You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਨਾਲ ਲੜਨ ਲਈ ਪੰਜਾਬ ਕਿੰਨਾ ਤਿਆਰ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਨੂੰ WHO ਵੱਲੋਂ ਮਹਾਂਮਾਰੀ ਯਾਨੀ ਪੈਨਡਮਿਕ ਐਲਾਨਿਆ ਗਿਆ ਹੈ। ਪੂਰੀ ਦੁਨੀਆਂ ਵਿੱਚ 13 ਮਾਰਚ ਤੱਕ 4900 ਤੋਂ ਵੱਧ ਮੌਤਾਂ ਤੇ 1.25 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਹਨ।
ਦੁਨੀਆ ਭਰ 'ਚ ਗੰਭੀਰ ਸੰਕਟ ਬਣਿਆ ਕੋਰੋਨਾਵਾਇਰਸ ਭਾਰਤ ਵਿੱਚ ਵੀ ਫੈਲ ਰਿਹਾ ਹੈ। 15 ਮਾਰਚ ਤੱਕ ਇਸ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਭਾਰਤ ਸਰਕਾਰ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਕਈ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਭਾਰਤੀ ਨਾਗਰਿਕਾਂ ਨੂੰ ਵੀ ਗ਼ੈਰ-ਜ਼ਰੂਰੀ ਸਫ਼ਰ ਨਾ ਕਰਨ ਲਈ ਕਿਹਾ ਗਿਆ ਹੈ। ਕਈ ਲੋਕ ਜਿਹੜੇ ਇਸ ਐਲਾਨ ਤੋਂ ਪਹਿਲਾਂ ਵਿਦੇਸ਼ਾਂ 'ਚ ਗਏ ਸਨ ਤੇ ਵਾਪਸ ਭਾਰਤ ਆ ਰਹੇ ਹਨ, ਜਿਵੇਂ ਕਿ 25 ਸਾਲਾ ਯਸ਼ ਅਬਰੋਲ।
ਚੰਡੀਗੜ੍ਹ ਦੇ ਰਹਿਣ ਵਾਲੇ ਯਸ਼ ਦਵਾਈਆਂ ਦੀ ਦੁਕਾਨ ਚਲਾਉਂਦੇ ਹਨ। ਪਿਛਲੇ ਦਿਨੀਂ ਉਹ ਥਾਈਲੈਂਡ ਘੁੰਮਣ ਗਏ ਸਨ। ਉੱਥੋਂ ਇਹ ਨੌਂ ਮਾਰਚ ਨੂੰ ਹੀ ਪਰਤੇ ਹਨ।
ਇਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਏਅਰਪੋਰਟ ਉੱਤੇ ਵਾਇਰਸ ਨੂੰ ਚੈੱਕ ਕਰਨ ਵਾਸਤੇ ਕਈ ਇੰਤਜ਼ਾਮ ਵੇਖੇ ਪਰ ਚੰਡੀਗੜ੍ਹ ਵਿੱਚ ਇਨ੍ਹਾਂ ਦੀ ਕੋਈ ਚੈਕਿੰਗ ਨਹੀਂ ਹੋਈ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ ਕਿ ਇੱਕ ਚੈੱਕ ਕਰਨ ਵਾਲਾ ਅਧਿਕਾਰੀ ਹੁੰਦਾ ਸੀ ਤੇ 300 ਦੇ ਲਗਭਗ ਚੈੱਕ ਕੀਤੇ ਜਾਣ ਵਾਲੇ ਯਾਤਰੀ ਹੁੰਦੇ ਸੀ। ਸਾਨੂੰ ਕਈ ਘੰਟੇ ਤੱਕ ਲਾਈਨਾਂ ਵਿੱਚ ਖੜਨਾ ਪਿਆ।
ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਚੰਡੀਗੜ੍ਹ ਵਿੱਚ ਇਸ ਕਰ ਕੇ ਕੋਈ ਚੈਕਿੰਗ ਨਹੀਂ ਹੋਈ ਕਿ ਉਹ ਡੋਮੇਸਟਿਕ ਫਲਾਈਟ ਰਾਹੀਂ ਇੱਥੇ ਆਏ ਸਨ।
ਉਨ੍ਹਾਂ ਦਾ ਮੰਨਣਾ ਹੈ ਕਿ ਥਾਈਲੈਂਡ ਵਿੱਚ ਉਨ੍ਹਾਂ ਨੂੰ ਇਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ।
ਪਰ ਕਹਿੰਦੇ ਹਨ, "ਉੱਥੇ ਮੈਂ ਮਜ਼ੇ ਕਰਨ ਗਿਆ ਸੀ ਤੇ ਪੂਰੀਆਂ ਮੌਜਾਂ ਕੀਤੀਆਂ। ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ।"
ਕੋਰੋਨਾਵਾਇਰਸ ਦੀ ਸਕੈਨਿੰਗ ਹੋਣ ’ਤੇ ਯਸ਼ ਅਬਰੋਲ ਨੈਗੇਟਿਵ ਕਰਾਰ ਦਿੱਤੇ ਗਏ ਪਰ ਪੰਜਾਬ ਕੋਰੋਨਾਵਾਇਰਸ ਤੋਂ ਅਛੂਤਾ ਨਹੀਂ ਰਿਹਾ ਹੈ।
ਵੀਡੀਓ: ਵਿਦੇਸ਼ ਆਉਣ ਜਾਣ ਸਬੰਧੀ ਹਰ ਸਾਵਲ ਦਾ ਜਵਾਬ
ਪੰਜਾਬ ਦੇ ਹਾਲਾਤ
ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਇੱਕ ਕੇਸ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਸਪਤਾਲਾਂ ਅਤੇ ਘਰਾਂ ਵਿੱਚ 1600 ਤੋਂ ਵੱਧ ਸ਼ੱਕੀ ਮਰੀਜ਼ ਹਨ।
ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਉਨ੍ਹਾਂ ਦੀ ਪਤਨੀ, ਫ਼ਤਿਹਗੜ੍ਹ ਸਾਹਿਬ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਵਨੀਤ ਕੋਂਡਲ ਉਨ੍ਹਾਂ ਨੂੰ ਆਪਣੇ ਘਰ 'ਚੋਂ 14 ਦਿਨਾਂ ਲਈ ਬਾਹਰ ਨਾ ਨਿਕਲਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਦੋਵੇਂ 25 ਫਰਵਰੀ ਨੂੰ ਐਕਸ ਇੰਡੀਆ ਲੀਵ (ਭਾਰਤ ਤੋਂ ਬਾਹਰ ਜਾਣ ਲਈ) 'ਤੇ ਗਏ ਸਨ ਅਤੇ ਇਸ ਦੌਰਾਨ ਦੋਵੇਂ ਇਟਲੀ ਤੇ ਸਵਿਟਜ਼ਰਲੈਂਡ ਗਏ ਸਨ। 3 ਮਾਰਚ ਨੂੰ ਉਹ ਇਟਲੀ ਤੋਂ ਵਾਪਸ ਪਰਤੇ ਸਨ।
ਇਸ ਤੋਂ ਪਹਿਲਾਂ 6 ਮਾਰਚ ਨੂੰ ਪੰਜਾਬ ਸਰਕਾਰ ਨੇ ਆਪਣੇ ਸਾਰੇ ਕਰਮਚਾਰੀਆਂ ਲਈ ਇਹ ਲਾਜ਼ਮੀ ਕਰ ਦਿੱਤਾ ਸੀ ਕਿ ਐਕਸ ਇੰਡੀਆ ਲੀਵ ਤੋਂ ਵਾਪਸ ਆਉਣ 'ਤੇ ਉਨ੍ਹਾਂ ਨੂੰ 14 ਦਿਨਾਂ ਲਈ ਇਕੱਲੇ ਰੱਖਿਆ ਜਾਵੇਗਾ।
ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਵਿਦੇਸ਼ ਯਾਤਰਾ ਨਾ ਕਰਨ ਦੀ ਸਲਾਹ ਵੀ ਦਿੱਤੀ ਸੀ।
ਸੂਬੇ ਲਈ ਵੱਡੀ ਚੁਣੌਤੀ
ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਇੱਕ ਵਿਅਕਤੀ ਕੋਰੋਨਾਵਾਈਰਸ ਤੋਂ ਪੀੜਤ ਪਾਇਆ ਗਿਆ ਹੈ ਜੋ ਕਿ ਆਪਣੇ ਪਰਿਵਾਰ ਸਹਿਤ ਇਟਲੀ ਤੋਂ ਆਇਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਉੱਤੇ ਖ਼ਾਸ ਤੌਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਸੈਲਾਨੀਆਂ ਨੂੰ ਦੇਖਦੇ ਹੋਏ ਉੱਥੇ ਵਿਸ਼ੇਸ਼ ਸਿਹਤ ਚੈਕਿੰਗ ਦੇ ਕਾਊਟਰ ਬਣਾਏ ਗਏ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬੇ ਨੂੰ ਸਭ ਤੋਂ ਵੱਡੀ ਚੁਣੌਤੀ ਵਿਦੇਸ਼ਾਂ ਵਿਚੋਂ ਪਰਤਣ ਵਾਲੇ ਲੋਕਾਂ ਤੋਂ ਹੈ, ਭਾਵੇਂ ਉਹ ਉੱਥੇ ਪੜ੍ਹਾਈ ਵਾਸਤੇ ਗਏ ਹੋਣ ਜਾਂ ਕੰਮ ਵਾਸਤੇ ਗਏ ਹੋਣ।
ਚੀਨ ਤੋਂ ਲੈ ਕੇ ਇਟਲੀ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਕਈ ਦੇਸ਼ਾਂ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਜਾਂਦੇ ਹਨ।
ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।
ਆਮ ਲੋਕਾਂ ਦੇ ਕੰਮਕਾਜ ਉੱਤੇ ਅਸਰ
ਕੋਰੋਨਾਵਾਇਰਸ ਦਾ ਆਮ ਲੋਕਾਂ ਦੇ ਜਨ ਜੀਵਨ ਉੱਤੇ ਵੀ ਅਸਰ ਪੈ ਰਿਹਾ ਹੈ।
ਚੰਡੀਗੜ੍ਹ ਦੇ ਰਹਿਣ ਵਾਲੇ ਗੌਰਵ ਦੀਪ ਸਿੰਘ ਬਹਿਲ ਨੇ ਦੱਸਿਆ ਕਿ ਕੋਰੋਨਾ ਦੇ ਡਰ ਦੇ ਕਾਰਨ ਉਸ ਦਾ ਜੀਵਨ ਕਾਫ਼ੀ ਬਦਲ ਗਿਆ ਹੈ।
ਉਨ੍ਹਾਂ ਦੱਸਿਆ, "ਮਾਰਕੀਟ ਅਤੇ ਸਿਨੇਮਾ ਜਾਣਾ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਾਪੇ ਵਾਰ-ਵਾਰ ਕੋਰੋਨਾ ਤੋਂ ਬਚਣ ਦੀ ਹਦਾਇਤ ਦਿੰਦੇ ਹਨ।"
ਇਹ ਵੀ ਪੜ੍ਹੋ:
ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਮੌਸਮ ਦੇ ਕਾਰਨ ਜੇਕਰ ਖਾਂਸੀ ਆਉਂਦੀ ਹੈ ਤਾਂ ਉਸ ਤੋਂ ਵੀ ਡਰ ਲੱਗਦਾ ਹੈ।
ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਬੱਸ ਵਿੱਚ ਸਫ਼ਰ ਕਰ ਕੇ ਰੋਜ਼ਾਨਾ ਯੂਨੀਵਰਸਿਟੀ ਆਉਂਦੀ ਹੈ ਪਰ ਪਿਛਲੇ ਇੱਕ ਹਫ਼ਤੇ ਤੋਂ ਉਸ ਨੂੰ ਸਫ਼ਰ ਦੌਰਾਨ ਡਰ ਲੱਗਣ ਲੱਗਾ ਹੈ।
ਉਹ ਦੱਸਦੀ ਹੈ ਕਿ ਬੱਸ ਵਿੱਚ ਉਹ ਆਪਣਾ ਮੂੰਹ ਢੱਕ ਕੇ ਰੱਖਦੀ ਹੈ ਅਤੇ ਸਫ਼ਰ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ਼ ਕਰਦੀ ਹੈ।
ਗਗਨਦੀਪ ਮੁਤਾਬਕ ਯੂਨੀਵਰਸਿਟੀ ਵਿੱਚ ਅਧਿਆਪਕ ਕੋਰੋਨਾਵਾਇਰਸ ਤੋਂ ਬਚਣ ਦੀਆਂ ਹਦਾਇਤਾਂ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਸ ਦੇ ਕਾਫ਼ੀ ਰਿਸ਼ਤੇਦਾਰ ਵਿਦੇਸ਼ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਲੈ ਕੇ ਪਰਿਵਾਰ ਵਿੱਚ ਚਿੰਤਾ ਹੈ।
ਮਾਸਕ ਅਤੇ ਸੈਨੀਟਾਈਜ਼ਰ ਦੀ ਥੋੜ੍ਹ
ਸੂਬੇ ਤੇ ਚੰਡੀਗੜ੍ਹ ਦੇ ਕੈਮਿਸਟ ਦੀਆਂ ਦੁਕਾਨਾਂ ਤੇ ਲੋਕ ਮਾਸਕ ਅਤੇ ਸੈਨੀਟਾਈਜਰ ਦੀ ਖ਼ਰੀਦਣ ਵਾਸਤੇ ਆਉਂਦੇ ਵੇਖੇ ਗਏ। ਕਈ ਲੋਕਾਂ ਨੇ ਕਿਹਾ ਕਿ ਇਸ ਚੀਜ਼ਾਂ ਤੈਅ ਕੀਮਤ ਤੋਂ ਮਹਿੰਗੀਆਂ ਵਿਕ ਰਹੀਆਂ ਹਨ ਤੇ ਕਿਤੇ-ਕਿਤੇ ਖ਼ਤਮ ਹੋ ਗਈਆਂ ਹਨ।
ਚੰਡੀਗੜ੍ਹ ਦੇ ਇੱਕ ਦਵਾਈ ਵਿਕਰੇਤਾ ਕੁਮਾਰ ਮੈਡੀਕਲ ਸਟੋਰ ਦੇ ਲਲਿਤ ਕੁਮਾਰ ਨੇ ਦੱਸਿਆ ਕਿ ਕਈ ਦਿਨਾਂ ਤੋਂ ਮਾਸਕ ਅਤੇ ਸੈਨੀਟਾਈਜਰ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ ਜਿਸ ਕਾਰਨ ਉਨ੍ਹਾਂ ਕੋਲ ਮਾਸਕ ਦੀ ਥੁੜ੍ਹ ਪੈਦਾ ਹੋ ਗਈ ਹੈ।
ਉਨ੍ਹਾਂ ਦੱਸਿਆ, "ਸੈਨੀਟਾਈਜਰ ਫ਼ਿਲਹਾਲ ਸਟਾਕ ਵਿੱਚ ਹੈ ਅਤੇ ਉਹ ਗਾਹਕਾਂ ਨੂੰ ਪ੍ਰਦਾਨ ਕਰ ਰਹੇ ਹਨ।"
ਪੰਜਾਬ ਵਿੱਚ ਪ੍ਰਬੰਧ
ਸੂਬੇ ਵਿੱਚ ਕੋਰੋਨਾਵਾਇਰਸ ਦੀ ਚੈਕਿੰਗ ਫ਼ਿਲਹਾਲ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਹੋ ਰਹੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਕੋਰੋਨਾ ਦੇ ਟੈਸਟ ਹੋ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਅਤੇ ਸਟਾਫ਼ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ।
ਦੋਵੇਂ ਕੌਮਾਂਤਰੀ ਹਵਾਈ ਅੱਡਿਆਂ, ਅੰਮ੍ਰਿਤਸਰ ਅਤੇ ਮੁਹਾਲੀ ਵਿਖੇ ਅਤੇ ਅੰਤਰ ਰਾਸ਼ਟਰੀ ਸਰਹੱਦ (ਅਟਾਰੀ/ ਵਾਹਗਾ ਤੇ ਡੇਰਾ ਬਾਬਾ ਨਾਨਕ, ਗੁਰਦਾਸਪੁਰ) ਵਿਖੇ ਚੈੱਕ ਪੋਸਟਾਂ ਜਾਂਚ ਲਈ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਵੀਡੀਓ: ਵਾਇਰਸ ਤੋਂ ਬਚਣ ਲਈ ਆਪਣੇ ਹੱਥ ਇੰਝ ਧੋਵੋ
ਕੁਆਰੰਟੀਨ ਵਾਸਤੇ 3124 ਬੈੱਡ ਅਤੇ ਆਈਸੋਲੇਸ਼ਨ ਕਰਨ ਲਈ 1405 ਬੈੱਡ ਰੱਖੇ ਗਏ ਹਨ। ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਕੰਟਰੋਲ ਰੂਮ ਚਾਲੂ ਕੀਤੇ ਗਏ ਹਨ ਤੇ ਹੈਲਪ ਲਾਈਨ ਨੰਬਰ 104 ਵੀ ਚਲਾਇਆ ਗਿਆ ਹੈ।
ਉੱਥੇ ਮਾਹਿਰਾਂ ਦਾ ਮੰਨਣਾ ਹੈ ਕਿ ਸਥਿਤੀ ਕਾਫ਼ੀ ਗੰਭੀਰ ਹੈ ਤੇ ਕਾਰਗਰ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਪੰਜਾਬ ਯੂਨੀਵਰਸਿਟੀ ਦੇ ਪਬਲਿਕ ਹੈਲਥ ਡਿਪਾਰਟਮੈਂਟ ਦੀ ਕੋਆਰਡੀਨੇਟਰ ਸਵਿਤਾ ਪਰਾਸ਼ਰ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਆਪਣਾ ਕੰਮ ਤਾਂ ਕਰ ਰਹੇ ਹਨ ਪਰ ਕਈ ਹੋਰ ਇੰਤਜ਼ਾਮਾਂ ਦੀ ਲੋੜ ਹੈ, ਖ਼ਾਸ ਤੌਰ ’ਤੇ ਲੋਕਾਂ ਤੱਕ ਇਸ ਬਾਰੇ ਸਹੀ ਜਾਣਕਾਰੀ ਪਹੁੰਚਾਉਣਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਕੀ ਲਸਣ ਤੁਹਾਨੂੰ ਕੋਰੋਨਾਵਾਇਰਸ ਤੋਂ ਬਚਾਅ ਸਕਦਾ ਹੈ?
ਵੀਡੀਓ: ਕੋਰੋਨਾਵਾਇਰਸ: ਇਟਲੀ ਵਿੱਚ ਰਹਿੰਦੇ ਪੰਜਾਬੀ ਕੀ ਕਹਿੰਦੇ?