You’re viewing a text-only version of this website that uses less data. View the main version of the website including all images and videos.
ਭਾਰਤੀ ਔਰਤਾਂ ਵਿਚ ਸਿਜ਼ੇਰੀਅਨ ਡਿਲੀਵਰੀ ਵਧਣ ਦੇ ਕੀ ਹਨ ਕਾਰਨ
- ਲੇਖਕ, ਗੁਰਪ੍ਰੀਤ ਸੈਣੀ
- ਰੋਲ, ਬੀਬੀਸੀ ਪੱਤਰਕਾਰ
41 ਸਾਲ ਦੀ ਸਾਕਸ਼ੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਡਾਕਟਰ ਨੇ ਉਨ੍ਹਾਂ ਨੂੰ 10 ਅਪ੍ਰੈਲ ਦੀ ਡਿਲੀਵਰੀ ਡੇਟ ਦਿੱਤੀ ਹੈ।
ਪਰ ਉਹ ਚਾਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ 13 ਤਰੀਕ ਨੂੰ ਪੈਦਾ ਹੋਵੇ। ਅਜਿਹਾ ਇਸ ਲਈ ਕਿਉਂਕਿ ਪੰਡਿਤ ਨੇ ਉਨ੍ਹਾਂ ਦੇ ਬੱਚੇ ਦਾ ਮਹੂਰਤ 13 ਤਰੀਕ ਦਾ ਕੱਢਿਆ ਹੈ।
ਸਾਕਸ਼ੀ ਨੇ ਆਪਣੀ ਡਾਕਟਰ ਨੂੰ ਕਹਿ ਦਿੱਤਾ ਹੈ ਕਿ ਉਹ ਡਿਲੀਵਰੀ ਮਹੂਰਤ ਦੇ ਹਿਸਾਬ ਨਾਲ ਹੀ ਕਰਵਾਉਣਾ ਚਾਹੁੰਦੀ ਹੈ ਅਤੇ ਉਹ ਇਸ ਲਈ ਸਿਜ਼ੇਰੀਅਨ ਡਿਲੀਵਰੀ ਕਰਵਾਉਣ ਲਈ ਤਿਆਰ ਹੈ।
ਉੱਥੇ ਹੀ 28 ਸਾਲ ਦੀ ਰੋਮਾ ਨੇ ਵੀ ਪੱਕਾ ਫ਼ੈਸਲਾ ਕਰ ਲਿਆ ਹੈ ਕਿ ਉਹ ਆਪਰੇਸ਼ਨ ਨਾਲ ਹੀ ਡਿਲੀਵਰੀ ਕਰਵਾਏਗੀ ਕਿਉਂਕਿ ਉਹ ਨਾਰਮਲ ਡਿਲੀਵਰੀ ਦੇ ਦਰਦ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ।
ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਰੇਣੂ ਮਲਿਕ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਸਾਕਸ਼ੀ ਅਤੇ ਰੋਮਾ ਵਰਗੀਆਂ ਕਈ ਔਰਤਾਂ ਹਨ, ਜੋ ਨਾਰਮਲ ਡਿਲੀਵਰੀ ਦੀ ਬਜਾਇ ਸਿਜ਼ੇਰੀਅਨ ਆਪਣੀ ਮਰਜ਼ੀ ਨਾਲ ਕਰਵਾਉਂਦੀਆਂ ਹਨ ਜਦਕਿ ਕਈ ਵਾਰ ਮੈਡੀਕਲ ਸਿਜ਼ੇਰੀਅਨ ਦੀ ਲੋੜ ਹੀ ਨਹੀਂ ਹੁੰਦੀ।
ਜਾਮਾ ਨੈਟਵਰਕ ਓਪਨ ਦੀ ਇੱਕ ਸਟੱਡੀ 'ਚ ਸਾਹਮਣੇ ਆਇਆ ਹੈ ਕਿ ਭਾਰਤ 'ਚ ਅਮੀਰ ਤਬਕਿਆਂ 'ਚ ਜ਼ਰੂਰਤ ਤੋਂ ਵੱਧ ਸਿਜ਼ੇਰੀਅਨ ਡਿਲੀਵਰੀਆਂ ਹੋ ਰਹੀਆਂ ਹਨ, ਜਦਕਿ ਗਰੀਬ ਤਬਕਿਆਂ 'ਚ ਕਈ ਲੋੜਵੰਦਾਂ ਨੂੰ ਆਪਰੇਸ਼ਨ ਦੀ ਸੁਵਿਧਾ ਤੱਕ ਨਹੀਂ ਮਿਲਦੀ।
ਇਹ ਵੀ ਪੜ੍ਹੋ-
10 ਸਾਲਾਂ 'ਚ ਸਿਜ਼ੇਰੀਅਨ ਡਿਲੀਵਰੀ ਦੇ ਮਾਮਲੇ ਦੁੱਗਣੇ
ਨੈਸ਼ਨਲ ਫੈਮਲੀ ਹੈਲਥ ਸਰਵੇ-4 ਮੁਤਾਬਕ ਪਿਛਲੇ 10 ਸਾਲ 'ਚ ਭਾਰਤ 'ਚ ਸਿਜ਼ੇਰੀਅਨ ਡਿਲੀਵਰੀ ਦੀ ਦਰ ਦੁੱਗਣੀ ਹੋ ਗਈ ਹੈ।
ਐਨਐਫਐਚਐਸ - 4 ਦੇ ਅੰਕੜਿਆਂ ਦੇ ਆਧਾਰ 'ਤੇ ਜਾਮਾ ਨੈਟਵਰਕ ਓਪਨ ਨੇ ਇੱਕ ਸਟੱਡੀ ਕੀਤੀ ਹੈ।
15 ਤੋਂ 49 ਸਾਲ ਦੀਆਂ ਕਰੀਬ 7 ਲੱਖ ਕੁੜੀਆਂ ਅਤੇ ਔਰਤਾਂ 'ਤੇ ਇਹ ਸਟੱਡੀ ਕੀਤੀ ਗਈ ਹੈ। ਇਸ ਸਟੱਡੀ 'ਚ ਦੇਖਿਆ ਗਿਆ ਹੈ ਕਿ 2010 ਤੋਂ 2016 ਤੱਕ ਭਾਰਤ 'ਚ ਸਿਜ਼ੇਰੀਅਨ ਡਿਲੀਵਰੀ ਦੀ ਦਰ 17.2 ਫੀਸਦ ਸੀ।
ਜਦਕਿ 1988 ਤੋਂ 1993 ਤੱਕ ਭਾਰਤ ਵਿੱਚ ਸਿਜ਼ੇਰੀਅਨ ਡਿਲੀਵਰੀ ਦੀ ਦਰ 2.9 ਫੀਸਦ ਹੀ ਸੀ।
ਇਸ ਅਧਿਐਨ 'ਚ ਭਾਰਤ ਦੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 640 ਜ਼ਿਲ੍ਹਿਆਂ ਦੀਆਂ ਔਰਤਾਂ ਨੇ ਹਿੱਸਾ ਲਿਆ ਸੀ।
ਸਟੱਡੀ 'ਚ ਦੇਖਿਆ ਗਿਆ ਕਿ ਗਰਭਵਤੀ ਔਰਤਾਂ ਨੂੰ ਨਾਰਮਲ ਡਿਲੀਵਰੀ ਹੋਵੇਗੀ ਜਾਂ ਸਿਜ਼ੇਰੀਅਨ ਡਿਲੀਵਰੀ ਇਹ ਇਸ ਗੱਲ 'ਤੇ ਵੀ ਨਿਰਭਰ ਹੁੰਦਾ ਹੈ ਕਿ ਔਰਤ ਦੇ ਆਰਥਿਕ ਹਾਲਾਤ ਕਿਹੋ-ਜਿਹੇ ਹਨ।
ਅਮੀਰ ਤਬਕੇ 'ਚ ਵਧੇਰੇ ਸਿਜ਼ੇਰੀਅਨ ਡਿਲੀਵਰੀ ਹੋ ਰਹੀ ਹੈ, ਜਦਕਿ ਗਰੀਬ ਤਬਕੇ ਦੀਆਂ ਔਰਤਾਂ ਦੀਆਂ ਸਿਜ਼ੇਰੀਅਨ ਡਿਲੀਵਰੀਆਂ ਘੱਟ ਹੋ ਰਹੀਆਂ ਹਨ।
ਇਹ ਫ਼ਾਸਲਾ 4.4 ਫੀਸਦ ਤੋਂ ਲੈ ਕੇ 35.9 ਤੱਕ ਦਾ ਹੋ ਸਕਦਾ ਹੈ।
ਸਿਜ਼ੇਰੀਅਨ ਡਿਲੀਵਰੀ ਦੇ ਕਾਰਨ
ਭਾਰਤ 'ਚ ਸਿਜ਼ੇਰੀਅਨ ਡਿਲੀਵਰੀਆਂ ਵਧਣ ਦੇ ਕਈ ਕਾਰਨ ਹਨ। ਡਾ. ਰੇਣੂ ਮਲਿਕ ਕਹਿੰਦੀ ਹੈ, "ਕਈ ਔਰਤਾਂ ਦਰਦ ਸਹਿਣ ਨਹੀਂ ਕਰਨਾ ਚਾਹੁੰਦੀਆਂ। ਕਈ ਡਰਦੀਆਂ ਹਨ। ਅੱਜ ਕੱਲ੍ਹ ਸਿਰਫ਼ ਇੱਕ ਜਾਂ ਦੋ ਬੱਚੇ ਚਾਹੁੰਦੇ ਹਨ। ਇਸ ਲਈ ਉਹ ਡਿਲੀਵਰੀ 'ਚ ਰਿਸਕ ਨਹੀਂ ਲੈਣਾ ਚਾਹੁੰਦੇ।"
ਇਹ ਵੀ ਪੜ੍ਹੋ-
"ਕੁਝ ਲੋਕ ਚਾਹੁੰਦੇ ਹਨ ਕਿ ਬੱਚਿਆਂ ਦਾ ਜਨਮ ਕਿਸੇ ਖ਼ਾਸ ਦਿਨ ਜਾਂ ਵੇਲੇ ਹੋਵੇ। ਬਹੁਤ ਸਾਰੇ ਮੈਡੀਕਲ ਕਾਰਨ ਵੀ ਹੁੰਦੇ ਹਨ। ਅੱਜ ਕੱਲ੍ਹ ਵਿਆਹ ਦੇਰ ਨਾਲ ਹੁੰਦੇ ਹਨ। ਕਈ ਔਰਤਾਂ 30 ਸਾਲ ਤੋਂ ਵੱਧ ਉਮਰ 'ਚ ਮਾਂ ਬਣ ਰਹੀਆਂ ਹਨ। ਅਜਿਹੇ ਵਿੱਚ ਔਕੜਾਂ ਵਧਣ ਦਾ ਖ਼ਤਰਾ ਵੀ ਰਹਿੰਦਾ ਹੈ। ਹਾਇਪਰ ਟੈਂਸ਼ਨ ਅਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਆਮ ਹਨ। ਸਿਜ਼ੇਰੀਅਨ ਡਿਲੀਵਰੀ ਦਾ ਵੱਡਾ ਕਾਰਨ ਇੱਕ ਲਾਈਫ ਸਟਾਇਲ ਵੀ ਹੈ। ਮੋਟਾਪਾ ਵਧ ਰਿਹਾ ਹੈ, ਔਰਤਾਂ ਕਸਰਤ ਨਹੀਂ ਕਰਦੀਆਂ।"
ਆਮ ਧਾਰਨਾ ਹੈ ਕਿ ਹਸਪਤਾਲ ਅਤੇ ਡਾਕਟਰਾਂ 'ਤੇ ਵੀ ਇਹ ਇਲਜ਼ਾਮ ਲਗਦੇ ਹਨ ਕਿ ਉਹ ਪੈਸਾ ਬਣਾਉਣ ਲਈ ਅਤੇ ਸਮਾਂ ਬਚਾਉਣ ਲਈ ਨਾਰਮਲ ਡਿਲੀਵਰੀ ਦੀ ਬਜਾਇ ਸਿਜ਼ੇਰੀਅਨ ਡਿਲੀਵਰੀ ਵਧੇਰੇ ਕਰਦੇ ਹਨ।
ਪਰ ਡਾ. ਰੇਣੂ ਮਲਿਕ ਇਸ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਥਾਂ ਨਾਰਮਲ ਡਿਲੀਵਰੀ ਅਤੇ ਸਿਜ਼ੇਰੀਅਨ ਡਿਲੀਵਰੀ ਦੀ ਫੀਸ ਲਗਭਗ ਇਕੋ-ਜਿਹੀ ਕਰ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਹ ਮਹਿੰਗਾ ਨਾ ਲੱਗੇ।
ਡਾ. ਰੇਣੂ ਮੁਤਾਬਕ, "ਨਾਰਮਲ ਡਿਲੀਵਰੀ 'ਚ ਦਰਦ ਨੂੰ ਘੱਟ ਕਰਨ ਲਈ ਐਪੀਡੁਰੀਅਲ ਐਨਸਥੀਸੀਆ ਵੀ ਦਿੱਤਾ ਜਾਣ ਲੱਗਾ ਹੈ। ਇਸ ਨਾਲ ਔਰਤਾਂ ਨੂੰ ਲੇਬਰ ਦਰਦ ਤਾਂ ਹੁੰਦੀ ਹੈ ਪਰ ਇਸ ਨੂੰ ਪਤਾ ਨਹੀਂ ਲਗਦਾ।"
ਸਟੱਡੀ ਮੁਤਾਬਕ ਉੱਤਰ ਭਾਰਤ ਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਵਧੇਰੇ ਆਬਾਦੀ ਵਾਲੇ ਸੂਬਿਆਂ 'ਚ ਹੁਣ ਵੀ 30 ਫੀਸਦ ਤੋਂ ਵੱਧ ਬੱਚੇ ਘਰ ਹੀ ਪੈਦਾ ਹੁੰਦੇ ਹਨ।
ਉੱਥੇ ਹੀ ਦੱਖਣੀ ਭਾਰਤ ਦੇ ਸਾਰੇ ਸੂਬਿਆਂ ਅਤੇ ਮਹਾਰਾਸ਼ਟਰ, ਪੰਜਾਬ ਵਰਗੇ ਆਰਥਿਕ ਤੌਰ 'ਤੇ ਬਿਹਤਰ ਸੂਬਿਆਂ 'ਚ 90 ਫੀਸਦ ਤੋਂ ਵੱਧ ਬੱਚੇ ਹਸਪਤਾਲਾਂ 'ਚ ਪੈਦਾ ਹੁੰਦੇ ਹਨ।
ਸਟੱਡੀ ਮੁਤਾਬਕ ਰਾਜਸਥਾਨ, ਬਿਹਾਰ ਅਤੇ ਝਾਰਖੰਡ ਵਰਗੇ ਘੱਟ ਵਿਕਸਿਤ ਸੂਬਿਆਂ 'ਚ ਸਿਜ਼ੇਰੀਅਨ ਡਿਲੀਵਰੀ ਦਾ ਰੇਟ 10 ਫੀਸਦ ਤੋਂ ਘੱਟ ਹੈ।
ਇਨ੍ਹਾਂ ਵਿਚੋਂ ਵੀ ਖ਼ਾਸ ਕਰਕੇ ਪਹਾੜੀ ਇਲਾਕਿਆਂ ਜਾਂ ਜੰਗਲਾਂ ਵਾਲੇ ਜ਼ਿਲ੍ਹਿਆਂ ਜਿਵੇਂ ਉੱਤਰ-ਪੂਰਬੀ ਭਾਰਤ, ਉਤਰਾਖੰਡ, ਦੱਖਣੀ ਛੱਤੀਸਗੜ੍ਹ ਅਤੇ ਦੱਖਣੀ ਪੱਛਮੀ ਓਡੀਸ਼ਾ ਸ਼ਾਮਿਲ ਹਨ।
ਉੱਥੇ ਹੀ ਦਿੱਲੀ ਅਤੇ ਦੱਖਣੀ ਭਾਰਤ ਦੇ ਸੂਬਿਆਂ ਜਿਵੇਂ ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ, ਕਰਨਾਟਕ ਅਤੇ ਤਮਿਲਨਾਡੂ 'ਚ ਸਿਜ਼ੇਰੀਅਨ ਡਿਲੀਵਰੀ ਦਾ ਰੇਟ 30 ਤੋਂ 60 ਫੀਸਦ ਤੱਕ ਹੈ।
WHO ਦੀ ਗਾਈਡਲਾਈਨ
ਵਿਸ਼ਵ ਸਿਹਤ ਸੰਗਠਨ ਮੁਤਾਬਕ ਸਿਜ਼ੇਰੀਅਨ ਡਿਲੀਵਰੀ ਦੀ ਰੇਂਜ਼ 10 ਤੋਂ 15 ਫੀਸਦ ਤੱਕ ਰਹਿਣੀ ਚਾਹੀਦੀ ਹੈ ਪਰ ਭਾਰਤ 'ਚ ਇਸ ਤੋਂ ਕਿਤੇ ਵੱਧ ਹੈ।
ਦੁਨੀਆਂ 'ਚ ਕਈ ਦੇਸ ਅਜਿਹੇ ਹਨ ਜਿੱਥੇ ਸਿਜ਼ੇਰੀਅਨ ਡਿਲੀਵਰੀ ਦੇ ਮਾਮਲੇ ਬਹੁਤ ਜ਼ਿਆਦਾ ਹਨ।
ਨੈਸ਼ਨਲ ਸੈਂਟਰ ਫਾਰ ਬਾਓਟੈਕਨੋਲਾਜੀ ਇੰਫੋਮੇਸ਼ਨ (ਐਨਸੀਬੀਆਈ) ਦੇ 1990 ਤੋਂ 2014 ਦੇ ਅੰਕੜਿਆਂ ਮੁਤਾਬਕ ਲੈਟਿਨ ਅਮਰੀਕਾ ਅਤੇ ਕੈਰੀਬੀਆਈ ਦੇਸਾਂ 'ਚ ਸਭ ਤੋਂ ਵੱਧ ਸਿਜ਼ੇਰੀਅਨ ਡਿਲੀਵਰੀ ਹੁੰਦੀ ਹੈ। ਇੱਥੇ ਇਸ ਦਾ ਫੀਸਦ 40.5 ਫੀਸਦ ਹੈ।
ਸਿਜ਼ੇਰੀਅਨ ਡਿਲੀਵਰੀ ਦੀ ਦਰ ਉੱਤਰੀ ਅਮਰੀਕਾ 32.3 ਫੀਸਦ ਹੈ ਜਦਕਿ ਯੂਰਪੀ ਦੇਸਾਂ 'ਚ ਇਹ 25 ਫੀਸਦ ਹੈ।
ਭਾਰਤ 'ਚ ਸ਼ਹਿਰੀ ਇਲਾਕਿਆਂ 'ਚ ਅਤੇ ਮੱਧ ਵਰਗੀ ਲੋਕਾਂ 'ਚ ਸਿਜ਼ੇਰੀਅਨ ਡਿਲੀਵਰੀ ਜ਼ਰੂਰਤ ਤੋਂ ਵੱਧ ਹੋ ਰਹੀ ਹੈ। ਸਟੱਡੀ ਦੇ ਅੰਤ 'ਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਗ਼ੈਰ ਲੋੜੀਂਦੀ ਸਿਜ਼ੇਰੀਅਨ ਡਿਲੀਵਰੀ ਨੂੰ ਰੋਕਣ ਲਈ ਔਰਤਾਂ ਅਤੇ ਹੈਲਥ ਕੇਅਰ ਪ੍ਰੋਫੈਸ਼ਨਲਾਂ ਨੂੰ ਟਾਰਗੇਟ ਕਰਦਿਆਂ ਹੋਇਆ ਪਾਲਿਸੀ ਬਣਾਉਣ ਦੀ ਲੋੜ ਹੈ।