ਭਾਰਤੀ ਹਵਾਈ ਫੌਜ ਨੇ ਮੰਨਿਆ, ਆਪਣਾ ਹੀ ਹੈਲੀਕਾਪਟਰ ਹੇਠਾਂ ਡੇਗਿਆ - 5 ਅਹਿਮ ਖ਼ਬਰਾਂ

ਭਾਰਤੀ ਹਵਾਈ ਫੌਜ ਦੇ ਮੁਖੀ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਮੰਨਿਆ ਕਿ ਬਾਲਾਕੋਟ ਮਗਰੋਂ ਪਾਕਿਸਤਾਨ ਨਾਲ ਸੰਘਰਸ਼ ਦੌਰਾਨ ਆਪਣੇ ਹੀ ਐਮਆਈ-17 ਨੂੰ ਮਾਰ ਸੁੱਟਣਾ ਵੱਡੀ ਗ਼ਲਤੀ ਸੀ। ਉਨ੍ਹਾਂ ਨੇ ਕਿਹਾ, "ਸਾਡੀ ਹੀ ਮਿਜ਼ਾਇਲ ਨਾਲ ਡਿੱਗਿਆ ਸੀ ਹੈਲੀਕਾਪਟਰ।"

ਇਸ ਦੇ ਨਾਲ ਹੀ ਉਨ੍ਹਾਂ ਨੇ ਭਵਿੱਖ 'ਚ ਕਦੇ ਅਜਿਹੀ ਗ਼ਲਤੀ ਨਾ ਦੁਹਰਾਉਣ ਦੀ ਵੀ ਗੱਲ ਆਖੀ।

ਹਵਾਈ ਸੈਨਾ ਦਿਵਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਜਾਂਚੀ ਪੂਰੀ ਹੋ ਗਈ ਹੈ ਅਤੇ ਦੋ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

27 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਸ੍ਰੀਨਗਰ ਬੜਗਾਓਂ 'ਚ ਦੋ ਪਾਸੜ ਸੰਘਰਸ਼ ਦੌਰਾਨ ਭਾਰਤੀ ਸੈਨਾ ਦਾ ਐਮਆਈ-17 ਵੀ5 ਹੈਲੀਕਾਪਟਰ ਡਿੱਗ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਹੈਲੀਕਾਪਟਰ ਨੂੰ ਭਾਰਤੀ ਹਵਾਈ ਸੈਨਾ ਦੇ ਸ੍ਰੀਨਗਰ ਏਅਰ ਬੇਸ ਤੋਂ ਸਪਾਈਡਰ ਏਅਰ ਡਿਫੈਂਸ ਮਿਜ਼ਾਇਲ ਸਿਸਟਮ ਰਾਹੀਂ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ-

ਭੀਮਾ ਕੋਰੇਗਾਓਂ ਹਿੰਸਾ ਮਾਮਲਾ: ਗੌਤਮ ਨਵਲਖਾ ਨੂੰ ਗ੍ਰਿਫ਼ਤਾਰੀ ਤੋਂ ਰਾਹਤ

ਸੁਪਰੀਮ ਕੋਰਟ ਨੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਗੌਤਮ ਨਵਲਖਾ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦਿੰਦਿਆਂ ਅੰਤਰਿਮ ਜ਼ਮਾਨਤ ਵਿੱਚ 15 ਅਕਤੂਬਰ ਤੱਕ ਵਾਧਾ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਜਾਂਚ ਦੌਰਾਨ ਨਵਲਖਾ ਖ਼ਿਲਾਫ਼ ਇਕੱਠੀ ਕੀਤੀ ਗਈ ਸਮਗਰੀ ਵੀ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਇਸ ਤੋਂ ਪਹਿਲਾਂ 13 ਸਤੰਬਰ ਨੂੰ ਬੌਂਬੇ ਹਾਈ ਕੋਰਟ ਨੇ ਕੋਰੇਗਾਓਂ-ਭੀਮਾ ਕੇਸ 'ਚ ਨਵਲਖਾ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰ ਤੋਂ ਇਨਕਾਰ ਕੀਤਾ ਸੀ ਅਤੇ ਇਸ ਦੇ ਖ਼ਿਲਾਫ਼ ਨਵਲੱਖਾ ਨੇ ਅਦਾਲਤ ਵਿੱਚ ਅਪੀਲ ਕੀਤੀ ਸੀ।

ਹਰਿਆਣਾ ਵਿਧਾਨ ਸਭਾ ਚੋਣਾਂ: TikTok ਸਟਾਰ ਸੋਨਾਲੀ ਫੋਗਾਟ, ਬਬੀਤਾ ਫੋਗਾਟ ਨੌਕਸ਼ਮ ਚੌਧਰੀ ਦਾ ਸਿਆਸੀ ਦੰਗਲ ਚਰਚਾ ਵਿੱਚ

ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਕੁਝ ਮਸ਼ਹੂਰ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ। ਇਹ ਚਿਹਰੇ ਖੇਡ ਜਗਤ ਅਤੇ ਸਿੱਖਿਆ ਤੋਂ ਇਲਾਵਾ ਸੋਸ਼ਲ ਮੀਡੀਆ ਸਟਾਰ ਵੀ ਹਨ।

ਇਸ ਲਿਸਟ ਟਿਕ-ਟੌਕ ਸਟਾਰ ਸੋਨਾਲੀ ਨੂੰ ਭਾਜਪਾ ਨੇ ਭਜਨ ਲਾਲ ਦੇ ਪਰਿਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਹਲਕਾ ਆਦਮਪੁਰ ਤੋਂ ਉਮੀਦਵਾਰ ਐਲਾਨਿਆ ਹੈ।

ਪ੍ਰਸਿੱਧ ਰੈਸਲਰ ਬਬੀਤਾ ਫੋਗਾਟ ਨੂੰ ਦਾਦਰੀ ਤੋਂ ਟਿਕਟ ਦਿੱਤਾ ਹੈ ਅਤੇ ਹਾਲ ਹੀ ਵਿੱਚ ਲੰਡਨ ਤੋਂ ਨੌਕਸ਼ਮ ਚੌਧਰੀ ਨੂੰ ਮੇਵਾਤ ਦੀ ਪੁਨਹਾਨਾ ਸੀਟ ਤੋਂ ਟਿਕਟ ਮਿਲੀ ਹੈ। ਇਨ੍ਹਾਂ ਬਾਰੇ ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਰਾਕ: ਧਾਰਮਿਕ ਆਗੂ ਸੈਕਸ ਲਈ ਕੱਚੇ ਵਿਆਹਾਂ ਰਾਹੀਂ ਕੁੜੀਆਂ ਦੀ ਕਰ ਰਹੇ ਹਨ ਦਲਾਲੀ

ਇਰਾਕ ਵਿੱਚ ਧਾਰਮਿਕ ਆਗੂਆਂ ਵਲੋਂ ਛੋਟੀ ਉਮਰ ਦੀਆਂ ਕੁੜੀਆਂ ਨੂੰ ਸੈਕਸ ਲਈ ਭੇਜਿਆ ਜਾ ਰਿਹਾ ਹੈ। ਇਹ ਖੁਲਾਸਾ ਬੀਬੀਸੀ ਨਿਊਜ਼ ਅਰਬੀ ਦੀ ਸ਼ਿਆ ਪ੍ਰਥਾ ਤਹਿਤ ਅਸਥਾਈ "ਪਲੈਜ਼ਰ ਮੈਰਿਜ" (ਸੈਕਸ ਲਈ ਵਿਆਹ) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ।

ਇਰਾਕ ਦੀਆਂ ਕੁਝ ਅਹਿਮ ਮਸਜਿਦਾਂ ਨੇੜੇ ਮੌਲਵੀਆਂ ਵਲੋਂ ਚਲਾਏ ਜਾਂਦੇ ਵਿਆਹ ਦਫ਼ਤਰਾਂ ਦੀ ਅੰਡਰਕਵਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਮੌਲਵੀ ਥੋੜ੍ਹੇ ਸਮੇਂ ਲਈ ਵਿਆਹ ਕਰਵਾਉਣ ਲਈ ਤਿਆਰ ਸਨ।

ਕੁਝ ਮੌਲਵੀ ਇਸ ਸੀਮਾਬੱਧੀ ਵਿਆਹ ਲਈ ਨੌਂ ਸਾਲ ਦੀਆਂ ਕੁੜੀਆਂ ਨੂੰ ਦੇਣ ਲਈ ਵੀ ਤਿਆਰ ਸਨ।

ਪਲੈਜ਼ਰ ਮੈਰਿਜ (ਮਜ਼ੇ ਜਾਂ ਸੈਕਸ ਲਈ ਵਿਆਹ), ਨਿਕਾਹ ਮੁਤਾਹ, ਇੱਕ ਵਿਵਾਦਤ ਧਾਰਮਿਕ ਪਰੰਪਰਾ ਹੈ ਜਿਸ ਦੇ ਤਹਿਤ ਸ਼ੀਆ ਮੁਸਲਮਾਨਾਂ ਵੱਲੋਂ ਆਰਜ਼ੀ ਵਿਆਹ ਕੀਤਾ ਜਾਂਦਾ ਸੀ ਤੇ ਇਸ ਲਈ ਔਰਤ ਨੂੰ ਪੈਸੇ ਦਿੱਤੇ ਜਾਂਦੇ ਹਨ। ਸੁੰਨੀ ਬਹੁਗਿਣਤੀ ਦੇਸਾਂ ਵਿਚ "ਮੀਸਿਆਰ" ਵਿਆਹ ਵੀ ਅਜਿਹੀ ਹੀ ਪਰੰਪਰਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਮਰੀਕਾ 'ਚ ਬੇਰੁਜ਼ਗਾਰੀ 50 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ

ਅਮਰੀਕੀ ਮਜ਼ਦੂਰ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਬੇਰੁਜ਼ਗਾਰੀ ਦਾ ਅੰਕੜਾ ਬੀਤੇ ਸਤੰਬਰ ਮਹੀਨੇ 'ਚ 3.7 ਫੀਸਦ ਤੋਂ ਡਿੱਗ ਕੇ 3.5 ਫੀਸਦ 'ਤੇ ਪਹੁੰਚ ਗਿਆ ਹੈ।

ਟਰੈਡ ਵਾਰ ਅਤੇ ਮੰਦੀ ਦੇ ਖਦਸ਼ੇ ਵਿਚਾਲੇ ਅਮਰੀਕੀ ਅਰਥਚਾਰੇ ਲਈ ਰਾਹਤ ਦੀ ਖ਼ਬਰ ਹੈ।

ਬੀਤੇ ਮਹੀਨੇ 1.36 ਲੱਖ ਨਵੀਆਂ ਨੌਕਰੀਆਂ ਦਾ ਪੈਦਾ ਹਈਆਂ ਹਨ। ਉੱਥੇ ਹੀ ਅਗਸਤ ਵਿੱਚ ਵੀ ਨਵੀਆਂ ਨੌਕਰੀਆਂ ਪੈਦਾ ਹੋਣ ਦੇ ਅੰਕੜੇ ਨੂੰ ਸੋਧ ਕੇ 1.30 ਲੱਖ ਤੋਂ 1.68 ਲੱਖ ਕਰ ਦਿੱਤਾ ਹੈ।

ਇਹ ਅੰਕੜੇ ਅਜਿਹੇ ਵੇਲੇ ਆਏ ਹਨ ਜਦੋਂ ਲਗਾਤਾਰ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਅਮਰੀਕਾ ਦੀ ਆਰਥਿਕ ਹਾਲਤ ਕਮਜ਼ੋਰ ਹੋ ਰਹੀ ਹੈ।

ਨਿਰਮਾਣ ਖੇਤਰ ਵਿੱਚ ਸਤੰਬਰ 'ਚ 10 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਤਾਂ ਉੱਥੇ ਸਰਵਿਸ ਸੈਕਟਰ ਵਿੱਚ ਆਈ ਸੁਸਤੀ 2016 ਦੇ ਪੱਧਰ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)