ਆਨਲਾਈਨ ਬੈਂਕਿੰਗ ਜਾਂ ਮੋਬਾਈਲ ਨੰਬਰ ਪੋਰਟ, ਬਦਲੇ ਨਿਯਮ

ਹੁਣ ਆਨਲਾਇਨ ਪੈਸੇ ਭੇਜਣ ਜਾਂ ਮੰਗਵਾਉਣ ਵੇਲੇ ਤੁਹਾਨੂੰ ਘੜੀ ਜਾਂ ਕਲੰਡਰ ਨਹੀਂ ਵੇਖਣਾ ਪਵੇਗਾ ਕਿਉਂਕਿ 16 ਦਸੰਬਰ ਤੋਂ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ ਨੈਸ਼ਨਲ ਇਲੈਕਟ੍ਰੋਨਿਕ ਫੰਡ ਟਰਾਂਸਫਰ (NEFT) ਦੀ 24X7 ਸੁਵਿਧਾ ਮੁਹੱਈਆ ਕਰਵਾ ਦਿੱਤੀ ਹੈ।

NEFT ਰਾਹੀਂ ਪੈਸੇ ਦਾ ਲੈਣ-ਦੇਣ ਆਨਲਾਈਨ ਤਰੀਕੇ ਨਾਲ ਕੀਤਾ ਜਾਂਦਾ ਹੈ।

NEFT ਕੀ ਹੈ?

NEFT ਆਨਲਾਈਨ ਟਰਾਂਜ਼ੈਕਸ਼ਨ ਕਰਨ ਦਾ ਇੱਕ ਤਰੀਕਾ ਹੈ ਜਿਸ ਰਾਹੀਂ ਹੁਣ ਹਰ ਵੇਲੇ ਪੈਸੇ ਭੇਜੇ ਜਾਂ ਮੰਗਵਾਏ ਜਾ ਸਕਦੇ ਹਨ। ਪੈਸੇ ਬੈਂਕ ਦੀ ਬਰਾਂਚ ਤੋਂ ਇਲਾਵਾ ਇੰਟਰਨੈੱਟ ਤੇ ਮੋਬਾਇਲ ਬੈਂਕਿੰਗ ਰਾਹੀਂ ਭੇਜੇ ਜਾ ਸਕਦੇ ਹਨ।

ਅਜੇ ਤੱਕ NEFT ਦੀ ਸੁਵਿਧਾ ਸਵੇਰੇ 8 ਵਜੇ ਤੋਂ ਸ਼ਾਮ 7:45 ਵਜੇ ਤੱਕ ਹੀ ਸੀ। ਇਸ ਤੋਂ ਇਲਾਵਾ ਇਹ ਸੁਵਿਧਾ ਸਿਰਫ਼ ਬੈਂਕ ਦੇ ਕੰਮਕਾਜੀ ਦਿਨਾਂ ਵਿੱਚ ਹੀ ਮੌਜੂਦ ਸੀ। ਪਰ ਹੁਣ ਕਿਸੇ ਵੀ ਦਿਨ ਇਸ ਸੁਵਿਧਾ ਦਾ ਲਾਭ ਚੁੱਕਿਆ ਜਾ ਸਕਦਾ ਹੈ।

ਇਹ ਜਾਣਨਾ ਵੀ ਜ਼ਰੂਰੀ ਹੈ ਕਿ NEFT ਰਾਹੀਂ ਪੈਸੇ ਭੇਜਣ ਲਈ ਕੋਈ ਘੱਟੋ-ਘੱਟ ਰਾਸ਼ੀ ਨਹੀਂ ਤੈਅ ਕੀਤੀ ਗਈ। ਵੱਧ ਤੋਂ ਵੱਧ ਇੱਕ ਵਾਰ ਵਿੱਚ 2 ਲੱਖ ਰੁਪਏ ਤੱਕ ਦੀ ਰਾਸ਼ੀ ਭੇਜੀ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਆਰਬੀਆਈ ਨੇ ਕੀ ਕਿਹਾ

ਆਰਬੀਆਈ ਨੇ NEFT ਦੀ ਸੁਵਿਧਾ ਨੂੰ 24X7 ਕਰਨ ਦਾ ਐਲਾਨ ਅਕਤੂਬਰ ਵਿੱਚ ਕੀਤਾ ਸੀ। ਤੇ ਇਸ ਨੂੰ ਦਸੰਬਰ 16 ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਕੇਂਦਰੀ ਬੈਂਕ ਨੇ ਸਾਰੇ ਬੈਂਕਾਂ ਨੂੰ ਹਰ ਵੇਲੇ ਉਪਯੁਕਤ ਰਾਸ਼ੀ ਰੱਖਣ ਲਈ ਵੀ ਹੁਕਮ ਜਾਰੀ ਕੀਤੇ ਹਨ।

ਇਸ ਨਾਲ ਡਿਜੀਟਲ ਤਰੀਕੇ ਨਾਲ ਪੈਸੇ ਦੇ ਲੈਣ-ਦੇਣ ਵਿੱਚ ਵਾਧਾ ਹੋਵੇਗਾ।

ਮੋਬਾਈਲ ਨੰਬਰ ਪੋਰਟ ਕਰਵਾਉਣ 'ਚ ਹੁਣ ਆਸਾਨੀ

ਦਿ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਹੁਣ ਮੋਬਾਈਲ ਨੰਬਰ ਪੋਰਟ ਕਰਵਾਉਣ ਵਿੱਚ ਵੀ ਆਸਾਨੀ ਕਰ ਦਿੱਤੀ ਹੈ। ਭਾਰਤ ਵਿੱਚ 117 ਕਰੋੜ ਲੋਕ ਮੋਬਾਈਲ ਦੀ ਵਰਤੋਂ ਕਰਦੇ ਹਨ।

ਨਵੇਂ ਹੁਕਮਾਂ ਮੁਤਾਬਕ ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਪੋਰਟ ਕਰਵਾਉਣਾ ਚਾਹੁੰਦੇ ਹੋ, ਤਾਂ ਹੁਣ ਸਿਰਫ਼ 3 ਦਿਨ ਹੀ ਲੱਗਣਗੇ। ਪਹਿਲਾਂ ਇਸ ਵਿੱਚ 8-15 ਦਿਨਾਂ ਦਾ ਸਮਾਂ ਲੱਗਦਾ ਸੀ।

ਕਾਰਪੋਰੇਟ ਨੰਬਰ ਪੋਰਟ ਕਰਵਾਉਣ ਲਈ 5 ਦਿਨਾਂ ਦਾ ਸਮਾਂ ਲੱਗ ਸਕਦਾ ਹੈ।

ਪਰ ਜੰਮੂ-ਕਸ਼ਮੀਰ, ਆਸਾਮ ਤੇ ਬਾਕੀ ਉੱਤਰੀ ਪੂਰਬੀ ਸੂਬਿਆਂ ਵਿੱਚ ਅਜੇ ਵੀ 30 ਦਿਨਾਂ ਦਾ ਸਮਾਂ ਲਗੇਗਾ।

ਮੋਬਾਲ ਨੰਬਰ ਪੋਰਟ ਕਰਵਾਉਣਾ ਕੀ ਹੁੰਦਾ ਹੈ?

ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਬਦਲੇ ਬਿਨਾਂ ਮੋਬਾਈਲ ਕਨੈਕਸ਼ਨ ਬਦਲਣਾ ਚਾਹੁੰਦੇ ਹੋ ਤਾਂ ਇਸ ਵਿੱਚ ਹੁਣ 3 ਦਿਨ ਤੋਂ ਜ਼ਿਆਦਾ ਨਹੀਂ ਲੱਗਣਗੇ।

ਟ੍ਰਾਈ (TRAI) ਦੇ ਨਵੇਂ ਹੁਕਮਾਂ ਤੋਂ ਬਾਅਦ ਨੰਬਰ ਪੋਰਟ ਕਰਵਾਉਣ ਦੀ ਵਿਧੀ 16 ਦਸੰਬਰ ਤੋਂ ਘਟਾ ਦਿੱਤੀ ਗਈ ਹੈ।

ਯੂਨਿਕ ਪਰੋਟਿੰਗ ਕੋਡ (UPC) ਮਿਲਣ ਮਗਰੋਂ ਨੰਬਰ ਪੋਰਟ ਕੀਤਾ ਜਾ ਸਕਦਾ ਹੈ। UPC '1900' 'ਤੇ SMS ਭੇਜ ਕੇ ਮੰਗਵਾਇਆ ਜਾ ਸਕਦਾ ਹੈ।

ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ

ਨੰਬਰ ਪੋਰਟ ਕਰਵਾਉਣ ਵੇਲੇ ਇਹ ਧਿਆਨ ਰੱਖਣਾ ਹੋਵੇਗਾ ਕਿ ਤੁਹਾਡੇ ਨੰਬਰ 'ਤੇ ਕੋਈ ਬਕਾਇਆ ਰਾਸ਼ੀ ਨਾ ਹੋਵੇ।

ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਹੋਵੇਗਾ ਕਿ ਤੁਸੀਂ ਜਿਸ ਮੋਬਾਇਲ ਕੰਪਨੀ ਤੋਂ ਬਦਲਣਾ ਚਾਹੁੰਦੇ ਹੋ, ਉਸ ਦੀ ਵਰਤੋਂ ਤੁਸੀਂ ਘਟੋ-ਘੱਟ 90 ਦਿਨਾਂ ਤੱਕ ਕੀਤੀ ਹੋਵੇ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)