Jamia and other protests: ਜਾਮੀਆ ਮਾਮਲੇ ਲਈ ਹਾਈ ਕੋਰਟ ਜਾਓ, ਸੁਪਰੀਮ ਕੋਰਟ ਟ੍ਰਾਇਲ ਕੋਰਟ ਨਹੀਂ - ਸੁਪੀਰਮ ਕੋਰਟ

ਨਾਗਰਿਕਤਾ ਸੋਧ ਬਿੱਲ ਦੇ ਕਾਨੂੰਨ ਬਣਨ ਮਗਰੋਂ ਧਰਨਾ ਮੁਜ਼ਾਹਰਿਆਂ ਦਾ ਦੌਰ ਦੇਸ਼ ਦੇ ਕਈ ਹਿੱਸਿਆਂ ਵਿੱਚ ਚੱਲ ਰਿਹਾ ਹੈ। ਜਾਮੀਆ ਵਿੱਚ ਵਿਦਿਆਰਥੀਆਂ ਦੀ ਕੁੱਟ-ਮਾਰ ਦੇ ਮਾਮਲੇ 'ਤੇ ਸੁਪਰੀਮ ਕੋਰਟ ਕੱਲ ਸੁਣਵਾਈ ਕਰੇਗਾ। ਯੂਨੀਵਰਸਿਟੀ ਨੂੰ ਵੀ 5 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ।

ਇੱਕ ਨਜ਼ਰ ਮਾਰਦੇ ਹਾਂ ਕਿ ਮੁਲਕ ਵਿੱਚ ਇਸ ਕਾਨੂੰਨ ਖਿਲਾਫ਼ ਕਿੱਥੇ ਕਿੱਥੇ ਪ੍ਰਦਰਸ਼ਨ ਹੋ ਰਹੇ ਹਨ।

ਜਾਮੀਆ ਮੀਲੀਆ ਇਸਲਾਮੀਆ

ਦੱਖਣੀ ਪੂਰਬੀ ਦਿੱਲੀ ਦੇ ਜਾਮੀਆ ਕੈਂਪਸ ਵਿੱਚ ਐਤਵਾਰ ਰਾਤ ਕਾਫ਼ੀ ਹੰਗਾਮਾ ਹੋਇਆ। ਜਾਮੀਆ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨਜਮਾ ਅਖ਼ਤਰ ਨੇ ਕਿਹਾ ਕਿ ਪੁਲਿਸ ਯੂਨੀਵਰਸਿਟੀ ਕੈਂਪਸ ਵਿੱਚ ਬਿਨਾਂ ਇਜ਼ਾਜਤ ਜਾਂ ਸਹਿਮਤੀ ਦੇ ਅੰਦਰ ਦਾਖ਼ਲ ਹੋਈ ਸੀ।

ਇਸ ਤੋਂ ਪਹਿਲਾਂ ਜਾਮੀਆ ਨਾਲ ਲੱਗੇ ਇਲਾਕਿਆਂ ਵਿੱਚ ਮੁਜ਼ਾਹਰਾਕਾਰੀਆਂ ਨੇ ਬੱਸਾਂ ਨੂੰ ਅੱਗ ਲਾ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਯੂਨੀਵਰਸਿਟੀ ਕੈਂਪਸ ਵਿੱਚ ਘੁੱਸ ਕੇ ਅਥਰੂ ਗੈਸ ਦੇ ਗੋਲੇ ਮਾਰੇ।

ਅਜਿਹੇ ਕਈ ਵੀਡਿਓ ਵਾਇਰਲ ਹੋ ਰਹੇ ਹਨ ਜਿਨ੍ਹਾਂ ਵਿੱਚ ਪੁਲਿਸ ਵਿਦਿਆਰਥੀਆਂ ਨੂੰ ਡਾਂਗਾਂ ਮਾਰਦੀ ਦਿਖ ਰਹੀ ਹੈ। ਪੁਲਿਸ ਨੇ ਕੈਂਪਸ ਵਿੱਚ ਲਗਭਗ 50 ਲੋਕਾਂ ਨੂੰ ਗਿਰਫ਼ਤਾਰ ਕਰ ਲਿਆ ਹੈ।

ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਦੇਰ ਰਾਤ ਤੱਕ ਇੱਕ ਵੱਡਾ ਮੁਜ਼ਾਹਰਾ ਹੋਇਆ ਜਿਸ ਤੋਂ ਬਾਅਦ ਗਿਰਫ਼ਤਾਰ ਕੀਤੇ ਲੋਕਾਂ ਨੂੰ ਛੱਡ ਦਿੱਤਾ ਗਿਆ। ਜਾਮੀਆ ਪਰਿਸਰ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ।

ਸੁਪਰੀਮ ਕੋਰਟ ਦਾ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪੁਲਿਸੀ ਦੀ ਕਾਰਵਾਈ ਦੇ ਖਿਲਾਫ਼ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹਾਈ ਕੋਰਟ ਜਾਣਾ ਚਾਹੀਦਾ ਹੈ।

ਸੋਮਵਾਰ ਨੂੰ ਚੀਫ ਜਸਟਿਸ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਵਿੱਚ ਸੁਣਵਾਈ ਹਿੰਸਾ ਰੁਕਣ 'ਤੇ ਹੀ ਕਰਨਗੇ।

ਇਹ ਵੀ ਪੜ੍ਹੋ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ

ਉੱਤਰ ਪ੍ਰਦੇਸ਼ ਦੇ ਪੁਲਿਸ ਮੁੱਖ ਨਿਰਦੇਸ਼ਕ ਓਪੀ ਸਿੰਘ ਨੇ ਕਿਹਾ ਹੈ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

ਸਾਰੇ ਵਿਦਿਆਰਥੀਆਂ ਨੂੰ ਅੱਜ ਹੀ ਉਨ੍ਹਾਂ ਦੇ ਘਰ ਭੇਜਿਆ ਜਾ ਰਿਹਾ ਹੈ।

ਯੂਨੀਵਰਸਿਟੀ ਨੂੰ 5 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਪਰ ਉੱਥੇ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਘਰ ਜਾਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਹਿੰਸਾ ਵਿੱਚ ਸ਼ਾਮਲ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ 15 ਵਿਦਿਆਰਥੀ ਹਿਰਾਸਤ ਵਿੱਚ ਹਨ।

ਅਸਾਮ ਵਿੱਚ ਤਣਾਅ ਅਤੇ ਰਾਜਨੀਤੀ

ਅਸਾਮ ਦੇਸ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸਭ ਤੋਂ ਵੱਧੇ ਪੱਧਰ 'ਤੇ ਮੁਜ਼ਾਹਰਾ ਹੋ ਰਿਹਾ ਹੈ। ਪੁਲਿਸ ਦੀਆਂ ਗੋਲੀਆਂ ਨਾਲ ਅਸਾਮ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਚਾਰ ਹੋ ਗਈ ਹੈ। ਰਾਜ ਦੇ ਜਿਆਦਾਤਰ ਹਿੱਸਿਆਂ ਵਿੱਚ ਮੋਬਾਇਲ ਇੰਟਰਨੈਂਟ 'ਤੇ ਪਬੰਦੀ ਹੈ।

ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਆਲ ਅਸਾਮ ਸਟੂਡੈਂਟ ਯੂਨਿਨ (ਆਸੂ) ਕਰ ਰਹੀ ਹੈ। ਸੱਤਾਧਾਰੀ ਐਨਡੀਏ ਦਾ ਹਿੱਸਾ ਰਹੇ ਅਸਮ ਗਣ ਪਰੀਸ਼ਦ ਨੇ ਨਵੇਂ ਕਾਨੂੰਨ ਨੂੰ ਸੁਪਰੀਮ ਕੋਰਟ ਵਿੱਚ ਚਣੌਤੀ ਦੇਣ ਦੀ ਗੱਲ ਕਹੀ ਹੈ ਜਦਕਿ ਉਸਨੇ ਸੰਸਦ ਵਿੱਚ ਇਸਦਾ ਸਮਰਥਨ ਕੀਤਾ ਸੀ।

ਲਖਨਊ ਵਿੱਚ ਟਕਰਾਅ

ਲਖਨਊ ਵਿੱਚ ਦਾਰੂਲ ਉਲੂਮ ਨਦਵਾ-ਤੁਲ-ਉਲੇਮਾ ਦੇ ਵਿਦਿਆਰਥੀਆਂ ਅਤੇ ਪੁਲਿਸ ਦੇ ਵਿੱਚ ਟਕਰਾਅ ਦੇ ਵੀਡਿਓ ਸਾਹਮਣੇ ਆਏ।

ਇਸ ਵੀਡਿਓ ਵਿੱਚ ਦੋ ਸੌ ਨਾਲੋਂ ਵੱਧ ਵਿਦਿਆਰਥੀਆਂ ਅਤੇ ਪੁਲਿਸ ਦੇ ਵਿੱਚ ਪੱਥਰਬਾਜ਼ੀ ਦੀ ਘਟਨਾ ਦੀ ਖ਼ਬਰ ਆ ਰਹੀ ਹੈ।

ਪੱਛਮ ਬੰਗਾਲ ਵਿੱਚ ਰੈਲੀ

ਪੱਛਮ ਬੰਗਾਲ ਵਿੱਚ ਕਈ ਥਾਵਾਂ ਤੋਂ ਅੱਗ ਲਗਾਉਣ ਤੇ ਤੋੜ-ਫੋੜ ਦੀਆਂ ਖ਼ਬਰਾਂ ਵੀ ਸ਼ਨਿਵਾਰ ਅਤੇ ਐਤਵਾਰ ਨੂੰ ਆਉਂਦੀਆਂ ਰਹੀਆ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਬੰਗਾਲ ਵਿੱਚ ਕੈਬ ਨੂੰ ਲਾਗੂ ਨਹੀਂ ਹੋਣ ਦੇਣਗੇ।

ਮਮਤਾ ਬੈਨਰਜੀ ਨੇ ਕਿਹਾ, ''ਮੈਂ ਆਪਣੇ ਸੂਬੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੀ। ਜੇ ਉਹ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਅਜਿਹਾ ਮੇਰੀ ਲਾਸ਼ 'ਤੇ ਕਰਨਾ ਹੋਵੇਗਾ।''

ਤਮਿਲ ਨਾਡੂ ਵਿੱਚ ਪ੍ਰਦਰਸ਼ਨ

ਤਮਿਲਨਾਡੂ ਵਿੱਚ ਮਾਰਕਸਵਾਦੀ ਕਮਿੂਨਿਸਟ ਪਾਰਟੀ (ਸੀਪੀਐਮ) ਨਾਲ ਜੁੜੇ ਵਿਦਿਆਰਥੀ ਸੰਗਠਨ ਐਸਐਫ਼ਆਈ ਨੇ ਰਾਜ ਵਿੱਚ ਕੈਬ ਦੇ ਖ਼ਿਲਾਫ਼ ਸੋਮਵਾਰ ਨੂੰ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ।

ਹੈਦਰਾਬਾਦ ਦੀ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ ਹਨ, ਵਿਦਿਆਰਥੀ ਪ੍ਰਿਖਿਆ ਦੇਣ ਤੋਂ ਪਰਹੇਜ ਰਹੇ ਹਨ।

ਪਟਨਾ ਵਿੱਚ ਮੁਜ਼ਾਹਰਾ

ਪਟਨਾ ਦੇ ਕਰਗਿਲ ਚੌਂਕ 'ਤੇ ਮੁਜ਼ਾਹਰਾਕਾਰੀਆਂ ਦੀ ਭੀੜ ਨੇ ਇੱਕ ਪੁਲਿਸ ਚੌਂਕੀ 'ਚ ਅੱਗ ਲਾ ਦਿੱਤੀ। ਮੁਜ਼ਾਹਰਾਕਾਰੀਆਂ ਦੀ ਭੀੜ ਨੂੰ ਹਟਾਉਣ ਲਈ ਪੁਲਿਸ ਨੇ ਹਵਾ ਵਿੱਚ ਗੋਲੀਆਂ ਚਲਾਈਆਂ। ਮੁਜ਼ਾਹਰਾਕਾਰੀਆਂ ਨੇ ਪੱਥਰਬਾਰੀ ਵੀ ਕੀਤੀ।

ਕੇਰਲ ਰਾਜ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ ਕੈਬ ਦਾ ਵਿਰੋਧ ਕਰਨ ਵਾਲਿਆਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਦੂਜੇ ਪਾਸੇ ਰਾਜ ਦੇ ਮੁੱਖ ਮੰਤਰੀ ਪਿਨਰਾਈ ਵਿਜਅਨ ਨੇ ਕਿਹਾ ਕਿ ਬਿੱਲ ਅਸੰਵਿਧਾਨਕ ਹੈ ਅਤੇ ਰਾਜ ਸਰਕਾਰ ਇਸ ਨੂੰ ਲਾਗੂ ਨਹੀਂ ਕਰੇਗੀ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)