ਦਲਿਤਾਂ ਨਾਲ ਵਿਤਕਰੇ ਦਾ ਗਵਾਹ ਬਣਿਆ ਪੰਜਾਬ ਦਾ ਪਿੰਡ ਥਾਂਦੇਵਾਲਾ: ਗਰਾਊਂਡ ਰਿਪੋਰਟ

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਥਾਂਦੇਵਾਲਾ (ਸ੍ਰੀ ਮੁਕਤਸਰ ਸਾਹਿਬ) ਤੋਂ ਬੀਬੀਸੀ ਪੰਜਾਬੀ ਲਈ

ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਤੋਂ ਅੱਠ ਕਿਲੋਮੀਟਰ ਦੂਰ ਪਿੰਡ ਥਾਂਦੇਵਾਲਾ ਵਿੱਚ ਹਾੜ੍ਹ ਮਹੀਨੇ ਦੀ ਤਪਦੀ ਦੁਪਹਿਰ ਦੇ ਇਕ ਵਜੇ ਪੂਰੀ ਸੁੰਨ ਪੱਸਰੀ ਹੋਈ ਹੈ।

ਇਹ ਜਗਸੀਰ ਦਾ ਪਿੰਡ ਹੈ ਜਿਸ ਨੂੰ ਜ਼ਿਮੀਦਾਰਾਂ ਦੇ ਕੁੱਕਰ ਵਿੱਚੋਂ ਚੌਲ ਤੇ ਕੋਕ ਦੀਆਂ ਦੋ ਬੋਤਲਾਂ ਚੋਰੀ ਕਰਨ ਦੇ ਦੋਸ਼ ਵਿੱਚ ਜ਼ਿਮੀਦਾਰਾਂ ਨੇ ਮੋਟਰ 'ਤੇ ਲਿਜਾ ਕੇ ਦਰੱਖਤ ਨਾਲ ਬੰਨ੍ਹ ਕੇ ਨਾ ਸਿਰਫ ਬੁਰੀ ਤਰ੍ਹਾਂ ਕੁੱਟਿਆ ਸਗੋਂ 'ਚੋਰੀ' ਮੰਨਵਾਉਣ ਲਈ ਕਰੰਟ ਵੀ ਲਾਇਆ।

ਪਿੰਡ ਦੇ ਦਲਿਤ ਆਬਾਦੀ ਵਾਲੇ ਪਾਸੇ ਸਥਿਤ ਬਿਨਾਂ ਪਲੱਸਤਰ ਵਾਲੇ ਘਰਾਂ ਦੀ ਗਲੀ ਵਿੱਚੋਂ ਲੰਘ ਕੇ ਐਨ ਸਿਰੇ 'ਤੇ ਇੱਕ ਛੋਟੇ ਜਿਹੇ ਬੇਹੱਦ ਖ਼ਸਤਾ ਹਾਲ ਕਮਰੇ ਨੂੰ ਬਾਹਰੋਂ ਜਿੰਦਰਾ ਵੱਜਾ ਹੋਇਆ ਹੈ। ਨੰਗੀਆਂ ਇੱਟਾਂ ਵਾਲੇ ਕਮਰੇ ਦੇ ਸੱਜੇ ਪਾਸੇ ਪਸ਼ੂਆਂ ਦਾ ਸੁੰਨਾ ਪਿਆ ਵਾੜਾ ਹੈ ਜਿਸ ਦੇ ਦਰ ਖੁੱਲ੍ਹੇ ਹੋਏ ਹਨ।

ਕਮਰੇ ਦੇ ਪਿਛਲੇ ਪਾਸੇ ਇਕ ਥਾਂ ਹੈ ਜਿਸ ਨੂੰ 'ਓਪਨ ਕਿਚਨ' ਕਹਿ ਲਉ ਤੇ ਚਾਹੇ ਵਾਸ਼ਰੂਮ, ਦੋਵੇਂ ਕੰਮ ਇਸੇ ਥਾਂ 'ਤੇ ਨਾਲੋ-ਨਾਲ ਹੁੰਦੇ ਹਨ। ਨੇੜਲੇ ਘਰਾਂ ਦੇ ਦਰਵਾਜ਼ੇ ਖੜਕਾਉਣ 'ਤੇ ਕੋਈ ਬਾਹਰ ਨਹੀਂ ਆਉਂਦਾ।

ਫਿਰ ਇਕ ਘਰ ਵਿੱਚੋਂ ਬੱਚੇ ਨੂੰ ਬਾਹਰ ਗਲੀ ਵਿੱਚ ਪਖਾਨਾ ਕਰਵਾਉਣ ਨਿੱਕਲੀ ਔਰਤ ਵੀ ਪੁੱਛਣ 'ਤੇ ਕੁਝ ਦੱਸਣ ਨੂੰ ਤਿਆਰ ਨਹੀਂ।

ਪਿੰਡ ਵਿਚਲੀ ਸਾਈਕਲਾਂ ਤੇ ਕਰਿਆਨੇ ਦੀ ਦੁਕਾਨ ਵਾਲੇ ਜਗਸੀਰ ਦਾ ਘਰ ਤਾਂ ਦੱਸ ਦਿੰਦੇ ਹਨ ਪਰ ਹੋਰ ਕੁਝ ਪੁੱਛਣ 'ਤੇ ਸਿਰ ਘੁਮਾ ਲੈਂਦੇ ਹਨ।

ਗਲੀ ਵਿੱਚ ਹੀ ਇਕ ਪੰਦਰਾਂ ਸਾਲਾ ਬੱਚਾ ਅਖੀਰ 'ਸੱਚ' ਬਿਆਨ ਕਰ ਦਿੰਦਾ ਹੈ ਅਤੇ ਗਲੀ ਦੇ ਦੂਜੇ ਬੰਨ੍ਹੇ ਸਥਿਤ ਜਗਸੀਰ ਦੇ ਚਾਚੇ ਦੇ ਘਰ ਦਾ ਰਾਹ ਦੱਸਦਾ ਹੈ।

ਇਸ ਘਰ ਨੂੰ ਵੀ ਬਾਹਰੋਂ ਕੁੰਡਾ ਲੱਗਿਆ ਹੋਇਆ ਹੈ ਪਰ ਬਾਹਰ ਸੱਤਪਾਲ ਰਾਮ ਲਿਖ ਕੇ ਹੱਥ ਨਾਲ ਇੱਕ ਫੋਨ ਨੰਬਰ ਵੀ ਹੈ।

ਇਸ 'ਤੇ ਫੋਨ ਕਰਨ 'ਤੇ ਜਗਸੀਰ ਦੇ ਚਾਚੇ ਦਾ ਪੁੱਤ ਪਹਿਲਾਂ ਤਾਂ ਝਿਜਕਦਾ ਹੈ ਪਰ ਮੇਰੇ ਵੱਲੋਂ ਪਛਾਣ ਦੱਸਣ 'ਤੇ ਉਹ ਨੇੜਿਓਂ ਹੀ ਗਲੀ ਵਿਚਲੇ ਕਿਸੇ ਘਰ ਵਿੱਚੋਂ ਬਾਹਰ ਆ ਜਾਂਦਾ ਹੈ।

ਬੜੀ ਮੁਸ਼ਕਲ ਨਾਲ ਉਹ ਕਿਸੇ ਹੋਰ ਘਰ ਵਿੱਚ 'ਲੁਕਾ' ਕੇ ਰੱਖੇ ਜਗਸੀਰ ਨੂੰ ਮਿਲਵਾਉਣ ਲਈ ਤਿਆਰ ਹੁੰਦਾ ਹੈ। ਪਿੰਡ ਵਿੱਚ ਅਜੀਬ ਕਿਸਮ ਦੀ ਖ਼ਾਮੋਸ਼ੀ ਛਾਈ ਹੋਈ ਹੈ ਤੇ ਸਹਿਮ ਦਾ ਮਾਹੌਲ ਨਜ਼ਰ ਆਉਂਦਾ ਹੈ।

ਅਸਲ ਵਿੱਚ ਇਹ ਪਿੰਡ ਅਤੇ ਘਰ 17 ਸਾਲਾ ਦਲਿਤ ਮੁੰਡੇ ਜਗਸੀਰ ਸਿੰਘ ਉਰਫ ਟੀਂਡੇ ਦਾ ਹੈ।

ਉਸੇ ਜਗਸੀਰ ਦਾ ਜਿਸ ਨੂੰ ਕੁੱਕਰ ਵਿੱਚੋਂ ਚੌਲ ਤੇ ਕੋਕ ਦੀਆਂ ਦੋ ਬੋਤਲਾਂ ਚੋਰੀ ਕਰਨ ਦੇ ਦੋਸ਼ ਵਿੱਚ ਜ਼ਿਮੀਦਾਰਾਂ ਨੇ ਮੋਟਰ 'ਤੇ ਲਿਜਾ ਕੇ ਦਰੱਖਤ ਨਾਲ ਬੰਨ੍ਹ ਕੇ ਨਾ ਸਿਰਫ ਬੁਰੀ ਤਰ੍ਹਾਂ ਕੁੱਟਿਆ ਸਗੋਂ 'ਚੋਰੀ' ਮੰਨਵਾਉਣ ਲਈ ਕਰੰਟ ਵੀ ਲਾਇਆ।

ਇਸ ਕੰਮ ਦੀ ਵੀਡੀਓ ਵੀ ਬਣਾਈ ਗਈ ਜਿਸ ਦੇ ਵਾਇਰਲ ਹੋਣ 'ਤੇ ਰੌਲਾ ਪੈ ਗਿਆ ਅਤੇ ਤਿੰਨ ਦਿਨ ਤੱਕ ਬਿਨਾਂ ਕੇਸ ਦਰਜ ਕੀਤੇ ਪੁਲਿਸ ਹਿਰਾਸਤ ਵਿੱਚ ਰੱਖਣ 'ਤੇ ਦਲਿਤਾਂ ਨੇ ਸ੍ਰੀ ਮੁਕਤਸਰ ਸਾਹਿਬ ਦਾ ਥਾਣਾ ਸਦਰ ਘੇਰ ਲਿਆ।

ਅਖੀਰ ਪੁਲਿਸ ਨੂੰ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨਾ ਪਿਆ। ਮਾਮਲਾ ਰੋਸ਼ਨੀ ਵਿੱਚ ਆਉਣ 'ਤੇ ਤੂਲ ਫੜਨ ਲੱਗਿਆ ਹੈ।

ਗ਼ੁਰਬਤ ਤੇ ਕਿਸਮਤ ਦਾ ਮਾਰਿਆ ਪਰਿਵਾਰ

ਸੱਤਪਾਲ ਰਾਮ ਨੇ ਦੱਸਿਆ, ''ਪਰਿਵਾਰ 'ਤੇ ਗੁਰਬਤ ਤੇ ਕਿਸਮਤ ਦੀ ਮਾਰ ਪਈ ਹੈ। ਸਤਾਰਾਂ ਸਾਲਾ ਜਗਸੀਰ ਨੂੰ ਪਿੰਡ ਵਿੱਚ ਸਾਰੇ 'ਟੀਂਡਾ' ਆਖ ਕੇ ਬੁਲਾਉਂਦੇ ਹਨ ਤੇ ਉਹ ਥੋੜ੍ਹਾ ਸਿੱਧਰਾ ਹੈ। ਸ਼ਰਾਬ ਪੀਣ ਦਾ ਆਦੀ ਪਿਉ ਬਲਦੇਵ ਸਿੰਘ ਰਾਜਗੀਰ ਮਿਸਤਰੀ ਦਾ ਕੰਮ ਕਰਦਾ ਹੈ ਤੇ ਦਿਹਾੜੀ 'ਤੇ ਵੀ ਜਾ ਆਉਂਦਾ।''

''ਘਰੇਲੂ ਝਗੜੇ ਕਰਕੇ ਮਾਂ ਸਭ ਤੋਂ ਛੋਟੇ ਪੁੱਤ ਅਰਜਨ ਨੂੰ ਲੈ ਕੇ ਦੋ ਸਾਲ ਪਹਿਲਾਂ ਘਰੋਂ ਚਲੀ ਗਈ ਜੋ ਫੇਰ ਮੁੜੀ ਨਹੀਂ। ਘਰ ਵਿੱਚ ਕੋਈ ਔਰਤ ਨਹੀਂ ਤੇ ਜਗਸੀਰ ਆਪਣੇ ਭਰਾ ਸੁੱਖੇ ਨਾਲ ਇਥੇ ਰਹਿੰਦਾ ਹੈ ਤੇ ਸੁੱਖਾ ਵੀ ਛੋਟੀ ਉਮਰ ਵਿੱਚ ਦਿਹਾੜੀ ਕਰਦਾ।''

''ਜਗਸੀਰ ਘਰ ਵਿੱਚ ਰੱਖੀਆਂ ਭੇਡਾਂ ਚਾਰਨ ਦਾ ਕੰਮ ਕਰਦਾ। ਕੁਝ ਦਿਨ ਪਹਿਲਾਂ ਉਸ ਦੀ ਇੱਕ ਭੇਡ ਗੁਆਚ ਗਈ ਜਿਸ ਨੂੰ ਭਾਲਦਾ ਉਹ ਪਿੰਡ ਦੇ ਦੂਜੇ ਬੰਨੇ ਜ਼ਿਮੀਦਾਰਾਂ ਦੇ ਘਰਾਂ ਵੱਲ ਚਲਾ ਗਿਆ।"

ਉਥੇ ਉਸ ਨੂੰ ਕੁੱਕਰ ਵਿੱਚੋਂ ਚੌਲ ਅਤੇ ਕੋਕ ਦੀਆਂ ਬੋਤਲਾਂ ਚੋਰੀ ਕਰਨ ਦੇ ਦੋਸ਼ ਵਿੱਚ ਮੋਟਰ 'ਤੇ ਦਰੱਖਤ ਨਾਲ ਬੰਨ੍ਹ ਲਿਆ ਗਿਆ। ਚੋਰੀ ਮੰਨਵਾਉਣ ਲਈ ਕਈ ਜਣਿਆਂ ਨੇ ਜਗਸੀਰ ਦੀਆਂ ਲੱਤਾਂ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਤੇ ਕਰੰਟ ਲਗਾਇਆ।''

ਸੱਤਪਾਲ ਅਨੁਸਾਰ, ''ਕੁੱਟਮਾਰ ਤੇ ਕਰੰਟ ਲਾਉਣ ਦੀ ਵੀਡੀਓ ਬਾਅਦ ਵਿੱਚ ਉਨ੍ਹਾਂ ਦੇ ਹੱਥ ਲੱਗੀ ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ।"

ਉਸ ਨੇ ਆਖਿਆ, "ਜੇਕਰ ਸਿੱਧਰੇ ਮੁੰਡੇ ਨੇ ਚੌਲ ਤੇ ਕੋਕ ਦੀ ਬੋਤਲ ਪੀ ਵੀ ਲਈ ਤਾਂ ਇਹ ਏਨਾ ਵੱਡਾ ਜੁਰਮ ਤਾਂ ਨਹੀਂ ਕਿ ਬੁੱਚੜਾਂ ਵਾਂਗ ਲੰਮਾ ਪਾ ਕੇ ਡਾਂਗਾ ਨਾਲ ਕੁੱਟਣ ਤੋਂ ਬਾਅਦ ਦਰੱਖਤ ਨਾਲ ਬੰਨ੍ਹ ਕੇ ਕਰੰਟ ਲਾਇਆ ਜਾਵੇ।"

ਜਸਗੀਰ ਨੂੰ ਛੁਡਾਉਣ ਲਈ ਘੇਰਿਆ ਥਾਣਾ

ਸਾਬਕਾ ਸਰਪੰਚ ਸਿਮਰਜੀਤ ਸਿੰਘ ਨੇ ਕਿਹਾ, ''ਪੰਜ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਤਿੰਨ ਹਜ਼ਾਰ ਤੋਂ ਵਧੇਰੇ ਅਬਾਦੀ ਦਲਿਤਾਂ ਦੀ ਹੈ। ਪਰ ਗਰਜ਼ਾਂ ਮਾਰੇ ਦਲਿਤ ਭਾਈਚਾਰੇ ਵਿੱਚ ਏਕਤਾ ਦੀ ਘਾਟ ਹੈ। ਇਹੋ ਕਾਰਨ ਹੈ ਕਿ ਵੋਟਾਂ ਤੇ ਅਬਾਦੀ ਵਿੱਚ ਵਧੇਰੇ ਹੋਣ ਦੇ ਬਾਵਜੂਦ ਸਮਾਜਕ ਵਿਤਕਰੇ ਦਾ ਸ਼ਿਕਾਰ ਹੋ ਰਿਹਾ ਹੈ।"

ਜਗਸੀਰ ਦੇ ਰਿਸ਼ਤੇਦਾਰ ਕੁਲਦੀਪ ਸਿੰਘ, ਜਿਥੇ ਜਗਸੀਰ ਨੂੰ ਰੱਖਿਆ ਗਿਆ ਹੈ, ਨੇ ਕਿਹਾ, ''ਜਗਸੀਰ 'ਤੇ ਭੀੜ ਪੈਣ 'ਤੇ ਹੋਰ ਕਿਸੇ ਜਾਤ ਦੇ ਵਿਅਕਤੀ ਨੇ ਸਾਥ ਨਹੀਂ ਦਿੱਤਾ। ਦਲਿਤ ਵਰਗ ਦੀਆਂ ਵੱਖ-ਵੱਖ ਜਾਤਾਂ ਦੇ ਸਾਰੇ ਲੋਕ ਜ਼ਰੂਰ ਇਕੱਠੇ ਹੋਏ ਤੇ ਤਿੰਨ ਦਿਨ ਤੋਂ ਥਾਣਾ ਸਦਰ 'ਚ ਬਿਨਾਂ ਕਿਸੇ ਜੁਰਮ ਤੇ ਪਰਚਾ ਦਰਜ ਕੀਤੇ ਹਿਰਾਸਤ ਵਿੱਚ ਰੱਖੇ ਜਗਸੀਰ ਨੂੰ ਛੁਡਾਉਣ ਲਈ ਥਾਣਾ ਘੇਰਨਾ ਪਿਆ।"

ਉਨ੍ਹਾਂ ਨੇ ਦੱਸਿਆ ਕਿ ਦਲਿਤ ਵਰਗ ਵਿੱਚ ਫੈਲੇ ਗੁੱਸੇ ਕਾਰਨ ਲੱਗੇ ਧਰਨੇ ਅਤੇ ਵੀਡੀਓ ਵਾਇਰਲ ਹੋਣ 'ਤੇ ਮਾਮਲਾ ਤੂਲ ਫੜਦਾ ਦੇਖ ਕੇ ਪੁਲਿਸ ਨਾ ਸਿਰਫ ਜਗਸੀਰ ਨੂੰ ਛੱਡਣ ਲਈ ਮਜਬੂਰ ਹੋਈ ਸਗੋਂ ਦੂਜੀ ਧਿਰ ਦੇ ਕੁਝ ਲੋਕਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ।

ਮੌਜੂਦਾ ਅਕਾਲੀ ਸਰਪੰਚ ਦੀ ਭੂਮਿਕਾ ਪ੍ਰਤੀ ਰੋਸ ਪ੍ਰਗਟਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਲਿਤਾਂ ਨੂੰ ਜਾਤੀ ਪ੍ਰਤੀ ਅਪਸ਼ਬਦ ਬੋਲਣ ਦੇ ਦੋਸ਼ ਵਿੱਚ ਐਸ.ਸੀ./ਐਸ.ਟੀ. ਐਕਟ ਤਹਿਤ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਕਾਂਗਰਸ ਦੇ ਐਸ.ਸੀ. ਵਿੰਗ ਨੇ ਲਿਆ ਨੋਟਿਸ

ਹਾਕਮ ਧਿਰ ਕਾਂਗਰਸ ਦੇ ਐਸ.ਸੀ. ਵਿੰਗ ਨੇ ਦਲਿਤ ਮੁੰਡੇ ਨਾਲ ਵਧੀਕੀ ਦਾ ਨੋਟਿਸ ਲਿਆ ਹੈ।

ਵਿੰਗ ਦੇ ਚੇਅਰਮੈਨ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਵਾਈਸ ਚੇਅਰਮੈਨ ਚੌਧਰੀ ਰਵਿੰਦਰ ਰੋਜ਼ੀ ਨੂੰ ਸੱਚਾਈ ਜਾਣ ਕੇ ਪੂਰੀ ਰਿਪੋਰਟ ਦੇਣ ਲਈ ਪਿੰਡ ਥਾਂਦੇਵਾਲਾ ਭੇਜਿਆ।

ਡਾ. ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ।

ਕਾਂਗਰਸ ਸਰਕਾਰ ਦੀ ਦਲਿਤ ਵਧੀਕੀਆਂ ਪ੍ਰਤੀ 'ਜ਼ੀਰੋ ਟੋਲਰੈਂਸ' ਦੀ ਨੀਤੀ ਹੈ ਤੇ ਇਸ ਮਾਮਲੇ 'ਚ ਜੋ ਵੀ ਕੋਈ ਜ਼ਿੰਮੇਵਾਰ ਪਾਇਆ ਗਿਆ ਉਸ ਖਿਲਾਫ ਬਿਨਾਂ ਪੱਖਪਾਤ ਤੇ ਬਿਨਾਂ ਦਬਾਅ ਦੇ ਕਾਰਵਾਈ ਲਾਜ਼ਮੀ ਹੋਵੇਗੀ।

ਉਨ੍ਹਾਂ ਐਸ.ਸੀ./ਐਸ.ਟੀ. ਐਕਟ ਅਤੇ ਜੁਵੇਨਾਈਲ ਐਕਟ ਤਹਿਤ ਮਾਮਲਾ ਦਰਜ ਕਰਵਾਉਣ ਤੋਂ ਇਲਾਵਾ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਨੂੰ ਵੀ ਨਾ ਬਖਸ਼ਣ ਦੀ ਗੱਲ ਆਖੀ।

ਚੌਧਰੀ ਰਵਿੰਦਰ ਰੋਜ਼ੀ ਨੇ ਦੱਸਿਆ ਕਿ ਉਹ ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਨੂੰ ਮਿਲੇ ਜਿਨ੍ਹਾਂ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਇਸ ਤੋਂ ਇਲਾਵਾ ਜਗਸੀਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਕੇ ਪੁਲਿਸ ਦੀ ਸੁਰੱਖਿਆ ਵੀ ਦੇ ਦਿੱਤੀ ਗਈ ਹੈ।

ਉਨ੍ਹਾਂ ਕਿਹਾ, "ਇੱਕੀਵੀਂ ਸਦੀ 'ਚ ਪਹੁੰਚ ਕੇ ਵੀ ਦਲਿਤਾਂ ਨਾਲ ਵਿਤਕਰਾ ਖ਼ਤਮ ਨਹੀਂ ਹੋਇਆ ਅਤੇ ਇਸ ਤੋਂ ਵੀ ਜ਼ਿਆਦਾ ਅਫ਼ਸੋਸਨਾਕ ਗੱਲ ਇਹ ਹੈ ਕਿ ਨਵੀਂ ਪੀੜ੍ਹੀ ਦੇ ਖ਼ੂਨ ਵਿੱਚ ਵੀ ਜਾਤੀਵਾਦ ਤੇ ਭੇਦਭਾਵ ਦੇ ਕਣ ਮੌਜੂਦ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)