You’re viewing a text-only version of this website that uses less data. View the main version of the website including all images and videos.
ਨਾਗਰਿਕਤਾ ਸੋਧ ਕਾਨੂੰਨ: ‘ਅਸੀਂ ਦੂਜੇ ਦਰਜੇ ਦੇ ਉਹ ਨਾਗਰਿਕ ਬਣਨ ਜਾ ਰਹੇ ਹਾਂ ਜੋ ਖ਼ੌਫ਼ ਵਿੱਚ ਹੀ ਜਿਉਣਗੇ’
ਦਿੱਲੀ ਵਿੱਚ ਰਹਿੰਦੀ ਇੱਕ ਮੁਸਲਮਾਨ ਵਿਦਿਆਰਥਣ ਰਿਕਤ ਹਾਸ਼ਮੀ ਦਸ ਰਹੀ ਹੈ ਕਿ ਕਿਉਂ ਉਸ ਨੂੰ ਇੱਕ ਮੁਸਲਮਾਨ ਹੋਣ ਕਰ ਕੇ ਭਾਰਤ ਵਿੱਚ ਆਪਣੇ ਭਵਿੱਖ ਬਾਰੇ ਚਿੰਤਾ ਹੈ।
ਭਾਰਤ ਦੇ ਬਹੁਤ ਸਾਰੇ ਮੁਸਲਮਾਨਾਂ ਵਾਂਗ ਮੈਂ ਵੀ ਇਸੇ ਫਿਕਰ ਵਿੱਚ ਦਿਨ ਕੱਢਦੀ ਹਾਂ ਕਿ ਭਲਕੇ ਕੀ ਹੋਵੇਗਾ।
ਕੀ ਮੈਨੂੰ ਮੇਰੇ ਧਰਮ ਕਾਰਨ ਨੌਕਰੀ ਤੋਂ ਇਨਕਾਰ ਕਰ ਦਿੱਤਾ ਜਾਵੇਗਾ? ਕੀ ਮੈਨੂੰ ਘਰੋਂ ਬੇਘਰ ਕਰ ਦਿੱਤਾ ਜਾਵੇਗਾ? ਜਾਂ ਮੈਨੂੰ ਭੀੜ ਕਤਲ ਕਰ ਦੇਵੇਗੀ? ਕੀ ਇਹ ਡਰ ਕਦੇ ਮੁੱਕੇਗਾ?
ਦਿੱਲੀ ਵਿੱਚ ਮੇਰੀ ਯੂਨੀਵਰਸਿਟੀ. ਜਾਮੀਆ ਮਿਲੀਆ ਇਸਲਾਮੀਆ, ਵਿੱਚ ਹਿੰਸਾ ਹੋਣ ਤੋਂ ਬਾਅਦ ਮੇਰੀ ਮਾਂ ਨੇ ਰਾਤ ਨੂੰ ਮੈਨੂੰ ਕਿਹਾ ਕਿ 'ਧੀਰਜ ਰੱਖ'।
ਵਿਦਿਆਰਥੀਆਂ ਨੂੰ ਕੁੱਟਿਆ ਗਿਆ, ਗੁਸਲਖਾਨਿਆਂ ਤੇ ਲਾਇਬਰੇਰੀਆਂ ਵਰਗੀਆਂ ਥਾਵਾਂ 'ਤੇ ਅੱਥਰੂ ਗੈਸ ਛੱਡੀ ਗਈ। ਇਸ ਤੋਂ ਇਲਾਵਾ ਹਰ ਸੰਭਵ ਤਰੀਕੇ ਨਾਲ ਉਨ੍ਹਾਂ ਨੂੰ ਨਵੇਂ ਕਾਨੂੰਨ ਦਾ ਵਿਰੋਧ ਕਰਨ ਤੋਂ ਰੋਕਿਆ ਗਿਆ।
ਇਹ ਵੀ ਪੜ੍ਹੋ:-
ਨਵੇਂ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਛੱਡ ਕੇ ਛੇ ਧਰਮਾਂ ਦੇ ਲੋਕਾਂ ਨੂੰ —ਜੇ ਉਹ ਬੰਗਲਾਦੇਸ਼, ਪਾਕਿਸਤਾਨ ਜਾਂ ਅਫ਼ਗਾਨਿਸਤਾਨ ਤੋਂ ਆਉਂਦੇ ਹਨ ਤਾਂ ਨਾਗਿਰਕਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਮੁਸਲਮਾਨਾਂ ਨੂੰ ਚੁਣ ਕੇ ਬਾਹਰ ਰੱਖਿਆ ਗਿਆ ਹੈ। ਇਹ ਇੱਕ ਕਾਨੂੰਨੀ ਵਿਤਕਰਾ ਸੀ ਜਿਸ ਕਾਰਨ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸਨ।
ਫਿਰ ਪੁਲਿਸ ਨੇ ਇਹ ਹਮਲਾ ਕਿਉਂ ਕੀਤਾ?
ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੇ ਵਾਹਨਾਂ ਨੂੰ ਅੱਗ ਲਾਈ ਪਰ ਸਾਡੇ ਖ਼ਿਲਾਫ਼ ਸਬੂਤ ਕਿੱਥੇ ਹਨ?
ਉਨ੍ਹਾਂ ਦਾ ਕਹਿਣਾ ਹੈ ਗੋਲੀ ਨਹੀਂ ਚੱਲੀ ਤਾਂ ਜਿਹੜੇ ਹਸਪਤਾਲਾਂ ਵਿੱਚ ਫੱਟੜ ਪਏ ਹਨ ਉਨ੍ਹਾਂ ਦਾ ਕੀ?
ਮੈਂ ਇੱਥੇ ਦੰਦਾਂ ਦਾ ਡਾਕਟਰ ਬਣਨ ਲਈ ਪੜ੍ਹਾਈ ਕਰ ਰਹੀ ਹਾਂ ਤੇ ਇੱਥੇ ਰਹਿੰਦਿਆਂ ਮੈਂ ਕਈ ਮੁਜ਼ਾਹਰੇ ਦੇਖੇ ਹਨ।
ਮੈਂ ਇਨ੍ਹਾਂ ਦਾ ਹਿੱਸਾ ਨਹੀਂ ਸੀ ਜੋ ਬਾਅਦ ਵਿੱਚ ਹਿੰਸਕ ਝੜਪਾਂ ਦੀ ਰੂਪ ਧਾਰ ਗਈਆਂ। ਮੈਂ ਝੜਪਾਂ ਤੋਂ ਬਾਅਦ ਪੁਲਿਸ ਤੇ ਵਿਦਿਆਰਥੀਆਂ 'ਤੇ ਹੱਲੇ ਦਾ ਸ਼ਿਕਾਰ ਬਣ ਗਈ।
ਮੈਨੂੰ ਯਾਦ ਹੈ ਜਦੋਂ ਪੁਲਿਸ ਸਾਡੇ ਹੋਸਟਲ ਵਿੱਚ ਆਈ। ਅਸੀਂ ਬੱਤੀਆਂ ਬੁਝਾ ਕੇ ਛੁਪਣ ਦੀ ਕੋਸ਼ਿਸ਼ ਕੀਤੀ। ਰਾਤ ਗੁਜ਼ਰ ਗਈ ਤੇ ਅਸੀਂ ਬਚ ਗਏ ਪਰ ਇੱਕ ਗੱਲ ਸਾਫ਼ ਹੋ ਰਹੀ ਸੀ:
ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਆਪਣੀ ਆਲੋਚਨਾ ਨੂੰ ਅਵਾਜ਼ ਦਿੱਤੀ ਹੈ ਜਾਂ ਨਹੀਂ ਪਰ ਅਸੀਂ ਨਿਸ਼ਾਨਾ ਸੀ... ਅਜਿਹਾ ਲੱਗਿਆ।
ਅਸੀਂ ਨਵੇਂ ਭਾਰਤ (ਨਿਊ ਇੰਡੀਆ) ਦੇ ਨਾਗਰਿਕ ਹਾਂ।
ਮੈਂ ਬਚਪਨ ਵਿੱਚ ਭਜਨ ਸੁਣ ਕੇ ਵੱਡੀ ਹੋਈ ਹਾਂ।
ਮੈਂ ਉਡੀਸ਼ਾ ਦੇ ਹਿੰਦੂ ਬਹੁਗਿਣਤੀ ਇਲਾਕੇ ਵਿੱਚ ਇੱਕੋ-ਇੱਕ ਮੁਸਲਿਮ ਪਰਿਵਾਰ ਦੀ ਧੀ ਸੀ।
ਅਸੀਂ ਹਮੇਸ਼ਾ ਆਪਣੇ ਤਿਉਹਾਰ ਇਕੱਠੇ ਮਨਾਉਂਦੇ ਰਹੇ ਹਾਂ। ਉਹ ਈਦ ਮੌਕੇ ਮੇਰੇ ਮਹਿੰਦੀ ਲਾਉਂਦੇ ਸਨ ਤੇ ਅਸੀਂ ਭੈਣ-ਭਰਾ ਉਨ੍ਹਾਂ ਦੇ ਘਰੀਂ ਨੇਕੀ ਦੀ ਬਦੀ 'ਤੇ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਉਣ ਜਾਂਦੇ।
ਮੇਰੇ ਕੁਝ ਦੋਸਤ ਮੇਰੇ ਘਰ ਬਿਰਿਆਨੀ ਦਾ ਅਨੰਦ ਮਾਨਣ ਆਉਂਦੇ ਸਨ।
ਸਾਡੇ ਆਸ-ਪਾਸ ਕੋਈ ਮਸੀਤ ਨਹੀਂ ਸੀ ਪਰ ਉਨ੍ਹਾਂ ਨੂੰ ਕਦੇ ਫਿਕਰ ਨਹੀਂ ਹੋਈ ਕਿਉਂਕਿ ਉਹ ਕੋਈ ਨੇਮੀ ਮੁਸਲਮਾਨ ਨਹੀਂ ਸਨ। ਮੇਰੀ ਮਾਂ ਆਪਣੇ ਘਰ ਵਿੱਚ ਹੀ ਪੰਜ ਵਖ਼ਤ ਦੀਆਂ ਨਮਾਜ਼ਾਂ ਪੜ੍ਹ ਲੈਂਦੀ ਸੀ।
ਇਹ ਵੀ ਪੜ੍ਹੋ:-
ਮੈਂ ਇੱਕ ਕਾਨਵੈਂਟ ਸਕੂਲ ਵਿੱਚ ਪੜ੍ਹੀ ਜਿੱਥੇ ਬਹੁਗਿਣਤੀ ਹਿੰਦੂਆਂ ਦੀ ਸੀ ਪਰ ਕਦੇ ਵੀ ਕੋਈ ਧਾਰਮਿਕ ਵਖਰੇਵਾਂ ਪੈਦਾ ਨਹੀਂ ਹੋਇਆ।
ਸਿਰਫ਼ ਇੱਕ ਦਿਨ ਮੈਨੂੰ ਕਿਸੇ ਨੇ ਪੁੱਛਿਆ ਮੁਸਲਮਾਨ ਰੋਜ਼ ਨਹੀਂ ਨਹਾਉਂਦੇ। ਮੈਂ ਹੱਸ ਕੇ ਕਿਹਾ ਕਿ ਨਹੀਂ ਮੈਂ ਹਰ ਰੋਜ਼ ਨਹਾਉਂਦੀ ਹਾਂ।
ਧਰਮ ਸਾਡੀ ਜ਼ਿੰਦਗੀ ਦਾ ਹਿੱਸਾ ਸੀ ਪਰ ਸਿਵਾਏ ਹੁਣ ਦੇ, ਮੈਨੂੰ ਕਦੇ ਮੇਰੀ ਮੁਸਲਿਮ ਪਛਾਣ ਨਹੀਂ ਦੱਸੀ ਗਈ।
ਸਾਨੂੰ ਵੰਡਣ ਦਾ ਜ਼ੋਰ ਲਾਇਆ ਜਾ ਰਿਹਾ ਹੈ ਤੇ ਮੈਨੂੰ ਨਹੀਂ ਪਤਾ ਮੈਨੂੰ ਉਹੋ-ਜਿਹੇ ਅਨੁਭਵ ਮੁੜ ਜੀਣ ਦਾ ਮੌਕਾ ਮਿਲੇਗਾ ਜਾਂ ਨਹੀਂ।
ਸਾਨੂੰ ਲਗਾਤਾਰ ਮੀਟ ਖਾਣ ਵਾਲੇ, ਸਮਾਜ ਨੂੰ ਭਰਿਸ਼ਟਣ ਵਾਲੇ ਬਲਾਤਕਾਰੀ, ਪਾਕਿਸਤਾਨ ਨੂੰ ਬਚਾਉਣ ਵਾਲੇ ਅੱਤਵਾਦੀ, ਹਿੰਦੂਆਂ ਦਾ ਪਿਆਰ ਨਾਲ ਧਰਮ ਬਦਲਵਾਉਣ ਵਾਲੇ ਪ੍ਰੇਮੀ ਅਤੇ ਅਜਿਹੇ ਘੱਟ ਗਿਣਤੀਆਂ ਵਜੋਂ ਦਰਸਾਇਆ ਜਾਂਦਾ ਹੈ ਜੋ ਮੁਲਕ 'ਤੇ ਕਬਜ਼ਾ ਕਰ ਲੈਣਗੇ।
ਸੱਚਾਈ ਤਾਂ ਇਹ ਹੈ ਕਿ ਅਸੀਂ ਆਪਣੇ ਡਰ ਵਿੱਚ ਦੂਜੇ ਦਰਜੇ ਦੇ ਨਾਗਿਰਕਾਂ ਵਾਂਗ ਰਹਿਣਾ ਸਿੱਖ ਰਹੇ ਹਾਂ।
ਨਵੇਂ ਕਾਨੂੰਨ ਦੇ ਖ਼ਿਲਾਫ ਹੋ ਰਹੇ ਪ੍ਰਦਰਸ਼ਨਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਇਹ ਸਮਾਂ ਸ਼ਾਂਤੀ ਕਾਇਮ ਰੱਖਣ, ਏਕਤਾ ਤੇ ਭਾਈਚਾਰਾ ਸਾਂਭ ਕੇ ਰੱਖਣ ਦਾ ਹੈ।
ਉਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ, 'ਜੋ ਲੋਕ ਅੱਗ ਲਾ ਰਹੇ ਹਨ ਉਨ੍ਹਾਂ ਨੂੰ ਟੀਵੀ 'ਤੇ ਕੱਪੜਿਆਂ ਤੋਂ ਪਛਾਣਿਆ ਜਾ ਸਕਦਾ ਹੈ।
ਉਨ੍ਹਾਂ ਨੇ ਇਸ ਦੀ ਤਫ਼ਸੀਲ ਤਾਂ ਨਹੀਂ ਦਿੱਤੀ ਪਰ ਮੇਰੇ ਧਰਮ 'ਤੇ ਇਸ ਲੁਕਵੇਂ ਜਿਹੇ ਹਮਲੇ ਨੇ ਮੈਨੂੰ ਹੋਰ ਧਾਰਮਿਕ ਬਣਾਇਆ ਹੈ।
ਮੇਰਾ ਮਤਲਬ ਸਿਰਫ਼ ਭੌਤਿਕ ਪੱਖੋਂ ਗੱਲ ਨਹੀਂ ਕਰ ਰਹੀ ਸਗੋਂ ਮੈਂ 16 ਸਾਲਾਂ ਦੀ ਉਮਰ ਤੋਂ ਹਿਜਾਬ ਪਾਉਣਾ ਸ਼ੁਰੂ ਕਰ ਦਿੱਤਾ ਸੀ।
ਮੈਂ ਉੱਚੇਰੀ ਪੜ੍ਹਾਈ ਲਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਚਲੀ ਗਈ ਜਿੱਥੇ ਮੈਂ ਹੋਰ ਵੀ ਮੁਟਿਆਰਾਂ ਨੂੰ ਸਿਰ 'ਤੇ ਸਕਾਰਫ਼ ਬੰਨ੍ਹਿਆਂ ਦੇਖਿਆ।
ਮੇਰੇ ਲਈ ਇਹ ਇੱਕ ਪ੍ਰੇਰਣਾਦਾਇਕ ਪਲ ਸੀ ਤੇ ਮੈਂ ਇਸ ਨੂੰ ਆਪਣੀ ਸ਼ਖ਼ਸ਼ੀਅਤ ਦਾ ਅੰਗ ਬਣਾਉਣ ਦਾ ਫ਼ੈਸਲਾ ਲਿਆ।
ਅੱਜ ਮੈਂ 22 ਸਾਲਾਂ ਦੀ ਹਾਂ ਤੇ ਮੈਂ ਆਪਣੇ ਧਰਮ ਤੇ ਦੇਸ ਦੇ ਸੰਵਿਧਾਨ ਬਾਰੇ ਫੈਲਾਈ ਜਾ ਰਹੀ ਗਲਤ ਜਾਣਕਾਰੀ ਖਿਲਾਫ਼ ਅਵਾਜ਼ ਚੁੱਕਣਾ ਚਾਹੁੰਦੀ ਹਾਂ। ਮੈਂ ਵਿਤਕਰਾਕਾਰੀ ਨੀਤੀਆਂ ਤੇ ਡਿਗਦੇ ਜਾ ਰਹੇ ਅਰਥਚਾਰੇ ਖ਼ਿਲਾਫ਼ ਬੋਲਣਾ ਚਾਹੁੰਦੀ ਹਾਂ।
ਪਰ ਹਰ ਵਾਰ ਮੈਨੂੰ 'ਰਾਸ਼ਟਰ-ਵਿਰੋਧੀ' ਤੇ 'ਹਿੰਦੂ-ਵਿਰੋਧੀ' ਕਹਿ ਕੇ ਨਕਾਰ ਦਿੱਤਾ ਜਾਂਦਾ ਹੈ। ਜੇ ਮੈਂ ਅਜੋਕੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੀ ਵਿਰੋਧਤਾ ਕਰਦੀ ਹਾਂ ਤਾਂ ਮੈਨੂੰ 'ਹਿੰਦੂ-ਮੁਸਲਮਾਨ ਦਾ ਮੁੱਦਾ ਖੜ੍ਹਾ ਕਰਨ ਵਾਲੀ' ਕਿਹਾ ਜਾਂਦਾ ਹੈ।
ਅਸੀਂ ਇੱਕ ਅਜਿਹੇ ਖ਼ਤਰਨਾਕ ਦੌਰ ਵਿੱਚ ਰਹਿ ਰਹੇ ਹਾਂ ਜਿੱਥੇ ਧਰਮ ਤੇ ਰਾਸ਼ਟਰਵਾਦ ਘੁਲੇ-ਮਿਲੇ ਹੋਏ ਹਨ।
ਕਈ ਵਾਰ ਮੈਂ ਦੇਖਦੀ ਹਾਂ ਕਿ ਲੋਕ ਮੈਨੂੰ ਮੇਰੇ ਹਿਜਾਬ ਕਾਰਨ ਅਜੀਬ ਤਰ੍ਹਾਂ ਦੇਖਦੇ ਹਨ।
ਇਹ ਮੇਰਾ ਤੌਖ਼ਲਾ ਹੋ ਸਕਦਾ ਹੈ, ਪਰ ਇਸਲਾਮੋਫੋਬੀਆ ਦੇਸ ਵਿੱਚ ਫੈਲ ਰਿਹਾ ਹੈ। ਮੈਂ ਇਸ ਬਾਰੇ ਬੋਲਣਾ ਚਾਹੁੰਦੀ ਹਾਂ ਪਰ ਇਹ ਸਭ ਕੁਝ ਮੀਡੀਆ ਤੇ ਸਰਕਾਰ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ।
ਹੁਕਮਰਾਨ ਪਾਰਟੀ ਹਿੰਦੂ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਹੈ ਤੇ ਕੁਝ ਵਿਤਕਰੇ ਦੇ ਅਧਾਰ 'ਤੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਆਪੂੰ ਬਣੇ ਕਾਰਵਾਈ ਸਮੂਹਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਇਹ ਨਿਹਾਇਤ ਹੀ ਬਦਕਿਸਮਤੀ ਵਾਲੇ ਹਾਲਾਤ ਹਨ, ਵੱਖਰੇਵੇਂ ਦੀਆਂ ਸੁਰਾਂ ਹੌਲੀ-ਹੌਲੀ ਸ਼ਾਂਤ ਹੋ ਰਹੀਆਂ ਹਨ।
ਇਹ ਉਹ ਸੰਮਿਲਨ ਵਾਲਾ ਭਾਰਤ ਨਹੀਂ ਹੈ ਜਿਸ ਵਿੱਚ ਮੈਂ ਵੱਡੀ ਹੋਈ ਹਾਂ, ਅਸੀਂ ਇਸ ਤੋਂ ਵਧੀਆ ਦੇ ਹੱਕਦਾਰ ਹਾਂ।
ਅਸੀਂ ਨਵੇਂ ਭਾਰਤ ਦੇ ਵੀਹ ਲੱਖ ਮੁਸਲਮਾਨ।
ਸ਼ਸ਼ੋਪੰਜ ਪੈਦਾ ਹੋ ਰਹੀ ਹੈ। ਅਸੀਂ ਆਪਸ ਵਿੱਚ ਗੱਲਬਾਤ ਕਰਦੇ ਹਾਂ ਕਿ ਨਵੇਂ ਕਾਨੂੰਨ ਜਿਸ ਤਹਿਤ ਸਾਰੇ ਦੇਸ਼ਵਾਸੀਆਂ ਨੂੰ ਆਪਣੀ ਨਾਗਰਿਕਤਾ ਦੇ ਸਬੂਤ ਪੇਸ਼ ਕਰਨੇ ਪੈਣਗੇ, ਉਸ ਨਾਲ ਹਾਲਤ ਹੋਰ ਕਿਵੇਂ ਵਿਗੜ ਜਾਣਗੇ।
ਗ੍ਰਹਿ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਇਸ ਨੂੰ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਲਾਗੂ ਕਰ ਦਿੱਤਾ ਜਾਵੇਗਾ।
ਫਿਰ ਵੀ ਹਾਲੇ ਉਮੀਦ ਹੈ।
ਇਹ ਵੀ ਪੜ੍ਹੋ:-
ਹਮਾਇਤ ਦੀਆਂ ਕੁਝ ਸੁਰਾਂ ਦੇਸ਼ ਭਰ ਵਿੱਚੋਂ ਉੱਠ ਰਹੀਆਂ ਹਨ। ਸ਼ਾਇਦ ਇਸ ਨਾਲ ਉਨ੍ਹਾਂ ਲੋਕਾਂ ਨੂੰ ਦਲੀਲ ਤੇ ਮਨੁੱਖਤਾ ਨਾਲ ਮੁੜ ਤੋਂ ਇੱਕਸੁਰ ਹੋਣ ਦੀ ਪ੍ਰੇਰਨਾ ਮਿਲੇ।
ਫਿਲਹਾਲ ਤਾਂ ਮੇਰੀ ਦੁਨੀਆਂ ਉਜੜ ਗਈ ਹੈ।
ਮੈਨੂੰ ਧੱਕੇ ਨਾਲ ਹੋਸਟਲ ਵਿੱਚੋਂ ਕੱਢ ਕੇ ਛੁੱਟੀਆਂ 'ਤੇ ਭੇਜ ਦਿੱਤਾ ਗਿਆ। ਮੇਰੇ ਪੜ੍ਹਾਈ ਦਾ ਨੁਕਸਾਨ ਹੋਇਆ ਹੈ। ਮੈਂ ਆਪਣੇ ਪਰਿਵਾਰ ਨੂੰ ਮਿਲਣ ਨਹੀਂ ਜਾ ਸਕਦੀ ਕਿਉਂਕਿ ਮੇਰਾ ਪਰਿਵਾਰ ਜਿੱਥੇ ਰਹਿੰਦਾ ਹੈ ਉੱਥੇ ਪ੍ਰਦਰਸ਼ਨ ਹੋ ਰਹੇ ਹਨ।
ਇਸ ਲਈ ਮੈਂ ਆਪਣੇ ਸਥਾਨਕ ਰਿਸ਼ਤੇਦਾਰਾਂ ਦੇ ਠਹਿਰੀ ਹੋਈ ਹਾਂ ਤੇ ਆਪਣੀ ਮਾਂ ਦੇ ਕਹੇ, "ਧੀਰਜ ਰੱਖੋ ਤੇ ਪੂਰੇ ਤਾਕਤ ਨਾਲ ਡਟੇ ਰਹੋ" 'ਤੇ ਅਮਲ ਕਰ ਰਹੀ ਹਾਂ।
ਜਿਵੇਂ ਰਿਕਤ ਹਾਸ਼ਮੀ ਨੇ ਪੂਜਾ ਛਾਬੜੀਆ ਨੂੰ ਦੱਸਿਆ।