Delhi Protest: ਜਾਮੀਆ ਹਿੰਸਾ: ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮੁਜ਼ਾਹਰੇ ਦੌਰਾਨ ਹਿੰਸਾ ਬਾਰੇ 7 ਤੱਥ

ਨਾਗਰਿਕਤਾ ਸੋਧ ਬਿੱਲ ਦੇ ਖਿਲਾਫ਼ ਵਿਰੋਧ ਦੀ ਅੱਗ ਰਾਜਧਾਨੀ ਦਿੱਲੀ ਪਹੁੰਚ ਗਈ ਹੈ। ਐਤਵਾਰ ਸ਼ਾਮ ਨੂੰ ਦਿੱਲੀ ਦੇ ਜਾਮੀਆ ਇਲਾਕੇ ਵਿੱਚ ਕਈ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਦਾ ਇਲਜ਼ਾਮ ਹੈ ਕਿ ਹਿੰਸਾ ਪ੍ਰਦਰਸ਼ਨਕਾਰੀਆਂ ਨੇ ਸ਼ੁਰੂ ਕੀਤੀ।

ਬੱਸਾਂ ਵਿੱਚ ਲੱਗੀ ਅੱਗ ਬੁਝਾਉਣ ਗਈ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

ਜਾਮੀਆ ਆਲੇ ਦੁਆਲੇ ਦੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੈਰਾ ਮਿਲੀਟਰੀ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਪ੍ਰਦਰਸ਼ਨ ਵਿੱਚ ਦੋ ਫਾਇਰ ਬ੍ਰਿਗੇਡ ਦੇ ਦੋ ਮੁਲਾਜ਼ਮ ਵੀ ਜ਼ਖਮੀ ਹੋਏ ਹਨ।

ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਿਕ, ਦਿੱਲੀ ਪੁਲਿਸ ਜਾਮੀਆ ਮਿਲੀਆ ਇਸਲਾਮੀਆ ਕੈਂਪਸ ਦੇ ਅੰਦਰ ਪੁੱਜ ਗਈ ਹੈ। ਯੂਨੀਵਰਸਿਟੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।

ਪੀਟੀਆਈ ਮੁਤਾਬਕ ਜਾਮੀਆ ਟੀਚਰਜ਼ ਐਸੋਸੀਏਸ਼ਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਥਾਨਕ ਸਿਆਸੀ ਲੀਡਰਾਂ ਦੇ ਦਿਸਾਹੀਨ ਪ੍ਰਦਰਸ਼ਨਾਂ ਤੋਂ ਦੂਰੀ ਬਣਾਈ ਰੱਖਣ।

ਖ਼ਬਰ ਏਜੰਸੀ ਏਐਨਆਈ ਦੇ ਮੁਤਾਬਕ 'ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਚੀਫ ਪ੍ਰੌਕਟਰ ਵਸੀਮ ਅਹਿਮਦ ਖਾਨ ਨੇ ਕਿਹਾ ਹੈ, "ਪੁਲਿਸ ਜ਼ਬਰਦਸਤੀ ਕੈਂਪਸ ਵਿੱਚ ਦਾਖਲ ਹੋਈ ਹੈ, ਬਿਨਾ ਇਜਾਜ਼ਤ ਤੋਂ। ਸਾਡੇ ਸਟਾਫ ਅਤੇ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਕੈਂਪਸ ਛੱਡਣ ਲਈ ਮਜਬੂਰ ਕੀਤਾ ਗਿਆ ਹੈ।"

ਦਿੱਲੀ ਦੀ ਹਿੰਸਾ ਬਾਰੇ ਜਾਣੋ 7 ਤੱਥ

  • ਨਾਗਰਿਕਤਾ ਸੋਧ ਬਿੱਲ ਦੇ ਖਿਲਾਫ਼ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੱਢਿਆ ਮਾਰਚ ਜੰਤਰ ਮੰਤਰ ਤੇ ਖ਼ਤਮ ਹੋਣਾ ਸੀ। ਪਰ ਦੇਖਦੇ ਹੀ ਦੇਖਦੇ ਹਿੰਸਾ ਭੜਕ ਗਈ। ਕਈ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
  • ਇਸ ਤੋਂ ਪਹਿਲਾਂ ਵੀ ਜਾਮੀਆ ਦੇ ਵਿਦਿਆਰਥੀਆਂ ਨੇ 13 ਦਸੰਬਰ ਨੂੰ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਸੀ। ਪਿਛਲੇ ਦੋ-ਤਿੰਨ ਦਿਨਾਂ ਤੋਂ ਪੁਲਿਸ ਨੇ ਨਿਉ ਫ੍ਰੈਂਡਜ਼ ਕਲੋਨੀ ਦੇ ਕਮਿਨਿਉਟੀ ਸੈਂਟਰ ਨੇੜੇ ਬੈਰੀਕੇਡ ਲਗਾਏ ਹੋਏ ਸਨ।
  • ਜਾਮੀਆ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਪੈਰਾ ਮਿਲੀਟਰੀ ਫੋਰਸ ਵੀ ਤਾਇਨਾਤ ਕਰਨੀ ਪਈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਪੁਲਿਸ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਦਾਖ਼ਲ ਹੋਈ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ।
  • ਖ਼ਬਰ ਏਜੰਸੀ ਏਐਨਆਈ ਦੇ ਮੁਤਾਬਕ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਚੀਫ ਪ੍ਰੌਕਟਰ ਵਸੀਮ ਅਹਿਮਦ ਖਾਨ ਨੇ ਕਿਹਾ, "ਪੁਲਿਸ ਜ਼ਬਰਦਸਤੀ ਕੈਂਪਸ ਵਿੱਚ ਦਾਖਲ ਹੋਈ ਹੈ, ਬਿਨਾ ਇਜਾਜ਼ਤ ਤੋਂ। ਸਾਡੇ ਸਟਾਫ ਅਤੇ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਕੈਂਪਸ ਛੱਡਣ ਲਈ ਮਜਬੂਰ ਕੀਤਾ ਗਿਆ।"
  • ਦੱਖਣੀ-ਪੂਰਬੀ ਦਿੱਲੀ ਦੇ ਡੀਸੀਪੀ ਚਿੰਨਮੈ ਬਿਸਵਾਲ ਨੇ ਕਿਹਾ ਹੈ ਕਿ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਭੀੜ ਬਹੁਤ ਹਮਲਾਵਰ ਸੀ। "ਸਥਿਤੀ ਨੂੰ ਕਾਬੂ ਕਰਨ ਲਈ, ਅਸੀਂ ਹਿੰਸਕ ਭੀੜ ਨੂੰ ਖਿੰਡਾ ਦਿੱਤਾ, ਜਿਸ ਦੇ ਜਵਾਬ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਪੱਥਰ ਮਾਰੇ ਗਏ। ਇਸ ਵਿੱਚ ਤਕਰੀਬਨ ਛੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ।" ਦਿੱਲੀ ਪੁਲਿਸ ਹੈੱਡ ਕੁਆਟਰ ਦੇ ਬਾਹਰ ਵੱਖ-ਵੱਖ ਸਟੂਡੈਂਟ ਜੱਥੇਬੰਦੀਆਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
  • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਵੀਟ ਕਰਕੇ ਕਿਹਾ, ''ਕਿਸੇ ਨੂੰ ਵੀ ਹਿੰਸਾ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਕਿਸੇ ਵੀ ਰੂਪ 'ਚ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਹੋਣਾ ਚਾਹੀਦਾ।''
  • ਸੁਖਦੇਵ ਵਿਹਾਰ ਮੈਟਰੋ ਸਟੇਸ਼ਨ, ਆਸ਼ਰਮ, ਜਾਮੀਆ ਮਿਲੀਆ ਇਸਲਾਮੀਆ, ਓਖਲਾ ਵਿਹਾਰ, ਜਸੋਲਾ ਵਿਹਾਰ, ਸ਼ਾਹੀਨ ਬਾਗ ਸਣੇ ਘੱਟੋ ਘੱਟ 15 ਮੈਟਰੋ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ।

ਦਿੱਲੀ ਪੁਲਿਸ ਨੇ ਕੀ ਕਿਹਾ

ਦੱਖਣੀ-ਪੂਰਬੀ ਦਿੱਲੀ ਦੇ ਡੀਸੀਪੀ ਚਿੰਨਮੈ ਬਿਸਵਾਲ ਨੇ ਅੱਗੇ ਕਿਹਾ, "ਸਾਡੀ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਕੋਈ ਸ਼ਿਕਾਇਤ ਨਹੀਂ ਸੀ। ਪਰ ਕੈਂਪਸ ਦੇ ਅੰਦਰੋਂ ਵੀ ਪਥਰਾਅ ਕੀਤਾ ਗਿਆ ਸੀ। ਅਸੀਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਕਹਾਂਗੇ।"

ਬਿਸਵਾਲ ਨੇ ਦੱਸਿਆ ਕਿ ਭਿਆਨਕ ਭੀੜ ਨੇ ਚਾਰ ਡੀਟੀਸੀ ਬੱਸਾਂ ਅਤੇ ਦੋ ਪੁਲਿਸ ਗੱਡੀਆਂ ਸਣੇ ਕੁਝ ਹੋਰ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ, ਜਿਸ ਕਾਰਨ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ।

ਬਿਸਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਫਾਇਰਿੰਗ ਦੀਆਂ ਖ਼ਬਰਾਂ ਮਹਿਜ਼ ਅਫਵਾਹ ਹਨ।

ਦਿੱਲੀ ਪੁਲਿਸ ਦੇ ਬੁਲਾਰੇ ਐੱਮਐੱਸ ਰੰਧਾਵਾ ਨੇ ਕਿਹਾ ਹ ਕਿ ਹਾਲਾਤ ਹੁਣ ਕਾਬੂ ਵਿੱਚ ਹਨ ਅਤੇ ਦਿੱਲੀ ਪੁਲਿਸ ਨੂੰ ਕਿਸੇ ਵੀ ਅਫਵਾਹ ਤੇ ਧਿਆਨ ਨਹੀਂ ਦੇਣਾ ਚਾਹੀਦਾ।

ਇਹ ਵੀ ਪੜ੍ਹੋ

ਮੈਟਰੋ ਸੇਵਾ ਪ੍ਰਭਾਵਿਤ

ਸੁਖਦੇਵ ਵਿਹਾਰ ਮੈਟਰੋ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਹਨ। ਅਤੇ ਆਸ਼ਰਮ ਮੈਟਰੋ ਸਟੇਸ਼ਨ ਦਾ ਗੇਟ ਨੰਬਰ ਤਿੰਨ ਬੰਦ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਜਾਮੀਆ ਮਿਲੀਆ ਇਸਲਾਮੀਆ, ਓਖਲਾ ਵਿਹਾਰ ਅਤੇ ਜਸੋਲਾ ਵਿਹਾਰ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ ਹਨ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਇਹਨਾਂ ਸਟੇਸ਼ਨਾਂ ਉੱਤੇ ਕੋਈ ਵੀ ਮੈਟਰੋ ਫਿਲਹਾਲ ਨਹੀਂ ਰੁਕੇਗੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਵੀਟ ਕਰਕੇ ਕਿਹਾ, ''ਕਿਸੇ ਨੂੰ ਵੀ ਹਿੰਸਾ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਕਿਸੇ ਵੀ ਰੂਪ 'ਚ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਹੋਣਾ ਚਾਹੀਦਾ।''

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਜਾਮੀਆ ਹਿੰਸਾ ਬਾਰੇ ਕਿਹਾ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਾਲਾਤ ਕਾਬੂ ਕਰਨ ਲਈ ਕਦਮ ਚੁੱਕਣ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਇਹ ਵਿਵਾਦ ਕਾਨੂੰਨ ਨੂੰ ਖ਼ਤਮ ਕੀਤਾ ਗਿਆ ਜਾਵੇ।

ਘਟਨਾ ਵਾਲੀ ਥਾਂ ਤੇ ਮੌਜੂਦ ਬੀਬੀਸੀ ਪੱਤਰਕਾਰ ਬੁਸ਼ਰਾ ਸ਼ੇਖ ਨੇ ਦੱਸਿਆ ਕਿ ਇੱਕ ਪੁਲਿਸਵਾਲੇ ਨੇ ਨਾ ਸਿਰਫ ਉਨ੍ਹਾਂ ਦਾ ਮੋਬਾਈਲ ਖੋਹ ਕੇ ਤੋੜ ਦਿੱਤਾ ਸਗੋਂ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ।

ਘਟਨਾ ਸਥਾਨ 'ਤੇ ਮੌਜੂਦ ਬੀਬੀਸੀ ਪੱਤਰਕਾਰ ਸੱਤਿਆਵਾਨ ਨੇ ਜੋ ਵੇਖਿਆ..

ਹੋਇਆ ਇਹ ਕਿ ਜਾਮੀਆ ਦੇ ਵਿਦਿਆਰਥੀਆਂ ਨੇ ਨਾਗਰਿਕ ਸੋਧ ਬਿੱਲ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਸੀ।

ਜਿਵੇਂ ਹੀ ਵਿਦਿਆਰਥੀਆਂ ਦਾ ਕਾਫ਼ਲਾ ਨਿਊ ਫਰੈਂਡਜ਼ ਕਲੋਨੀ ਦੇ ਕਮਿਉਨਿਟੀ ਸੈਂਟਰ ਦੇ ਕੋਲੋਂ ਲੰਘਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਉੱਥੇ ਬੈਰੀਕੇਡ ਲਗਾਏ ਹੋਏ ਸਨ।

ਕੁਝ ਵਿਦਿਆਰਥੀ ਉੱਥੇ ਬੈਠੇ ਸਨ, ਜਾਮੀਆ ਤੋਂ ਇਲਾਵਾ ਹੋਰ ਵਿਦਿਆਰਥੀ ਵੀ ਇਨ੍ਹਾਂ ਵਿਦਿਆਰਥੀਆਂ ਵਿੱਚ ਸ਼ਾਮਲ ਸਨ।

ਪੁਲਿਸ ਦੀ ਨਾਕਾਬੰਦੀ ਨੂੰ ਵੇਖਦਿਆਂ ਵਿਦਿਆਰਥੀਆਂ ਦਾ ਇੱਕ ਸਮੂਹ ਦੂਸਰੇ ਰਸਤੇ ਤੋਂ ਆਸ਼ਰਮ ਵੱਲ ਵਧਣਾ ਸ਼ੁਰੂ ਹੋ ਗਿਆ।

ਇਹ ਰਸਤਾ ਜੰਤਰ-ਮੰਤਰ ਵੱਲ ਜਾਂਦਾ ਸੀ। ਹਾਲਾਂਕਿ, ਇਹ ਗੱਲ ਪੱਕੇ ਤੌਰ 'ਤੇ ਨਹੀਂ ਕਹੀ ਜਾ ਸਕਦੀ ਕਿ ਵਿਦਿਆਰਥੀਆਂ ਦਾ ਇਹ ਸਮੂਹ ਜੰਤਰ-ਮੰਤਰ ਹੀ ਜਾ ਰਿਹਾ ਸੀ ਜਾਂ ਹੋਰ ਕਿਤੇ।

ਵਿਦਿਆਰਥੀਆਂ ਨੇ ਆਸ਼ਰਮ ਨੇੜੇ ਸੜਕ ਜਾਮ ਕਰ ਦਿੱਤੀ। ਇਹ ਸੜਕ ਦਿੱਲੀ-ਫਰੀਦਾਬਾਦ ਰੋਡ ਸੀ।

ਸੜਕ ਨੂੰ ਖਾਲੀ ਕਰਨ ਲਈ ਪੁਲਿਸ ਨੇ ਉੱਥੇ ਲਾਠੀਚਾਰਜ ਕੀਤਾ। ਇਨ੍ਹਾਂ ਵਿਦਿਆਰਥੀਆਂ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਹੀ ਸਨ। ਪੁਲਿਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉੱਥੇ ਕੁੱਟਿਆ ਵੀ।

ਇਸ ਦੌਰਾਨ ਪੁਲਿਸ 'ਤੇ ਦੂਜੇ ਪਾਸੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਵੀ ਕੀਤਾ।

ਇਸ ਤੋਂ ਬਾਅਦ ਵਿਦਿਆਰਥੀਆਂ ਨੇ ਉੱਥੇ ਮੌਜੂਦ ਡੀਟੀਸੀ ਬੱਸਾਂ 'ਤੇ ਪਥਰਾਅ ਕੀਤਾ। ਵਿਦਿਆਰਥੀਆਂ ਨੇ ਮੇਰੇ ਸਾਹਮਣੇ ਹੀ ਦੋ ਬੱਸਾਂ ਨੂੰ ਅੱਗ ਲਾ ਦਿੱਤੀ।

ਫਿਰ ਪੁਲਿਸ ਨੇ ਉੱਥੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਦੋਵੇਂ ਪੁਲਿਸ ਅਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਸਨ।

ਇਸ ਤੋਂ ਪਹਿਲਾਂ ਵੀ ਜਾਮੀਆ ਦੇ ਵਿਦਿਆਰਥੀਆਂ ਨੇ 13 ਦਸੰਬਰ ਨੂੰ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਸੀ।

ਪਿਛਲੇ ਦੋ-ਤਿੰਨ ਦਿਨਾਂ ਤੋਂ ਪੁਲਿਸ ਨੇ ਨਿਊ ਫਰੈਂਡਜ਼ ਕਲੋਨੀ ਦੇ ਕਮਿਨਿਉਟੀ ਸੈਂਟਰ ਨੇੜੇ ਬੈਰੀਕੇਡ ਲਗਾਏ ਹੋਏ ਸਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)