You’re viewing a text-only version of this website that uses less data. View the main version of the website including all images and videos.
Jamia protests: ਦਿੱਲੀ ਪੁਲਿਸ ਦੇ ਡੀਟੀਸੀ ਬੱਸ ਨੂੰ ਅੱਗ ਲਗਾਉਣ ਵਾਲੇ ਵਾਇਰਲ ਵੀਡੀਓ ਦੀ ਅਸਲ ਸੱਚਾਈ - ਫੈਕਟ ਚੈੱਕ
- ਲੇਖਕ, ਫੈਕਟ ਚੈੱਕ ਟੀਮ
- ਰੋਲ, ਨਵੀਂ ਦਿੱਲੀ
ਐਤਵਾਰ ਨੂੰ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਖੇ ਹੋਏ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਇਕ ਬਲਦੀ ਹੋਈ ਮੋਟਰ ਸਾਈਕਲ ਦਿਖ ਰਹੀ ਹੈ, ਜਿਸ ਨੂੰ ਇੱਕ ਵਿਅਕਤੀ ਅੱਗ ਬੁਝਾਓ ਯੰਤਰ ਨਾਲ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਡੀਟੀਸੀ ਕਲੱਸਟਰ ਬੱਸ ਨੇੜੇ ਖੜੀ ਹੈ। ਪੁਲਿਸ ਦੇ ਕੁਝ ਲੋਕ ਪਲਾਸਟਿਕ ਦੇ ਪੀਲੇ ਬਕਸਿਆਂ ਵਿੱਚ ਕੁਝ ਭਰ ਕੇ ਗੱਡੀ ਵੱਲ ਲੈਕੇ ਜਾ ਰਹੇ ਹਨ। ਇਸ 20 ਸਕਿੰਟ ਦੇ ਵੀਡੀਓ ਵਿੱਚ, ਪਿੱਛੇ ਤੋਂ ਆਵਾਜ਼ ਆ ਰਹੀ ਹੈ "ਬੁਝ ਗਿਆ ... ਬੁਝ ਗਿਆ।"
ਇਸ ਵੀਡੀਓ ਨੂੰ ਟਵੀਟ ਕਰਦੇ ਹੋਏ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਪੁਲਿਸ 'ਤੇ ਬੱਸਾਂ ਨੂੰ ਅੱਗ ਲਾਉਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਲਿਖਿਆ, "ਚੋਣਾਂ ਵਿੱਚ ਹਾਰ ਦੇ ਡਰੋਂ ਭਾਜਪਾ ਦਿੱਲੀ ਵਿੱਚ ਅੱਗ ਲਗਵਾ ਰਹੀ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਵਿਰੁੱਧ ਹੋ। ਇਹ ਭਾਜਪਾ ਦੀ ਘਟੀਆ ਰਾਜਨੀਤੀ ਹੈ। ਇਸ ਵੀਡੀਓ ਵਿੱਚ ਖ਼ੁਦ ਦੇਖੋ ਕਿਵੇਂ ਪੁਲਿਸ ਦੀ ਸੁਰੱਖਿਆ ਵਿੱਚ ਅੱਗ ਲਗਾਈ ਜਾ ਹੈ।"
ਫਿਰ ਇਸ ਤੋਂ ਬਾਅਦ ਉਹਨਾਂ ਨੇ ਇਕ ਹੋਰ ਟਵੀਟ ਕੀਤਾ, "ਇਸ ਬਾਰੇ ਤੁਰੰਤ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਵਰਦੀਧਾਰੀ ਲੋਕ ਬੱਸਾਂ ਨੂੰ ਅੱਗ ਲਾਉਣ ਤੋਂ ਪਹਿਲਾਂ ਪੀਲੀਆਂ ਅਤੇ ਚਿੱਟੀਆਂ ਰੰਗਾਂ ਦੀਆਂ ਕੈਨਾਂ ਨਾਲ ਬੱਸਾਂ ਵਿੱਚ ਕੀ ਪਾ ਰਹੇ ਹਨ? ਅਤੇ ਇਹ ਕਿਸ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ? ਫੋਟੋ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਭਾਜਪਾ ਨੇ ਘਟੀਆ ਰਾਜਨੀਤੀ ਕਰਦਿਆਂ ਪੁਲਿਸ ਤੋਂ ਇਹ ਅੱਗ ਲਗਵਾਈ ਹੈ।"
ਇਸ ਨੂੰ 10,000 ਤੋਂ ਵੱਧ ਲੋਕਾਂ ਨੇ ਰੀ-ਟਵੀਟ ਕੀਤਾ ਹੈ।
ਇਸ ਤੋਂ ਬਾਅਦ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਕਿ ਅੱਗ ਪੁਲਿਸ ਨੇ ਲਗਾਈ ਸੀ ਜਾਂ ਪ੍ਰਦਰਸ਼ਨਕਾਰੀਆਂ ਨੇ।
ਫੈਕਟ ਚੈੱਕ ਟੀਮ ਨੇ ਇਸ ਵੀਡੀਓ ਦੀ ਅਸਲੀਅਤ ਜਾਣਨ ਲਈ ਜਾਂਚ ਸ਼ੁਰੂ ਕੀਤੀ। ਦਿੱਲੀ ਪੁਲਿਸ ਦੇ ਪੀਆਰਓ ਐਮਐਸ ਰੰਧਾਵਾ ਨੇ ਬੀਬੀਸੀ ਨੂੰ ਦੱਸਿਆ ਕਿ "ਵੀਡੀਓ ਨਾਲ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਪੁਲਿਸ ਅੱਗ ਬੁਝਾਉਣ ਦਾ ਕੰਮ ਕਰ ਰਹੀ ਸੀ। "
ਫਿਰ ਉਹਨਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ, "ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੁਲਿਸ ਨੇ ਬੱਸ ਨੂੰ ਅੱਗ ਲਗਾ ਦਿੱਤੀ। ਵੀਡੀਓ ਵਿੱਚ, DL1PD-0299 ਨੰਬਰ ਵਾਲੀ ਬੱਸ ਦਿਖਾਈ ਦੇ ਰਹੀ ਹੈ, ਜਿਸਨੂੰ ਅੱਗ ਵੀ ਨਹੀਂ ਲੱਗੀ। ਇੱਕ ਚੰਗਿਆੜੀ ਸੀ ਜਿਸਨੂੰ ਅਸੀਂ ਬੁਝਾਉਣ ਵਿੱਚ ਲੱਗੇ ਸੀ। ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰੋ।"
ਇਹ ਵੀ ਪੜ੍ਹੋ
ਇਸ ਤੋਂ ਬਾਅਦ ਬੀਬੀਸੀ ਦੀ ਟੀਮ ਦਿੱਲੀ ਦੇ ਨਿਯੂ ਫਰੈਂਡਜ਼ ਕਲੋਨੀ ਥਾਣੇ ਪਹੁੰਚੀ। ਵੱਡੀ ਗਿਣਤੀ ਵਿੱਚ ਪੁਲਿਸ ਬਲ ਇਥੇ ਹੈਲਮੇਟ ਪਾ ਕੇ ਹੱਥਾਂ ਵਿੱਚ ਡੰਡੇ ਲੈ ਕੇ ਖੜਾ ਸੀ। ਅਸੀਂ ਵਧੀਕ ਥਾਣਾ ਇੰਚਾਰਜ ਮਨੋਜ ਵਰਮਾ ਨਾਲ ਮੁਲਾਕਾਤ ਕੀਤੀ।
ਜਦੋਂ ਅਸੀਂ ਉਸਨੂੰ ਇਹ ਵੀਡੀਓ ਦਿਖਾਇਆ, ਉਸਨੇ ਦੱਸਿਆ,"ਇਹ ਵੀਡੀਓ ਸਾਡੇ ਇਲਾਕੇ ਦੀ ਹੈ। ਤੁਸੀਂ ਦੇਖੋਗੇ ਕਿ ਵੀਡੀਓ ਵਿੱਚ ਖੜ੍ਹੀ ਬੱਸ ਨੂੰ ਅੱਗ ਨਹੀਂ ਲੱਗੀ। ਇਸਨੂੰ ਤੋੜਿਆ ਗਿਆ ਹੈ। ਸਾਡੀ ਬਾਈਕਾਂ ਨੂੰ ਅੱਗ ਲਗਾਈ ਗਈ। ਅਸੀਂ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ।"
ਇਹ ਬੱਸ ਹੁਣ ਘਟਨਾ ਵਾਲੀ ਥਾਂ 'ਤੇ ਮੌਜੂਦ ਨਹੀਂ ਹੈ। ਇਸ ਨੂੰ ਡੀਟੀਸੀ ਡਿਪੂ ਭੇਜ ਦਿੱਤਾ ਗਿਆ ਹੈ। ਪੁਲਿਸ ਦੇ ਦਾਅਵੇ ਅਨੁਸਾਰ ਇਹ ਸੱਚ ਹੈ ਕਿ ਬੱਸ ਵਿੱਚ ਅੱਗ ਨਹੀਂ ਲੱਗੀ ਸੀ ਅਤੇ ਨੇੜੇ ਹੀ ਇੱਕ ਬਾਈਕ ਵੀ ਸੜ ਰਹੀ ਸੀ।
ਇਸ ਤੋਂ ਬਾਅਦ, ਅਸੀਂ ਪੁੱਛਿਆ ਕਿ ਕੀ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਐਫਆਈਆਰ ਦਰਜ ਕੀਤੀ ਹੈ, ਜਿਸ 'ਤੇ ਉਨ੍ਹਾਂ ਨੇ ਪਹਿਲਾਂ ਕਿਹਾ ਕਿ ਅਜੇ ਨਹੀਂ। ਪਰ ਜਦੋਂ ਉਹਨਾਂ ਨੂੰ ਦੁਬਾਰਾ ਇਹ ਪ੍ਰਸ਼ਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ, "ਐਫਆਈਆਰ ਦਰਜ ਕਰ ਲਈ ਗਈ ਹੈ, ਪਰ ਇਸ ਵਿੱਚ ਕੁਝ ਨਾਮ ਵੀ ਸ਼ਾਮਲ ਹਨ ਪਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਹ ਮਾਮਲਾ ਬਹੁਤ ਗੰਭੀਰ ਹੈ।"
ਇਸ ਇਲਾਕੇ ਵਿੱਚ ਅਸੀਂ ਚਾਰ ਸੜੀ ਹੋਈ ਡੀਟੀਸੀ ਬੱਸਾਂ, ਕੁਝ ਬਾਈਕਾਂ ਅਤੇ ਇੱਕ ਪੂਰੀ ਤਰ੍ਹਾਂ ਟੁੱਟੀ ਬੱਸ ਅਤੇ ਕਾਰ ਦੇਖੀ।
ਬੀਬੀਸੀ ਨੇ ਮਨੀਸ਼ ਸਿਸੋਦੀਆ ਨਾਲ ਇਸ ਮਾਮਲੇ 'ਤੇ ਉਹਨਾਂ ਦਾ ਪੱਖ ਜਾਣਨ ਲਈ ਸੰਪਰਕ ਕੀਤਾ, ਪਰ ਫੋਨ ਕਾਲ ਦਾ ਜਵਾਬ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ।
ਐਨਡੀਟੀਵੀ ਦੇ ਪੱਤਰਕਾਰ ਅਰਵਿੰਦ ਗੁਣਾਸ਼ੇਖਰ ਦਾ ਕਹਿਣਾ ਹੈ ਕਿ ਉਹ ਘਟਨਾ ਵਾਲੀ ਥਾਂ 'ਤੇ ਮੌਜੂਦ ਸਨ। ਉਹਨਾਂ ਟਵਿੱਟਰ 'ਤੇ ਲਿਖਿਆ, "ਨਹੀਂ, ਭੀੜ ਨੇ ਦੋਪਹੀਆ ਵਾਹਨਾਂ ਨੂੰ ਅੱਗ ਲਗਾਈ। ਪੁਲਿਸ ਵਾਲੇ ਇਸਨੂੰ ਬੁਝਾਉਣ ਦਾ ਕੰਮ ਕਰ ਰਹੇ ਸੀ। ਮੈਂ ਉੱਥੇ ਮੌਜੂਦ ਸੀ। ਇਹ ਇਕ ਬੇਕਾਬੂ ਭੀੜ ਸੀ। ਵਿਰੋਧ ਕਰਨ ਦਾ ਇਹ ਕੋਈ ਰਸਤਾ ਨਹੀਂ ਸੀ।"
ਅਸੀਂ ਇਸ ਘਟਨਾ ਦੇ ਕੁਝ ਚਸ਼ਮਦੀਦਾਂ ਨਾਲ ਗੱਲ ਕੀਤੀ। ਘਟਨਾ ਵਾਲੀ ਥਾਂ ਦੇ ਨੇੜੇ ਇਕ ਘਰ ਦੇ ਸੁਰੱਖਿਆ ਗਾਰਡ ਰਾਹੁਲ ਕੁਮਾਰ ਨੇ ਸਾਨੂੰ ਦੱਸਿਆ ਕਿ "ਇਹ ਘਟਨਾ ਐਤਵਾਰ ਨੂੰ ਦੁਪਹਿਰ ਦੋ ਤੋਂ ਤਿੰਨ ਵਜੇ ਵਾਪਰੀ। ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਆਏ ਅਤੇ ਫਿਰ ਅੱਗ ਲਗਾ ਦਿੱਤੀ ਗਈ। ਅਸੀਂ ਨਹੀਂ ਵੇਖਿਆ ਕਿ ਪੁਲਿਸ ਨੇ ਅੱਗ ਲਗਾਈ ਹੋਵੇ। "
ਹਾਲਾਂਕਿ, ਉਸਨੇ ਸਾਡੇ ਨਾਲ ਕੈਮਰੇ 'ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਕੁਲ ਮਿਲਾ ਕੇ, ਬੀਬੀਸੀ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਜਿਸ ਬਸ ਦਾ ਵੀਡੀਓ ਸਾਂਝਾ ਪੁਲਿਸ ਉੱਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ, ਉਹ ਗਲਤ ਹੈ।