ।
ਸਿਰਫ਼ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਸਮੇਤ 18 ਲੋਕ ਪੌਜ਼ਿਟਿਵ ਸਨ ਇਸ ਵਿਚੋਂ ਵੀ ਹੁਣ ਮਰੀਜ਼ ਕੋਰੋਨਾ ਨੂੰ ਮਾਤ ਦੇਣ ਵਿਚ ਕਾਮਯਾਬ ਹੋ ਰਹੇ ਹਨ।
'ਕੋਈ ਜਾਣਬੁੱਝ ਕੇ ਕਿਸੇ ਨੂੰ ਮੁਸੀਬਤ 'ਚ ਨਹੀਂ ਪਾਉਂਦਾ'
ਹਸਪਤਾਲ ਤੋਂ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ "ਮ੍ਰਿਤਕ ਨੂੰ ਵੀ ਨਹੀਂ ਪਤਾ ਸੀ ਕਿ ਉਸ ਨੂੰ ਕੋਰੋਨਾ ਨਾਮਕ ਬੀਮਾਰੀ ਹੈ, ਇਸ ਦਾ ਪਤਾ ਤਾਂ ਡਾਕਟਰ ਹੀ ਲਗਾ ਸਕਦੇ ਹਨ, ਕੋਈ ਜਾਣ ਬੁੱਝ ਕੇ ਕਿਸੇ ਨੂੰ ਮੁਸੀਬਤ ਵਿਚ ਨਹੀਂ ਪਾਉਂਦਾ।"
"ਮੈਂ ਮ੍ਰਿਤਕ ਨਾਲ ਸਿੱਧੇ ਸੰਪਰਕ ਵਿਚ ਨਹੀਂ ਸੀ ਆਇਆ ਅਤੇ ਨਾ ਹੀ ਉਹਨਾਂ ਨਾਲ ਹੱਥ ਮਿਲਾਇਆ ਸੀ, ਸਿਰਫ਼ ਦੂਰ ਤੋਂ ਹੀ ਇਕ ਸਮਾਗਮ ਦੌਰਾਨ ਉਹ ਮਿਲੇ ਸਨ।"
"ਇਸ ਤੋਂ ਬਾਅਦ ਮੇਰੀ ਮਾਤਾ ਨੂੰ ਵੀ ਕੋਰੋਨਾਵਾਇਰਸ ਹੋਇਆ ਉਹ ਸਿਰਫ਼ ਮ੍ਰਿਤਕ ਦਾ ਅਫ਼ਸੋਸ ਕਰਨ ਗਈ ਸੀ।"
"ਮੈਂ ਵੀ ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਸਿਵਲ ਹਸਪਤਾਲ ਗਿਆ ਸੀ ਜਾਂ ਫਿਰ ਸਸਕਾਰ ਦੌਰਾਨ ਸ਼ਮਸ਼ਾਨ ਘਾਟ ਗਿਆ ਸੀ, ਇਹ ਮੈਨੂੰ ਵੀ ਹੋ ਗਿਆ।"
ਖ਼ੈਰ ਇਸ ਪਿੰਡ ਦੇ ਲਈ ਰਾਹਤ ਭਰੀ ਗੱਲ ਇਹ ਹੈ ਕਿ ਡਾਕਟਰਾਂ ਦੇ ਇਲਾਜ ਦੇ ਸਦਕਾ ਸਰਪੰਚ ਹਰਪਾਲ ਸਿੰਘ ਸਮੇਤ ਅੱਠ ਹੋਰ ਮਰੀਜ਼ਾ ਦੇ ਸੈਂਪਲ ਨੈਗੇਟਿਵ ਆ ਗਏ ਹਨ ਜਿਸ ਕਾਰਨ ਪਿੰਡ ਵਿਚ ਉਤਸ਼ਾਹ ਹੈ।
ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਨੁਸਾਰ ਆਈਸੋਲੇਸ਼ਨ 'ਚ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਦੇ ਸ਼ਨੀਵਾਰ ਨੂੰ ਸ਼ਾਮ 12 ਸੈਂਪਲ ਭੇਜੇ ਗਏ ਸਨ, ਜਿਨ੍ਹਾਂ 'ਚੋਂ ਐਤਵਾਰ ਨੂੰ ਆਏ 11 ਦੇ ਨਤੀਜਿਆਂ 'ਚੋਂ 8 ਨੈਗੇਟਿਵ ਤੇ 3 ਪੌਜ਼ਿਟਿਵ ਆਏ ਹਨ।
ਉਨ੍ਹਾਂ ਦੱਸਿਆ ਕਿ ਕਿ ਜਿਨ੍ਹਾਂ ਦੇ ਪੌਜ਼ੀਟਿਵ ਆਏ ਹਨ, ਉਨ੍ਹਾਂ ਦੇ 5 ਦਿਨਾਂ ਬਾਅਦ ਦੁਬਾਰਾ ਟੈੱਸਟ ਲਏ ਜਾਣਗੇ।
ਪਹਿਲਾ ਕੀ ਸੀ ਮਾਹੌਲ
ਪੰਜਾਬ ਵਿੱਚ ਕੋਰੋਨਾਵਾਇਰਸ (ਕੋਵਿਡ-19) ਨਾਲ ਪਹਿਲੀ ਮੌਤ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ 2200 ਦੀ ਵਸੋਂ ਵਾਲਾ ਪਠਲਾਵਾ ਪਿੰਡ ਪੂਰਾ ਤਰ੍ਹਾਂ ਕੁਆਰੰਟੀਨ ਕਰ ਦਿੱਤਾ ਸੀ।
ਪਠਲਾਵਾ ਦੇ ਨਾਲ ਲਗਦੇ ਕਰੀਬ 24 ਪਿੰਡ ਵੀ ਕੁਆਰੰਟੀਨ ਹੋਏ ਅਤੇ ਹਜ਼ਾਰਾਂ ਲੋਕ ਘਰਾਂ ਵਿੱਚ ਡੱਕੇ ਦਿੱਤੇ ਗਏ ਸਨ।
ਉਦੋਂ ਵੀ ਪਿੰਡ ਦੇ ਸਰਪੰਚ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦੱਸਿਆ ਸੀ ਕਿ ਉਹ ਇੱਕ ਕੀਰਤਨੀ ਜੱਥੇ ਦੇ ਮੈਂਬਰ ਸਨ।
ਜਿਸ ਕਾਰਨ ਉਹ ਅਕਸਰ ਵਿਦੇਸ਼ ਜਾਂਦੇ ਰਹਿੰਦੇ ਸਨ। ਹੁਣ ਵੀ ਉਹ ਇੱਕ ਵਿਦੇਸ਼ ਦੌਰੇ ਤੋਂ ਹੀ ਪਰਤੇ ਸਨ।
ਸਰਪੰਚ ਮੁਤਾਬਕ ਮਰਹੂਮ ਦਾ ਜੱਥਾ 6 ਮਾਰਚ ਨੂੰ ਦਿੱਲੀ ਪਹੁੰਚਿਆ। ਜਿਸ ਮਗਰੋਂ 7 ਮਾਰਚ ਨੂੰ ਇੱਕ ਨਿੱਜੀ ਕਾਰ ਰਾਹੀਂ ਪਿੰਡ ਪਹੁੰਚੇ ਸਨ।
18 ਮਾਰਚ ਨੂੰ ਬਜ਼ੁਰਗ ਦੀ ਮੌਤ ਹੋ ਗਈ। ਪੰਜਾਬ ਵਿੱਚ ਬਿਤਾਏ ਉਨ੍ਹਾਂ ਦੇ ਇਹ ਆਖ਼ਰੀ ਦਿਨ ਪ੍ਰਸ਼ਾਸਨ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ।
ਇਹ ਸਥਿਤੀ ਉਸ ਸਮੇਂ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ ਜਦੋਂ ਭਾਰਤ ਦੀ ਕੋਰੋਨਾਵਾਇਰਸ ਦੀ ਟੈਸਟਿੰਗ ਦਰ ਦੁਨੀਆਂ ਵਿੱਚ ਸਭ ਤੋਂ ਘੱਟ ਹੈ।
ਮਾਹਿਰਾਂ ਨੂੰ ਇਹ ਵੀ ਡਰ ਹੈ ਕਿ ਭਾਰਤ ਦੀ ਸਿਹਤ ਪ੍ਰਣਾਲੀ ਇਸ ਮਹਾਂਮਾਰੀ ਦੇ ਮਰੀਜ਼ਾਂ ਦੀ ਸੁਨਾਮੀ ਅੱਗੇ ਟਿਕ ਨਹੀਂ ਸਕੇਗੀ।
ਹਾਲਾਂਕਿ ਇਸ ਵਿੱਚ ਤੇਜ਼ੀ ਨਾਲ ਸੁਧਾਰ ਲਿਆਉਣ ਦੇ ਯਤਨ ਤੇਜ਼ੀ ਨਾਲ ਕੀਤੇ ਜਾ ਰਹੇ ਹਨ
ਮ੍ਰਿਤਕ ਦੇ ਉਹ ਆਖ਼ਰੀ ਦਿਨ...
7 ਮਾਰਚ: ਦੋ ਹਫ਼ਤਿਆਂ ਦੇ ਜਰਮਨੀ ਅਤੇ ਇਟਲੀ ਦੇ ਦੌਰੇ ਤੋਂ ਬਾਅਦ, 70 ਸਾਲਾ ਬਜ਼ੁਰਗ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਆਪਣੇ ਪਿੰਡ ਪਠਲਾਵਾ ਵਾਪਸ ਪਰਤਿਆ।
ਉਨ੍ਹਾਂ ਦੇ ਪਰਵਾਰ ਦੇ ਮੈਂਬਰ ਅਤੇ ਜਾਣਕਾਰ ਬੜੇ ਖ਼ੁਸ਼ ਸਨ। ਵਿਦੇਸ਼ ਤੋਂ ਵਾਪਸ ਪਰਤਣ ਤੋਂ ਬਾਅਦ, ਧਾਰਮਿਕ ਪ੍ਰਚਾਰਕ ਨੇ ਆਪਣੇ ਘਰ ਦੇ ਵਿੱਚ ਹੀ ਨਿਯਮਾਂ ਅਨੁਸਾਰ ਕੁਆਰੰਟੀਨ ਯਾਨੀ ਅਲੱਗ ਰਹਿਣਾ ਸੀ।
8 ਮਾਰਚ: ਇਸ ਦੇ ਬਾਵਜੂਦ ਅਗਲੇ ਹੀ ਦਿਨ ਉਹ ਆਪਣੇ ਦੋ ਦੋਸਤਾਂ ਦੇ ਨਾਲ ਆਨੰਦਪੁਰ ਸਾਹਿਬ ਵਿਖੇ ਹੋਲੇ-ਮੁਹੱਲੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਏ। ਜਿਸ ਵਿੱਚ ਲੱਖਾਂ ਲੋਕ ਸ਼ਾਮਲ ਹੋਣ ਦੇਸ਼-ਵਿਦੇਸ਼ ਤੋਂ ਉਚੇਚੇ ਤੌਰ 'ਤੇ ਪਹੁੰਚਦੇ ਹਨ।
13 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਦੁਆਰਾ ਮਰਹੂਮ ਦੀ ਵਿਦੇਸ਼ ਯਾਤਰਾ ਬਾਰੇ ਸੁਚੇਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਅਜੇ ਤੱਕ ਉਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਨਜ਼ਰ ਆਉਂਦੇ। ਹੌਲੀ-ਹੌਲੀ ਬਲਦੇਵ ਵਿੱਚ ਇਹ ਲੱਛਣ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਕੀ ਪਰਿਵਾਰਕ ਮੈਂਬਰਾਂ ਨਾਲੋਂ ਵੱਖ ਕੀਤਾ ਜਾਂਦਾ ਹੈ।
18 ਮਾਰਚ: ਪਿੰਡ ਆਉਣ ਤੋਂ ਪੰਜ ਦਿਨ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਖੁਲਾਸਾ ਹੁੰਦਾ ਹੈ ਕਿ ਉਹ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਸਨ। ਉਨ੍ਹਾਂ ਦੀ ਮੌਤ ਮਗਰੋਂ ਕੀਤੇ ਕੋਰੋਨਾਵਾਇਰਸ ਦੇ ਟੈਸਟ ਦਾ ਨਤੀਜਾ ਵੀ ਪੌਜ਼ੀਟਿਵ ਆਇਆ।
ਮੌਤ ਤੋਂ ਤਕਰੀਬਨ ਇੱਕ ਹਫ਼ਤੇ ਬਾਅਦ, ਜ਼ਿਲ੍ਹੇ ਵਿੱਚ 19 ਕੋਰੋਨਾਵਾਇਰਸ ਮਰੀਜ਼ ਸਨ। ਇਹ ਸਾਰੇ ਬਜ਼ੁਰਗ ਨਾਲ ਸੰਬੰਧਿਤ ਸਨ।
ਜ਼ਿਆਦਾਤਰ ਮਰਹੂਮ ਦੇ ਪਰਿਵਾਰ ਵਿਚੋਂ ਹਨ। ਨਾਲ ਲਗਦੇ ਜ਼ਿਲ੍ਹੇ ਹੁਸ਼ਿਆਰਪੁਰ ਵਿੱਚ ਚਾਰ ਮਰੀਜ਼। ਉਹ ਵੀ ਮਰਹੂਮ ਨਾਲ ਸੰਬੰਧਿਤ ਹਨ।
ਸੂਪਰ-ਸਪਰੈਡਰ ਕੌਣ ਹੁੰਦੇ ਹਨ?
ਮ੍ਰਿਤਕ ਦਾ ਲੋਕਾਂ ਨਾਲ ਮੇਲਜੋਲ ਸਰਕਾਰੀ ਅਧਿਕਾਰੀਆਂ ਲਈ ਡੂੰਘੀ ਚਿੰਤਾ ਦੀ ਇੱਕ ਵੱਡੀ ਵਜ੍ਹਾ ਹੈ।
ਡਰ ਹੈ ਕਿ ਹੈ ਕਿ ਮਰਹੂਮ ਵਾਇਰਸ ਦਾ "ਸੁਪਰ ਸਪਰੈਡਰ"(ਉਹ ਜਿਸ ਵਿੱਚ ਵਾਇਰਸ ਦੀ ਭਰਮਾਰ ਹੋਵੇ।) ਹੋ ਸਕਦਾ ਹੈ।
ਸੁਪਰ ਸਪਰੈਡਰ ਦੀ ਕੋਈ ਵਿਗਿਆਨਕ ਪਰਿਭਾਸ਼ਾ ਨਹੀਂ ਹੈ। ਹਾਲਾਂਕਿ ਇਸ ਸ਼ਬਦ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦੋਂ ਇੱਕ ਮਰੀਜ਼ ਆਮ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਕਿਸੇ ਬੀਮਾਰੀ ਦੀ ਲਾਗ ਲਾਉਂਦਾ ਹੈ।
ਉਹ ਆਪਣੀ ਕਿੱਤੇ ਜਾਂ ਰਹਿਣ ਦੀ ਜਗ੍ਹਾ ਦੇ ਕਾਰਨ ਬਹੁਤ ਜ਼ਿਆਦਾ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ।
ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ, "ਉਸ ਪਿੰਡ ਦੇ ਆਸ ਪਾਸ ਦੇ ਕਈ ਪਿੰਡ ਸੀਲ ਕਰ ਦਿੱਤੇ ਹਨ। ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਗਿਣਤੀ ਹਮੇਸ਼ਾ ਵਧਦੀ ਰਹਿੰਦੀ ਹੈ। ਹਾਲਾਂਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਅਜਿਹੇ ਲੋਕਾਂ ਦੀ ਕੁੱਲ ਗਿਣਤੀ ਕਿੰਨੀ ਹੋ ਸਕਦੀ ਹੈ।"
ਨਾਲ ਲਗਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਵੀ ਪੰਜ ਪਿੰਡ ਸੀਲ ਹੋਏ ਜੋ ਕਿ ਪਠਲਾਵਾ ਦੇ ਨੇੜੇ ਹਨ।
ਮ੍ਰਿਤਕ ਨੂੰ ਸੈਂਕੜੇ ਵਿਅਕਤੀ ਮਿਲੇ ਹੋਣਗੇ
ਸ਼ਹੀਦ ਭਗਤ ਸਿੰਘ ਨਗਰ ਦੇ ਵਧੀਕ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੇ ਕਿਹਾ, "ਦੇਖੋ, ਉਹ ਦੋ ਵਿਅਕਤੀਆਂ ਜਿਨ੍ਹਾਂ ਨਾਲ ਉਹ ਜਰਮਨੀ ਅਤੇ ਇਟਲੀ ਗਏ ਸਨ, ਦੋਵੇਂ ਪੌਜ਼ੀਟਿਵ ਪਾਏ ਗਏ। ਉਹ ਇੱਕੋ ਪਿੰਡ ਦੇ ਹਨ। ਬਜ਼ੁਰਗ ਦੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਉਸ ਦੇ ਨਾਲ ਹੋਲਾ ਮੁਹੱਲਾ ਗਏ ਸੀ। ਉਨ੍ਹਾਂ ਦਾ ਟੈਸਟ ਵੀ ਪੌਜ਼ਿਟਿਵ ਪਾਇਆ ਗਿਆ।"
ਡੀ.ਸੀ. ਵਿਨੇ ਬੁਬਲਾਨੀ ਨੇ ਕਿਹਾ ਸੀ, "ਚੰਗੀ ਖ਼ਬਰ ਇਹ ਹੈ ਕਿ ਕੋਰੋਨਾਵਾਇਰਸ ਦੇ ਟੈਸਟ ਕਰਵਾਉਣ ਮਗਰੋਂ ਨੈਗੇਟਿਵ ਜ਼ਿਆਦਾ ਆਏ ਹਨ ਪੌਜ਼ਿਟਿਵ ਮਾਮਲਿਆਂ ਨਾਲੋਂ। ਬਹੁਤ ਸਾਰੇ ਜੋ ਪੌਜ਼ੀਟਿਵ ਆਏ ਵੀ ਹਨ ਕੋਈ ਗੰਭੀਰ ਲੱਛਣ ਨਹੀਂ ਵਿਖਾ ਰਹੇ। ਸੋ, ਮੈਂ ਕਾਫ਼ੀ ਆਸ਼ਾਵਾਦੀ ਹਾਂ।"