Citizenship Issue: ਕੇਂਦਰੀ ਮੰਤਰੀ ਨੇ ਕਿਹਾ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਗੋਲੀ ਮਾਰ ਦਿਓ

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰਾਜਧਾਨੀ ਦਿੱਲੀ ਸਣੇ ਦੇਸ ਭਰ ਵਿਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਮੰਗਲਵਾਰ ਨੂੰ ਦਿੱਲੀ ਦੇ ਜਾਫ਼ਰਾਬਬਾਦ ਵਿੱਚ ਵੀ ਪ੍ਰਦਰਸ਼ਨ ਹੋਏ। ਇਸ ਮੁਜ਼ਾਹਰੇ ਦੌਰਾਨ ਪੁਲਿਸ ਦੀ ਮੁਜ਼ਾਹਰਾਕਾਰੀਆਂ ਨਾਲ ਝੜਪਾਂ ਵੀ ਹੋਈਆਂ।

ਪੁਲਿਸ ਨੇ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਲਾਠੀਚਾਰਜ ਵੀ ਕੀਤਾ।

ਇਹ ਵੀ ਪੜ੍ਹੋ:

ਐਤਵਾਰ ਨੂੰ ਦਿੱਲੀ ਦੀ ਜਾਮੀਆ ਮੀਲੀਆ ਯੂਨੀਵਰਸਿਟੀ ਵਿੱਚ ਹਿੰਸਕ ਝੜਪਾਂ ਵਿੱਚ ਜ਼ਖਮੀ ਹੋਏ ਘੱਟੋ-ਘੱਟ ਤਿੰਨ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਗੋਲੀ ਲੱਗੀ ਹੈ, ਪਰ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਮੁਜ਼ਾਹਰਿਆਂ ਦੌਰਾਨ ਉਨ੍ਹਾਂ ਨੇ ਗੋਲੀਬਾਰੀ ਨਹੀਂ ਕੀਤੀ।

ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਅੱਥਰੂ ਗੈਸ ਅਤੇ ਲਾਠੀਚਾਰਜ ਕਾਰਨ ਜ਼ਖਮੀ ਹੋਏ ਹਨ।

ਬੀਬੀਸੀ ਨੇ ਉਨ੍ਹਾਂ ਵਿੱਚੋਂ ਇੱਕ ਦੀ ਮੈਡੀਕਲ ਰਿਪੋਰਟ ਵੇਖੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਡਾਕਟਰਾਂ ਨੇ ਉਸ ਦੇ ਪੱਟ ਵਿੱਚੋਂ ਇੱਕ 'ਬਾਹਰੀ ਵਸਤੂ' ਕੱਢੀ ਹੈ।

ਐਤਵਾਰ ਸ਼ਾਮ ਨੂੰ ਕੇਂਦਰੀ ਯੂਨੀਵਰਸਿਟੀ ਜਾਮੀਆ ਮੀਲੀਆ ਇਸਲਾਮੀਆ ਦੇ ਨਾਲ ਲਗਦੇ ਸਰਾਏ ਜੁਲੇਨਾ ਖ਼ੇਤਰ ਅਤੇ ਮਥੁਰਾ ਰੋਡ ਵਿਖੇ ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਵਿਰੋਧ ਵਿੱਚ ਹੋਏ ਮੁਜ਼ਾਹਰਿਆਂ ਦੌਰਾਨ ਕਈ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ।

‘ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਗੋਲੀ ਮਾਰ ਦਿਓ’

ਕੇਂਦਰੀ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਨੇ ਕਿਹਾ ਹੈ, “ਮੈਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਜੇ ਕੋਈ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਮੈਂ ਇੱਕ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਹੁਕਮ ਦਿੰਦਾ ਹਾਂ ਕਿ ਉਨ੍ਹਾਂ ਨੂੰ ਦੇਖਦੇ ਹੀ ਗੋਲੀ ਮਾਰ ਦਿਓ।”

ਵਿਰੋਧ ਜਿੰਨਾ ਮਰਜ਼ੀ ਹੋਵੇ ਪਰ ਕਾਨੂੰਨ ਲਾਗੂ ਹੋਵੇਗਾ - ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨ ਮੰਗਲਵਾਰ ਨੂੰ ਕਿਹਾ ਕਿ ਵਿਰੋਧੀ ਨੂੰ ਜਿੰਨਾ ਵਿਰੋਧ ਕਰਨਾ ਹੈ ਕਰਨ ਪਰ ਨਵਾਂ ਨਾਗਰਿਕਤਾ ਕਾਨੂੰਨ ਲਾਗੂ ਹੋਵੇਗਾ। ਅਮਿਤ ਸ਼ਾਹ ਨੇ ਦਿੱਲੀ ਵਿੱਚ ਇੱਕ ਪਾਰਕ ਨੀਂਹ ਪੱਥਰ ਰੱਖਣ ਦੇ ਸਮਾਗਮ ਮੌਕੇ ਇਹ ਕਿਹਾ।

ਉਨ੍ਹਾਂ ਕਿਹਾ, "ਮੈਂ ਵਿਰੋਧੀ ਧਿਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਸ ਸਿਆਸੀ ਤੌਰ 'ਤੇ ਇਸ ਬਿਲ ਦਾ ਜਿੰਨਾ ਵਿਰੋਧ ਕਰ ਸਕਦੇ ਹਨ, ਉਹ ਕਰਨ ਪਰ ਮੋਦੀ ਸਰਕਾਰ ਇਸ ਨੂੰ ਲਾਗੂ ਕਰਨ ਲਈ ਵਚਨਬਧ ਹੈ।"

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧ ਪ੍ਰਦਰਸ਼ਨ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਵਿਰੋਧੀ ਧਿਰ ਦਾ ਵਫ਼ਦ ਰਾਸ਼ਟਰਪਤੀ ਨੂੰ ਮਿਲਣ ਪਹੁੰਚਿਆ

ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਵਿਰੋਧੀ ਪਾਰਟੀਆਂ ਦੇ ਨੇਤਾ ਕਾਂਗਰਸ ਮੁਖੀ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਰਾਸ਼ਟਰਪਤੀ ਕੋਵਿੰਦ ਨੂੰ ਮਿਲੇ। ਸੋਨੀਆ ਗਾਂਧੀ ਨੇ ਰਾਸ਼ਟਰਪਤੀ ਨੂੰ ਮੋਦੀ ਸਰਕਾਰ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਾਂ ਨੂੰ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸੋਨੀਆ ਗਾਂਧੀ ਨੇ ਕਿਹਾ, "ਨਾਰਥ-ਈਸਟ ਦੇ ਹਾਲਾਤ ਹੁਣ ਰਾਜਧਾਨੀ ਦਿੱਲੀ ਤੱਕ ਫੈਲ ਰਹੇ ਹਨ। ਹਾਲਾਤ ਬਹੁਤ ਗੰਭੀਰ ਹਨ ਅਤੇ ਡਰ ਹੈ ਕਿ ਹਾਲਾਤ ਬੇਕਾਬੂ ਨਾ ਹੋ ਜਾਣ। ਪੁਲਿਸ ਮੁਜ਼ਾਹਰਿਆਂ ਨਾਲ ਸਹੀ ਤਰੀਕੇ ਨਾਲ ਨਹੀਂ ਨਜਿੱਠ ਰਹੀ ਹੈ।"

ਦਿੱਲੀ ਦੀ ਕੇਂਦਰੀ ਯੂਨੀਵਰਸਿਟੀ ਜਾਮੀਆ ਮੀਲੀਆ ਇਸਮਾਲੀਆ ਯੂਨੀਵਰਸਿਟੀ ਵਿਖੇ ਐਤਵਾਰ ਨੂੰ ਹੋਈ ਪੁਲਿਸ ਕਾਰਵਾਈ ਦੇ ਖ਼ਿਲਾਫ਼ ਸੋਮਵਾਰ ਨੂੰ ਭਾਰਤ ਦੇ ਕਈ ਸ਼ਹਿਰਾਂ ਵਿੱਚ ਵੱਖੋ-ਵੱਖ ਵਿਦਿਅਕ ਅਦਾਰਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਇਸ ਘਟਨਾ ਨੂੰ ਲੈ ਕੇ ਰਾਜਨੀਤਿਕ ਕਸ਼ਮਕਸ਼ ਵੀ ਜ਼ੋਰਾਂ 'ਤੇ ਰਹੀ।

ਵਿਦਿਆਰਥੀਆਂ ਉੱਤੇ ਹਿੰਸਾ ਦੇ ਵਿਰੋਧ ਵਿੱਚ ਇੰਡਿਆ ਗੇਟ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਧਰਨੇ 'ਤੇ ਬੈਠੇ ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਂਤੀ ਦੀ ਅਪੀਲ ਕੀਤੀ।

ਕਈ ਪਾਰਟੀਆਂ ਇੱਕ-ਦੂਜੇ ਉੱਤੇ ਇਲਜ਼ਾਮ ਲਗਾਉਂਦੀਆਂ ਵੀ ਨਜ਼ਰ ਆਈਆਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਈ ਪਾਰਟੀਆਂ ਆਪਣੇ ਰਾਜਨੀਤਿਕ ਮੁਨਾਫ਼ੇ ਲਈ ਅਫ਼ਵਾਹਾਂ ਫੈਲਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਪੜ੍ਹਨ ਅਤੇ ਕਿਸੇ ਦੀਆਂ ਗੱਲਾਂ ਵਿੱਚ ਨਾ ਆਉਣ।

ਲੰਘੀ ਰਾਤ (16 ਦਸਬੰਰ) ਮਊ ਵਿੱਚ ਵੀ ਹਿੰਸਕ ਘਟਨਾਵਾਂ ਵਾਪਰੀਆਂ। ਮਊ ਦੇ ਜ਼ਿਲ੍ਹਾ ਮੈਜਿਸਟ੍ਰੇਟ ਗਿਆਨ ਪ੍ਰਕਾਸ਼ ਤ੍ਰਿਪਾਠੀ ਨੇ ਕਿਹਾ ਕਿ ਮਊ ਦੇ ਹਾਜੀਪੂਰਾ ਚੌਂਕ ਵਿੱਚ ਧਾਰਾ 144 ਲਗਾਈ ਗਈ ਹੈ।

ਗਿਆਨ ਪ੍ਰਕਾਸ਼ ਤ੍ਰਿਪਾਠੀ ਨੇ ਕਿਹਾ, "ਹਾਜੀਪੂਰਾ ਵਿੱਚ ਕਈ ਲੋਕ ਜਾਮੀਆ ਅਤੇ ਦਿੱਲੀ ਪੁਲਿਸ ਬਾਰੇ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ। ਉੱਥੇ ਇਕੱਠੀ ਹੋਈ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਨੂੰ ਡਰਾਉਣ ਲਈ ਧਾਰਾ 144 ਵੀ ਲਗਾ ਦਿੱਤੀ ਗਈ ਤਾਂ ਜੋ ਸ਼ਾਂਤੀ ਬਣੀ ਰਹੇ।"

ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਅਤੇ ਲਖਨਊ ਦੇ ਦਾਰੂਲ ਉਲੂਮ ਨਦਵਾ-ਤੁਲ-ਉਲੇਮਾ ਦੇ ਵਿਦਿਆਰਥੀਆਂ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ।

ਮਊ ਬਾਰੇ ਗੱਲ ਕਰਦਿਆਂ ਬੀਬੀਸੀ ਪੱਤਰਕਾਰ ਸਮੀਰ ਨੇ ਦੱਸਿਆ ਕਿ ਹੁਣ ਮਊ ਵਿੱਚ ਹਾਲਾਤ ਠੀਕ ਹਨ। ਉਨ੍ਹਾਂ ਮੁਤਾਬਕ ਕਈ ਦਿਨਾਂ ਤੋਂ ਲੋਕ ਇੱਥੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਜਤਾ ਰਹੇ ਸਨ ਤੇ ਮੁਜ਼ਾਹਰਾ ਕਰਨਾ ਚਾਹੁੰਦੇ ਸਨ।

ਪਰ ਸਥਾਨਕ ਸਿਆਸਤਦਾਨਾਂ ਤੋਂ ਕੋਈ ਸਹਿਯੋਗ ਦਾ ਮਿਲਣ ਮਗਰੋਂ ਇੱਥੇ ਦੇ ਲੋਕਾਂ ਨੇ ਸੋਮਵਾਰ ਸ਼ਾਮ ਵੇਲੇ ਆਪ ਹੀ ਪ੍ਰਦਰਸ਼ਨ ਕੀਤਾ।

ਇਸੇ ਮੁਜ਼ਾਹਰੇ ਕਰਕੇ ਕਈ ਲੋਕਾਂ ਨੇ ਪੱਥਰਬਾਜੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੂੰ ਨਿਸ਼ਾਨਾ ਬਣਾਇਆ। ਇਸ ਮਗਰੋਂ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ ਤੇ ਕਈ ਗੱਡੀਆਂ ਨੂੰ ਵੀ ਅੱਗ ਲਗਾਈ ਗਈ।

ਉੱਥੋਂ ਦੇ ਕਈ ਲੋਕਾਂ ਨੇ ਆਪਣੇ ਘਰਾਂ ਵਿੱਚੋਂ ਵੀ ਪੱਥਰ ਮਾਰੇ ਤੇ ਬਹੁਤ ਭੀੜ ਇਕੱਠੀ ਹੋ ਗਈ ਸੀ। ਬਾਕੀ ਥਾਵਾਂ 'ਤੇ ਇਸ ਕਾਨੂੰਨ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਮੁਜ਼ਾਹਰੇ ਕੀਤੇ, ਪਰ ਇੱਥੇ ਸਥਾਨਕ ਲੋਕ ਸ਼ਾਮਲ ਸਨ।

ਅਲੀਗੜ੍ਹ ਯੂਨੀਵਰਸਿਟੀ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲਖਨਊ ਦੇ ਨਦਵਾ ਯੂਨੀਵਰਸਿਟੀ ਤੇ ਨਾਲ ਜੁੜੇ ਕਾਲਜਾਂ ਨੂੰ ਵੀ 5 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਅਲੀਗੜ੍ਹ ਵਿੱਚ ਵੀ ਸਥਾਨਕ ਲੋਕਾਂ ਦੇ ਇਕੱਠ ਹੋਣ ਮਗਰੋਂ ਤਣਾਅ ਕਾਇਮ ਹੈ।

ਪੱਛਮ ਬੰਗਾਲ ਵਿੱਚ ਵੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲੀ ਵਾਰ ਸੜਕ 'ਤੇ ਆ ਕੇ 5 ਕਿਲੋਮੀਟਰ ਲੰਮੀ ਰੈਲੀ ਕੀਤੀ ਤੇ ਕਿਹਾ ਕਿ ਉਹ ਬੁੱਧਵਾਰ ਤੱਕ ਮੁਜ਼ਾਹਰਾ ਜਾਰੀ ਰੱਖਣਗੇ।

ਮਮਤਾ ਬੈਨਰਜੀ ਨੇ ਕਿਹਾ, ''ਮੈਂ ਆਪਣੇ ਸੂਬੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੀ।"

ਕੇਂਦਰ ਸਰਕਾਰ ਉੱਤੇ ਦਬਾਅ ਪਾਉਣ ਲਈ ਮਮਤਾ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਕਈ ਥਾਵਾਂ ਉੱਤੇ ਪ੍ਰਦਰਸ਼ਨ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ:

ਅਸਾਮ ਵਿੱਚ ਮੁੱਖ ਮੰਤਰੀ ਪ੍ਰਫੂਲ ਕੁਮਾਰ ਮਹੰਤਾ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਹੋ ਰਹੇ ਮੁਜ਼ਾਹਰਿਆਂ ਨੂੰ ਅਸਾਮ ਅੰਦਲੋਨ ਦਾ ਹੀ ਹਿੱਸਾ ਕਿਹਾ ਹੈ।

ਅਸਾਮ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸਭ ਤੋਂ ਵੱਡੇ ਪੱਧਰ 'ਤੇ ਮੁਜ਼ਾਹਰਾ ਹੋ ਰਿਹਾ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੋਬਾਇਲ ਇੰਟਰਨੈਟ 'ਤੇ ਪਾਬੰਦੀ ਹੈ।

ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਆਲ ਅਸਾਮ ਸਟੂਡੈਂਟ ਯੂਨੀਅਨ (ਆਸੂ) ਕਰ ਰਹੀ ਹੈ। ਸੱਤਾਧਾਰੀ ਐਨਡੀਏ ਦਾ ਹਿੱਸਾ ਰਹੇ ਅਸਮ ਗਣ ਪਰੀਸ਼ਦ ਨੇ ਨਵੇਂ ਕਾਨੂੰਨ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕਹੀ ਹੈ ਜਦਕਿ ਉਸਨੇ ਸੰਸਦ ਵਿੱਚ ਇਸ ਦਾ ਸਮਰਥਨ ਕੀਤਾ ਸੀ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)