‘CAA ਖਿਲਾਫ਼ ਅੰਦੋਲਨ ’ਚ ਔਰਤਾਂ ਨੇ ਸਾਬਿਤ ਕੀਤਾ ਕਿ ਉਹ ਇਤਿਹਾਸ ਪੜ੍ਹਨ ਨਹੀਂ ਬਣਾਉਣ ਆਈਆਂ ਹਨ’ - ਨਜ਼ਰੀਆ

    • ਲੇਖਕ, ਡਾ. ਫਿਰਦੌਸ ਅਜ਼ਮਤ ਸਿੱਦੀਕੀ
    • ਰੋਲ, ਜਾਮੀਆ ਮਿਲੀਆ ਇਸਲਾਮੀਆ, ਦਿੱਲੀ

ਕਿਸੇ ਵੀ ਪ੍ਰਦਰਸ਼ਨ ਨੂੰ ਅਸੀਂ ਜਨ ਅੰਦੋਲਨ ਉਦੋਂ ਤੱਕ ਨਹੀਂ ਕਹਿ ਸਕਦੇ ਜਦੋਂ ਤੱਕ ਉਸ ਵਿਚ ਹਰ ਵਰਗ, ਜਾਤੀ, ਭਾਈਚਾਰੇ, ਲਿੰਗ ਦੀ ਨੁਮਾਇੰਦਗੀ ਨਹੀਂ ਹੁੰਦੀ। ਦੇਖਣ ਦੀ ਲੋੜ ਹੈ ਕਿ ਕੀ ਇਹ ਸਾਰੇ ਤੱਤ ਇਸ ਸੀਏਏ ਵਿਰੋਧੀ ਅੰਦੋਲਨ ਵਿਚ ਹਨ, ਖ਼ਾਸ ਤੌਰ 'ਤੇ ਔਰਤਾਂ ਦੀ ਹਿੱਸੇਦਾਰੀ।

ਸਾਲ 1857 ਦੀ ਕ੍ਰਾਂਤੀ ਦੇ ਵਿਸ਼ਲੇਸ਼ਣ ਵਿਚ ਇਹੀ ਸਵਾਲ ਸੀ ਕਿ ਉਹ ਸਿਪਾਹੀ ਵਿਦਰੋਹ ਸੀ, ਧਰਮਯੁੱਧ ਸੀ ਜਾਂ ਜਨ ਅੰਦੋਲਨ ਸੀ।

ਇਤਿਹਾਸਕਾਰਾਂ ਦੇ ਇੱਕ ਵਰਗ ਨੇ ਮੰਨਿਆ ਕਿ ਨਾ ਤਾਂ ਇਹ ਪਹਿਲਾ ਸੀ, ਨਾ ਕੌਮੀ ਸੀ, ਨਾ ਹੀ ਜਨ ਅੰਦੋਲਨ ਸੀ। ਕੁਝ ਨੇ ਇਸ ਨੂੰ ਅਸੰਤੁਸ਼ਟ ਲੋਕਾਂ ਦੀ ਸੂਬੇ ਖਿਲਾਫ਼ ਬਗਾਵਤ ਕਿਹਾ।

ਕੁਝ ਇਤਿਹਾਸਕਾਰ ਇਸ ਨੂੰ ਪਹਿਲਾ ਜਨ ਅੰਦੋਲਨ ਮੰਨਦੇ ਹਨ ਜਿਸ ਵਿਚ ਹਿੰਦੂ ਤੇ ਮੁਸਲਮਾਨ, ਔਰਤਾਂ ਤੇ ਮਰਦਾਂ ਨੇ ਇਕੱਠੇ ਮਿਲ ਕੇ ਸੰਘਰਸ਼ ਕੀਤਾ ਸੀ।

ਤੁਸੀਂ ਦੇਖ ਸਕਦੇ ਹੋ ਕਿ ਇਹ ਕਤਲੇਆਮ ਸਿਰਫ਼ ਰਾਣੀ ਲਕਸ਼ਮੀ ਬਾਈ, ਹਜ਼ਰਤ ਮਹਿਲ ਜਾਂ ਜ਼ੀਨਤ ਮਹਿਲ ਤੱਕ ਸੀਮਿਤ ਨਹੀਂ ਸੀ, ਸਗੋਂ ਇਹ ਆਮ ਔਰਤਾਂ ਦੀ ਸ਼ਮੂਲੀਅਤ ਸੀ ਜਿਨ੍ਹਾਂ ਬਾਰੇ ਹੁਣ ਤੱਕ ਇਤਿਹਾਸ ਵਿੱਚ ਚੁੱਪੀ ਹੈ।

ਪਿਛਲੇ ਕੁਝ ਸਾਲਾਂ ਵਿਚ ਇਹ ਵਿਚਾਰ-ਵਟਾਂਦਰੇ ਸ਼ੁਰੂ ਹੋ ਗਏ ਹਨ ਕਿ ਕਿਵੇਂ ਸਿਆਸਤ ਨੂੰ ਸਿਰਫ਼ ਮਰਦਾਂ ਦਾ ਮਾਮਲਾ ਸਮਝਦਿਆ ਤੇ ਸੰਗਠਿਤ ਢੰਗ ਨਾਲ ਔਰਤਾਂ ਦੀ ਹਿੱਸੇਦਾਰੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।

ਹੁਣ ਜਾ ਕੇ ਅਜ਼ੀਜਨ ਬਾਈ ਤੋਂ ਲੈ ਕੇ ਝਲਕਾਰੀ ਬਾਈ, ਅਦਲਾ, ਜਮੀਲਾ ਅਤੇ ਹਬੀਬੀ ਦੀਆਂ ਭੂਮਿਕਾਵਾਂ 'ਤੇ ਇਤਿਹਾਸ ਲਿਖਣ ਦਾ ਕੰਮ ਸ਼ੁਰੂ ਹੋਇਆ।

ਇਹ ਪਰੰਪਰਾ ਬਹੁਤ ਪੁਰਾਣੀ ਰਹੀ ਹੈ ਕਿ ਔਰਤਾਂ ਨੂੰ ਅਜਿਹੇ ਮੌਕਿਆਂ 'ਤੇ ਜਾਂ ਤਾਂ ਘਰ ਸਾਂਭਣ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਦੇ ਯੋਗਦਾਨ ਨੂੰ ਮਰਦ ਪ੍ਰਧਾਨ ਸਮਾਜ ਨਜ਼ਰ ਅੰਦਾਜ਼ ਕਰ ਦਿੰਦਾ ਹੈ।

ਇਹ ਵੀ ਪੜ੍ਹੋ:

1857 ਤੋਂ ਬਾਅਦ ਸੰਗਠਤ ਤੌਰ 'ਤੇ 1905 ਵਿਚ ਬੰਗਾਲੀ ਔਰਤਾਂ ਦੀ ਬੰਗ-ਭੰਗ ਮੁਹਿੰਮ ਅਹਿਮ ਰਹੀ।

ਦਰਅਸਲ ਤਕਰੀਬਨ ਹਰ ਭਾਰਤੀ ਅੰਦੋਲਨ ਵਿਚ ਔਰਤਾਂ ਦੀ ਭੂਮਿਕਾ ਨੂੰ ਅਕਸਰ ਸਮੇਂ ਦੀ ਲੋੜ ਅਨੁਸਾਰ ਮਰਦ-ਪ੍ਰਧਾਨ ਅਗਵਾਈ ਵੱਲੋਂ ਤੈਅ ਕੀਤਾ ਜਾਂਦਾ ਹੈ।

ਜਦੋਂ ਲੋੜ ਪਈ ਤਾਂ ਉਨ੍ਹਾਂ ਨੂੰ ਸ਼ਾਮਲ ਕਰ ਲਿਆ, ਜਦੋਂ ਲੋੜ ਹੋਈ ਖ਼ਤਮ, ਉਦੋਂ ਉਨ੍ਹਾਂ ਨੂੰ ਘਰੇਲੂ ਜ਼ਿੰਮੇਵਾਰੀਆਂ ਦੀ ਯਾਦ ਦਿਵਾ ਕੇ ਵਾਪਸ ਘਰ ਦੀ ਚਾਰਦਿਵਾਰੀ ਵਿਚ ਬੰਦ ਕਰ ਦਿੱਤਾ ਗਿਆ।

ਹਾਲ ਦੇ ਸਾਲਾਂ ਵਿੱਚ ਜਾਟ ਅਤੇ ਮਰਾਠਾ ਅੰਦੋਲਨ ਵਿਚ ਸਾਨੂੰ ਦੇਖਣ ਨੂੰ ਮਿਲਿਆ ਕਿ ਮਰਦ ਪ੍ਰਧਾਨ ਲੀਡਰਸ਼ਿਪ ਨੇ ਔਰਤਾਂ ਅਤੇ ਕੁੜੀਆਂ ਨੂੰ ਅੱਗੇ ਕਰ ਦਿੱਤਾ ਸੀ ਪਰ ਉਹ ਆਪਣੀ ਮਰਜ਼ੀ ਨਾਲ ਚਲਾਉਂਦੀਆਂ ਨਜ਼ਰ ਨਹੀਂ ਆ ਰਹੀਆਂ।

ਜਾਮੀਆ ਦਾ ਅੰਦੋਲਨ ਕਿਉਂ ਇੱਕ ਮਿਸਾਲ ਹੈ?

ਗਾਂਧੀ ਜੀ ਨੇ ਔਰਤਾਂ ਨੂੰ ਦੇਸਵਿਆਪੀ ਅੰਦੋਲਨ ਨਾਲ ਜੋੜਿਆ। ਇਸ ਪਿੱਛੇ ਕਿਤੇ ਨਾ ਕਿਤੇ ਉਨ੍ਹਾਂ ਦੀ ਕਲਪਨਾ ਸੀ ਕਿ ਔਰਤਾਂ ਉਨ੍ਹਾਂ ਦੇ ਸੁਭਾਅ ਅਨੁਸਾਰ ਅਹਿੰਸਕ ਹਨ, ਇਸ ਲਈ ਉਹ ਉਨ੍ਹਾਂ ਦੇ ਅਹਿੰਸਾ ਦੇ ਸਿਧਾਂਤ ਨੂੰ ਪੂਰਾ ਕਰ ਸਕਦੀਆਂ ਹਨ ਅਤੇ ਆਜ਼ਾਦੀ ਮਿਲਣ ਤੱਕ ਔਰਤਾਂ ਦਾ ਯੋਗਦਾਨ ਫਾਇਦੇਮੰਦ ਰਿਹਾ। ਉਸ ਤੋਂ ਬਾਅਦ ਉਹ ਫਿਰ ਵਾਪਸ ਘਰ ਵਿਚ ਬੰਦ।

ਸਾਲ 1947 ਤੋਂ ਲੈ ਕੇ ਅੱਜ ਤੱਕ ਕਿਸੇ ਮੁਹਿੰਮ ਵਿਚ ਸ਼ਾਇਦ ਹੀ ਔਰਤਾਂ ਦੀ ਇੰਨੀ ਭਾਵਾਤਮਕ ਸ਼ਮੂਲੀਅਤ ਦੇਖੀ ਗਈ ਹੋਵੇ।

ਨਾਗਰਿਕਤਾ ਦੇ ਮੁੱਦੇ ਨੇ ਮਰਦਾਂ ਵਾਂਗ ਹੀ ਔਰਤਾਂ ਨੂੰ ਹਿਲਾ ਕੇ ਰੱਖ ਦਿੱਤਾ। ਇਥੋਂ ਤੱਕ ਕਿ ਮੈਂ ਦੇਖਿਆ ਕਿ 13-14 ਸਾਲ ਦੀਆਂ ਕੁੜੀਆਂ ਸੜਕ 'ਤੇ ਝੁੰਡ ਬਣਾ ਕੇ ਨਾਅਰੇ ਲਗਾ ਰਹੀਆਂ ਹਨ -'ਬਾਹਰ ਨਿਕਲੋ, ਘਰੋਂ ਬਾਹਰ ਚਲੇ ਜਾਓ ',' ਹੁਣੇ ਨਹੀਂ ਜਾਂ ਕਦੇ ਨਹੀਂ'।

ਇਨ੍ਹਾਂ ਕੁੜੀਆਂ ਦੇ ਨਾਅਰਿਆਂ ਵਿਚ ਉਨ੍ਹਾਂ ਦੀ ਹੋਂਦ ਬਾਰੇ ਕੁਝ ਡਰ ਅਤੇ ਡੂੰਘਾ ਦਰਦ ਹੈ। ਕਈ ਬਜ਼ੁਰਗ ਔਰਤਾਂ ਨੇ ਰਿਕਸ਼ੇ 'ਤੇ ਬੈਠ ਕੇ ਪ੍ਰਦਰਸ਼ਨ ਵਿਚ ਹਿੱਸਾ ਲਿਆ।

ਪੂਰੀ ਮੁਹਿੰਮ ਗਾਂਧੀਵਾਦੀ ਅਹਿੰਸਾ 'ਤੇ ਅਧਾਰਤ ਸੀ ਕਿ ਇਸ ਨੂੰ ਕਿਸੇ ਵੀ ਤਰ੍ਹਾਂ ਹਿੰਸਕ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਵਾਰੀ-ਵਾਰੀ ਇਹ ਐਲਾਨ ਨਾ ਸਿਰਫ਼ ਸੜਕਾਂ 'ਤੇ ਹੋ ਰਿਹਾ ਸੀ ਸਗੋਂ ਇਮਾਮ ਖੁਦ ਮਸਜਿਦਾਂ ਤੋਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਅਪੀਲ ਕਰਦੇ ਨਜ਼ਰ ਆਏ।

ਯੂਨੀਵਰਸਿਟੀ ਕੈਂਪਸ ਵਿਚ 13 ਦਸੰਬਰ ਨੂੰ ਜੋ ਵਿਰੋਧ ਸ਼ੁਰੂ ਹੋਇਆ ਉਸ ਵਿਚ ਔਰਤਾਂ, ਖ਼ਾਸਕਰ ਮਹਿਲਾ ਅਧਿਆਪਕਾਂ ਦੀ ਗਿਣਤੀ ਬਰਾਬਰ ਨਹੀਂ ਸੀ। ਪਰ 15 ਦਸੰਬਰ ਦੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਪੂਰਾ ਦਾ ਪੂਰਾ ਸ਼ਾਂਤਮਈ ਪ੍ਰਦਰਸ਼ਨ ਇੱਕ ਵਿਸ਼ਾਲ ਜਨ ਅੰਦੋਲਨ ਵਿਚ ਬਦਲ ਗਿਆ। ਇਸ ਵਿੱਚ ਪੂਰੀ ਸੜਕ ਨੂੰ ਔਰਤਾਂ ਨੇ ਘੇਰ ਲਿਆ, ਇੱਥੋਂ ਤੱਕ ਕਿ ਉਸ ਦੀ ਅਗਵਾਈ ਵੀ ਕੀਤੀ।

ਇਤਿਹਾਸ ਉਨ੍ਹਾਂ ਵੇਰਵਿਆਂ ਨਾਲ ਭਰਿਆ ਪਿਆ ਹੈ ਕਿ ਔਰਤਾਂ ਦੀ ਹਿੱਸੇਦਾਰੀ ਉਦੋਂ-ਉਦੋਂ ਹੋਈ ਜਦੋਂ-ਜਦੋਂ ਉਨ੍ਹਾਂ ਨੂੰ ਆਪਣੇ ਪਰਿਵਾਰ ਜਾਂ ਭਾਈਚਾਰੇ 'ਤੇ ਖ਼ਤਰਾ ਨਜ਼ਰ ਆਇਆ।

ਕਾਨਫਲਿਕਟ ਜ਼ੋਨ ਦੇ ਵਿਸ਼ਲੇਸ਼ਣ ਵਿਚ ਮਾਹਿਰ ਉਰਵਸ਼ੀ ਬੁਟਾਲੀਆ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਇੱਕ ਔਰਤ ਅਜਿਹੇ ਖੇਤਰ ਵਿਚ ਕਿਸੇ ਕਾਰਵਾਈ ਵਿਚ ਹਿੱਸਾ ਲੈਂਦੀ ਹੈ ਤਾਂ ਇੱਕ ਸ਼ਾਂਤੀਦੂਤ ਦੇ ਰੂਪ ਵਿਚ ਇੱਕ ਸਟੇਟਮੇਕਰ ਦੇ ਰੂਪ ਵਿਚ ਆ ਜਾਂਦੀ ਹੈ ਜਿਸ ਦੀ ਕੁਝ ਤਤਕਾਲੀ ਵਜ੍ਹਾ ਹੁੰਦੀ ਹੈ ਕਿ ਆਪਣੇ ਪਰਿਵਾਰ ਨੂੰ ਕਿਵੇਂ ਬਚਾਇਆ ਜਾਵੇ, ਨਾ ਕਿ ਮਰਨ-ਮਾਰਨ ਦੀ ਗੱਲ ਕਰਦੀ ਹੈ।

ਮਰਦਾਂ ਦੇ ਮੁਕਾਬਲੇ ਔਰਤਾਂ ਸਿਆਸੀ ਦਬਾਅ ਦੇ ਸਾਹਮਣੇ ਝੁਕਦੀਆਂ ਨਹੀਂ ਹਨ ਕਿਉਂਕਿ ਮਰਦਾਂ ਵਾਂਗ ਉਨ੍ਹਾਂ ਵਿਚ ਸਿਆਸੀ ਲਾਲਸਾ ਨਹੀਂ ਹੁੰਦੀ ਪਰ ਇਹ ਉਨ੍ਹਾਂ ਲਈ ਇੱਕ ਭਾਵੁਕ ਮੁੱਦਾ ਹੁੰਦਾ ਹੈ।

ਔਰਤਾਂ ਜ਼ਿਆਦਾ ਸੰਜੀਦਾ

ਜਿਵੇਂ ਕਿ ਅੱਜ-ਕੱਲ੍ਹ ਸ਼ਾਹੀਨ ਬਾਗ ਵਿਚ ਸੱਤਿਆਗ੍ਰਹਿ 'ਤੇ ਬੈਠੀਆਂ ਔਰਤਾਂ ਦੀ ਜ਼ਿੱਦ ਨੂੰ ਸਪਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ। ਇੱਥੇ ਵੀ ਕੁਝ ਅਜਿਹਾ ਨਜ਼ਰ ਆਇਆ। ਉਨ੍ਹਾਂ ਨੂੰ ਸੀਏਏ ਕਾਨੂੰਨ ਬਾਰੇ ਜਾਣਕਾਰੀ ਹੋਵੇ ਜਾਂ ਨਾ ਪਰ ਉਨ੍ਹਾਂ ਨੂੰ ਇਹ ਪਤਾ ਹੈ ਕਿ ਇਹ ਹੋਂਦ ਦੀ ਲੜਾਈ ਹੈ।

ਦਰਅਸਲ 'ਔਰਤਾਂ' ਇੱਕ ਅਜਿਹਾ ਵਰਗ ਹੈ ਕਿ ਉਹ ਆਪਣੀਆਂ ਜੜ੍ਹਾਂ ਤੋਂ ਜਲਦੀ ਨਹੀਂ ਹਿਲਦੀਆਂ। ਦੇਸ ਵੰਡ ਦੀਆਂ ਅਜਿਹੀਆਂ ਕਈ ਕਹਾਣੀਆਂ ਹਨ ਜਿਨ੍ਹਾਂ ਵਿਚ ਔਰਤਾਂ ਨੇ ਸਪਸ਼ਟ ਤੌਰ 'ਤੇ ਭਾਰਤ ਜਾਂ ਪਾਕਿਸਤਾਨ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਵੰਡ ਦੇ ਨਤੀਜਿਆਂ ਦੇ ਦਰਦ ਵਿਚੋਂ ਅੱਜ ਵੀ ਜਦੋਂ ਮੁਸਲਮਾਨਾਂ ਨੂੰ ਲੰਘਣਾ ਪੈ ਰਿਹਾ ਹੈ ਤਾਂ ਇਸ ਦੇ ਬਾਵਜੂਦ 99 ਫ਼ੀਸਦ ਮੁਸਲਮਾਨਾਂ ਨੇ ਭਾਰਤ ਨੂੰ ਆਪਣਾ ਘਰ ਚੁਣਿਆ। ਅੰਕੜੇ ਸਪਸ਼ਟ ਤੌਰ 'ਤੇ ਬਿਆਨ ਕਰਦੇ ਹਨ ਕਿ ਯੂਪੀ ਦੇ ਮੁਸਲਮਾਨਾਂ ਵਿਚੋਂ ਸਿਰਫ਼ ਇੱਕ ਫ਼ੀਸਦ ਮੁਸਲਮਾਨ ਹੀ ਪਾਕਿਸਤਾਨ ਗਏ ਸੀ।

ਇਸ ਲਈ ਇਹ ਔਰਤਾਂ ਸੜਕਾਂ 'ਤੇ ਉਨ੍ਹਾਂ ਨੂੰ ਸਾਡੀ ਸੱਭਿਆਚਾਰਕ ਵਿਰਾਸਤ ਦੀ ਪਛਾਣ ਯਾਦ ਕਰਾ ਰਹੀਆਂ ਹਨ। 'ਕੀ ਪੁੱਛਦੇ ਹੋ, ਉਹ ਤਾਜ ਮਹਿਲ ਹੈ, ਸਾਡਾ ਪਤਾ ਲਾਲ ਕਿਲ੍ਹਾ ਹੈ।'

ਇਸ ਕੜਾਕੇ ਦੀ ਠੰਡ ਵਿਚ 6 ਮਹੀਨੇ ਦੇ ਬੱਚੇ ਨੂੰ ਗੋਦ ਵਿਚ ਲੈ ਕੇ ਰਾਤ ਭਰ ਧਰਨੇ 'ਤੇ ਬੈਠੀ ਔਰਤ ਸਾਬਿਤ ਕਰਦੀ ਹੈ ਕਿ ਇਹ ਔਰਤਾਂ ਮੁੱਦੇ ਨੂੰ ਲੈ ਕੇ ਕਿੰਨੀਆਂ ਸੰਜੀਦਾ ਹਨ।

ਸ਼ਾਇਦ ਇਹ ਥਾਂ ਉਨ੍ਹਾਂ ਨੂੰ ਪ੍ਰੇਰਣਾ ਦਿੰਦੀ ਹੈ ਕਿ ਜੇ ਚੰਦਾ ਯਾਦਵ ਆਪਣੇ ਮੁਸਲਮਾਨ ਭੈਣ-ਭਰਾਵਾਂ ਲਈ ਪ੍ਰਸ਼ਾਸਨ ਨਾਲ ਟਕਰਾ ਸਕਦੀ ਹੈ ਤਾਂ ਉਹ ਖ਼ੁਦ ਕਿਉਂ ਨਹੀਂ ਆਪਣੇ ਹੱਕ ਲਈ ਖੜ੍ਹੀ ਹੋ ਸਕਦੀ।

ਚੰਦਾ ਯਾਦਵ ਕਰੋੜਾਂ ਮੁਸਲਮਾਨ ਕੁੜੀਆਂ ਲਈ ਇੱਕ ਆਦਰਸ਼ ਬਣ ਚੁੱਕੀ ਹੈ। ਇਸ ਮੁਹਿੰਮ ਦੀ ਚਰਚਾ ਦਾ ਵਿਸ਼ਾ ਜਾਮੀਆ ਦੀਆਂ ਕੁੜੀਆਂ ਰਹੀਆਂ। ਭੀੜ ਵਿਚ ਕੁੜੀਆਂ ਲਲਕਾਰ ਰਹੀਆਂ ਸਨ, ਕੁੜੀਆਂ ਨੇ ਪੂਰੇ ਦੇਸ ਨੂੰ ਹਿਲਾ ਦਿੱਤਾ ਕਿ ਅਖ਼ੀਰ ਚੰਦਾ, ਸ੍ਰਿਜਨ ਅਤੇ ਇਮਾਨ ਉੱਥੇ ਕਿਉਂ ਡਟੀਆਂ ਹਨ?

ਕਦੇ ਨਾ ਭੁੱਲਣ ਵਾਲੀ ਚੰਦਾ ਦੀ ਲਲਕਾਰ ਇਸ ਮੁਹਿੰਮ ਦੀ ਇੱਕ ਅਹਿਮ ਕੜੀ ਰਹੀ ਹੈ। ਫਿਰ ਖੁੱਲ੍ਹੀ ਪਿੱਠ ਠਿਠੁਰਦੀ ਠੰਡ ਵਿਚ ਜਾਮੀਆ ਦੇ ਵਿਦਿਆਰਥੀਆਂ ਦੇ 16 ਦਸੰਬਰ ਦੇ ਮਾਰਚ ਨੇ ਪੂਰੇ ਦੇਸ ਦੀਆਂ ਯੂਨੀਵਰਸਿਟੀਆਂ ਨੂੰ ਇੱਕਜੁਟ ਕਰ ਦਿੱਤਾ।

ਗੁਲਾਬ ਕ੍ਰਾਂਤੀ

ਇਕ ਤਰ੍ਹਾਂ ਨਾਲ ਇਹ ਸਾਰੀਆਂ ਘਟਨਾਵਾਂ ਵਿਦਿਆਰਥੀ ਅੰਦੋਲਨ ਦਾ ਪ੍ਰਤੀਕ ਬਣ ਗਈਆਂ। ਉਸੇ ਸਮੇਂ ਅਲੀਗੜ੍ਹ ਵਿਚ ਵੀ ਅਜਿਹੀਆਂ ਹੀ ਘਟਨਾਵਾਂ ਵਾਪਰ ਰਹੀਆਂ ਸਨ ਪਰ ਉਹ ਚਰਚਾ ਦਾ ਵਿਸ਼ਾ ਨਹੀਂ ਬਣੀਆਂ ਕਿਉਂਕਿ ਕੁੜੀਆਂ ਉੱਥੇ ਅਗਵਾਈ ਨਹੀਂ ਕਰ ਰਹੀਆਂ ਸਨ।

ਦਿੱਲੀ ਪੁਲਿਸ ਦੇ ਜਵਾਨਾਂ ਨੂੰ ਗੁਲਾਬ ਦਿੰਦਿਆਂ ਅਤੇ ਗਾਉਂਦੀਆਂ ਕੁੜੀਆਂ, 'ਸਾਡੇ ਨਾਲ ਗੱਲ ਕਰੋ ਦਿੱਲੀ ਪੁਲਿਸ' ਨੇ ਸੱਚਮੁੱਚ 'ਗੁਲਾਬ ਕ੍ਰਾਂਤੀ' ਕਰ ਦਿੱਤੀ ਅਤੇ ਸੁਨੇਹਾ ਦਿੱਤਾ ਕਿ ਉਹ ਇਤਿਹਾਸ ਪੜ੍ਹਣ ਨਹੀਂ, ਬਣਾਉਣ ਆਈਆਂ ਹਨ।

ਅਸਲ ਵਿਚ ਦਿੱਲੀ ਦੇ ਅੰਦੋਲਨ ਵਿਚ ਗੁਲਾਬ ਦੀ ਵਰਤੋਂ ਪਿਆਰ ਦੇ ਪ੍ਰਤੀਕ ਵਜੋਂ ਕਰਨਾ ਬੜਾ ਵੱਖਰਾ ਅੰਦਾਜ਼ ਸੀ ਜਿਸ ਨੇ ਕਾਫ਼ੀ ਧਿਆਨ ਖਿੱਚਿਆ।

ਜਾਮੀਆ ਦੇ ਮੁੱਦੇ ਬਾਰੇ ਯੂਨੀਵਰਸਿਟੀ ਦੀ ਵੀਸੀ ਪ੍ਰੋਫੈਸਰ ਨਜਮਾ ਅਖ਼ਤਰ ਨੇ ਜੋ ਸੰਵੇਦਨਸ਼ੀਲਤਾ ਅਤੇ ਦ੍ਰਿੜਤਾ ਦਿਖਾਈ, ਉਹੋ ਜਿਹਾ ਰੁਖ ਅਲੀਗੜ੍ਹ ਯੂਨੀਵਰਸਿਟੀ ਵਿਚ ਦੇਖਣ ਨੂੰ ਨਹੀਂ ਮਿਲਿਆ।

ਇਹ ਵੀ ਪੜ੍ਹੋ:

ਇੱਥੇ ਵੀ ਇਹੀ ਸਾਬਿਤ ਹੋਇਆ ਕਿ ਔਰਤਾਂ ਜਦੋਂ ਅਗਵਾਈ ਕਰਦੀਆਂ ਹਨ ਤਾਂ ਉਨ੍ਹਾਂ ਦੇ ਅੰਦਰਲੀ ਬੇਖ਼ੌਫ਼ ਅਤੇ ਭਾਵੁਕ ਔਰਤ ਇੱਕ ਅਹਿਮ ਕਿਰਦਾਰ ਅਦਾ ਕਰਦੀਆਂ ਹਨ।

ਦਿੱਲੀ ਦੇ ਇਸ ਅੰਦੋਲਨ ਨੇ ਇਹ ਸਾਬਤ ਕਰ ਦਿੱਤਾ ਕਿ ਔਰਤਾਂ ਸ਼ਾਂਤਮਈ ਵਿਰੋਧ ਬਹੁਤ ਵਧੀਆ ਢੰਗ ਨਾਲ ਕਰ ਸਕਦੀਆਂ ਹਨ।

ਇਤਿਹਾਸ ਦੇ ਪੰਨਿਆਂ ਵਿਚ ਦਰਜ ਦਰਖਤਾਂ ਨਾਲ ਚਿੰਬੜ ਕੇ ਵਾਤਾਵਰਣ ਦੀ ਰਾਖੀ ਕਰਦੀਆਂ ਚਿਪਕੋ ਅੰਦੋਲਨ ਦੀਆਂ ਔਰਤਾਂ ਅਤੇ ਸ਼ਾਹੀਨ ਬਾਗ ਦੀਆਂ ਔਰਤਾਂ ਆਪਣੇ ਬਚਾਅ ਲਈ ਕੜਕਦੀ ਠੰਡ ਵਿਚ ਦਿਨ-ਰਾਤ ਸੜਕ 'ਤੇ ਬੈਠੀਆਂ ਹਨ, ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ।

(ਇਹ ਲੇਖਿਕਾ ਦੇ ਨਿੱਜੀ ਵਿਚਾਰ ਹਨ। ਉਹ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਸਰੋਜਨੀ ਨਾਇਡੂ ਸੈਂਟਰ ਫਾਰ ਵੂਮੈਨ ਸਟੱਡੀਜ਼ ਵਿਚ ਪੜ੍ਹਾਉਂਦੀ ਹੈ।)

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)