Jamia and other protests: ਮੇਰੀ ਲਾਸ਼ 'ਤੇ ਲਾਗੂ ਕਰਨਾ ਹੋਵੇਗਾ ਨਾਗਰਿਕਤਾ ਸੋਧ ਕਾਨੂੰਨ- ਮਮਤਾ ਬੈਨਰਜੀ

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਹੋਈ ਪੁਲਿਸ ਦੀ ਝੜਪ ਮਗਰੋਂ ਸਿਆਸਤ ਭਖ ਗਈ ਹੈ, ਵਿਰੋਧ ਪ੍ਰਦਰਸ਼ਨ ਜਾਰੀ ਹਨ। ਕਾਂਗਰਸ ਅਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਵੀ ਲਗਾਤਾਰ ਵਿਰੋਧ ਕਰ ਰਹੀ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ।

ਮਮਤਾ ਬੈਨਰਜੀ ਨੇ ਕਿਹਾ, ''ਮੈਂ ਆਪਣੇ ਸੂਬੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੀ। ਜੇ ਉਹ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਅਜਿਹਾ ਮੇਰੀ ਲਾਸ਼ 'ਤੇ ਕਰਨਾ ਹੋਵੇਗਾ।''

ਇੰਡੀਆ ਗੇਟ 'ਤੇ ਦਿੱਤੇ ਧਰਨੇ ਦੌਰਾਨ ਪ੍ਰਿਯੰਕਾ ਗਾਂਧੀ ਨੇ ਜੋ ਕਿਹਾ...

ਘਟਨਾ ਦੇ ਵਿਰੋਧ ਵਿੱਚ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਦਿੱਲੀ ਦੇ ਇੰਡੀਆ ਗੇਟ 'ਤੇ ਧਰਨੇ ਤੇ ਬੈਠ ਗਏ। ਇਹ ਧਰਨਾ ਦੋ ਘੰਟੇ ਚੱਲਿਆ। ਪ੍ਰਿਅੰਕਾ ਗਾਂਧੀ ਨਾਲ ਕਾਂਗਰਸ ਦੇ ਕਈ ਨੇਤਾ ਅਤੇ ਸਮਰਥਕ ਵੀ ਧਰਨੇ ਵਿੱਚ ਸ਼ਾਮਲ ਹੋਏ।

ਸਰਕਾਰ ਨੇ ਸੰਵਿਧਾਨ ਉੱਤੇ ਹਮਲਾ ਕੀਤਾ ਹੈ। ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ ਹੈ। ਇਹ ਸਾਡੇ ਦੇਸ਼ ਦੀ ਰੂਹ 'ਤੇ ਹਮਲਾ ਹੈ। ਨੌਜਵਾਨ ਦੇਸ਼ ਦੀਆਂ ਰੂਹਾਂ ਹਨ, ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ। ਸੰਵਿਧਾਨ ਨੇ ਉਨ੍ਹਾਂ ਨੂੰ ਇਹ ਅਧਿਕਾਰ ਦਿੱਤਾ ਹੈ। ਸਰਕਾਰ ਇਸ ਤਰ੍ਹਾਂ ਯੂਨੀਵਰਸਿਟੀ ਵਿੱਚ ਦਾਖਲ ਹੁੰਦੀ ਹੈ ਅਤੇ ਵਿਦਿਆਰਥੀਆਂ 'ਤੇ ਹਮਲਾ ਕਰਦੀ ਹੈ।

ਇਹ ਵੀ ਪੜ੍ਹੋ:

ਉਹ ਯੂਨੀਵਰਸਿਟੀ ਵਿੱਚ ਪੜ੍ਹਨ ਜਾਂਦੇ ਹਨ। ਤੁਸੀਂ ਲਾਇਬ੍ਰੇਰੀ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਕੁੱਟਿਆ। ਇਹ ਤਾਨਾਸ਼ਾਹੀ ਨਹੀਂ ਹੈ? ਕਾਂਗਰਸ ਇਸ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਸੰਘਰਸ਼ ਕਰੇਗੀ ਅਤੇ ਹਰ ਕਾਂਗਰਸ ਵਿਦਿਆਰਥੀਆਂ ਦੇ ਨਾਲ ਖੜ੍ਹੀ ਹੋਵੇਗੀ।

ਪ੍ਰਧਾਨ ਮੰਤਰੀ ਹਰ ਰੋਜ਼ ਔਰਤਾਂ 'ਤੇ ਜੋ ਤਸ਼ੱਦਦ ਹੋ ਰਿਹਾ ਹੈ, ਉਸ ਉੱਤੇ ਬੋਲਣ, ਰੁਜ਼ਗਾਰ 'ਤੇ ਬੋਲਣ, ਕੱਲ ਇੱਥੇ ਜੋ ਵਾਪਰਿਆ ਹੈ ਉਸ' ਤੇ ਬੋਲਣ, ਡੁੱਬ ਰਹੀ ਆਰਥਿਕਤਾ 'ਤੇ ਬੋਲਣ। ਉਨ੍ਹਾਂ ਦੀ ਪਾਰਟੀ ਦੇ ਇਕ ਵਿਧਾਇਕ ਨੇ ਇਕ ਮਾਸੂਮ ਲੜਕੀ ਨਾਲ ਬਲਾਤਕਾਰ ਕੀਤਾ, ਉਨ੍ਹਾਂ ਨੇ ਅੱਜ ਤੱਕ ਕੁਝ ਇਸ ਉੱਤੇ ਕਿਉਂ ਨਹੀਂ ਕਿਹਾ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਬਿਆਨ ਜਾਰੀ ਕਰਕੇ ਮੋਦੀ ਸਰਕਾਰ ਤੇ ਤਿੱਖੇ ਹਮਲੇ ਕੀਤੇ ਹਨ।

ਉਨ੍ਹਾਂ ਨੇ ਕਿਹਾ, ''ਸਰਕਾਰ ਦਾ ਕੰਮ ਹੈ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣਾ, ਕਾਨੂੰਨ ਦਾ ਸ਼ਾਸਨ ਰੱਖਣਾ ਅਤੇ ਸੰਵਿਧਾਨ ਦੀ ਰੱਖਿਆ ਕਰਨਾ। ਪਰ ਭਾਜਪਾ ਸਰਕਾਰ ਨੇ ਦੇਸ ਅਤੇ ਦੇਸਵਾਸੀਆਂ ਤੇ ਹਮਲਾ ਕਰ ਦਿੱਤਾ ਹੈ।''

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵਿਰੋਧੀ ਧਿਰਾਂ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਹੈ ਕਿ ਵਿਰੋਧੀ ਧਿਰ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ, ''ਮੈਂ ਵਿਦਿਆਰਥੀਆਂ ਨੂੰ ਅਪੀਲ ਕਰਨਾ ਚਾਹੂੰਦਾ ਹਾਂ ਕਿ ਤੁਸੀਂ ਸੋਧ ਬਿੱਲ ਨੂੰ ਪੜ੍ਹੋ। ਇਸ ਵਿੱਚ ਕਿਸੇ ਦੀ ਵੀ ਨਾਗਰਿਕਤਾ ਖੋਹਣ ਵਾਲੀ ਕੋਈ ਵੀ ਗੱਲ ਨਹੀਂ ਹੈ। ਕਾਂਗਰਸ, ਆਮ ਆਦਮੀ ਪਾਰਟੀ ਅਤੇ ਟੀਐੱਮਸੀ ਤੁਹਾਨੂੰ ਗੁਮਰਾਹ ਕਰ ਰਹੇ ਹਨ। ਉਹ ਦੇਸ ਵਿੱਚ ਹਿੰਸਾ ਦਾ ਮਾਹੌਲ ਪੈਦਾ ਕਰ ਰਹੇ ਹਨ।''

ਨਾਗਰਿਕਤਾ ਕਾਨੂੰਨ ਨਾਲ ਕਿਸੇ ਨੂੰ ਵੀ ਨੁਕਸਾਨ ਨਹੀਂ ਹੋਵੇਗਾ- ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਹੈ, ''ਮੈਂ ਭਾਰਤੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਨਾਗਰਿਕਤਾ ਕਾਨੂੰਨ ਨਾਲ ਕਿਸੇ ਵੀ ਨਾਗਰਿਕ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਪ੍ਰਭਾਵਿਤ ਨਹੀਂ ਹੋਵੇਗਾ। ਇਸ ਕਾਨੂੰਨ ਨੂੰ ਲੈ ਕੇ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ। ਇਹ ਕਾਨੂੰਨ ਉਨ੍ਹਾਂ ਲਈ ਹੈ ਜੋ ਕਈ ਸਾਲਾਂ ਤੋਂ ਜ਼ੁਲਮ ਸਹਿ ਰਹੇ ਹਨ ਅਤੇ ਉਨ੍ਹਾਂ ਕੋਲ ਭਾਰਤ ਤੋਂ ਇਲਾਵਾ ਕਿਤੇ ਵੀ ਟਿਕਾਣਾ ਨਹੀਂ ਹੈ।''

ਪੀਐੱਮ ਨੇ ਪ੍ਰਦਰਸ਼ਨਾਂ ਖਿਲਾਫ ਕਿਹਾ ਕਿ ਹਿੰਸਕ ਵਿਰੋਧ ਚਿੰਤਾਜਨਕ ਹੈ, ਅਸਹਿਮਤੀ ਲੋਕਤੰਤਰ ਦਾ ਅਹਿਮ ਦਾ ਹਿੱਸਾ ਹੈ ਪਰ ਜਨਤਕ ਜਾਇਦਾਦ ਨੂੰ ਨੁਕਸਾਨ ਨੁਕਸਾਨ ਪਹੁੰਚਾਉਣਾ ਠੀਕ ਨਹੀਂ।

ਇਹ ਵੀ ਪੜ੍ਹੋ:

ਜ਼ਬਰੀ ਆਗਿਆ ਯੂਨੀਵਰਸਿਟੀ ਦੇ ਅੰਦਰ ਆਈ ਪੁਲਿਸ

ਜਾਮੀਆ ਮੀਲੀਆ ਇਸਲਾਮੀਆ ਯੂਨੀਵਰਸਿਟੀ ਦੀ ਵੀਸੀ ਨਜਮਾ ਅਖ਼ਤਰ ਨੇ ਕਿਹਾ, 'ਜਾਮੀਆ ਦਾ ਨਾਂ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਹਿਰਾਸਤ ਵਿੱਚ ਲਏ ਗਏ ਸਾਰੇ ਵਿਦਿਆਰਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਨਜਮਾ ਨੇ ਕਿਹਾ ਕਿ 'ਜਾਮੀਆ ਦੇ ਬੱਚਿਆਂ ਦੀ ਮੌਤ ਦੀ ਖ਼ਬਰ ਸਿਰਫ਼ ਅਫਵਾਹ ਹੈ। ਹਿੰਸਾ ਦੌਰਾਨ ਕੋਈ ਬੱਚਾ ਨਹੀਂ ਮਰਿਆ ਹੈ। ਹਿੰਸਾ ਵਿਚ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਕੈਂਪਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਕੈਂਪਸ ਨੂੰ ਨੁਕਸਾਨ ਪਹੁੰਚਿਆ ਹੈ।

ਪ੍ਰੈਸ ਕਾਨਫਰੰਸ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਏਪੀ ਸਿੱਦੀਕੀ ਨੇ ਕਿ ਮਸਜਿਦ ਵਿੱਚ ਪੁਲਿਸ ਦੇ ਦਾਖਲ ਹੋਣ ਬਾਰੇ ਬਹੁਤ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਪਰ ਅਸੀਂ ਇਸ ਤੋਂ ਨਾ ਤਾਂ ਇਨਕਾਰ ਕਰ ਸਕਦੇ ਹਾਂ ਅਤੇ ਨਾ ਹੀ ਇਸਦੀ ਪੁਸ਼ਟੀ ਕਰ ਸਕਦੇ ਹਾਂ।

ਉਨ੍ਹਾਂ ਦਾਅਵਾ ਕੀਤਾ ਕਿ ਐਤਵਾਰ ਨੂੰ ਹੋਈ ਹਿੰਸਾ ਵਿੱਚ ਬਾਹਰੀ ਲੋਕ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕੈਂਪਸ ਦੇ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿੱਚ ਸ਼ਾਮਲ ਨਹੀਂ ਸਨ।

ਸੁਪਰੀਮ ਕੋਰਟ ਕੱਲ੍ਹ ਹੋਵੇਗੀ ਸੁਣਵਾਈ

ਦਿੱਲੀ ਦੀ ਜਾਮੀਆ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਬਾਰੇ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਿੰਸਾ ਬੰਦ ਹੋਣੀ ਚਾਹੀਦੀ ਹੈ। ਭਾਰਤ ਦੀ ਸਰਬਉੱਚ ਅਦਾਲਤ ਨੇ ਕਿਹਾ ਹੈ ਕਿ ਉਹ ਮੰਗਲਵਾਰ ਨੂੰ ਇਸ ਸਬੰਧ ਵਿਚ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰੇਗੀ।

ਸੁਪਰੀਮ ਕੋਰਟ ਨੇ ਮਾਮਲੇ ਦੀ ਤੁਰੰਤ ਸੁਣਵਾਈ ਤੋਂ ਇਨਕਾਰ ਕਰਦਿਆਂ ਪਟੀਸ਼ਨਕਰਤਾਵਾਂ ਨੂੰ ਨਿਰਧਾਰਤ ਪ੍ਰਕਿਰਿਆ ਤੋਂ ਬਾਅਦ ਅਦਾਲਤ ਵਿੱਚ ਆਉਣ ਲਈ ਕਿਹਾ।

ਚੀਫ ਜਸਟਿਸ ਆਫ ਇੰਡੀਆ ਐਸ ਏ ਬੋਬੜੇ ਨੇ ਕਿਹਾ, "ਕਿਉਂਕਿ ਉਹ ਵਿਦਿਆਰਥੀ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ ਵਿਚ ਲੈ ਲੈਣਾ ਚਾਹੀਦਾ ਹੈ, ਫੈਸਲਾ ਉਦੋਂ ਹੀ ਲਿਆ ਜਾਵੇਗਾ ਜਦੋਂ ਸਥਿਤੀ ਸ਼ਾਂਤ ਹੋਵੇਗੀ। ਦੰਗੇ ਪਹਿਲਾਂ ਬੰਦ ਕਰਨੇ ਚਾਹੀਦੇ ਹਨ। "

ਸਾਂਤੀਮਈ ਮੁਜ਼ਾਹਰਾਕਾਰੀਆਂ ਦਾ ਸਮਰਥਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੈਂ ਦਿੱਲੀ ਦੀ ਅਮਨ ਕਾਨੂੰਨ ਦੀ ਬਦਤਰ ਹੋ ਰਹੀ ਹਾਲਤ ਤੋਂ ਦੁਖੀ ਹਾਂ। ਸ਼ਹਿਰ ਵਿਚ ਫੌਰੀ ਅਮਨ ਸ਼ਾਂਤੀ ਦੀ ਬਹਾਲੀ ਲਈ, ਮੈਂ ਅਮਿਤ ਸ਼ਾਹ ਨੂੰ ਮਿਲਣ ਲ਼ਈ ਉਨ੍ਹਾਂ ਤੋਂ ਸਮਾਂ ਮੰਗਿਆ ਹੈ।

ਇਸੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੀਏਬੀ ਅਤੇ ਐਨਆਰਸੀ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਆਪਣੇ ਟਵੀਟ ਵਿਚ ਕਿਹਾ ਹੈ, "ਨਾਗਰਿਕਤਾ ਸੋਧ ਐਕਟ ਅਤੇ ਐਨਆਰਸੀ ਨੂੰ ਭਾਰਤ ਵਿਚ ਵੱਡੇ ਪੱਧਰ 'ਤੇ ਲਾਮਬੰਦੀ ਲਈ ਫਾਸ਼ੀਵਾਦੀਆਂ ਦੁਆਰਾ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।" ਇਸ ਗੰਦੇ ਹਥਿਆਰ ਵਿਰੁੱਧ ਸਭ ਤੋਂ ਉੱਤਮ ਰੱਖਿਆ ਸ਼ਾਂਤਮਈ ਅਤੇ ਅਹਿੰਸਾਵਾਦੀ ਸੱਤਿਆਗ੍ਰਹਿ ਹੈ। ਅਸੀਂ ਉਨ੍ਹਾਂ ਦੇ ਨਾਲ ਖੜੇ ਹਾਂ, ਜਿਹੜੇ ਸ਼ਾਂਤੀ ਨਾਲ ਕੈਬ ਅਤੇ ਐਨਆਰਸੀ ਦਾ ਵਿਰੋਧ ਕਰ ਰਹੇ ਹਨ।

ਦੇਸ਼ 'ਚ ਭੜਕੀ ਹਿੰਸਾ ਸੁਪਰੀਮ ਕੋਰਟ ਦਖ਼ਲ ਦੇਵੇ

ਸੀਨੀਅਰ ਵਕੀਲ ਇੰਦਰਾ ਜੈਸਿੰਘ ਅਤੇ ਕੋਲਿਨ ਗੋਂਸਾਲਵੇਜ਼ ਨੇ ਸੁਪਰੀਮ ਕੋਰਟ ਨੂੰ ਵਿਦਿਆਰਥੀਆਂ ਖ਼ਿਲਾਫ਼ ਹਿੰਸਾ ਦੀ ਸੁਪਰੀਮ ਕੋਰਟ ਦੀ ਜਾਂਚ ਕਰਾਉਣ ਦੀ ਬੇਨਤੀ ਕੀਤੀ ਸੀ।

ਉਨ੍ਹਾਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਲਈ ਸੇਵਾਮੁਕਤ ਜੱਜ ਨੂੰ ਭੇਜਿਆ ਜਾਵੇ। ਇਸ 'ਤੇ ਜਸਟਿਸ ਬੌਬਡੇ ਨੇ ਪੁੱਛਿਆ ਹੈ,' ਜਨਤਕ ਜਾਇਦਾਦ ਦਾ ਨੁਕਸਾਨ ਕਿਉਂ ਹੋਇਆ ਸੀ? ਬੱਸਾਂ ਕਿਉਂ ਜਾਲੀਆਂ ਗਈਆਂ? ਜਿਸ ਨੇ ਵੀ ਤੋੜ ਭੰਨ ਸ਼ੁਰੂ ਕੀਤੀ, ਉਸਨੂੰ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ।''

ਇੰਦਰਾ ਜੈ ਸਿੰਘ ਨੇ ਸੁਪਰੀਮ ਕੋਰਟ ਵਿੱਚ ਕਿਹਾ, "ਅਸੀਂ ਇੱਥੇ ਆਏ ਹਾਂ ਕਿਉਂਕਿ ਦੇਸ਼ ਭਰ ਵਿੱਚ ਹਿੰਸਾ ਭੜਕ ਗਈ ਹੈ। ਸੁਪਰੀਮ ਕੋਰਟ ਨੂੰ ਇਸ ਤਰ੍ਹਾਂ ਦੀ ਹਿੰਸਾ ਬਾਰੇ ਖੁਦ ਨੋਟਿਸ ਲੈਣਾ ਚਾਹੀਦਾ ਹੈ। ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਇਨ੍ਹਾਂ ਮਾਮਲਿਆਂ ਵਿਚ ਜਵਾਬਦੇਹੀ ਤੈਅ ਕਰਨ ਲਈ ਜਾਂਚ ਹੋਣੀ ਚਾਹੀਦੀ ਹੈ।''

ਲਖਨਊ ਯੂਨੀਵਰਸਿਟੀ ਵਿੱਚ ਵੀ ਪੱਥਰਬਾਜ਼ੀ

ਲਖਨਊ ਯੂਨੀਵਰਸਿਟੀ ਵਿੱਚ ਵੀ ਨਵੇਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਯੂਨੀਵਰਸਿਟੀ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ, ਪੁਲਿਸ ਵਿਦਿਆਰਥੀਆਂ ਨੂੰ ਕੈਂਪਸ ਦੇ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਤੋਂ ਬਾਅਦ ਪੱਥਰਬਾਜ਼ੀ ਸ਼ੁਰੂ ਹੋ ਗਈ. ਸੁਰੱਖਿਆ ਬਲਾਂ ਨੇ ਗੇਟ ਬੰਦ ਕਰ ਦਿੱਤਾ ਹੈ। ਕੈਂਪਸ ਦੇ ਅੰਦਰੋਂ ਵੀ ਪੱਥਰਬਾਜ਼ੀ ਕਰਨ ਦੀ ਖ਼ਬਰ ਹੈ।

ਲਖਨਊ ਦੇ ਨਾਡਵਾ ਕਾਲਜ ਵਿੱਚ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਦੀਆਂ ਤਸਵੀਰਾਂ

ਇਸ ਤੋਂ ਪਹਿਲਾਂ ਦਿੱਲੀ ਵਿਚ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ਦੀ ਪੁਲਿਸ ਨਾਲ ਝੜਪ ਹੋ ਗਈ। ਐਤਵਾਰ ਨੂੰ ਬਾਅਦ ਦੁਪਹਿਰ ਦੱਖਣੀ ਦਿੱਲੀ ਇਲਾਕੇ ਦੀ ਨਿਊ ਫਰੈਂਡਜ਼ ਕਲੌਨੀ ਨੇੜੇ ਡੀਟੀਸੀ ਦੀਆਂ ਬੱਸਾਂ ਨੂੰ ਫੂਕਿਆ ਗਿਆ ਅਤੇ ਅੱਗ ਬੁਝਾਊ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਪੁਲਿਸ ਦਾ ਇਲਜ਼ਾਮ ਹੈ ਕਿ ਮੁਜ਼ਾਹਰਾਕਾਰੀ ਹਿੰਸਕ ਹੋ ਗਏ ਅਤੇ ਪੁਲਿਸ ਨੇ ਬਚਾਅ ਵਿਚ ਕਾਰਵਾਈ ਕੀਤੀ ਪਰ ਦੂਜੇ ਪਾਸੇ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਜ਼ਬਰੀ ਜਾਮੀਆ ਯੂਨੀਵਰਸਿਟੀ ਕੈਂਪਸ ਵਿਚ ਦਾਖ਼ਲ ਹੋਈ ਅਤੇ ਨਿਹੱਥੇ ਵਿਦਿਆਰਥੀਆਂ ਉੱਤੇ ਤਸ਼ੱਦਦ ਢਾਹਿਆ।

ਸ਼ਹਿਜ਼ਾਦ ਦਾ ਸੱਤਿਆਗ੍ਰਹਿ

ਸੋਮਵਾਰ ਨੂੰ ਜਾਮੀਆ ਯੂਨੀਵਰਸਿਟੀ ਦਾ ਸ਼ਹਿਜ਼ਾਦ ਨਾਂ ਦਾ ਰਿਸਰਚ ਸਕਾਲਰ 10 ਡਿਗਰੀ ਤਾਪਮਾਨ ਵਾਲੀ ਕੜਾਕੇ ਦੀ ਠੰਢ ਵਿਚ ਗੇਟ ਅੱਗੇ ਨੰਗੇ ਧੜ ਧਰਨੇ ਉੱਤੇ ਬੈਠ ਗਿਆ। ਬਿਨਾਂ ਕੱਪੜਿਆਂ ਦੇ ਬੈਠੇ ਸ਼ਹਿਜ਼ਾਦ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਦਿੱਲੀ ਪੁਲਿਸ ਦੀ ਕਾਰਵਾਈ ਦੀ ਅਦਾਲਤੀ ਜਾਂਚ ਦੀ ਮੰਗ ਉੱਤੇ ਅੜਿਆ ਰਿਹਾ।

ਮੀਡੀਆ ਨਾਲ ਗੱਲ ਕਰਦਿਆਂ ਸ਼ਹਿਜ਼ਾਦ ਨੇ ਕਿਹਾ ਅਸੀਂ ਇਹ ਕਲੰਕ ਨਾਲ ਨਹੀਂ ਜੀ ਸਕਦੇ ਕਿ ਜਾਮੀਆ ਦੇ ਵਿਦਿਆਰਥੀ ਹਿੰਸਕ ਹੁੰਦੇ ਹਨ। ਸ਼ਹਿਜ਼ਾਦ ਨਾ ਕੁਝ ਖਾ ਰਿਹਾ ਸ ਅਤੇ ਨਾ ਗੇਟ ਦੇ ਅੱਗਿਓ ਉੱਠ ਰਿਹਾ ਸੀ।

ਇਹ ਵੀ ਪੜ੍ਹੋ:

ਸ਼ਹਿਜ਼ਾਦ ਦੇ ਸਾਥੀ ਵੀ ਉਸ ਨੂੰ ਮਨਾਉਂਦੇ ਰਹੇ ਪਰ ਉਹ ਆਪਣੀ ਮੰਗ ਉੱਤੇ ਅੜਿਆ ਰਿਹਾ। ਉਹ ਕਹਿ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਦਿੱਲੀ ਪੁਲਿਸ ਅੱਗੇ ਪੇਸ਼ ਕਰ ਰਿਹਾ ਹੈ, ਕਿ ਦਿੱਲੀ ਪੁਲਿਸ ਆਏ ਅਤੇ ਉਸ ਨੂੰ ਮਾਰੇ।

ਸ਼ਹਿਜ਼ਾਦ ਨੇ ਮੀਡੀਆ ਕਰਮੀਆਂ ਨੂੰ ਸਵਾਲ ਕੀਤਾ ਕਿ ਜਿੰਨ੍ਹਾਂ ਨੂੰ ਪੁਲਿਸ ਨੇ ਮਾਰਿਆ ਹੈ ਉਨ੍ਹਾਂ ਦੀ ਅਵਾਜ਼ ਕੌਣ ਬਣੇਗਾ? ਪੁਲਿਸ ਜ਼ਬਰੀ ਯੂਨੀਵਰਸਿਟੀ ਵਿਚ ਦਾਖਲ ਕਿਉਂ ਹੋ ਗਈ?

ਸਵੇਰੇ ਕਰੀਬ 9 ਵਜੇ ਵਿਦਿਆਰਥੀ ਸਾਥੀਆਂ ਅਤੇ ਇਮਾਮ ਦੀ ਅਪੀਲ ਉੱਤੇ ਸ਼ਹਿਜ਼ਾਦ ਨੇ ਕੱਪੜੇ ਪਾ ਲਏ ਅਤੇ ਕਿਹਾ ਕਿ ਜੇ ਜਾਂਚ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਮੁੜ ਇਸੇ ਤਰ੍ਹਾਂ ਧਰਨੇ ਉੱਤੇ ਬੈਠਣਗੇ।

ਸ਼ਹਿਜ਼ਾਦ ਤੋਂ ਬਾਅਦ ਵੱਡੀ ਗਿਣਤੀ ਵਿਚ ਵਿਦਿਆਰਥੀ ਗੇਟ ਅੱਗੇ ਕੱਪੜੇ ਲਾਹ ਕੇ ਧਰਨਾ ਦੇ ਰਹੇ ਹਨ।

ਹੁਣ ਤੱਕ ਕੀ-ਕੀ ਹੋਇਆ:

  • ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਲੋਕ ਸੜਕਾਂ ਉੱਤੇ ਮੁਜ਼ਾਹਰੇ ਕਰ ਰਹੇ ਸਨ
  • ਮੁਜ਼ਾਹਰੇ ਦੌਰਾਨ ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਝੜਪਾਂ ਹੋਈਆਂ
  • ਸਰਾਏ ਜੁਲੇਨਾ ਅਤੇ ਮਥੁਰਾ ਰੋਡ ਉੱਤੇ ਕੁਝ ਬੱਸਾਂ ਨੂੰ ਅੱਗ ਲਾ ਦਿੱਤੀ ਗਈ
  • ਜਾਮੀਆ ਯੂਨੀਵਰਸਿਟੀ ਦੇ ਚੀਫ ਪ੍ਰਾਕਟਰ ਨੇ ਕਿਹਾ, 'ਪੁਲਿਸ ਕੈਂਪਸ ਵਿਚ ਜ਼ਬਰੀ ਦਾਖ਼ਲ ਹੋਈ ਤੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ'
  • ਜਾਮੀਆ ਦੇ ਵਿਦਿਆਰਥੀਆਂ ਨੇ ਹਿੰਸਾ ਅਤੇ ਅਗਜਨੀ ਦੀ ਨਿਖੇਧੀ ਕੀਤੀ
  • ਪੁਲਿਸ ਕਾਰਵਾਈ ਦੇ ਖ਼ਿਲਾਫ਼ ਵਿਦਿਆਰਥੀਆਂ ਨੇ ਦਿੱਲੀ ਪੁਲਿਸ ਹੈੱਡਕੁਆਟਰ ਅੱਗੇ ਰੋਹ ਦਾ ਪ੍ਰਗਟਾਵਾ ਕੀਤਾ
  • ਪੁਲਿਸ ਹੈੱਡਕੁਆਟਰ ਅੱਗੇ ਮੁਜ਼ਾਹਰੇ ਤੋਂ ਬਾਅਦ ਖ਼ਬਰ ਏਜੰਸੀ ਪੀਟੀਆਈ ਮੁਤਾਬਕ ਹਿਰਾਸਤ ਵਿੱਚ ਲਏ ਗਏ ਵਿਦਿਆਰਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ
  • ਕਾਂਗਰਸ ਨੇ ਅੱਧੀ ਰਾਤ ਨੂੰ ਪ੍ਰੈੱਸ ਕਾਨਫਰੰਸ ਕਰਕੇ ਵਿਦਿਆਰਥੀਆਂ ਉੱਤੇ ਹੋਏ ਪੁਲਿਸ ਤਸ਼ੱਦਦ ਦੀ ਨਿੰਦਾ ਕੀਤੀ
  • ਜਾਮੀਆ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਉੱਤੇ ਹੋਏ ਪੁਲਿਸ ਤਸ਼ੱਦਦ ਖ਼ਿਲਾਫ਼ ਕਈ ਵਿਦਿਆਰਥੀ ਸੰਗਠਨਾਂ ਨੇ ਸੋਮਵਾਰ ਨੂੰ ਧਰਨੇ ਦਾ ਐਲਾਨ ਕੀਤਾ ਹੈ

............................................................................

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨਜ਼ਮਾ ਅਖ਼ਤਰ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ, ''ਮੇਰੇ ਵਿਦਿਆਰਥੀਆਂ ਨਾਲ ਹੋਏ ਤਸ਼ਦੱਦ ਦੀਆਂ ਤਸਵੀਰਾਂ ਦੇਖ ਕੇ ਮੈਨੂੰ ਬਹੁਤ ਠੇਸ ਪਹੁੰਚੀ ਹੈ। ਪੁਲਿਸ ਦਾ ਕੈਂਪਸ ਵਿੱਚ ਬਿਨਾਂ ਇਜਾਜ਼ਤ ਆਉਣਾ ਅਤੇ ਸਾਡੀ ਲਾਈਬ੍ਰੇਰੀ 'ਚ ਪੜ੍ਹ ਰਹੇ ਬੇਕਸੂਰ ਬੱਚਿਆਂ 'ਤੇ ਡਾਂਗਾਂ ਚਲਾਉਣਾ, ਇਹ ਮੇਰੇ ਲਈ ਬਿਲਕੁਲ ਵੀ ਕਬੂਲ ਕਰਨ ਵਾਲਾ ਨਹੀਂ ਹੈ।''

''ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇਸ ਮੁਸ਼ਕਿਲ ਘੜੀ 'ਚ ਇਕੱਲੇ ਨਹੀਂ ਹੋ। ਮੈਂ ਅਤੇ ਸਾਰੀ ਜਾਮੀਆ ਬਿਰਾਦਰੀ ਤੁਹਾਡੇ ਨਾਲ ਖੜ੍ਹੀ ਹੈ। ਇਸ ਮਾਮਲੇ ਨੂੰ ਮੈਂ ਜਿੱਥੇ ਤੱਕ ਲਿਜਾ ਸਕਦੀ ਹਾਂ ਉੱਥੋਂ ਤੱਕ ਲੈ ਕੇ ਜਾਵਾਂਗੀ। ਤੁਸੀਂ ਕਦੇ ਵੀ ਇਕੱਲੇ ਨਹੀਂ ਹੋ, ਇਸ ਤੋਂ ਘਬਰਾਓ ਨਾ, ਦਿਲ ਨਾ ਛੱਡੋ ਅਤੇ ਕਿਸੇ ਗ਼ਲਤ ਖ਼ਬਰ 'ਤੇ ਵਿਸ਼ਵਾਸ ਨਾ ਕਰੋ। ਅਸੀਂ ਜਾਮੀਆਂ 'ਚ ਸਾਰੇ ਇਕੱਠੇ ਹਾਂ ਤੇ ਰਹਾਂਗੇ, ਤੁਸੀਂ ਇਕੱਲੇ ਨਹੀਂ ਹੋ।''

...........................................................................

ਦਿੱਲੀ ਪੁਲਿਸ ਨੇ ਕੀ ਕਿਹਾ

ਦਿੱਲੀ ਪੁਲਿਸ ਦੇ ਬੁਲਾਰੇ ਐਮਐਸ ਰੰਧਾਵਾ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਜਾਮੀਆ ਹਿੰਸਾ ਬਾਰੇ ਗੱਲਬਾਤ ਕੀਤੀ।

ਡੀਟੀਸੀ ਦੀ ਬੱਸ ਨੂੰ ਕਥਿਤ ਤੌਰ ਤੇ ਦਿੱਲੀ ਪੁਲਿਸ ਵੱਲੋਂ ਅੱਗੇ ਲਗਾਏ ਜਾਣ ਦੇ ਵਾਇਰਲ ਵੀਡੀਓ ਬਾਰੇ ਰੰਧਾਵਾ ਨੇ ਕਿਹਾ, ''ਪੁਲਿਸ ਨੇ ਬੱਸ ਵਿੱਚ ਅੱਗ ਨਹੀਂ ਲਗਾਈ ਸਗੋਂ ਬੁਝਾਉਣ ਦੀ ਕੋਸ਼ਿਸ਼ ਕੀਤੀ।''

ਉਨ੍ਹਾ ਅੱਗੇ ਕਿਹਾ ਵਿਦਿਆਰਥੀਆਂ ਦਾ ਪ੍ਰਦਰਸ਼ਨ ਐਤਵਾਰ ਸ਼ਾਮ 4.30 ਵਜੇ ਸ਼ੁਰੂ ਹੋਇਆ। ਜੋ ਦੋਸ਼ੀ ਹਨ ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ। ਸਾਰੇ ਮਾਮਲੇ ਦੀ ਜਾਂਚ ਦਿੱਲੀ ਕ੍ਰਾਈਮ ਬਰਾਂਚ ਕਰੇਗੀ।

ਯੂਨੀਵਰਸਿਟੀ ਦੇ ਅੰਦਰ ਪੁਲਿਸ ਦੇ ਵਰਨ ਬਾਰੇ ਰੰਧਾਵਾ ਨੇ ਕਿਹਾ, ''ਜਦੋਂ ਅਸੀਂ ਭੜਕੇ ਲੋਕਾਂ ਨੂੰ ਹਟਾਉਣਾ ਸ਼ੁਰੂ ਕੀਤਾ, ਉਹ ਜਾਮੀਆ ਦੇ ਅੰਦਰ ਗਏ। ਪੁਲਿਸ ਨੇ ਵੀ ਉਨ੍ਹਾਂ ਦਾ ਪਿੱਛਾ ਕੀਤਾ। ਸਾਡੇ ਉੱਤੇ ਪਥਰਾਅ ਕੀਤਾ ਗਿਆ। ਅਸੀਂ ਜਾਂਚ ਕਰ ਰਹੇ ਹਾਂ।''

ਇੱਕ ਸ਼ਖ਼ਸ ਵੱਲੋਂ ਅੱਖੀਂ ਡਿੱਠਾ ਹਾਲ:

ਹੋਇਆ ਇੰਝ ਕਿ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਵਿਰੋਧ ਮਾਰਚ ਕੱਢਿਆ ਸੀ।

ਇਹ ਮਾਰਚ ਜਾਮੀਆ ਨਗਰ, ਭਰਤ ਨਗਰ, ਨਿਊ ਫਰੈਂਡਜ਼ ਕਲੌਨੀ ਅਤੇ ਅਪੋਲੋ ਹਸਪਤਾਲ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹੋ ਰਿਹਾ ਸੀ।

ਇਸ 'ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਣੇ ਬਾਟਲਾ ਹਾਊਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਸਥਾਨਕ ਲੋਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸਾਰੇ ਸ਼ਾਂਤੀ ਨਾਲ ਮਾਰਚ ਵਿੱਚ ਚੱਲ ਰਹੇ ਸਨ।

ਵਿਦਿਆਰਥੀਆਂ ਦੇ ਇੱਕ ਸਮੂਹ ਨੇ ਸ਼ਨੀਵਾਰ ਸ਼ਾਮ ਨੂੰ ਹੀ ਇਹ ਕਿਹਾ ਸੀ ਕਿ ਇਸ ਕਾਨੂੰਨ ਖ਼ਿਲਾਫ਼ ਜੋ ਵੀ ਵਿਰੋਧ ਹੋਵੇਗਾ, ਸ਼ਾਂਤਮਈ ਢੰਗ ਨਾਲ ਹੋਵੇਗਾ।

ਪਰ ਜਿਵੇਂ ਹੀ ਇਹ ਮਾਰਚ ਨਿਊ ਫਰੈਂਡਜ਼ ਕਲੌਨੀ ਦੇ ਕਮਊਨਿਟੀ ਸੈਂਟਰ ਕੋਲੋਂ ਲੰਘਿਆਂ ਤਾਂ ਉੱਥੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਸਨ।

ਉੱਥੇ ਕੁਝ ਵਿਦਿਆਰਥੀ ਜ਼ਮੀਨ ਉੱਤੇ ਬਹਿ ਗਏ। ਇਨ੍ਹਾਂ 'ਚ ਜਾਮੀਆ ਦੇ ਮੌਜੂਦਾ ਵਿਦਿਆਰਥੀਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਕਈ ਸਾਬਕਾ ਵਿਦਿਆਰਥੀ ਵੀ ਸ਼ਾਮਿਲ ਸਨ।

ਪੁਲਿਸ ਦੀ ਨਾਕੇਬੰਦੀ ਨੂੰ ਦੇਖਦਿਆਂ ਭੀੜ ਦਾ ਇੱਕ ਹਿੱਸਾ ਦੂਜੇ ਰਾਹ ਤੋਂ ਆਸ਼ਰਮ ਵੱਲ ਵਧਣ ਲੱਗਿਆ।

ਕੁਝ ਦੇਰ ਬਾਅਦ ਇਸ ਭੀੜ ਨੇ ਆਸ਼ਰਮ ਦੇ ਕੋਲ ਰਾਹ ਰੋਕ ਦਿੱਤਾ। ਇਸ ਨਾਲ ਦਿੱਲੀ ਅਤੇ ਫਰੀਦਾਬਾਦ ਨੂੰ ਜੋੜਣ ਨਾਲ ਮਥੂਰਾ ਰੋਡ ਵੀ ਜਾਮ ਹੋ ਗਿਆ।

ਪੁਲਿਸ ਨੇ ਸੜਕ ਖਾਲ੍ਹੀ ਕਰਵਾਉਣ ਲਈ ਉੱਥੇ ਲਾਠੀਚਾਰਜ ਕੀਤਾ। ਅੱਥਰੂ ਗੈਸ ਦੇ ਗੋਲੇ ਵੀ ਦਾਗੇ ਅਤੇ ਇਸ 'ਚ ਕਈ ਔਰਤਾਂ ਨੂੰ ਸੱਟਾਂ ਲੱਗੀਆਂ।

ਇਸ ਦੇ ਜਵਾਬ 'ਚ ਭੀੜ ਵੱਲੋਂ ਪੱਥਰਬਾਜ਼ੀ ਹੋਣ ਲੱਗੀ। ਨਾਅਰੇਬਾਜ਼ੀ ਹੋਣ ਲੱਗੀ ਅਤੇ ਟਕਰਾਅ ਵੱਧ ਗਿਆ।

ਇਸ ਤੋਂ ਪਹਿਲਾਂ ਵੀ ਜਾਮੀਆ ਦੇ ਵਿਦਿਆਰਥੀਆਂ ਨੇ 13 ਦਸੰਬਰ ਨੂੰ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਸੀ ਤਾਂ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕ ਦਿੱਤਾ ਸੀ। ਉਦੋਂ ਵੀ ਮਾਮੂਲੀ ਝੜਪਾਂ ਹੋਈਆਂ ਸਨ ਜਿਸ 'ਚ ਕੁਝ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ ਸਨ।

ਪਿਛਲੇ ਦੋ-ਤਿੰਨ ਦਿਨਾਂ ਤੋਂ ਪੁਲਿਸ ਨੇ ਨਿਊ ਫਰੈਂਡਜ਼ ਕਲੌਨੀ ਦੇ ਕੁਝ ਇਲਾਕਿਆਂ 'ਚ ਨਾਕੇਬੰਦੀ ਕੀਤੀ ਹੋਈ ਸੀ ਤਾਂ ਜੋ ਇਸ ਇਲਾਕੇ 'ਚ ਕੋਈ ਵੱਡਾ ਮਾਰਚ ਨਾ ਹੋ ਸਕੇ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)