ਬਠਿੰਡਾ 'ਚ ਨੌਜਵਾਨ ਕਿਸਾਨ ਦੀ ਖੁਦਕੁਸ਼ੀ: 'ਜਿੱਦਣ ਦਾ ਟਰੈਕਟਰ ਘਰੋਂ ਲੈ ਗਏ ਓਦਣ ਦਾ ਮੁੰਡਾ ਉਦਾਸ ਰਹਿੰਦਾ ਸੀ, ਫਿਰ ਸਪਰੇਅ ਪੀ ਲਈ'

ਤਸਵੀਰ ਸਰੋਤ, family
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ ਬਠਿੰਡਾ ਤੋਂ
ਬਠਿੰਡਾ ਜ਼ਿਲ੍ਹੇ ਦੇ ਪਿੰਡ ਮੱਲ ਵਾਲਾ ਦੇ ਇੱਕ ਨੌਜਵਾਨ ਨੇ ਕੁਝ ਦਿਨ ਪਹਿਲਾਂ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰ ਲਈ ਸੀ।
ਮਰਹੂਮ ਸੁਖਮਨਜੀਤ ਸਿੰਘ ਦੀ ਉਮਰ 19 ਸਾਲ ਸੀ ਅਤੇ ਉਨ੍ਹਾਂ ਦਾ ਸੰਬੰਧ ਇੱਕ ਕਿਸਾਨ ਪਰਿਵਾਰ ਨਾਲ ਸੀ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਰਜ਼ੇ ਦੀ ਕਿਸ਼ਤ ਨਾ ਭਰੇ ਜਾਣ ਕਾਰਨ ਫਾਇਨਾਂਸ ਕੰਪਨੀ ਟਰੈਕਟਰ ਲੈ ਗਈ ਜਿਸ ਮਗਰੋਂ ਸੁਖਮਨਜੀਤ ਨੇ ਇਹ ਕਦਮ ਚੁੱਕਿਆ।
ਮਰਹੂਮ ਦੇ ਪਰਿਵਾਰ ਕੋਲ ਢਾਈ ਏਕੜ ਜ਼ਮੀਨ ਹੈ। ਇਸ ਤੋਂ ਇਲਾਵਾ ਪਰਿਵਾਰ ਚਾਰ-ਪੰਜ ਕਿੱਲੇ ਠੇਕੇ ਉੱਤੇ ਲੈ ਕੇ ਖੇਤੀ ਕਰਦਾ ਹੈ।
ਲਗਪਗ ਢਾਈ ਕੁ ਸਾਲ ਪਹਿਲਾਂ ਸੁਖਮਨਜੀਤ ਨੇ ਇੱਕ ਨਵਾਂ ਟਰੈਕਟਰ ਖ਼ਰੀਦਿਆ ਸੀ ਜਿਸ ਨੂੰ ਉਹ ਖੇਤੀਬਾੜੀ ਤੋਂ ਇਲਾਵਾ ਕਿਰਾਏ ਉੱਤੇ ਮਿੱਟੀ ਢੋਣ ਲਈ ਵੀ ਵਰਤਦਾ ਸੀ।
ਪਰਿਵਾਰ ਮੁਤਾਬਕ ਸੁਖਮਨਜੀਤ ਨੇ ਇਹ ਟਰੈਕਟਰ ਇੱਕ ਪ੍ਰਾਈਵੇਟ ਫ਼ਰਮ ਤੋਂ ਫਾਈਨਾਂਸ ਕਰਵਾਇਆ ਸੀ। ਜਦੋਂ ਕੰਪਨੀ ਵਾਲੇ ਉਸ ਦਾ ਟਰੈਕਟਰ ਲੈ ਗਏ ਤਾਂ ਉਸਨੇ ਕੀਟਨਾਸ਼ਕ ਪੀ ਲਿਆ।
ਸੁਖਮਨਪ੍ਰੀਤ ਦੀ ਇਲਾਜ ਦੌਰਾਨ ਬੀਤੀ 6 ਫਰਵਰੀ ਨੂੰ ਮੌਤ ਹੋ ਗਈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
'5 ਕਿਸ਼ਤਾਂ ਭਰ ਦਿੱਤੀਆਂ ਸਨ, 5 ਬਾਕੀ ਸਨ'
ਸੁਖਮਨਪ੍ਰੀਤ ਦਾ ਘਰ ਪਿੰਡ ਦੀ ਫਿਰਨੀ ਤੋਂ ਸੌ ਕੁ ਮੀਟਰ ਹਟਵਾਂ ਗਲੀ ਅੰਦਰ ਹੈ। ਬਿਨਾਂ ਪਲੱਸਤਰ ਵਾਲੀਆਂ ਕੰਧਾਂ ਵਿੱਚ ਲੱਕੜ ਦੇ ਪੁਰਾਣੇ ਗੇਟ ਵਾਲਾ ਘਰ ਸੁਖਮਨਪ੍ਰੀਤ ਦਾ ਹੈ।
ਅੱਧ ਖੁੱਲ੍ਹੇ ਗੇਟ ਵਿੱਚੋਂ ਪਹਿਲੀ ਨਜ਼ਰੇ ਘਰ ਦਾ ਸੱਖਣਾ ਪਣ ਹੀ ਨਜ਼ਰ ਆਉਂਦਾ ਹੈ। ਸਾਹਮਣੇ ਕੰਧ ਕੋਲ ਪੁਰਾਣੀਆਂ ਇੱਟਾਂ ਦੇ ਢੇਰ ਅੱਗੇ ਟਰੈਕਟਰ ਦੇ ਪੋਰ ਵਾਲੇ ਹਲ ਪਏ ਹਨ।
ਅੱਧੇ ਬੰਦ ਗੇਟ ਦੇ ਨਾਲ ਅੰਦਰਲੇ ਪਾਸੇ ਪਿੰਡ ਦੇ ਕੁੱਝ ਮਰਦ ਸੱਥਰ ਉੱਤੇ ਬੈਠੇ ਹਨ। ਇਨ੍ਹਾਂ ਵਿੱਚ ਸੁਖਮਨਪ੍ਰੀਤ ਦੇ ਪਿਤਾ ਇਕਬਾਲ ਸਿੰਘ ਵੀ ਬੈਠੇ ਹਨ।

ਤਸਵੀਰ ਸਰੋਤ, family
ਆਪਣੇ ਬਾਰੇ ਦੱਸਣ ਉੱਤੇ ਮਰਹੂਮ ਦੇ ਪਿਤਾ ਆਪਣੀ ਗੱਲ ਸਾਂਝੀ ਕਰਦੇ ਹਨ, "ਸਾਡੇ ਕੋਲ ਢਾਈ ਏਕੜ ਜ਼ਮੀਨ ਹੈ ਬਾਕੀ ਚਾਰ ਪੰਜ ਏਕੜ ਠੇਕੇ 'ਤੇ ਲੈਂਦੇ ਹਾਂ। ਅਸੀਂ ਦੋ ਕੁ ਸਾਲ ਪਹਿਲਾਂ ਟਰੈਕਟਰ ਖ਼ਰੀਦਿਆ ਸੀ। ਮੇਰਾ ਮੁੰਡਾ ਟਰੈਕਟਰ ਕਿਰਾਏ ਉੱਤੇ ਚਲਾਉਂਦਾ ਸੀ। ਇੱਕ ਪ੍ਰਾਈਵੇਟ ਫ਼ਰਮ ਤੋਂ ਟਰੈਕਟਰ ਫਾਈਨਾਂਸ ਕਰਵਾਇਆ ਸੀ।"
"ਪੰਜ ਕਿਸ਼ਤਾਂ ਭਰ ਦਿੱਤੀਆਂ ਸਨ, ਪੰਜ ਬਾਕੀ ਸਨ। ਪਿਛਲੀ ਕਿਸ਼ਤ ਸਾਥੋਂ ਲੇਟ ਹੋ ਗਈ। ਬੀਤੀ 30 ਤਰੀਕ ਨੂੰ ਪੰਜ ਛੇ ਜਾਣੇ ਆ ਕੇ ਟਰੈਕਟਰ ਲਿਜਾਣ ਲੱਗੇ, ਮੈਂ ਉਦੋਂ ਖੇਤ ਗਿਆ ਹੋਇਆ ਸੀ, ਮੇਰੀ ਪਤਨੀ ਅਤੇ ਮੁੰਡੇ ਨੇ ਉਨ੍ਹਾਂ ਨੂੰ ਰੋਕਿਆ ਪਰ ਉਹ ਜ਼ਬਰਦਸਤੀ ਟਰੈਕਟਰ ਲੈ ਗਏ।"

ਤਸਵੀਰ ਸਰੋਤ, Sukhcharan Preet/BBC
"ਅਸੀਂ ਕਿਸ਼ਤ ਦੇ ਪੈਸੇ ਭਰਨ ਗਏ ਤਾਂ ਉਨ੍ਹਾਂ ਕਿਸ਼ਤ ਤੋਂ ਜ਼ਿਆਦਾ ਪੈਸੇ ਮੰਗ ਲਏ। ਸਾਡੇ ਕੋਲ ਉਨੇ ਪੈਸੇ ਨਹੀਂ ਸਨ। ਅਸੀਂ ਟਾਈਮ ਮੰਗਿਆ ਤਾਂ ਉਨ੍ਹਾਂ ਟਾਈਮ ਨਹੀਂ ਦਿੱਤਾ। ਮੁੰਡਾ ਨਮੋਸ਼ੀ ਮੰਨ ਗਿਆ।"
"ਅਗਲੇ ਦਿਨ ਆ ਕੇ ਉਸਨੇ ਸਪਰੇਅ ਪੀ ਲਈ। ਕਈ ਦਿਨ ਇਲਾਜ ਚੱਲਿਆ। 6 ਫਰਵਰੀ ਨੂੰ ਉਸਦੀ ਮੌਤ ਹੋ ਗਈ।"
ਘਰ ਦੇ ਅੰਦਰ ਵੀ ਬਾਹਰ ਜਿੰਨਾ ਹੀ ਸੱਖਣਾਪਣ ਹੈ। ਬੇਤਰਤੀਬ ਪਿਆ ਘਰ ਦਾ ਸਮਾਨ, ਬਿਨਾਂ ਗੇਟਾਂ ਵਾਲੇ ਦਰਵਾਜ਼ੇ, ਜੰਗ ਖਾ ਚੁੱਕੇ ਗਾਡਰਾਂ ਵਾਲੀਆਂ ਡਾਟ ਦੀਆਂ ਛੱਤਾਂ ਇਸ ਘਰ ਦੀ ਅੰਦਰਲੀ ਤਸਵੀਰ ਹੈ।
ਸੁਖਮਨਪ੍ਰੀਤ ਦੀ ਮਾਤਾ ਰਾਜਵਿੰਦਰ ਕੌਰ ਘਰ ਦੇ ਵਰਾਂਡੇ ਵਿੱਚ ਬੈਠੀ ਹੈ। ਕੋਲ ਸੱਥਰ ਤੇ ਪਿੰਡ ਦੀਆਂ ਔਰਤਾਂ ਅਫ਼ਸੋਸ ਕਰਨ ਆਈਆਂ ਹੋਈਆਂ ਹਨ।

ਤਸਵੀਰ ਸਰੋਤ, Sukhcharan Preet/BBC
ਜਦੋਂ ਦਾ ਟਰੈਕਟਰ ਗਿਆ ਓਦਣ ਦਾ ਉਦਾਸ ਸੀ
ਰਾਜਵਿੰਦਰ ਕੌਰ ਇਨ੍ਹਾਂ ਔਰਤਾਂ ਵਿੱਚ ਖ਼ਾਮੋਸ਼ ਬੈਠੀ ਹੈ। ਉਨ੍ਹਾਂ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ।
ਰਿਸ਼ਤੇਦਾਰਾਂ ਦੇ ਕਹਿਣ 'ਤੇ ਰਾਜਵਿੰਦਰ ਕੌਰ ਨੇ ਆਪਣੇ ਆਪ ਨੂੰ ਸੰਭਾਲਿਆ।

ਤਸਵੀਰ ਸਰੋਤ, Sukhcharan Preet/BBC
ਉਨ੍ਹਾਂ ਨੇ ਦੱਸਣਾ ਸ਼ੁਰੂ ਕੀਤਾ, "ਉਸ ਦਿਨ ਅਸੀਂ ਮਾਂ-ਪੁੱਤ ਹੀ ਸੀ ਘਰੇ, ਸੁਖਮਨਪ੍ਰੀਤ ਦਾ ਪਿਓ ਖੇਤ ਗਿਆ ਹੋਇਆ ਸੀ। ਉਹ ਚਾਰ ਪੰਜ ਜਾਣੇ ਆਏ ਅਤੇ ਧੱਕੇ ਨਾਲ ਟਰੈਕਟਰ ਖੋਹ ਕੇ ਲਿਜਾਣ ਲੱਗੇ।"
"ਅਸੀਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਸਾਨੂੰ ਧੱਕੇ ਵੀ ਮਾਰੇ। ਮੇਰਾ ਪੁੱਤ ਕਮਾਊ ਸੀ। ਸਾਰਾ ਦਿਨ ਹੱਸਦਾ-ਖੇਡਦਾ ਰਹਿੰਦਾ ਸੀ। ਜਿੱਦਣ ਦਾ ਟਰੈਕਟਰ ਘਰੋਂ ਗਿਆ ਓਦਣ ਦਾ ਉਦਾਸ ਰਹਿੰਦਾ ਸੀ।"

ਤਸਵੀਰ ਸਰੋਤ, Sukhcharan Preet/BBC
"ਬੱਸ ਇਸੇ ਗ਼ਮ 'ਚ ਓਹਨੇ ਸਪਰੇਅ ਪੀ ਲਈ। ਅਸੀਂ ਤਾਂ ਹੁਣ ਇਹੀ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਕੀਤੇ ਦੀ ਸਜ਼ਾ ਮਿਲੇ।"
ਪਿੰਡ ਵਾਸੀ ਹਰਭਗਵਾਨ ਸਿੰਘ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹੋਏ ਹਨ।
ਪਰਿਵਾਰ ਅਤੇ ਮਰਹੂਮ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ,"ਪਰਿਵਾਰ ਅਤੇ ਘਰ ਦੀ ਹਾਲਤ ਤੁਸੀਂ ਆਪ ਹੀ ਦੇਖ ਸਕਦੇ ਹੋ। ਜਿੱਥੋਂ ਤੱਕ ਮੁੰਡੇ ਦਾ ਸਵਾਲ ਹੈ, ਬਹੁਤ ਵਧੀਆ ਮੁੰਡਾ ਸੀ। ਸਭ ਨੂੰ ਹੱਸ ਕੇ ਬੁਲਾਉਂਦਾ ਸੀ, ਕੋਈ ਨਸ਼ਾ ਨਹੀਂ ਸੀ ਕਰਦਾ।"

ਤਸਵੀਰ ਸਰੋਤ, Sukhcharan Preet/BBC
"ਇਸ ਮੁੰਡੇ ਨੂੰ ਵਿਰਾਸਤ ਵਿੱਚ ਤਿੰਨ ਲੱਖ ਦਾ ਕਰਜ਼ਾ ਮਿਲਿਆ ਸੀ, ਕੁੱਝ ਸੋਸਾਇਟੀ ਦੇ ਪੈਸੇ ਵੀ ਦੇਣੇ ਸਨ। ਇਹ ਮਿਹਨਤ ਕਰਕੇ ਉਹ ਕਰਜ਼ਾ ਵੀ ਲਾਹ ਰਿਹਾ ਸੀ। ਟਰੈਕਟਰ ਦੀਆਂ ਕਿਸ਼ਤਾਂ ਵੀ ਮੋੜ ਰਿਹਾ ਸੀ।"
"ਕਿਸਾਨੀ ਪਰਿਵਾਰ 'ਚ ਫ਼ਸਲ ਦੇ ਵਾਧੇ ਘਾਟੇ ਨਾਲ ਅਕਸਰ ਦਿੱਕਤ ਆ ਜਾਂਦੀ ਹੈ। ਇਸਦੀ ਇੱਕ ਕਿਸ਼ਤ ਲੇਟ ਹੋ ਗਈ ਤਾਂ ਆਹ ਭਾਣਾ ਵਾਪਰ ਗਿਆ। ਬੇਹੱਦ ਲੋੜਵੰਦ ਪਰਿਵਾਰ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਪਰਿਵਾਰ ਦੀ ਸਰਕਾਰ ਮਦਦ ਕਰੇ।"

ਤਸਵੀਰ ਸਰੋਤ, family
ਪੰਜ ਜਣਿਆਂ 'ਤੇ ਪਰਚਾ
ਥਾਣਾ ਸੰਗਤ ਮੰਡੀ ਵਿੱਚ ਦੋਸ਼ੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਅਧੀਨ ਪਰਚਾ ਦਰਜ ਹੋਇਆ ਹੈ।
ਜਾਂਚ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ, "ਸਾਨੂੰ ਰੁੱਕੇ ਰਾਹੀਂ ਸੁਖਮਨਜੀਤ ਸਿੰਘ ਦੇ ਕੀਟਨਾਸ਼ਕ ਪੀਣ ਸਬੰਧੀ ਸੂਚਨਾ ਮਿਲੀ ਸੀ। ਸਬੰਧਿਤ ਹਸਪਤਾਲ ਦੇ ਡਾਕਟਰਾਂ ਮੁਤਾਬਕ ਮਰਹੂਮ ਬੋਲਣ ਦੀ ਹਾਲਤ ਵਿੱਚ ਨਹੀਂ ਸੀ।"
"6 ਫਰਵਰੀ ਨੂੰ ਸਾਨੂੰ ਇਤਲਾਹ ਮਿਲੀ ਕਿ ਸੁਖਮਨਪ੍ਰੀਤ ਦੀ ਮੌਤ ਹੋ ਗਈ ਹੈ। ਮਰਹੂਮ ਦੇ ਪਿਤਾ ਨੇ ਦੱਸਿਆ ਕਿ ਫਾਈਨਾਂਸ ਕੰਪਨੀ ਵੱਲੋਂ ਟਰੈਕਟਰ ਦੇ ਮਾਮਲੇ ਵਿੱਚ ਤੰਗ ਪਰੇਸ਼ਾਨ ਕਰਨ ਕਰਕੇ ਉਸਦੇ ਬੇਟੇ ਨੇ ਇਹ ਕਦਮ ਚੁੱਕਿਆ ਹੈ।"
"ਅਸੀਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਇੱਕ ਪਛਾਤੇ ਅਤੇ ਚਾਰ ਅਣਪਛਾਤੇ ਲੋਕਾਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਲਈ ਤਫ਼ਤੀਸ਼ ਕੀਤੀ ਜਾ ਰਹੀ ਹੈ।"
ਇਹ ਵੀ ਪੜ੍ਹੋ:
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













