You’re viewing a text-only version of this website that uses less data. View the main version of the website including all images and videos.
ਅਡਵਾਨੀ ਨੇ ਭਾਜਪੀ ਨਹੀਂ ਛੱਡੀ ਇਸ ਦਾ ਮਤਲਬ ਇਹ ਤਾਂ ਨਹੀਂ ਕੋਈ ਵੀ ਨਾ ਛੱਡੇ- ਸ਼ਤਰੂਘਨ ਸਿਨਹਾ
- ਲੇਖਕ, ਭੂਮਿਕਾ ਰਾਏ
- ਰੋਲ, ਬੀਬੀਸੀ ਪੱਤਰਕਾਰ
ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸ਼ਤਰੂਘਨ ਸਿਨਹਾ ਨੇ ਭਾਜਪਾ ਛੱਡ ਕਾਂਗਰਸ ਦਾ ਹੱਥ ਫੜ ਲਿਆ ਹੈ। ਕਾਂਗਰਸ ਨੇ ਉਨ੍ਹਾਂ ਨੂੰ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਟਿਕਟ ਵੀ ਦੇ ਦਿੱਤਾ ਹੈ।
ਸ਼ਤਰੂਘਨ ਸਿਨਹਾ ਲੰਬੇ ਸਮੇਂ ਤੋਂ ਭਾਜਪਾ ਨਾਲ ਰਹੇ ਅਤੇ ਪਾਰਟੀ ਦੇ ਵੱਡੇ ਆਗੂ ਵਜੋਂ ਜਾਣੇ ਜਾਂਦੇ ਰਹੇ। ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵਜਾਰਤ ਵਿੱਚ ਮੰਤਰੀ ਵੀ ਰਹੇ।
ਉਹ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਨ ਅਤੇ ਕਈ ਮੌਕਿਆਂ ਤੇ ਆਪਣੀ ਨਾਰਾਜ਼ਗੀ ਵੀ ਪ੍ਰਗਟ ਕਰ ਚੁੱਕੇ ਸਨ। ਹਾਲ ਹੀ ਵਿੱਚ ਉਹ ਮਹਾਂ ਗਠਜੋੜ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਏ ਅਤੇ ਭਾਜਪਾ ਦੀ ਅਗਵਾਈ ਵਾਲੀ ਮੈਜੂਦਾ ਕੇਂਦਰ ਸਰਕਾਰ ਤੇ ਤਿੱਖੇ ਵਾਰ ਕੀਤੇ।
ਇਹ ਵੀ ਪੜ੍ਹੋ:
ਸ਼ਤਰੂਘਨ ਸਿਨਹਾ ਪਟਨਾ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਹਨ ਪਰ ਇਸ ਵਾਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤਾ। ਪਟਨਾ ਤੋਂ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੂੰ ਟਿਕਟ ਦਿੱਤਾ ਗਿਆ ਹੈ।
ਕਈ ਸਾਲਾਂ ਤੋਂ ਵੱਖ-ਵੱਖ ਸਮਲਿਆਂ ਤੇ ਮਤਭੇਦਾਂ ਦੇ ਬਾਵਜੂਦ ਵੀ ਸ਼ਤਰੂਘਨ ਸਿਨਹਾ ਭਾਜਪਾ ਨਾਲ ਬਣੇ ਰਹੇ। ਹੁਣ ਉਨ੍ਹਾਂ ਨੇ ਪਾਰਟੀ ਛੱਡਣ ਦਾ ਫੈਸਲਾ ਕਿਉਂ ਲਿਆ ਅਤੇ ਇੱਕ ਨਵੀਂ ਪਾਰਟੀ ਅਤੇ ਵਿਚਾਰਧਾਰਾ ਨਾਲ ਉਹ ਕਿਸ ਤਰ੍ਹਾਂ ਤਾਲਮੇਲ ਬਿਠਾਉਣਗੇ, ਅਜਿਹੇ ਹੀ ਸਵਾਲਾਂ ਨੂੰ ਲੈਕੇ ਬੀਬੀਸੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ:
30 ਸਾਲ ਭਾਜਪਾ ਵਿੱਚ ਰਹਿਣ ਮਗਰੋਂ ਪਾਰਟੀ ਛੱਡਣ ਦਾ ਫੈਸਲਾ ਲੈਣ ਦੀ ਲੋੜ ਕਿਉਂ ਪਈ?
ਕੋਈ ਤਾਂ ਮਜਬੂਰੀਆਂ ਰਹੀਆਂ ਹੋਣਗੀਆਂ ਵਰਨਾ ਬੇਵਜ੍ਹਾ ਤਾਂ ਕੋਈ ਬੇਵਫ਼ਾ ਨਹੀਂ ਹੁੰਦਾ। ਕੋਈ ਤਾਂ ਗੱਲ ਰਹੀ ਹੈ ਅਤੇ ਇਹ ਸਿਰਫ਼ ਮੇਰੇ ਨਾਲ ਹੀ ਨਹੀਂ ਹੈ।
ਮੈਂ ਆਪਣੇ ਮਾਨ-ਸਨਮਾਨ ਅਤੇ ਬੇਇਜ਼ਤੀ ਦੀ ਗੱਲ ਨਹੀਂ ਕਰਦਾ। ਭਾਜਪਾ ਦੇ ਸਿਰਕੱਢ ਆਗੂ, ਗੁਰੂ ਅਤੇ ਮਾਰਗਦਰਸ਼ਕ ਲਾਲ ਕ੍ਰਿਸ਼ਣ ਅਡਵਾਨੀ ਨਾਲ ਜੋ ਹੋਇਆ ਉਹ ਸਭ ਨੇ ਦੇਖਿਆ। ਉਹ ਇੰਨੇ ਪ੍ਰੇਸ਼ਾਨ ਹੋਏ ਕਿ ਬਲਾਗ ਲਿਖਣਾ ਪਿਆ। ਉਸ ਬਲਾਗ ਨਾਲ ਪੂਰਾ ਦੇਸ ਵਿਚਲਿਤ ਹੋ ਗਿਆ। ਭਾਜਪਾ ਦੇ ਕਈ ਆਗੂ ਜਿਵੇਂ ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ ਅਤੇ ਆਰੁਣ ਸ਼ੌਰੀ ਨੂੰ ਇੰਨੀ ਤਕਲੀਫ਼ ਹੋਈ ਕਿ ਉਨ੍ਹਾਂ ਨੇ ਪਾਰਟੀ ਤੋਂ ਮੂੰਹ ਹੀ ਮੋੜ ਲਿਆ।
ਮੈਂ ਫਿਰ ਵੀ ਨਿਭਾ ਰਿਹਾ ਸੀ ਅਤੇ ਦੇਖ ਰਿਹਾ ਸੀ ਕਿ ਹੌਲੀ-ਹੌਲੀ ਲੋਕਸ਼ਾਹੀ ਤਾਨਾਸ਼ਾਹੀ ਵਿੱਚ ਬਦਲ ਰਹੀ ਹੈ। ਮੈਨੂੰ ਸਮੂਹਿਕ ਫੈਸਲੇ ਲੈਣ ਦਾ ਜ਼ਮਾਨਾ ਬੀਤਦਾ ਦਿਖਿਆ।
ਜਦੋਂ ਉੱਥੇ ਵਨ ਮੈਨ ਸ਼ੋਅ ਅਤੇ ਟੂ-ਮੈਨ ਆਰਮੀ ਦੀ ਸਿਥਿਤੀ ਲੱਗਣ ਲੱਗੀ ਤਾਂ ਮੈਂ ਫੈਸਲਾ ਲਿਆ। ਮੈਂ ਪਾਰਟੀ ਦੇ ਖ਼ਿਲਾਫ ਕਦੇ ਕੋਈ ਬਗਾਵਤ ਨਹੀਂ ਕੀਤੀ। ਮੈਂ ਜੋ ਵੀ ਕਿਹਾ ਉਹ ਦੇਸ ਹਿੱਤ ਵਿੱਚ ਕਿਹਾ। ਆਪਣੇ ਲਈ ਕਦੇ ਕੁਝ ਨਹੀਂ ਮੰਗਿਆ ਅਤੇ ਨਿਸਵਾਰਥ ਭਾਵ ਨਾਲ ਪਾਰਟੀ ਲਈ ਕੰਮ ਕਰਦਾ ਰਿਹਾ ਹਾਂ।
ਤੁਸੀਂ ਵਾਰ-ਵਾਰ ਅਡਵਾਨੀ ਜੀ ਦੀ ਗੱਲ ਕਰਦੇ ਹੋ ਪਰ ਤਮਾਮ ਗੱਲਾਂ ਦੇ ਬਾਵਜੂਦ ਉਹ ਤਾਂ ਹਾਲੇ ਤੱਕ ਪਾਰਟੀ ਦਾ ਹਿੱਸਾ ਹਨ...
ਲਾਲ ਕ੍ਰਿਸ਼ਣ ਅਡਵਾਨੀ ਨੇ ਪਾਰਟੀ ਨਹੀਂ ਛੱਡੀ ਕਿਉਂਕਿ ਉਹ ਪਾਰਟੀ ਦੇ ਵੱਡੇ ਆਗੂ ਹਨ ਅਤੇ ਕਾਫ਼ੀ ਪਰਪੱਕ ਹਨ। ਮੈਂਨੂੰ ਜਿੱਥੇ ਕਈ ਵੱਡੇ ਅਤੇ ਸਿਰਕੱਢ ਆਗੂਆਂ ਦੀ ਪਾਰਟੀ ਨਾਲ ਜੁੜਣ ਦੀ ਖ਼ੁਸ਼ੀ ਹੈ ਉੱਥੇ ਹੀ ਭਾਜਪਾ ਦੇ ਸਥਾਪਨਾ ਦਿਵਸ ਮੌਕੇ ਉਸ ਨੂੰ ਅਲਵਿਦਾ ਕਹਿਣ ਦਾ ਦੁੱਖ ਵੀ ਹੈ। ਜਿਸ ਪਾਰਟੀ ਵਿੱਚ ਮੇਰਾ ਪਾਲਣ-ਪੋਸ਼ਣ ਹੋਇਆ ਅਤੇ ਮੈਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ, ਉਸੇ ਪਾਰਟੀ ਨੂੰ ਅਲਵਿਦਾ ਕਹਿਣਾ ਪਿਆ।
ਨੋਟਬੰਦੀ ਹੋਵੇ ਜਾਂ ਜੀਐਸਟੀ ਮੈਂ ਹਮੇਸ਼ਾ ਜਨਤਾ ਦੇ ਮੁੱਦੇ ਚੁੱਕੇ ਹਨ ਪਰ ਉਸ ਬਾਰੇ ਕਿਹਾ ਗਿਆ ਕਿ ਮੈਂ ਬਗਾਵਤ ਕਰ ਰਿਹਾ ਹਾਂ। ਇਸ ਲਈ ਮੈਨੂੰ ਵੀ ਕਹਿਣਾ ਪਿਆ ਕਿ ਜੇ ਸੱਚ ਕਹਿਣਾ ਬਗਾਵਤ ਹੈ, ਤਾਂ ਹਾਂ ਮੈਂ ਬਾਗੀ ਹਾਂ।
ਅਡਵਾਨੀ ਜੀ ਜੇ ਅੰਦਰ ਬਹੁਤ ਗਹਿਰਾਈ ਹੈ, ਠਹਿਰਾਓ ਹੈ ਅਤੇ ਉਨ੍ਹਾਂ ਦਾ ਪਿਤਾ ਵਰਗਾ ਅਕਸ ਹੈ। ਇਸ ਲਈ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ, ਤਾਂ ਜਰੂਰੀ ਨਹੀਂ ਕਿ ਕੋਈ ਹੋਰ ਵੀ ਪਾਰਟੀ ਨਾ ਛੱਡੇ। ਖ਼ਾਸਕਰਕੇ ਜਿਸ ਅੰਦਰ ਸਮਰੱਥਾ ਹੈ, ਸੰਘਰਸ਼ ਕਰਨ ਦੀ ਅਤੇ ਜਿਸ ਦਾ ਲੋਕਾਈ ਨਾਲ ਜੁੜਾਅ ਲਗਾਤਾਰ ਬਣਿਆ ਹੋਇਆ ਹੈ। ਜੋ ਜਨਤਾ ਦੀਆਂ ਉਮੀਦਾਂ ਤੇ ਖਰਾ ਉੱਤਰਦਾ ਹੋਵੇ, ਉਸ ਨੂੰ ਜਰੂਰ ਅੱਗੇ ਵਧਣਾ ਚਾਹੀਦਾ ਹੈ। ਇੱਕ ਨਵੀਂ ਅਤੇ ਸਹੀ ਦਿਸ਼ਾ ਤਲਾਸ਼ਣੀ ਚਾਹੀਦੀ ਹੈ।
ਇੰਨੇ ਸਾਲਾਂ ਤੱਕ ਤੁਸੀਂ ਭਾਜਪਾ ਦੀ ਵਿਚਾਰਧਾਰਾ ਨਾਲ ਜੁੜੇ ਰਹੇ ਕਾਂਗਰਸ ਅਤੇ ਭਾਜਪਾ ਕਈ ਮਾਮਲਿਆਂ ਵਿੱਚ ਵੱਖਰੇ ਵਿਚਾਰ ਰੱਖਦੇ ਹਨ ਜਿਵੇਂ ਰਾਮ ਮੰਦਿਰ ਦਾ ਮਸਲਾ, ਇਸ ਨਾਲ ਤੁਸੀਂ ਕਿਵੇਂ ਤਾਲਮੇਲ ਕਰੋਗੇ?
ਮੈਂ ਰਾਮ ਮੰਦਿਰ ਬਾਰੇ ਕੁਝ ਨਹੀਂ ਕਹਿ ਸਕਦਾ। ਇਹ ਤੈਅ ਹੋ ਚੁੱਕਿਆ ਹੈ ਕਿ ਸਰਬਸੰਮਤੀ ਹੋਵੇ ਜਾਂ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕੀਤੀ ਜਾਵੇ।
ਚੋਣਾਂ ਸਮੇਂ ਇਸ ਮੁੱਦੇ ਨੂੰ ਲਿਆਉਣਾ ਲੋਕਾਂ ਦਾ ਧਿਆਨ ਬਟਾਉਣਾ ਹੈ। ਕਦੇ ਤਿੰਨ ਤਲਾਕ ਦੇ ਮੁੱਦੇ ਨੂੰ ਚੋਣਾਂ ਸਮੇਂ ਲੈ ਆਉਂਦੇ ਹਨ। ਕਦੇ ਚੋਣਾਂ ਦੀ ਘੜੀ ਵਿੱਚ ਵੱਡੇ-ਵੱਡੇ ਭਰਮਾਊ ਵਾਅਦੇ ਕਰ ਜਾਂਦੇ ਹਨ। ਵਿਚਾਰਧਾਰਾ ਭਾਵੇਂ ਵੱਖਰੀ ਹੈ ਪਰ ਦੋਹਾਂ ਦਾ ਏਜੰਡਾ ਉਹੀ ਹੈ ਦੇਸ ਦਾ ਆਰਥਿਕ ਵਿਕਾਸ , ਧਰਮ ਨਿਰਪੇਖਤਾ ਖ਼ਾਸ ਕਰਕੇ ਕਾਂਗਰਸ ਦਾ, ਵਿਕਾਸ, ਸ਼ਾਂਤੀ ਅਤੇ ਸਮਰਿੱਧੀ।
ਤੁਹਾਡੇ ਲਈ ਪਟਨਾ ਸਹਿਬ ਸੀਟ ਹੁਣ ਕਿੰਨੀ ਕੁ ਚੁਣੌਤੀ ਪੂਰਣ ਹੋ ਜਾਵੇਗੀ?
ਮੈਨੂੰ ਪਟਨਾ ਸਹਿਬ ਦੀ ਜਨਤਾ ਤੇ ਪੂਰਾ ਭਰੋਸਾ ਹੈ। ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਿਹਾ ਹੈ। ਬਿਹਾਰ ਪਰਿਵਾਰ ਦੇ ਨਾਲ ਵੀ ਪੁਰਾਣਾ ਰਿਸ਼ਤਾ ਹੈ। ਮੈਨੂੰ ਬਿਹਾਰੀ ਬਾਬੂ ਦੇ ਨਾਂ ਨਾਲ ਸਾਰਾ ਦੇਸ ਜਾਣਦਾ ਹੈ।
ਪਿਛਲੀ ਵਾਰ ਚੋਣਾਂ ਸਭ ਤੋਂ ਅਖੀਰ ਵਿੱਚ ਦੇਰ ਰਾਤ ਮੇਰੇ ਨਾਮ ਦੀ ਘੋਸ਼ਣਾ ਹੋਈ ਸੀ ਅਤੇ ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਸੀ ਕਿ ਮੇਰੇ ਰਾਹ ਵਿੱਚ ਰੁਕਾਵਟ ਪੈਦਾ ਕਰਨ ਪਰ ਉਸ ਦੇ ਬਾਵਜੂਦ ਪਟਨਾ ਸਹਿਬ ਦੀ ਜਨਤਾ ਅਤੇ ਬਿਹਾਰ ਪਰਿਵਾਰ ਨੇ ਪਿਛਲੀਆਂ ਚੋਣਾਂ ਵਿੱਚ ਮੈਨੂੰ ਚੁਣਿਆ ਸੀ। ਇਸੇ ਬੁਨਿਆਦ ਅਤੇ ਭਰੋਸੇ ਨਾਲ ਮੈਂ ਚੋਣਾਂ ਲੜ ਰਿਹਾ ਹਾਂ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ: