SC/ST ਕਮਿਸ਼ਨ ਮੁਖੀ: ਜਗਮੇਲ ਦੇ ਪਰਿਵਾਰ ਨੂੰ ਧਮਕੀਆਂ ਮਿਲਣ ਦੀ ਗੱਲ ਸਾਡੇ ਕੋਲ ਆਈ ਹੈ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਸੰਗਰੂਰ ਤੋਂ ਬੀਬੀਸੀ ਪੰਜਾਬੀ ਲਈ

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਤਿੰਨ ਮੈਂਬਰੀ ਵਫ਼ਦ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿੱਚ ਮ੍ਰਿਤਕ ਜਗਮੇਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ।

ਕਮਿਸ਼ਨ ਦੇ ਚੇਅਰਮੈਨ ਪ੍ਰੋ. ਰਾਮ ਸ਼ੰਕਰ ਕਥੇਰੀਆ ਦੀ ਅਗਵਾਈ ਹੇਠ ਉਪ ਚੇਅਰਮੈਨ ਡਾ. ਐਲ. ਮੁਰੂਗਨ, ਮੈਂਬਰ ਡਾ. ਯੋਗੇਂਦਰ ਪਾਸਵਾਨ ਸਮੇਤ ਆਏ ਇਸ ਵਫ਼ਦ ਵੱਲੋਂ ਪੀੜ੍ਹਤ ਪਰਿਵਾਰ ਅਤੇ ਜ਼ਿਲ੍ਹੇ ਦੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਤੋਂ ਘਟਨਾ ਸਬੰਧੀ ਵੇਰਵੇ ਇਕੱਤਰ ਕੀਤੇ ਗਏ।

ਕਮਿਸ਼ਨ ਦੇ ਚੇਅਰਮੈਨ ਰਾਮ ਸ਼ੰਕਰ ਕਥੇਰੀਆ ਨੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧੀ ਸੂਬੇ ਦੇ ਸਬੰਧਿਤ ਅਧਿਕਾਰੀਆਂ ਤੋਂ ਵਿਸਥਾਰਤ ਰਿਪੋਰਟ ਮੰਗ ਲਈ ਗਈ ਹੈ।

ਇਹ ਵੀ ਪੜ੍ਹੋ:

ਕੀ ਸੀ ਮਾਮਲਾ

ਬੀਤੀ 7 ਨਵੰਬਰ ਨੂੰ ਪਿੰਡ ਚੰਗਾਲੀਵਾਲਾ ਨਾਲ ਸਬੰਧਿਤ ਦਲਿਤ ਨੌਜਵਾਨ ਜਗਮੇਲ ਸਿੰਘ ਨਾਲ ਕੁੱਟਮਾਰ ਕੀਤੀ ਗਈ ਸੀ।

ਜਗਮੇਲ ਸਿੰਘ ਦੇ ਬਿਆਨਾਂ ਦੇ ਅਧਾਰ ਉੱਤੇ 13 ਨਵੰਬਰ ਨੂੰ ਲਹਿਰਾ ਥਾਣੇ ਵਿੱਚ ਚਾਰ ਲੋਕਾਂ ਖ਼ਿਲਾਫ਼ ਐੱਸ.ਸੀ.ਐੱਸ.ਟੀ. ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

ਪਹਿਲਾਂ ਮ੍ਰਿਤਕ ਨੂੰ ਇਲਾਜ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ ਜਿੱਥੋਂ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।

15 ਨਵੰਬਰ ਨੂੰ ਇਲਾਜ ਦੌਰਾਨ ਉਹਦੀਆਂ ਲੱਤਾਂ ਕੱਟਣੀਆਂ ਪਈਆਂ ਸਨ। 16 ਨਵੰਬਰ ਨੂੰ ਜਗਮੇਲ ਦੀ ਮੌਤ ਹੋ ਜਾਣ ਤੋਂ ਬਾਅਦ ਲਹਿਰਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਵੀ ਜੋੜੀ ਗਈ ਸੀ।

ਐਫ ਆਈ ਆਰ ਅਨੁਸਾਰ, "ਮ੍ਰਿਤਕ ਦਾ ਦੋਸ਼ੀਆਂ ਨਾਲ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ। ਘਟਨਾ ਵਾਲੇ ਦਿਨ ਮ੍ਰਿਤਕ ਪਿੰਡ ਵਿੱਚ ਹੀ ਕਿਸੇ ਦੇ ਘਰ ਬੈਠਾ ਸੀ ਜਿੱਥੋਂ ਬਹਾਨੇ ਨਾਲ ਮੁਲਜ਼ਮ ਉਸ ਨੂੰ ਵਰਗਲ਼ਾ ਕੇ ਲੈ ਗਏ ਅਤੇ ਬੰਧਕ ਬਣਾ ਕੇ ਉਸਦੀ ਕੁੱਟਮਾਰ ਕੀਤੀ ਗਈ।"

"ਮ੍ਰਿਤਕ ਨੇ ਬਿਆਨਾਂ ਵਿੱਚ ਇਹ ਵੀ ਲਿਖਵਾਇਆ ਹੈ ਕਿ ਕੁੱਟਮਾਰ ਦੌਰਾਨ ਪਾਣੀ ਮੰਗਣ ਉੱਤੇ ਉਸ ਨੂੰ ਮਨੁੱਖੀ ਪਿਸ਼ਾਬ ਪਿਲਾਇਆ ਗਿਆ ਸੀ।"

ਘਟਨਾ ਤੋਂ ਬਾਅਦ ਕੀ ਹੋਇਆ

ਜਗਮੇਲ ਸਿੰਘ ਦੀ ਮੌਤ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵੱਲੋਂ 17 ਨਵੰਬਰ ਚੰਗਾਲੀਵਾਲਾ ਕੋਲ ਸੜਕ ਜਾਮ ਕਰਕੇ ਮ੍ਰਿਤਕ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਦੇਣ, ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਆਦਿ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ।

ਪਰਿਵਾਰ ਨੇ ਮੰਗਾਂ ਮੰਨੇ ਜਾਣ ਤੱਕ ਜਗਮੇਲ ਸਿੰਘ ਦਾ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ ਸੀ।

18 ਨਵੰਬਰ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ।

ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ 19 ਨਵੰਬਰ ਨੂੰ ਜਗਮੇਲ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ।

ਸਮਝੌਤੇ ਅਨੁਸਾਰ ਜਗਮੇਲ ਸਿੰਘ ਦੀ ਵਿਧਵਾ ਨੂੰ ਸਰਕਾਰੀ ਨੌਕਰੀ, ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ, ਘਰ ਦੀ ਮੁਰੰਮਤ ਲਈ ਸਵਾ ਲੱਖ ਰੁਪਏ ਦੀ ਰਾਸ਼ੀ ਅਤੇ ਬੱਚਿਆਂ ਦੀ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਮੁਫ਼ਤ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ।

ਇਸ ਘਟਨਾ ਦਾ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਨੇ ਵੀ ਗੰਭੀਰ ਨੋਟਿਸ ਲਿਆ ਸੀ।

ਇਹ ਵੀ ਪੜ੍ਹੋ:

ਅੱਜ ਪਿੰਡ ਚੰਗਾਲੀਵਾਲਾ ਦਾ ਦੌਰਾ ਕਰਨ ਸਮੇਂ ਕਮਿਸ਼ਨ ਦੇ ਚੇਅਰਮੈਨ ਪ੍ਰੋ. ਰਾਮ ਸ਼ੰਕਰ ਕਥੇਰੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਅੱਜ ਚੰਗਾਲੀਵਾਲਾ ਵਿੱਚ ਜਗਮੇਲ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਇਸ ਗੱਲਬਾਤ ਤੋਂ ਇਹ ਸਾਬਤ ਹੋਇਆ ਹੈ ਕਿ ਜਗਮੇਲ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਸੀ।”

“ਉਸਦੇ ਪੈਰਾਂ ਦਾ ਮਾਸ ਪਲਾਸ ਨਾਲ ਨੋਚਿਆ ਗਿਆ ਸੀ। ਜਗਮੇਲ ਸਿੰਘ ਦੇ ਇਲਾਜ ਵਿੱਚ ਵੀ ਕੁਤਾਹੀ ਵਰਤੀ ਗਈ। ਇਸ ਤੋਂ ਪਹਿਲਾਂ ਵੀ ਝਗੜਾ ਹੋਇਆ ਸੀ। ਉਸ ਵਿੱਚ ਵੀ ਪੁਲਿਸ ਵੱਲੋਂ ਬਣਦੀ ਭੂਮਿਕਾ ਨਹੀਂ ਨਿਭਾਈ ਗਈ ਜਿਸ ਕਰਕੇ ਇਹ ਵੱਡੀ ਘਟਨਾ ਵਾਪਰੀ ਹੈ।”

“ਸਥਾਨਕ ਅਧਿਕਾਰੀਆਂ ਵੱਲੋਂ ਜਗਮੇਲ ਦੀ ਪਤਨੀ ਨੂੰ ਨੌਕਰੀ, 20 ਲੱਖ ਰੁਪਏ ਮੁਆਵਜ਼ਾ, ਜਗਮੇਲ ਸਿੰਘ ਦੀ ਮਾਤਾ ਨੂੰ ਪੈਨਸ਼ਨ ਅਤੇ ਬੱਚਿਆਂ ਦੀ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਮੁਫ਼ਤ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ।“

“ਇਸ ਤੋਂ ਇਲਾਵਾ ਇਲਾਜ ਉੱਤੇ ਖਰਚ ਹੋਏ ਦੋ ਲੱਖ ਰੁਪਏ ਵੀ ਪਰਿਵਾਰ ਨੂੰ ਦਿੱਤੇ ਜਾ ਰਹੇ ਹਨ। ਪਰਿਵਾਰ ਨੂੰ 6.25 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ ਪੈਸੇ ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ ਦਿੱਤੇ ਜਾਣਗੇ।”

“ਪਰਿਵਾਰ ਵੱਲੋਂ ਧਮਕੀਆਂ ਮਿਲਣ ਅਤੇ ਜਾਨ ਨੂੰ ਖ਼ਤਰੇ ਦੀ ਗੱਲ ਕਮਿਸ਼ਨ ਕੋਲ ਕਹੀ ਗਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ।”

“ਡਿਪਟੀ ਕਮਿਸ਼ਨਰ ਵੱਲੋਂ ਪਰਿਵਾਰ ਦੀ ਇੱਛਾ ਮੁਤਾਬਿਕ ਕਿਸੇ ਹੋਰ ਜਗ੍ਹਾ ਉੱਤੇ ਪਰਿਵਾਰ ਦੇ ਰਹਿਣ ਦੇ ਇੰਤਜ਼ਾਮ ਕਰਨ ਦੀ ਜਾਣਕਾਰੀ ਕਮਿਸ਼ਨ ਨੂੰ ਦਿੱਤੀ ਗਈ ਹੈ।”

“ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਅਤੇ ਇਲਾਜ ਵਿੱਚ ਅਣਗਹਿਲੀ ਵਰਤੀ ਗਈ ਹੈ। ਇਸ ਸਬੰਧੀ ਕਮਿਸ਼ਨ ਵੱਲੋਂ ਸੂਬੇ ਦੇ ਗ੍ਰਹਿ, ਹੈਲਥ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਮੁੱਖ ਸਕੱਤਰਾਂ ਅਤੇ ਪੰਜਾਬ ਦੇ ਡੀ ਜੀ ਪੁਲਿਸ ਤੋਂ ਪੰਦਰਾਂ ਦਿਨਾਂ ਅੰਦਰ ਰਿਪੋਰਟ ਮੰਗੀ ਗਈ ਹੈ।”

“ਦੋਸ਼ੀ ਪਾਏ ਗਏ ਕਿਸੇ ਵੀ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)