ਕੋਰੋਨਾਵਾਇਰਸ: 'ਸਿਆਸੀ ਕੀੜਾ ਮੇਰਾ ਕੁਝ ਨਹੀਂ ਵਿਗਾੜ ਸਕਿਆ ਤਾਂ ਕੋਰੋਨਾਵਾਇਰਸ ਕੀ ਹੈ'

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਦੇਸ ਭਰ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰੀ ਸਰਕਾਰ ਵਲੋਂ ਕੋਰੋਨਾਵਾਇਰਸ ਤੋਂ ਬੱਚਣ ਲਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਭੀੜ ਇਕੱਠੀ ਨਾ ਹੋਵੇ, ਸਾਫ ਸਫਾਈ ਰੱਖੋ ਅਤੇ ਵਾਇਰਸ ਦੀ ਲਾਗ ਤੋਂ ਬਚੋ।

ਕੋਰੋਨਾਵਾਇਰਸ ਤੋਂ ਬਚਾਅ ਕਰਨ ਲਈ ਕਈ ਸੂਬਿਆਂ ਵਿੱਚ ਸਕੂਲਾਂ ਤੋਂ ਲੈ ਕੇ ਸਿਨੇਮਾ ਹਾਲ ਤੱਕ ਬੰਦ ਕਰਨ ਲਈ ਵੀ ਕਿਹਾ ਗਿਆ ਹੈ।

ਜਦੋਂ ਸਿਹਤ ਮਹਿਕਮੇ ਅਤੇ ਸਰਕਰਾ ਵੱਲੋਂ ਸਾਫ ਤੌਰ 'ਤੇ ਕਿਹਾ ਜਾ ਚੁੱਕਾ ਹੈ ਕਿ ਇਕੱਠ ਤੋਂ ਬਚੋ ਪਰ ਹਰਿਆਣਾ ਵਿੱਚ ਇਸ ਦੇ ਉਲਟ ਇੱਕ ਸਿਆਸੀ ਰੈਲੀ ਹੋਈ।

ਇਹ ਵੀ ਪੜ੍ਹੋ:

ਇਹ ਰੈਲੀ ਪਾਣੀਪਤ ਵਿੱਚ ਜਨਨਾਇਕ ਜਨਤਾ ਪਾਰਟੀ ਵੱਲੋਂ ਕੀਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾਵਾਇਰਸ ਨੂੰ ਵਿਸ਼ਵ ਮਹਾਂਮਾਰੀ ਐਲਾਨਿਆ ਜਾ ਚੁੱਕਿਆ ਹੈ।

ਇੰਨਾ ਹੀ ਨਹੀਂ ਵੀਰਵਾਰ ਨੂੰ ਹਰਿਆਣਾ ਸੂਬੇ ਵਲੋਂ ਵੀ ਕੋਰੋਨਾਵਾਇਰਸ ਨੂੰ ਮਹਾਂਮਾਰੀ ਐਲਾਨਿਆ ਗਿਆ ਸੀ।

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ 'ਚ ਕੀ-ਕੀ ਹੋ ਰਿਹਾ

  • ਪੰਜਾਬ- ਇੱਕ ਕੇਸ ਦੀ ਪੁਸ਼ਟੀ, ਕੁੱਲ 85, 791ਲੋਕਾਂ ਦੀ ਸਕਰੀਨਿੰਗ। ਹਸਪਤਾਲਾਂ 'ਚ 11 ਅਤੇ ਘਰਾਂ ਵਿੱਚ 2081 ਸ਼ੱਕੀ ਮਰੀਜ਼।
  • ਭਾਰਤ ਵਿੱਚ ਕਰਨਾਟਕ ਦੇ ਇੱਕ ਬਜ਼ੁਰਗ ਦੀ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 81 ਹੋਏ।
  • ਭਾਰਤ ਵਿੱਚ IPL 15 ਅਪਰੈਲ ਤੱਕ ਟਲਿਆ। ਭਾਰਤ-ਪਾਕ ਦੇ ਵਨਡੇ ਮੈਚ ਰੱਦ।
  • ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ।
  • ਪੂਰੀ ਦੁਨੀਆਂ ਵਿੱਚ 4600 ਤੋਂ ਵੱਧ ਮੌਤਾਂ, 1.25 ਲੱਖ ਲੋਕ ਪ੍ਰਭਾਵਿਤ। ਚੀਨ ਵਿੱਚ ਸਿਰਫ 8 ਕੇਸ ਦਰਜ।

ਪਾਨੀਪਤ ਜ਼ਿਲੇ ਦੇ ਇਸਰਾਨਾ ਵਿੱਚ ਹੋਈ ਇਸ ਰੈਲੀ ਵਿੱਚ ਜੇਜੇਪੀ ਦੇ ਆਗੂ ਤੇ ਸੂਬੇ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ ਗਿਆ।

ਇਹ ਰੈਲੀ ਉਨ੍ਹਾਂ ਨੇ ਪਿਤਾ ਅਤੇ ਸਾਬਕਾ ਸੰਸਦ ਮੈਂਬਰ ਅਜੈ ਚੋਟਾਲਾ ਦੇ 59ਵੇਂ ਜਨਮਦਿਨ ਦਿਹਾੜੇ ਉੱਤੇ ਕਰਵਾਈ ਗਈ।

ਇਸ ਰੈਲੀ ਵਿੱਚ ਬਹੁਤੇ ਲੋਕ ਮਾਸਕ ਪਾਏ ਹੋਏ ਦਿਖੇ। ਰੈਲੀ ਵਿੱਚ ਤੈਨਾਤ ਕੀਤੇ ਹਰਿਆਣਾ ਪੁਲਿਸ ਕਰਮਚਾਰੀਆਂ ਦੇ ਨਾਲ ਰੈਲੀ ਵਿੱਚ ਮੌਜੂਦ ਲੋਕਾਂ ਨੇ ਬਿਮਾਰੀ ਤੋਂ ਬਚਾਅ ਲਈ ਆਪਣੇ ਮੂੰਹ ਢੱਕੇ ਹੋਏ ਸਨ।

ਰੈਲੀ ਵਿੱਚ ਸ਼ਾਮਲ ਲੋਕਾਂ ਦੇ ਵਾਹਨਾਂ ਦੇ ਨੰਬਰ ਪਲੇਟਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਹ ਲੋਕ ਦੂਰ-ਦੁਰਾਡਿਓਂ ਆਏ ਸਨ।

ਵੀਡੀਓ: ਕੋਰੋਨਾਵਾਇਰਸ ਨਾਲੋਂ ਤੇਜ਼ੀ ਨਾਲ ਇਸ ਬਾਰੇ ਅਫ਼ਵਾਹਾਂ ਫੈਲ ਰਹੀਆਂ ਹਨ, ਜਾਣੋ ਇਸ ਨਾਲ ਜੁੜੇ ਭਰਮ-ਭੁਲੇਖੇ ਅਤੇ ਬਚਾਅ ਦੇ ਕੁੱਝ ਟਿਪਸ

ਜੇਜੇਪੀ ਦੇ ਇੱਕ ਸਮਰਥਕ ਨੂੰ ਪੁੱਛਿਆ ਗਿਆ ਕਿ ਉਹ ਕੋਰੋਨਾਵਾਇਰਸ ਦੇ ਬਾਵਜੂਦ ਵੀ ਰੈਲੀ ਵਿੱਚ ਕਿਉਂ ਸ਼ਾਮਲ ਹੋਇਆ।

ਉਨ੍ਹਾਂ ਨੇ ਜਵਾਬ ਦਿੱਤਾ, ''ਹਰਿਆਣੇ ਵਿੱਚ ਕੋਰੋਨਾਵਾਇਰਸ ਦਾ ਬੁਖਾਰ ਨਾਲੋਂ ਸਿਆਸਤ ਦਾ ਬੁਖਾਰ ਕੀਤੇ ਵਧ ਹੈ। ਜੇ ਸਿਆਸੀ ਕੀੜਾ ਮੇਰਾ ਕੁਝ ਨਹੀਂ ਵਿਗਾੜ ਸਕਿਆ ਤਾਂ ਕੋਰੋਨਾਵਾਇਰਸ ਕੀ ਕਰ ਸਕੇਗਾ?"

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਦੇ ਮਹਾਂਮਾਰੀ ਐਲਾਨੇ ਜਾਣ ਮਗਰੋਂ ਵੀ ਰੈਲੀ ਕਰਵਾਉਣ ਦੇ ਫੈਸਲੇ ਬਾਰੇ ਦੱਸਦਿਆ ਜੇਜੇਪੀ ਦੇ ਇੱਕ ਬੁਲਾਰੇ ਨੇ ਇਸ ਬਾਰੇ ਗੱਲ ਕੀਤੀ।

ਉਨ੍ਹਾਂ ਦੱਸਿਆ, "ਸਾਡੀ ਪਾਰਟੀ ਕੋਰੋਨਾਵਾਇਰਸ ਤੇ ਇਸ ਕਰਕੇ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਗੰਭੀਰ ਹੈ। ਪਰ ਇਹ ਰੈਲੀ ਦਾ ਐਲਾਨ ਕੋਰੋਨਾਵਾਇਰਸ ਦੇ ਫੈਲਣ ਤੋਂ ਪਹਿਲਾਂ ਹੀ ਹੋ ਚੁੱਕਿਆ ਸੀ। ਇਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਇਹ ਰੈਲੀ ਕਰਵਾਈ।"

ਇਸੇ ਤਰ੍ਹਾਂ ਦੀ ਇੱਕ ਹੋਰ ਰੈਲੀ 15 ਮਾਰਚ ਨੂੰ ਹਿਸਾਰ ਵਿੱਚ ਹੋਣੀ ਤੈਅ ਸੀ ਜਿੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਪਹੁੰਚਣਾ ਸੀ।

ਪਰ ਸਿਹਤ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਸ਼ਾਮ ਨੂੰ ਐਲਾਨ ਕਰ ਦਿੱਤਾ ਹੈ ਕਿ ਆਉਣ ਵਾਲੇ ਕੁਝ ਦਿਨ ਕੋਈ ਵੀ ਰੈਲੀ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਵੱਡੀ ਇਕੱਠ ਹੋਵੇਗਾ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ

ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 81 ਹੋ ਗਈ ਹੈ। ਇਸ ਵਿੱਚ 64 ਲੋਕ ਭਾਰਤੀ ਹਨ ਜਦੋਂਕਿ 17 ਵਿਦੇਸ਼ੀ ਨਾਗਰਿਕ ਹਨ।

ਭਾਰਤ ਸਰਕਾਰ ਮੁਤਾਬਕ ਸ਼ੁੱਕਰਵਾਰ ਸ਼ਾਮ ਤੱਕ 13 ਸੂਬਿਆਂ ਵਿੱਚ 81 ਲੋਕਾਂ ਨੂੰ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋਈ ਹੈ।

ਕੇਰਲ ਵਿੱਚ ਸਭ ਤੋਂ ਵੱਧ 19 ਮਾਮਲੇ, ਉਸ ਤੋਂ ਬਾਅਦ ਮਹਾਰਾਸ਼ਟਰ ਵਿੱਚ 14, ਉੱਤਰ ਪ੍ਰਦੇਸ਼ ਵਿੱਚ 10 ਅਤੇ ਪੰਜਾਬ ਵਿੱਚ ਇੱਕ ਮਾਮਲਾ ਸਾਹਮਣੇ ਆਏ ਹਨ।

ਹਰਿਆਣਾ ਵਿੱਚ ਕੋਈ ਸਥਾਨਕ ਕੇਸ ਨਹੀਂ ਆਇਆ ਪਰ ਉੱਥੇ 14 ਵਿਦੇਸ਼ੀ ਨਾਗਰਿਕ ਹਨ ਜੋ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹਨ।

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

ਮਾਹਰਾਂ ਦਾ ਕੀ ਕਹਿਣਾ ਹੈ?

ਪਲਮਨਰੀ ਤੇ ਕ੍ਰਿਟਿਕਲ ਕੇਅਰ ਵਿਭਾਗ ਦੇ ਹੈੱਡ ਡਾ. ਧਰੂਵ ਚੌਧਰੀ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭੀੜ ਤੋਂ ਬਚਣਾ ਚਾਹੀਦਾ ਹੈ। "ਜੇ ਭੀੜ ਵਿੱਚ ਮੌਜੂਦ ਇੱਕ ਆਦਮੀ ਵੀ ਕੋਰੋਨਾਵਾਇਰਸ ਨਾਲ ਪੀੜਤ ਹੋਇਆ ਤਾਂ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਇਸ ਬਿਮਾਰੀ ਦਾ ਖਤਰਾ ਹੈ।"

ਉਨ੍ਹਾਂ ਕਿਹਾ, "ਆਮ ਤੌਰ 'ਤੇ ਇੱਕ-ਦੂਜੇ ਤੋਂ ਇੱਕ ਮੀਟਰ ਦਾ ਫਰਕ ਰੱਖਣਾ ਚਾਹੀਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਾਰੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਕੀਤੀਆਂ ਗਈਆਂ ਹਨ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਕੋਰੋਨਾਵਾਇਰਸ ਕਾਰਨ ਆਵਾਜਾਈ ਬਾਰੇ ਹਰ ਸਵਾਲ ਦਾ ਜਵਾਬ

ਵੀਡੀਓ: ਅੰਮ੍ਰਿਤਸਰ ਵਿੱਚ ਕਿਸ ਤਰ੍ਹਾਂ ਦੇ ਹਨ ਇੰਤਜ਼ਾਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)