CAB ਪਾਸ ਹੋਣ ਤੋਂ ਬਾਅਦ ਜਾਮੀਆ 'ਚ ਹੋਈ ਹਿੰਸਾ ਦੌਰਾਨ 750 ਫ਼ੇਕ ਆਈਡੀਜ਼ ਮਿਲਣ ਦਾ ਕੀ ਹੈ ਸੱਚ- ਫੈਕਟ ਚੈੱਕ

    • ਲੇਖਕ, ਕੀਰਤੀ ਦੂਬੇ
    • ਰੋਲ, ਫੈਕਟ ਚੈੱਕ ਟੀਮ

"ਬਕੌਲ ਜਾਮੀਆ - 750 ਫ਼ੇਕ ਆਈਡੀ ਵਾਲੇ ਲੋਕ ਜਾਮੀਆ ਵਿੱਚ ਸਨ। ਉਨ੍ਹਾਂ 750 ਖ਼ਾਸ ਲੋਕਾਂ ਨੂੰ ਜਾਮੀਆ ਵਿੱਚ ਕਿਸ ਨੇ ਬੁਲਾਇਆ ਅਤੇ "ਸਹੀ ਸਮੇਂ" ਤੱਕ ਲੁਕਾਈ ਰੱਖਿਆ? ਇਸ ਪਿੱਛੇ ਉਨ੍ਹਾਂ ਦਾ ਕੀ ਇਰਾਦਾ ਹੋਵੇਗਾ?"

ਇਸ ਤਰ੍ਹਾਂ ਦੇ ਕਈ ਮੈਸੇਜ ਫੇਸਬੁੱਕ-ਟਵਿੱਟਰ ਅਤੇ ਕੁਝ ਨਿਯੂਜ਼ ਵੈਬਸਾਈਟਾਂ 'ਤੇ ਨਜ਼ਰ ਆ ਰਹੇ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦਿੱਲੀ ਦੀ ਜਾਮੀਆ ਮੀਲੀਆ ਇਸਲਾਮੀਆ ਯੂਨੀਵਰਸਿਟੀ ਵਿਖੇ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਕੈਂਪਸ ਵਿੱਚ 750 ਫ਼ੇਕ ਆਈਡੀ ਮਿਲੀਆਂ ਹਨ।

ਯੂਨੀਵਰਸਿਟੀ 'ਤੇ ਇਹ ਵੀ ਇਲਜ਼ਾਮ ਲੱਗ ਰਹੇ ਹਨ ਕਿ ਉਨ੍ਹਾਂ ਨੇ ਜਾਅਲੀ ਆਈਡੀ ਨਾਲ ਮੁਜ਼ਾਹਰਾਕਾਰੀਆਂ ਵਿੱਚ ਲੋਕਾਂ ਨੂੰ ਸ਼ਾਮਲ ਕੀਤਾ।

ਇਹ ਵੀ ਪੜ੍ਹੋ

ਵਾਇਰਲ ਹੋਇਆ ਯੂਨੀਵਰਸਿਟੀ ਦੀ ਵੀਸੀ ਦਾ ਵੀਡਿਓ

ਇਕ ਨਿਯੂਜ਼ ਚੈਨਲ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਜਾਮੀਆ ਮੀਲਿਆ ਇਸਲਾਮੀਆ ਦੀ ਵਾਇਸ ਚਾਂਸਲਰ ਨਜਮਾ ਅਖ਼ਤਰ ਕਹਿੰਦੀ ਦਿਖਾਈ ਦੇ ਰਹੀ ਹੈ, "ਹਰ ਕੋਈ ਯੂਨੀਵਰਸਿਟੀ ਦੇ ਕੈਂਪਸ ਵਿਚ ਆ ਸਕਦਾ ਹੈ। ਉਨ੍ਹਾਂ ਨੂੰ ਛੱਡ ਕੇ, ਜੋ ਫ਼ੇਕ ਆਈਡੀ ਲੈਕੇ ਆ ਰਹੇ ਹਨ। ਸਾਨੂੰ 750 ਫ਼ੇਕ ਆਈਡੀ ਕਾਰਡ ਮਿਲੇ ਹਨ। ਤੁਸੀਂ ਖ਼ਬਰਾਂ ਵਿੱਚ ਜ਼ਰੂਰ ਪੜ੍ਹਿਆ ਹੋਵੇਗਾ।"

ਇਸ ਵੀਡੀਓ ਕਲਿੱਪ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨ ਦੇ ਦੌਰਾਨ ਜਾਅਲੀ ਆਈਡੀ ਵਾਲੇ ਬਾਹਰੀ ਲੋਕ ਵਿਰੋਧ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਅਤੇ ਹਿੰਸਾ ਕੀਤੀ।

ਬੀਬੀਸੀ ਨੇ ਦਾਅਵੇ ਦੀ ਕੀਤੀ ਪੜਤਾਲ

ਬੀਬੀਸੀ ਨੇ ਇਸ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਕਿਉਂਕਿ ਇਹ ਦਾਅਵਾ ਵੀਸੀ ਨਜਮਾ ਅਖ਼ਤਰ ਵਲੋਂ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਪਹਿਲਾਂ ਯੂਨੀਵਰਸਿਟੀ ਦੇ ਪੀਆਰਓ ਅਹਿਮਦ ਅਜ਼ੀਮ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਇਹ ਅੰਕੜਾਂ ਕਿੱਥੋਂ ਆਇਆ, ਕੀ ਯੂਨੀਵਰਸਿਟੀ ਨੂੰ ਅਜਿਹੇ ਫ਼ੇਕ ਆਈਡੀ ਮਿਲੇ ਹਨ?

ਅਹਿਮਦ ਅਜ਼ੀਮ ਨੇ ਕਿਹਾ, "ਇਹ ਤਕਰੀਬਨ ਢਾਈ ਮਹੀਨੇ ਪਹਿਲਾਂ ਦੀ ਗੱਲ ਹੈ। ਜਦੋਂ ਅਸੀਂ ਕੈਂਪਸ ਵਿੱਚ ਸਖ਼ਤੀ ਸ਼ੁਰੂ ਕੀਤੀ। ਇਸ ਦਾ ਹਾਲ ਦੇ ਮੁਜ਼ਾਹਰਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।"

ਜਾਮੀਆ ਮਿਲੀਆ ਇਸਲਾਮੀਆ ਦੇ ਪ੍ਰੋਕਟਰ ਨੇ ਕੀ ਕਿਹਾ?

ਇਸ ਬਾਰੇ ਹੋਰ ਜਾਣਕਾਰੀ ਲਈ, ਅਸੀਂ ਜਾਮੀਆ ਮਿਲੀਆ ਇਸਲਾਮੀਆ ਦੇ ਪ੍ਰੋਕਟਰ ਵਸੀਮ ਅਹਿਮਦ ਖਾਨ ਨਾਲ ਸੰਪਰਕ ਕੀਤਾ।

ਉਸਨੇ ਬੀਬੀਸੀ ਨੂੰ ਕਿਹਾ, "ਇਹ ਇਕ ਪੁਰਾਣੀ ਗੱਲ ਹੈ। ਮੈਂ 25 ਜੁਲਾਈ 2019 ਨੂੰ ਜਾਮੀਆ ਦੇ ਪ੍ਰੋਕਟਰ ਦੇ ਅਹੁਦਾ ਸੰਭਾਲਿਆ। ਇਸ ਤੋਂ ਬਾਅਦ, ਅਸੀਂ ਕੈਂਪਸ ਵਿੱਚ ਸਖ਼ਤ ਨਿਯਮ ਬਣਾਏ। ਗਾਰਡਾਂ ਨੂੰ ਵੱਖ-ਵੱਖ ਗੇਟਾਂ 'ਤੇ ਵਿਦਿਆਰਥੀਆਂ ਦੀਆਂ ਆਈ ਡੀ ਚੈੱਕ ਕਰਨ ਲਈ ਕਿਹਾ ਗਿਆ। ਸਾਡੀ ਪ੍ਰੋਕਟੋਰੀਅਲ ਟੀਮ ਨੇ ਰਾਤ ਨੂੰ ਲਾਇਬਰੇਰੀ ਅਤੇ ਕੰਟੀਨ ਵਿੱਚ ਅਚਨਚੇਤ ਦੌਰੇ ਵੀ ਕੀਤੇ।"

"ਸਾਨੂੰ ਜੁਲਾਈ 2019 ਤੋਂ ਅਕਤੂਬਰ 2019 ਦਰਮਿਆਨ 726 ਗੜਬੜ ਆਈਡੀ ਕਾਰਡ ਮਿਲੇ। ਮੈਂ ਇਸ ਨੂੰ ਜਾਅਲੀ ਨਹੀਂ ਕਹਾਂਗਾ। ਕਈ ਕਾਰਡਾਂ ਦੀ ਮਿਆਦ ਖ਼ਤਮ ਹੋ ਗਈ ਸੀ ਤੇ ਕੁਝ ਨਕਲੀ ਸਨ। ਬਹੁਤੇ ਵਿਦਿਆਰਥੀ ਇਸ ਦੀ ਵਰਤੋਂ ਕਰ ਰਹੇ ਸਨ ਤਾਂ ਕਿ ਉਹ ਯੂਨੀਵਰਸਿਟੀ ਦੀ ਲਾਇਬਰੇਰੀ ਦੀ ਸਹੂਲਤ ਲੈ ਸਕਣ।"

ਉਹਨਾਂ ਨੇ ਅੱਗੇ ਕਿਹਾ, "ਬਹੁਤ ਸਾਰੇ ਵਿਦਿਆਰਥੀ ਜਾਮੀਆ ਦੇ ਅਰਜੁਨ ਸਿੰਘ ਸੈਂਟਰ ਫਾਰ ਡਿਸਟੈਂਸ ਐਂਡ ਓਪਨ ਲਰਨਿੰਗ ਦੇ ਹਨ, ਕਿਉਂਕਿ ਅਸੀਂ ਉਨ੍ਹਾਂ ਨੂੰ ਲਾਇਬਰੇਰੀ ਵਿੱਚ ਨਹੀਂ ਜਾਣ ਦਿੰਦੇ। ਅਸੀਂ ਅਜਿਹੇ ਲੋਕਾਂ ਨੂੰ ਅਜਿਹੇ ਜਾਅਲੀ ਕਾਰਡਾਂ ਦੀ ਵਰਤੋਂ ਨਾ ਕਰਦਿਆਂ ਸਾਡੀ ਇਜਾਜ਼ਤ ਲੈਣ ਲਈ ਕਿਹਾ। ਕਈਆਂ ਨੇ ਇਸ ਤਰ੍ਹਾਂ ਕੀਤਾ ਵੀ। ਇਸ ਸਮੇਂ ਦੌਰਾਨ ਅਸੀਂ ਕੰਟੀਨ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦੇ ਸਥਾਨਕ ਦੋਸਤਾਂ ਨੂੰ ਵੀ ਦੇਖਿਆ, ਜਿਨ੍ਹਾਂ ਨੂੰ ਅਸੀਂ ਕੈਂਪਸ ਤੋਂ ਬਾਹਰ ਭੇਜਿਆ।"

ਉਹਨਾਂ ਦੱਸਿਆ, "ਇਕ ਵਾਰ ਅਸੀਂ 10 ਲੋਕਾਂ ਦੇ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਕਿਉਂਕਿ ਸਾਨੂੰ ਸਾਡੇ ਵਿਦਿਆਰਥੀਆਂ ਤੋਂ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਮਿਲੀਆਂ ਸਨ। ਜਿੰਨ੍ਹਾਂ 750 ਜਾਅਲੀ ਆਈਡੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹਨਾਂ ਦਾ ਇਨ੍ਹਾਂ ਪ੍ਰਦਰਸ਼ਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।"

ਵੀਸੀ ਅਖ਼ਤਰ ਨੇ ਕੀ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਜ਼ਿਕਰ ਕੀਤਾ? ਇਸ ਪ੍ਰਸ਼ਨ ਦੇ ਜਵਾਬ ਵਿੱਚ, ਉਹ ਕਹਿੰਦੇ ਹਨ ਕਿ "ਉਹਨਾਂ ਨੇ ਇਸ ਗੱਲ ਦਾ ਜ਼ਿਕਰ ਦੂਸਰੇ ਅੰਦਾਜ਼ ਵਿੱਚ ਕੀਤਾ ਸੀ। ਉਹ ਕਹਿ ਰਹੀ ਸੀ ਕਿ ਅਸੀਂ ਆਪਣੇ ਕੈਂਪਸ ਬਾਰੇ ਸਖ਼ਤੀ ਦਿਖਾਉਂਦੇ ਹਾਂ, ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਇਹ ਜਾਅਲੀ ਆਈਡੀ ਨਾਗਰਿਕਤਾ ਸੋਧ ਬਾਰੇ ਹੋ ਰਹੇ ਪ੍ਰਦਰਸ਼ਨ ਦੌਰਾਨ ਮਿਲੇ ਹਨ।"

ਆਖ਼ਰ ਕੀ ਹੈ ਸੱਚ?

ਉਸ ਤੋਂ ਬਾਅਦ ਅਸੀਂ ਇਸ ਵਿਸ਼ੇ ਦੇ ਕੀ-ਵਰਡ ਦੀ ਖੋਜ ਕੀਤੀ, ਫਿਰ ਸਾਨੂੰ 10 ਨਵੰਬਰ, 2019 ਦਾ ਹਿੰਦੁਸਤਾਨ ਟਾਈਮਜ਼ ਦਾ ਇਕ ਲੇਖ ਮਿਲਿਆ। ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਤਿੰਨ ਮਹੀਨਿਆਂ ਵਿੱਚ ਜਾਮੀਆ ਮਿਲੀਆ ਵਿੱਚ 700 ਤੋਂ ਵੱਧ ਆਈਡੀ ਕਾਰਡ ਜ਼ਬਤ ਕੀਤੇ ਗਏ। ਇਹ ਗਿਣਤੀ ਅਗਸਤ 2019 ਤੋਂ ਨਵੰਬਰ 2019 ਤੱਕ ਦੀਆਂ ਹਨ।

ਦਿੱਲੀ ਪੁਲਿਸ ਨੇ 15 ਦਸੰਬਰ ਨੂੰ ਹੋਈ ਹਿੰਸਾ ਵਿੱਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ 'ਚ ਤਿੰਨ ਲੋਕ ਅਪਰਾਧਿਕ ਪਿਛੋਕੜ ਤੋਂ ਆਏ ਹਨ। ਇਨ੍ਹਾਂ ਵਿੱਚੋਂ ਕੋਈ ਵੀ ਵਿਦਿਆਰਥੀ ਨਹੀਂ ਹੈ।

ਬੀਬੀਸੀ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਜਾਮੀਆ ਦੀ ਉਪ ਕੁਲਪਤੀ ਨਜਮਾ ਅਖ਼ਤਰ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਕੈਂਪਸ ਵਿੱਚ 750 ਫ਼ੇਕ ਆਈਡੀ ਮਿਲਣ ਦਾ ਦਾਅਵਾ ਝੂਠਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)