ਦਲਿਤ ਦੀ ਕੁੱਟਮਾਰ ਮਗਰੋਂ ਮੌਤ, ਪਰਿਵਾਰ ਨੇ ਕਿਹਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਮਿਲਣ ਤੱਕ ਸਸਕਾਰ ਨਹੀਂ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਸੰਗਰੂਰ ਵਿੱਚ ਇੱਕ ਦਲਿਤ ਨਾਲ ਹੋਈ ਕੁੱਟਮਾਰ ਮਗਰੋਂ ਉਸ ਦੀ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ ਹੈ। ਉਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ।

ਸ਼ੁੱਕਰਵਾਰ ਨੂੰ ਮ੍ਰਿਤਕ ਜਗਮੇਲ ਸਿੰਘ ਦੀਆਂ ਲੱਤਾਂ ਇਨਫੈਕਸ਼ਨ ਫੈਲਣ ਦੇ ਕਾਰਨ ਕੱਟ ਦਿੱਤੀਆਂ ਗਈਆਂ ਸਨ ਪਰ ਇਸਦੇ ਬਾਵਜੂਦ ਉਸਦੀ ਜ਼ਿੰਦਗੀ ਬਚ ਨਹੀਂ ਸਕੀ।

ਜਗਮੇਲ ਸਿੰਘ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਲਹਿਰਾ ਨੇੜੇ ਵਸੇ ਪਿੰਡ ਚੰਗਾਲੀਵਾਲਾ ਦਾ ਰਹਿਣ ਵਾਲਾ ਸੀ।

ਜਗਮੇਲ ਸਿੰਘ ਕਿੱਤੇ ਵਜੋਂ ਉਸਾਰੀ ਮਜ਼ਦੂਰ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੋਂ ਇਲਾਵਾ ਦੋ ਬੇਟੀਆਂ ਅਤੇ ਇੱਕ ਬੇਟਾ ਹੈ।

ਇਹ ਵੀ ਪੜ੍ਹੋ:

ਥਾਣਾ ਲਹਿਰਾ ਵਿੱਚ ਬੀਤੀ 13 ਨਵੰਬਰ ਨੂੰ ਦਰਜ ਕੀਤੀ ਗਈ ਐਫਆਈਆਰ ਮੁਤਾਬਿਕ ਮ੍ਰਿਤਕ ਦੇ ਬਿਆਨਾਂ ਉੱਤੇ ਪਿੰਡ ਦੇ ਚਾਰ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੀ ਸੀ ਮਾਮਲਾ?

ਕੁੱਟਮਾਰ ਦੀ ਇਹ ਘਟਨਾ 7 ਨਵੰਬਰ ਦੀ ਹੈ। ਥਾਣਾ ਲਹਿਰਾ ਵਿੱਚ ਦਰਜ ਐਫਆਈਰਆਰ ਅਨੁਸਾਰ, ਮ੍ਰਿਤਕ ਨੇ ਪੁਲਿਸ ਨੂੰ ਹਸਪਤਾਲ ਵਿੱਚ ਦੱਸਿਆ ਕਿ ਚਾਰ ਲੋਕਾਂ ਨੇ ਉਸ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਸੀ। ਉਸ ਦੀਆਂ ਲੱਤਾਂ 'ਤੇ ਕਈ ਵਾਰ ਕੀਤੇ ਗਏ ਸਨ।

ਐਫ ਆਈ ਆਰ ਅਨੁਸਾਰ, "ਮ੍ਰਿਤਕ ਦਾ ਦੋਸ਼ੀਆਂ ਨਾਲ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ। ਘਟਨਾ ਵਾਲੇ ਦਿਨ ਮ੍ਰਿਤਕ ਪਿੰਡ ਵਿੱਚ ਹੀ ਕਿਸੇ ਦੇ ਘਰ ਬੈਠਾ ਸੀ ਜਿੱਥੋਂ ਬਹਾਨੇ ਨਾਲ ਮੁਲਜ਼ਮ ਉਸ ਨੂੰ ਵਰਗਲ਼ਾ ਕੇ ਲੈ ਗਏ ਅਤੇ ਬੰਧਕ ਬਣਾ ਕੇ ਉਸਦੀ ਕੁੱਟਮਾਰ ਕੀਤੀ ਗਈ।"

"ਮ੍ਰਿਤਕ ਨੇ ਬਿਆਨਾਂ ਵਿੱਚ ਇਹ ਵੀ ਲਿਖਵਾਇਆ ਹੈ ਕਿ ਕੁੱਟਮਾਰ ਦੌਰਾਨ ਪਾਣੀ ਮੰਗਣ ਉੱਤੇ ਉਸ ਨੂੰ ਮਨੁੱਖੀ ਪਿਸ਼ਾਬ ਪਿਲਾਇਆ ਗਿਆ ਸੀ।"

ਪਹਿਲਾਂ ਮ੍ਰਿਤਕ ਨੂੰ ਇਲਾਜ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ ਜਿੱਥੋਂ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।

ਬੀਤੇ ਕੁੱਝ ਦਿਨਾਂ ਤੋਂ ਉਸਦਾ ਇਲਾਜ ਪੀਜੀਆਈ ਚੰਡੀਗੜ੍ਹ ਵਿੱਚ ਚੱਲ ਰਿਹਾ ਸੀ ਜਿੱਥੇ ਉਸਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ।

ਸੰਗਰੂਰ ਪੁਲਿਸ ਦੇ ਐੱਸ ਪੀ ਗੁਰਮੀਤ ਸਿੰਘ (ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ) ਨੇ ਦੱਸਿਆ, "ਬੀਤੀ 13 ਨਵੰਬਰ ਨੂੰ ਚਾਰ ਮੁਲਜ਼ਮਾਂ ਖ਼ਿਲਾਫ਼ ਅਗਵਾ ਕਰਨ ਅਤੇ ਕੁੱਟਮਾਰ ਕਰਨ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤ ਦੀ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਅਪਰਾਧ ਦੀ ਸਾਜ਼ਿਸ਼ ਰਚਣ ਅਤੇ ਕਤਲ ਦੀਆਂ ਧਾਰਾਵਾਂ ਦਾ ਵਾਧਾ ਕੀਤਾ ਗਿਆ ਹੈ ਅਤੇ ਚਾਰੋ ਮੁਲਜ਼ਮਾਂ ਗ੍ਰਿਫ਼ਤਾਰ ਕਰ ਲਏ ਗਏ ਹਨ।"

ਕੀ ਹੈ ਮੌਜੂਦਾ ਸਥਿਤੀ

ਮ੍ਰਿਤਕ ਦੇ ਵਾਰਸਾਂ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਹੈ। ਮ੍ਰਿਤਕ ਦੇ ਭਾਣਜੇ ਗੁਰਦੀਪ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਪਰਿਵਾਰ ਨਾਲ ਅਸਹਿ ਘਟਨਾ ਵਾਪਰੀ ਹੈ। ਅਸੀਂ ਸਰਕਾਰ ਤੋਂ ਸਖ਼ਤ ਕਾਰਵਾਈ ਅਤੇ ਪਰਿਵਾਰ ਦੀ ਬਣਦੀ ਵਿੱਤੀ ਸਹਾਇਤਾ ਦੀ ਮੰਗ ਕਰਦੇ ਹਾਂ। ਜਿੰਨੀ ਦੇਰ ਸਾਡੀਆਂ ਮੰਗਾਂ ਤੇ ਗ਼ੌਰ ਨਹੀਂ ਕੀਤਾ ਜਾਂਦਾ ਅਸੀਂ ਸਸਕਾਰ ਨਹੀਂ ਕਰਾਂਗੇ।"

ਪੀੜਤ ਦੀ ਮੌਤ ਹੋ ਜਾਣ ਤੋਂ ਬਾਅਦ ਜਨਤਕ ਜਥੇਬੰਦੀਆਂ ਇਸ ਮਾਮਲੇ ਵਿੱਚ ਸਰਗਰਮ ਹੋ ਗਈਆਂ ਹਨ। ਮ੍ਰਿਤਕ ਦੇ ਵਾਰਸਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ ਐੱਸਡੀਐੱਮ ਲਹਿਰਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਮੁਖ ਸਿੰਘ ਨੇ ਦੱਸਿਆ, "ਇਹ ਦਲਿਤਾਂ ਉੱਤੇ ਜਬਰ ਦੀ ਇੱਕ ਹੋਰ ਦਰਦਨਾਕ ਉਦਾਹਰਨ ਹੈ। ਪੁਲਿਸ ਨੇ ਭਾਵੇਂ ਸਾਰੇ ਮੁਲਜ਼ਮ ਗ੍ਰਿਫ਼ਤਾਰ ਕਰਕੇ ਬਣਦੀਆਂ ਧਾਰਾਵਾਂ ਸ਼ਾਮਲ ਕਰਨ ਦੀ ਗੱਲ ਕਹੀ ਹੈ ਪਰ ਸਾਡੀ ਮੰਗ ਹੈ ਕਿ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।"

"ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਮੰਗਾਂ ਮੰਨੇ ਜਾਣ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।"

ਕੀ ਕਹਿਣਾ ਹੈ ਪ੍ਰਸ਼ਾਸਨ ਦਾ?

ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਕਾਨੂੰਨੀ ਤੌਰ ’ਤੇ ਅਜਿਹੇ ਕੇਸਾਂ ਵਿੱਚ 8.25 ਲੱਖ ਮੁਆਵਜ਼ਾ ਹੀ ਮਿਲ ਸਕਦਾ ਹੈ। ਇਸ ਤੋਂ ਇਲਾਵਾ ਪੰਜ ਹਜ਼ਾਰ ਰੁਪਏ ਪੈਨਸ਼ਨ ਦੀ ਸਹੂਲਤ ਵੀ ਦਿੱਤੀ ਜਾ ਸਕਦੀ ਹੈ। ਸਰਕਾਰੀ ਨੌਕਰੀ ਦੀ ਪਰਿਵਾਰ ਦੀ ਮੰਗ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)