ਐਮਨੈਸਟੀ ਇੰਟਰਨੈਸ਼ਲ ਦੀ ਮਹਿਲਾ ਸਿਆਸਤਦਾਨਾਂ ਬਾਰੇ ਰਿਪੋਰਟ- 'ਜਿੰਨੀਆਂ ਗੰਦੀਆਂ ਗੱਲਾਂ ਤੁਸੀਂ ਸੋਚ ਸਕਦੇ ਹੋ, ਮੈਂ ਉਹ ਸਭ ਝੱਲਦੀ ਹਾਂ'

ਬਲਾਤਕਾਰ ਦੀਆਂ ਧਮਕੀਆਂ, ਗਾਲਾਂ, ਔਰਤ ਵਿਰੋਧੀ ਟਿੱਪਣੀਆਂ ਅਤੇ ਕੋਹਝੀਆਂ ਗੱਲਾਂ, ਭਾਰਤ ਦੀਆਂ ਔਰਤਾਂ ਇਹ ਸਭ ਸਹਿੰਦੀਆਂ ਹਨ।

'ਟ੍ਰੋਲ ਪੈਟਰੋਲ ਇੰਡੀਆ: ਐਕਸਪੋਜ਼ਿੰਗ ਆਨਲਾਈਨ ਐਬਯੂਜ਼ ਫੇਸਡ ਬਾਇ ਵੂਮੈਨ ਪੌਲੀਟੀਸ਼ੀਅਨਜ਼' ਨਾਂ ਦਾ ਇੱਕ ਅਧਿਐਨ ਕੀਤਾ ਗਿਆ ਹੈ।

ਇਸ ਅਧਿਐਨ ਨਾਲ ਪਤਾ ਲੱਗਿਆ ਹੈ ਕਿ ਭਾਰਤੀ ਔਰਤਾਂ ਨੂੰ ਟਵਿੱਟਰ 'ਤੇ ਲਗਾਤਾਰ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੀ ਮਦਦ ਨਾਲ ਕੀਤੇ ਗਏ ਇਸ ਅਧਿਐਨ ਵਿੱਚ 95 ਭਾਰਤੀ ਮਹਿਲਾ ਸਿਆਸਤਦਾਨਾਂ ਬਾਰੇ ਕੀਤੇ ਗਏ ਟਵੀਟਾਂ ਦੀ ਸਮੀਖਿਆ ਕੀਤੀ ਗਈ।

ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ 95 ਮਹਿਲਾ ਆਗੂਆਂ ਨੂੰ ਕੀਤੇ ਗਏ 13.8 ਫੀਸਦ ਟਵੀਟ ਜਾਂ ਤਾਂ ਇਤਰਾਜ਼ਯੋਗ ਸਨ ਜਾਂ ਫਿਰ ਉਨ੍ਹਾਂ ਦੀ ਹੱਤਕ ਕਰਨ ਵਾਲੇ ਸਨ।

ਇਹ ਵੀ ਪੜ੍ਹੋ-

ਇਸ ਦਾ ਮਤਲਬ ਇਹ ਹੋਇਆ ਹੈ ਕਿ ਇਨ੍ਹਾਂ ਸਾਰੀਆਂ ਆਗੂਆਂ ਨੇ ਰੋਜ਼ਾਨਾ ਔਸਤ 10 ਹਜ਼ਾਰ ਤੋਂ ਵੀ ਵੱਧ ਅਪਮਾਨਜਨਕ ਟਵੀਟ ਦਾ ਸਾਹਮਣਾ ਕੀਤਾ ਹੈ।

ਅਧਿਐਨ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੁਸਲਮਾਨ ਔਰਤਾਂ ਨੂੰ ਬਾਕੀ ਧਰਮਾਂ ਦੀਆਂ ਔਰਤਾਂ ਦੇ ਮੁਕਾਬਲੇ 91.4% ਵੱਧ ਇਤਰਾਜ਼ਯੋਗ ਟਵੀਟ ਕੀਤੇ ਜਾਂਦੇ ਹਨ।

ਇਹ ਅਧਿਐਨ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ, ਚੋਣਾਂ ਦੇ ਦੌਰਾਨ ਅਤੇ ਉਨ੍ਹਾਂ ਦੇ ਤੁਰੰਤ ਬਾਅਦ (ਮਾਰਚ 2019 - ਮਈ 2019) ਕੀਤੇ ਗਏ ਸਨ।

ਅਧਿਐਨ ਦੇ ਮੁੱਖ ਨਤੀਜੇ ਇਸ ਪ੍ਰਕਾਰ ਹਨ:

  • ਭਾਰਤੀ ਔਰਤਾਂ ਲਈ ਹਰੇਕ 7 ਪਿੱਛੇ 1 ਟਵੀਟ ਇਤਰਾਜ਼ਯੋਗ ਸੀ।
  • ਮਸ਼ਹੂਰ ਮਹਿਲਾ ਆਗੂਆਂ ਨੂੰ ਵੱਧ ਟਰੋਲਿੰਗ ਝੱਲਣੀ ਪੈਂਦੀ ਹੈ।
  • ਮੁਸਲਮਾਨ ਮਹਿਲਾ ਆਗੂਆਂ ਨੂੰ ਬਾਕੀਆਂ ਨਾਲੋਂ 55.5 ਫੀਸਦ ਤੋਂ ਵੱਧ ਇਤਰਾਜ਼ਯੋਗ ਟਵੀਟ ਦਾ ਸਾਹਮਣਾ ਕਰਨਾ ਪਿਆ।
  • ਮੁਸਲਮਾਨ ਆਗੂਆਂ ਦੇ ਧਰਮ ਬਾਰੇ ਇਤਰਾਜ਼ਯੋਗ ਟਵੀਟ ਕੀਤੇ ਗਏ, ਉਹ ਹਿੰਦੂ ਆਗੂਆਂ ਲਈ ਕੀਤੇ ਗਏ ਟਵੀਟ ਦੇ ਮੁਕਾਬਲੇ ਦੁਗਣੇ ਸਨ।
  • ਐੱਸਸੀ/ਐੱਸਟੀ ਅਤੇ ਹੋਰ ਪਛੜੇ ਵਰਗ ਦੀਆਂ ਆਗੂਆਂ ਨੂੰ ਦੂਜੀਆਂ ਦੀ ਤੁਲਨਾ ਵਿੱਚ 59 ਫੀਸਦ ਵੱਧ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਲਈ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ।

ਐਮਨੈਸਟੀ ਇੰਟਰਨੈਸ਼ਨ ਇੰਡੀਆ ਨੇ ਨਵੰਬਰ 2019 ਵਿੱਚ ਰਿਸਰਚ ਦੇ ਨਤੀਜਿਆਂ ਨੂੰ ਟਵਿੱਟਰ ਨਾਲ ਸਾਂਝਾ ਕੀਤਾ ਅਤੇ ਪੁੱਛਿਆ ਕਿ, ਕੀ ਆਮ ਚੋਣਾਂ ਦੌਰਾਨ ਆਨਲਾਈਨ ਟਰੋਲਿੰਗ ਰੋਕਣ ਲਈ ਕੋਈ ਖ਼ਾਸ ਕਦਮ ਚੁੱਕੇ ਗਏ ਸਨ?

ਆਪਣੇ ਜਵਾਬ ਵਿੱਚ ਟਵਿੱਟਰ ਨੇ ਕਿਹਾ, "ਟਵਿੱਟਰ ਨੂੰ ਜਨਤਕ ਗੱਲਬਾਤ ਨਾਲ ਗੁਮਰਾਹ ਕਰਨ ਵਾਲੀ ਮਾੜੀ ਭਾਸ਼ਾ, ਸਪੈਮ ਅਤੇ ਹੋਰ ਮਾੜੇ ਵਤੀਰਿਆਂ ਤੋਂ ਮੁਕਤ ਕਰਵਾਉਣਾ ਸਾਡੇ ਮੁੱਢਲੇ ਟੀਚਿਆਂ ਵਿੱਚ ਸ਼ਾਮਿਲ ਹੈ। ਅਸੀਂ ਇਸ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਾਂ ਅਤੇ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਟਵਿੱਟਰ 'ਤੇ ਲੋਕਾਂ ਦਾ ਤਜਰਬਾ ਸਕਾਰਾਤਮਕ ਰਹੇ।"

‘ਟਵਿੱਟਰ 'ਤੇ ਮੈਂ ਲਗਾਤਾਰ ਟਰੋਲ ਹੁੰਦੀ ਹਾਂ’

ਹਾਲਾਂਕਿ ਕਈ ਮਹਿਲਾ ਆਗੂ ਟਵਿੱਟਰ ਦੇ ਦਾਅਵਿਆਂ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟਵਿੱਟਰ ਔਰਤਾਂ ਦੇ ਹੱਕਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ।

ਭਾਰਤੀ ਜਨਤਾ ਪਾਰਟੀ ਦੀ ਨੇਤਾ ਸ਼ਾਜ਼ੀਆ ਇਲਮੀ ਨੇ ਕਿਹਾ, "ਔਰਤਾਂ ਨੂੰ ਆੱਗੇ ਹੋ ਕੇ ਸਿਆਸਤ ਵਿੱਚ ਆਉਣਾ ਚਾਹੀਦਾ ਹੈ। (ਪਰ) ਇਸ ਕੰਮ ਨੂੰ ਕਰਨ ਦੀ ਜੋ ਕੀਮਤ ਮੈਂ ਚੁਕਾਉਂਦੀ ਹਾਂ, ਉਹ ਬਹੁਤ ਜ਼ਿਆਦਾ ਹੈ। ਟਵਿੱਟਰ 'ਤੇ ਮੈਂ ਲਗਾਤਾਰ ਟਰੋਲ ਹੁੰਦੀ ਹਾਂ।"

"ਆਨਲਾਈਨ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹਾਂ। ਮੈਂ ਕਿਵੇਂ ਦਿਖਦੀ ਹਾਂ, ਮੇਰਾ ਰਿਲੇਸ਼ਨਸ਼ਿਪ ਸਟੇਟਸ ਕੀ ਹੈ, ਮੇਰੇ ਬੱਚੇ ਕਿਉਂ ਨਹੀਂ ਹਨ...ਜਿੰਨੀਆਂ ਗੰਦੀਆਂ ਗੱਲਾਂ ਤੁਸੀਂ ਸੋਚ ਸਕਦੇ ਹੋ, ਮੈਂ ਉਹ ਸਭ ਝੱਲਦੀ ਹਾਂ। ਜੋ ਲੋਕ ਮੇਰੇ ਵਿਚਾਰਾਂ ਤੋਂ ਇੱਤਫਾਕ ਨਹੀਂ ਰੱਖਦੇ, ਉਹ ਮੇਰੇ ਕੰਮ ਬਾਰੇ ਟਿੱਪਣੀ ਨਹੀਂ ਕਰਦੇ ਬਲਕਿ ਹਰ ਸੰਭਵ ਭਾਸ਼ਾ ਵਿੱਚ ਮੈਨੂੰ 'ਵੇਸਵਾ' ਕਹਿੰਦੇ ਹਨ।"

ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਮਾਰਲੇਨਾ ਨੇ ਇਸ ਬਾਰੇ ਵਿੱਚ ਕਿਹਾ ਕਿ ਜਨਤਕ ਥਾਵਾਂ 'ਤੇ ਆਪਣੀ ਸੁਰੱਖਿਆ ਯਕੀਨੀ ਬਣਾਉਣਆ ਕਿਸੇ ਔਰਤ ਦੀ ਜ਼ਿੰਮੇਵਾਰੀ ਨਹੀਂ ਹੈ।

ਉਨ੍ਹਾਂ ਨੇ ਕਿਹਾ, "ਮਿਸਾਲ ਵਜੋਂ ਜੇ ਕੋਈ ਮਹਿਲਾ ਜਨਤਕ ਟਰਾਂਸਪੋਰਟ ਦਾ ਇਸਤੇਮਾਲ ਕਰਦੀ ਹੈ ਤਾਂ ਉਸ ਦੀ ਸੁਰੱਖਿਆ ਯਕੀਨੀ ਬਣਾਉਣਆ ਸਰਕਾਰ ਦੀ ਜ਼ਿੰਮੇਵਾਰੀ ਹੈ। ਠੀਕ ਇਸੇ ਤਰੀਕੇ ਨਾਲ ਜੇ ਕੋਈ ਔਰਤ ਟਵਿੱਟਰ ਵਰਤ ਰਹੀ ਹੈ ਤਾਂ ਉਸ ਦੀ ਸੁਰੱਖਿਆ ਦਾ ਜਿੰਮਾ ਟਵਿੱਟਰ ਦਾ ਹੈ।"

ਵੀਡੀਓ: ਸੋਸ਼ਲ ਮੀਡੀਆ ਦਾ ਨੌਜਵਾਨਾਂ ‘ਤੇ ਅਸਰ

ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ-ਲੈਨਿਨਵਾਦੀ) ਦੀ ਨੇਤਾ ਕਵਿਤਾ ਕ੍ਰਿਸ਼ਨਨ ਦਾ ਕਹਿਣਾ ਹੈ ਕਿ ਆਨਲਾਈਨ ਟਰੋਲਿੰਗ ਨਾਲ ਮਾਨਸਿਕ ਤਣਾਅ ਦੇ ਹਾਲਾਤ ਪੈਦਾ ਹੋ ਜਾਂਦੇ ਹਨ।

ਉਨ੍ਹਾਂ ਨੇ ਕਿਹਾ, "ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਕਿਸੇ ਟਵੀਟ ਦੀ ਸ਼ਿਕਾਇਤ ਕਰਦੇ ਹੋ ਤੇ ਟਵਿੱਟਰ ਕਹਿੰਦਾ ਹੈ ਕਿ ਇਹ ਉਨ੍ਹਾਂ ਦੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦਾ।

ਫਿਰ ਤਾਂ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਰਿਪੋਰਟਿੰਗ ਅਤੇ ਸ਼ਿਕਾਇਤ ਦਾ ਸਾਰਾ ਦਿਖਾਵਾ ਹੀ ਬੰਦ ਕਰ ਦੇਣਾ ਚਾਹੀਦਾ ਹੈ। ਜੇ ਕਿਸੇ 'ਤੇ ਕਾਰਵਾਈ ਹੀ ਨਹੀਂ ਹੋ ਰਹੀ ਹੈ ਤਾਂ ਨੀਤੀਆਂ ਬਣਾਈ ਰੱਖਣ ਦਾ ਫ਼ਾਇਦਾ ਕੀ ਹੋਇਆ?"

ਇਹ ਵੀ ਪੜ੍ਹੋ-

ਟਰੋਲਿੰਗ ਦਾ ਅਸਰ ਕੀ ਹੁੰਦਾ ਹੈ?

ਡਾਕਟਰ ਨੀਤੂ ਰਾਣਾ ਇੱਕ ਮਨੋਵਿਗਿਆਨੀ ਹਨ ਅਤੇ ਲੰਬੇ ਸਮੇਂ ਤੋਂ ਆਨਲਾਈਨ ਟਰੋਲਿੰਗ ਦੇ ਇਨਸਾਨੀ ਦਿਮਾਗ 'ਤੇ ਹੋਣ ਵਾਲੇ ਅਸਰ ਬਾਰੇ ਕੰਮ ਕਰ ਰਹੇ ਹਨ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟਰੋਲਿੰਗ ਦਾ ਮਾਨਸਿਕ ਸਿਹਤ 'ਤੇ ਗੰਭੀਰ ਅਸਰ ਹੋ ਸਕਦਾ ਹੈ।

"ਸੋਸ਼ਲ ਮੀਡੀਆ 'ਤੇ ਲਗਾਤਾਰ ਟਰੋਲ ਹੋਣ ਨਾਲ ਮਾਨਸਿਕ ਤਣਾਅ ਵਧ ਸਕਦਾ ਹੈ। ਆਪਣੇ ਬਾਰੇ ਹੀਣ ਭਾਵਨਾ ਅਤੇ ਫ਼ਿਕਰਮੰਦੀ ਵਧ ਸਕਦੀ ਹੈ।

ਆਨਲਾਈਨ ਸ਼ੋਸ਼ਣ ਦੇ ਸ਼ਿਕਾਰ ਕੁਝ ਲੋਕ ਇਕੱਲੇ ਰਹਿਣ ਲਗਦੇ ਹਨ ਤੇ ਬਾਕੀ ਲੋਕਾਂ ਤੋਂ ਦੂਰੀ ਬਣਾ ਲੈਂਦੇ ਹਨ।”

ਡਾਕਟਰ ਨੀਤੂ ਅਨੁਸਾਰ ਟਰੋਲ ਕਰਨ ਵਾਲਿਆਂ ਨਾਲ ਕਿਸੇ ਕਿਸਮ ਦੀ ਗੱਲਬਾਤ ਜਾਂ ਬਹਿਸ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਨੇ ਕਿਹਾ, "ਜੇ ਤੁਸੀਂ ਉਹਾਂ ਦੀਆਂ ਟਿੱਪਣੀਆਂ ਦੀ ਪਰਵਾਹ ਕਰਦੇ ਹੋ, ਉਨ੍ਹਾਂ ਦਾ ਜਵਾਬ ਦਿੰਦੇ ਹੋ ਅਤੇ ਨਾਰਾਜ਼ਗੀ ਜਤਾਉਂਦੇ ਹੋ ਤਾਂ ਇਸ ਨਾਲ ਉਸ ਦਾ ਹੌਂਸਲਾ ਵਧਦਾ ਹੈ। ਉਨ੍ਹਾਂ ਨੂੰ ਪਤਾ ਲਗ ਜਾਂਦਾ ਹੈ ਕਿ ਤੁਸੀਂ ਉਨ੍ਹਾਂ ਦੀਆਂ ਗੱਲਾਂ ਤੋਂ ਪਰੇਸ਼ਾਨ ਹੋ ਰਹੇ ਹੋ ਇਸ ਲਈ ਉਹ ਤੁਹਾਨੂੰ ਹੋਰ ਪਰੇਸ਼ਾਨ ਕਰਨ ਲਗਦੇ ਹਨ।"

"ਇਹ ਜ਼ਰੂਰੀ ਹੈ ਕਿ ਜਦੋਂ ਕੋਈ ਇਤਰਾਜ਼ਯੋਗ ਕਮੈਂਟ ਆਏ, ਫੌਰਨ ਉਸ ਨੂੰ ਡਿਲੀਟ ਜਾਂ ਰਿਪੋਰਟ ਕਰੋ। ਸੋਸ਼ਲ ਮੀਡੀਆ 'ਤੇ ਚੰਗੀ ਬਹਿਸ ਵਿੱਚ ਕੋਈ ਹਰਜ਼ ਨਹੀਂ ਹੈ ਪਰ ਆਪਣੇ ਆਪ ਨੂੰ ਸ਼ੋਸ਼ਣ ਦਾ ਸ਼ਿਕਾਰ ਬਿਲਕੁਲ ਨਾ ਹੋਣ ਦਿਓ।"

ਇਹ ਵੀ ਪੜ੍ਹੋ-

ਵੀਡੀਓ: ਪਾਕਿਸਤਾਨ ਵਿੱਚ ਸੈਂਸਰ ਬੋਰਡ ਦੀ ਲੋੜ ਕਿਉਂ ਨਹੀਂ

ਵੀਡੀਓ: ਕੀ ਸੋਸ਼ਲ ਮੀਡੀਆ ਕੰਪਨੀਆਂ ਤੁਹਾਨੂੰ ਨਸ਼ੇੜੀ ਬਣਾ ਰਹੀਆਂ ਹਨ

ਵੀਡੀਓ: ‘ਮਲੇਸ਼ੀਆ ਰਹਿੰਦੀ ਪੰਜਾਬਣ ਨੇ 'ਵੀਡੀਓ ਕਾਲ ਕਰ ਕੇ ਕੀਤੀ ਖੁਦਕੁਸ਼ੀ'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)