ਕੋਰੋਨਾਵਾਇਰਸ: ਪੰਜਾਬ 'ਚ ਲੌਕਡਾਊਨ ਦੇ ਕੀ ਮਾਅਨੇ, ਜਾਣੋ ਕਿਹੜੀਆਂ ਸੇਵਾਵਾਂ ਜਾਰੀ ਰਹਿਣਗੀਆਂ

ਪੰਜਾਬ 31 ਮਾਰਚ ਤੱਕ ਲੌਕਡਾਊਨ ਰਹੇਗਾ। ਪੰਜਾਬ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

ਪਰ ਇਹ ਲੌਕਡਾਊਨ ਕਿਸ ਤਰ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਨੂੰ ਜਾਣਨ ਲਈ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਕਿਹੜੀਆਂ ਸਹੂਲਤਾਂ ਲੋਕਾਂ ਲਈ ਮੌਜੂਦ ਰਹਿਣਗੀਆਂ ਤੇ ਕਿੰਨਾ ਤੋਂ ਬਿਨਾਂ ਸਾਰਨਾ ਪਵੇਗਾ।

ਰਾਸ਼ਨ ਅਤੇ ਦਵਾਈਆਂ ਦੀਆਂ ਦੁਕਾਨਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਇਲਾਵਾ ਟਰੇਨਾਂ ਤੇ ਬੱਸਾਂ ਸਮੇਤ ਹੋਰ ਜਨਤਕ ਆਵਾਜਾਈ ਦੇ ਸਾਧਨ ਬੰਦ ਰਹਿਣਗੇ।

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 13 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 6 ਕੇਸ ਪੌਜ਼ੀਵਿਟ ਪਾਏ ਗਏ ਹਨ
  • ਪੂਰੇ ਦੇਸ ਵਿੱਚ ਐਤਵਾਰ ਨੂੰ ਸਵੇਰੇ 7 ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ। ਜ਼ਰੂਰੀ ਸੁਵਿਧਾਵਾਂ ਨੂੰ ਛੱਡ ਕੇ ਟਰੇਨਾਂ, ਬੱਸਾਂ, ਮੈਟਰੋ ਸਭ ਕੁਝ ਬੰਦ।
  • ਭਾਰਤ 'ਚ ਹੁਣ ਤੱਕ 6 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ 'ਚ।
  • ਦੁਨੀਆਂ ਭਰ ਕੋਰੋਨਾਵਾਇਰਸ ਤੋਂ ਮੌਤਾਂ ਦਾ ਅੰਕੜਾ 11,000 ਨੂੰ ਪਾਰ ਕਰ ਗਿਆ ਹੈ।
  • ਇਟਲੀ ਵਿੱਚ ਇੱਕ ਦਿਨ ਵਿੱਚ ਤਕਰੀਬਨ 800 ਮੌਤਾਂ। ਇਟਲੀ ਵਿੱਚ ਕੁੱਲ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪਿਆ।

ਪੰਜਾਬ ਵਿੱਚ ਲੌਕਡਾਊਨ ਦੌਰਾਨ ਇਹ ਸੇਵਾਵਾਂ ਜਾਰੀ ਰਹਿਣਗੀਆਂ

  • ਰਾਸ਼ਨ, ਖਾਣ-ਪੀਣ ਦੀਆਂ ਵਸਤਾਂ, ਤਾਜ਼ੇ ਫਲ ਤੇ ਸਬਜ਼ੀਆਂ
  • ਮਿਲਕ ਪਲਾਂਟ, ਡੇਅਰੀ ਯੂਨਿਟ, ਚਾਰਾ ਬਣਾਉਣ ਵਾਲੇ ਯੂਨਿਟ
  • ਪੈਟਰੋਲ ਪੰਪ, CNG ਦੀਆਂ ਸੇਵਾਵਾਂ ਤੇ ਗੈਸ ਸਿਲੰਡਰ (ਘਰੇਲੂ ਤੇ ਕਮਰਸ਼ਿਅਲ)
  • ਸਿਹਤ ਸੇਵਾਵਾਂ, ਮੈਡੀਕਲ ਤੇ ਸਿਹਤ ਉਪਕਰਣ ਅਤੇ ਦਵਾਈਆਂ ਦੀਆਂ ਦੁਕਾਨਾਂ
  • ਬੈਂਕ, ATM, ਪੋਸਟ ਆਫ਼ਿਸ ਤੇ ਬੀਮਾ ਕੰਪਨੀਆਂ
  • ਸੰਚਾਰ ਸੇਵਾਵਾਂ ਯਕੀਨੀ ਬਣਾਈਆ ਜਾਣਗੀਆਂ
  • ਰਾਇਸ ਮਿਲਾਂ, ਝੋਨੇ ਤੇ ਕਣਕ ਦੀ ਢੋਆ-ਢੋਆਈ
  • ਭੋਜਨ ਸਟੋਰ ਕਰਨ ਲਈ ਬੋਰੀਆਂ, ਪੀਪੀ ਬੈਗ, ਤਰਪਾਲ, ਜਾਲੀਆਂ ਆਦਿ
  • ਫਸਲ ਦੀ ਕਟਾਈ ਲਈ ਕੰਮਬਾਇਨਾਂ ਤੇ ਹੋਰ ਸੁਵਿਧਾਵਾਂ

ਇਸ ਤੋਂ ਇਲਾਵਾ, ਹੋਰ ਕੋਈ ਵੀ ਚੀਜ਼ ਜੋ ਜ਼ਿਲਾ ਕਮਿਸ਼ਨਰ ਜਾਂ ਮੈਜਿਸਟਰੇਟ ਜ਼ਰੂਰੀ ਸਮਝਣ।

ਜੇਕਰ ਉਨ੍ਹਾਂ ਚੀਜ਼ਾਂ ਦੀ ਗੱਲ ਕਰੀਏ, ਜੋ ਬੰਦ ਰਹਿਣਗੀਆਂ, ਤਾਂ ਸਕੂਲ, ਕਾਲਜ ਤੇ ਦਫ਼ਤਰ ਇਸ ਵਿੱਚ ਸ਼ਾਮਲ ਹਨ।

ਕੋਰੋਨਾਵਾਇਰਸ 'ਤੇ ਰੋਕ ਲਾਉਣ ਲਈ ਚੁੱਕੇ ਗਏ ਇਸ ਕਦਮ ਨਾਲ ਲੋਕਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟ੍ਰਾਇਡੈਂਟ ਗਰੁੱਪ ਦੀ ਸਰਾਹਨਾ ਕੀਤੀ ਹੈ। ਗਰੁੱਪ ਵਲੋਂ ਆਪਣੇ ਯੂਨਿਟ ਨੂੰ ਬੰਦ ਕਰਨ ਦਾ ਫੈਸਲਾ ਤਾਂ ਲਿਆ ਗਿਆ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਬੰਦ ਦੇ ਬਾਵਜੂਦ ਪੂਰੀ ਤਨਖਾਹ ਦੇਣਗੇ। ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਰਹਿਣ ਤੇ ਭੋਜਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਹੋਰ ਸਨਅਤਕਾਰਾਂ ਨੂੰ ਵੀ ਅਜਿਹਾ ਕਦਮ ਚੁੱਕਣ ਦਾ ਸੁਝਾਅ ਦਿੱਤਾ ਹੈ।

ਪੰਜਾਬ ਵਿੱਚ ਅਜੇ ਤੱਕ ਕੋਰੋਨਾਵਾਇਰਸ ਦੇ 13 ਮਾਮਲੇ ਸਾਹਮਣੇ ਆਏ ਹਨ। ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਇੱਕ ਕੋਰੋਨਾਵਾਇਰਸ ਮਰੀਜ਼ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)