ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਡਰੋਨ ਜ਼ਰੀਏ ਆਏ ਹਥਿਆਰਾਂ ਦੀ ਜਾਂਚ ਸ਼ੁਰੂ ਕੀਤੀ - 5 ਅਹਿਮ ਖ਼ਬਰਾਂ

ਪੰਜਾਬ ਪੁਲਿਸ ਨੇ ਪਿਛਲੇ ਕਰੀਬ ਮਹੀਨੇ ਦੌਰਾਨ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਲਈ ਆਏ ਦੋ ਡਰੋਨਾਂ ਦੀ ਵਿਸਥਾਰ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਪੁਲਿਸ ਟੀਮ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਤੋਂ ਭੇਜੇ ਜਾ ਰਹੇ ਇਨ੍ਹਾਂ ਡਰੋਨਾਂ ਪਿੱਛੇ ਕੰਮ ਕਰ ਰਹੀਆਂ ਅੱਤਵਾਦੀ ਜਥੇਬੰਦੀਆਂ ਦਾ ਪਤਾ ਵੀ ਲਗਾ ਰਹੇ ਹਨ।

ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਦੋ ਹੀ ਡਰੋਨ ਮਿਲੇ ਹਨ। ਇੱਕ ਪਿਛਲੇ ਮਹੀਨੇ ਮਿਲਿਆ ਸੀ ਅਤੇ ਦੂਜਾ ਕੁਝ ਦਿਨ ਪਹਿਲਾਂ ਤਰਨ ਤਾਰਨ ਦੇ ਪਿੰਡ ਝਬਾਲ ਵਿੱਚ ਸੜੀ ਹੋਈ ਹਾਲਤ 'ਚ ਮਿਲਿਆ ਸੀ।

ਦਰਅਸਲ ਇਸ ਤੋਂ ਪਹਿਲਾਂ ਇਹ ਮੀਡੀਆ ਰਿਪੋਰਟਾਂ ਆ ਰਹੀਆਂ ਸਨ ਕਿ ਇੱਕ ਹੋਰ ਡਰੋਨ ਬੀਤੇ ਦਿਨ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ-

ਹੁਣ ਤੱਕ ਦੀ ਜਾਂਚ ਮੁਤਾਬਕ ਅਗਸਤ ਮਹੀਨੇ ਵਿੱਚ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਤੋਂ ਹੀ ਭੇਜੇ ਜਾ ਰਹੇ ਇਨ੍ਹਾਂ ਡਰੋਨਾਂ ਰਾਹੀਂ ਹਥਿਆਰਾਂ ਦੀ ਤਸਕਰੀ ਵਿੱਚ ਕਈ ਪਾਕਿਸਤਾਨੀ ਅੱਤਵਾਦੀ ਜਥੇਬੰਦੀਆਂ ਸ਼ਾਮਿਲ ਹਨ।

ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਫੜ੍ਹੇ ਗਏ ਦੋਵੇਂ ਡਰੋਨ ਵੱਖ-ਵੱਖ ਜਥੇਬੰਦੀਆਂ ਵੱਲੋਂ ਭੇਜੇ ਗਏ ਲੱਗ ਰਹੇ ਹਨ, ਜਿਨ੍ਹਾਂ ਵਿੱਚ ਪਾਕਿਸਤਾਨੀ ਆਈਐੱਸਆਈ, ਸਟੇਟ ਸਮਰਥਿਤ ਜਿਹਾਦੀ ਅਤੇ ਖ਼ਾਲਿਸਤਾਨੀ ਪੱਖੀ ਅੱਤਵਾਦੀ ਜਥੇਬੰਦੀਆਂ ਸ਼ਾਮਿਲ ਹਨ।

ਮੋਦੀ ਪਾਕਿਸਤਾਨ ਅਤੇ ਕਸ਼ਮੀਰ ਦਾ ਨਾਂ ਲਏ ਬਿਨਾਂ ਕਿਹੜੇ ਮੁੱਦਿਆਂ 'ਤੇ ਬੋਲੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਲੋਕਾਂ ਵਿੱਚ ਇਸ ਲਈ ਹਨ ਕਿਉਂਕਿ ਭਾਰਤ ਵਿੱਚ ਲੋਕਾਂ ਨੇ ਲੋਕਤੰਤਰਿਕ ਤਰੀਕੇ ਨਾਲ ਉਨ੍ਹਾਂ ਨੂੰ ਚੁਣਿਆ ਹੈ।

ਮੋਦੀ ਨੇ ਸਭ ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ ਮਹਾਤਾਮਾ ਗਾਂਧੀ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਲ ਇਸ ਲਈ ਵੀ ਕਾਫ਼ੀ ਅਹਿਮ ਹੈ ਕਿਉਂਕਿ ਭਾਰਤ ਇਸ ਸਾਲ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਭਾਰਤ ਦੁਨੀਆਂ ਦਾ ਇਕੱਲਾ ਦੇਸ ਹੈ ਜਿਸ ਨੇ ਦੁਨੀਆਂ ਨੂੰ ਯੁੱਧ ਨਹੀਂ ਬੁੱਧ ਦਿੱਤਾ ਹੈ। ਸਾਡੀ ਆਵਾਜ਼ ਵਿੱਚ ਅੱਤਵਾਦ ਖਿਲਾਫ਼ ਦੁਨੀਆਂ ਨੂੰ ਚੌਕਸ ਕਰਨ ਦੀ ਗੰਭੀਰਤਾ ਹੈ। ਮਨੁੱਖਤਾ ਖਾਤਰ ਅੱਤਵਾਦ ਖ਼ਿਲਾਫ਼ ਪੂਰੀ ਦੁਨੀਆਂ ਦਾ ਇੱਕਜੁੱਟ ਹੋਣਾ ਜ਼ਰੂਰੀ ਸਮਝਦਾ ਹੈ।" ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਭਾਰਤ-ਸ਼ਾਸਿਤ ਕਸ਼ਮੀਰ 'ਚੋਂ ਪਾਬੰਦੀ ਹਟੇਗੀ ਤਾਂ ਉੱਥੇ ਕਤਲੇਆਮ ਹੋਣ ਦਾ ਖਦਸ਼ਾ ਹੈ: ਇਮਰਾਨ ਖ਼ਾਨ

ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਆਪਣਾ ਹੱਥ ਵਧਾਇਆ ਸੀ ਪਰ ਭਾਰਤ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਇਮਰਾਨ ਖ਼ਾਨ ਨੇ ਇਲਜ਼ਾਮ ਲਗਾਇਆ ਕਿ ਭਾਰਤ ਨੇ ਕਸ਼ਮੀਰ ਦੇ 80 ਲੱਖ ਲੋਕਾਂ ਨੂੰ ਕਰਫਿਊ ਵਿੱਚ ਕੈਦ ਕਰ ਦਿੱਤਾ ਹੈ।

ਉਨ੍ਹਾਂ ਅੱਗੇ ਕਿਹਾ, "ਜਦੋਂ ਭਾਰਤ-ਸ਼ਾਸਿਤ ਕਸ਼ਮੀਰ 'ਚੋਂ ਪਾਬੰਦੀ ਹਟੇਗੀ ਤਾਂ ਉੱਥੇ ਕਤਲੇਆਮ ਹੋਣ ਦਾ ਖਦਸ਼ਾ ਹੈ। ਇਹ ਵੀ ਖਦਸ਼ਾ ਹੈ ਕਿ ਕਸ਼ਮੀਰੀ ਨੌਜਵਾਨ ਕਿਸੇ ਹਿੰਸਾ ਵਿੱਚ ਸ਼ਾਮਿਲ ਹੋਣ ਅਤੇ ਭਾਰਤ ਇਸ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸੇ।"

ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਣੇ ਪੂਰੀ ਦੁਨੀਆਂ ਨੂੰ ਇਸ ਗੱਲ ਲਈ ਭਾਰਤ 'ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਭਾਰਤ ਕਸ਼ਮੀਰ 'ਚੋਂ ਪਾਬੰਦੀਆਂ ਨੂੰ ਹਟਾਵੇ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ 'ਚ ਇਮਰਾਨ ਖ਼ਾਨ ਦੇ ਭਾਸ਼ਣ ਦੀਆਂ ਮੁੱਖ ਗੱਲਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ

ਤਾਜ ਮਹਿਲ ਤੋਂ ਵੱਧ ਸੈਲਾਨੀ ਇਨ੍ਹਾਂ ਝੁੱਗੀਆਂ ਨੂੰ ਵੇਖਣ ਕਿਉਂ ਆਉਂਦੇ ਹਨ

ਭਾਰਤ ਵਿੱਚ ਮੁੰਬਈ ਦੇ ਧਾਰਾਵੀ ਝੁੱਗੀਆਂ ਦੀ ਯਾਤਰਾ ਤੋਂ ਬਾਅਦ ਇਸ ਨੂੰ ਇੱਕ ਚੰਗਾ ਤਜ਼ਰਬਾ ਦੱਸਣ ਵਾਲੇ ਇੱਕ ਸੈਲਾਨੀ ਨੇ ਕਿਹਾ, "ਸਾਰੇ ਹੀ ਦੋਸਤ ਸਨ, ਕੋਈ ਵੀ ਭੀਖ ਮੰਗਣ ਵਾਲਾ ਨਹੀਂ ਸੀ।"

ਇਹ ਪੂਰੀ ਦੁਨੀਆਂ ਦੇ ਉਨ੍ਹਾਂ ਹਜ਼ਾਰਾਂ ਸੈਲਾਨੀਆਂ ਵਿਚੋਂ ਇੱਕ ਹਨ, ਜਿਨ੍ਹਾਂ ਨੇ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਝੁੱਗੀਆਂ-ਝੌਪੜੀਆਂ ਦੀਆਂ ਤੰਗ ਗਲੀਆਂ 'ਚ ਜਾਣਾ ਕੀਤਾ ਅਤੇ 'ਸਲਮ ਟੂਰਿਜ਼ਮ' ਜਾਂ 'ਗਰੀਬ ਸੈਰ-ਸਪਾਟੇ' ਨੂੰ ਵਧਾਉਣ ਲਈ ਆਪਣਾ ਯੋਗਦਾਨ ਪਾਇਆ।

ਦਰਅਸਲ ਸੈਰ-ਸਪਾਟੇ ਵਿੱਚ ਇਹ ਇੱਕ ਨਵਾਂ ਟਰੈਂਡ ਹੈ, ਜਿਸ ਦੌਰਾਨ ਸੈਲਾਨੀ ਗੁਆਂਢੀ ਮੁਲਕਾਂ ਦੇ ਗਰੀਬ ਇਲਾਕਿਆਂ ਵਿੱਚ ਜਾਂਦੇ ਹਨ ਤਾਂ ਜੋ ਗਰੀਬ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖ ਸਕਣ।

ਟਰਿਪਐਡਵਾਈਜ਼ਰ, ਟਰੈਵਲ ਚੁਆਇਸ ਐਵਾਰਡ ਦੀ ਸਾਈਟ ਮੁਤਾਬਕ ਅਜਿਹਾ ਹੀ ਦੌਰਾ ਮੁੰਬਈ ਦੀ ਬਸਤੀ ਵਿੱਚ ਹੋਇਆ ਜਿਸ ਨੂੰ ਭਾਰਤ 'ਚ ਸਭ ਤੋਂ ਪਸੰਦੀਦਾ ਸੈਰ-ਸਪਾਟੇ ਦੀ ਥਾਂ ਵਜੋਂ ਜਾਣਿਆ ਗਿਆ ਅਤੇ ਇਥੋਂ ਤੱਕ ਕਿ ਇਸ ਨੂੰ ਤਾਜ ਮਹਿਲ ਨੂੰ ਪਛਾੜ ਦਿੱਤਾ।

2005 ਵਿੱਚ ਟੂਰ ਐਂਡ ਟਰੈਵਲ ਕੰਪਨੀ ਦੇ ਸਹਿ-ਸੰਸਥਾਪਕ ਕ੍ਰਿਸ਼ਨਾ ਪੁਜਾਰੀ ਦਾ ਕਹਿਣਾ ਹੈ, "ਇਨ੍ਹਾਂ ਵਿੱਚ ਵਧੇਰੇ ਸੈਲਾਨੀ ਅਮਰੀਕਾ, ਬਰਤਾਨੀਆ ਅਤੇ ਆਸਟਰੇਲੀਆ ਤੋਂ ਆਉਂਦੇ ਹਨ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ : ਕੰਦੀਲ ਬਲੋਚ ਦੇ ਕਤਲ ਕੇਸ 'ਚ ਉਸਦੇ ਭਰਾ ਨੂੰ ਉਮਰ ਕੈਦ

ਪਾਕਿਸਤਾਨ ਦੀ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ਦੇ ਕਤਲ ਮਾਮਲੇ ਵਿੱਚ ਉਸ ਦੇ ਭਰਾ ਵਸੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਦੂਜੇ ਭਰਾ ਮੁਹੰਮਦ ਆਰਿਫ ਨੂੰ 'ਵਾਂਟੇਡ' ਕਰਾਰ ਦਿੱਤਾ ਹੈ ਅਤੇ ਮਾਮਲੇ ਵਿੱਚ ਮੁਲਜ਼ਮ ਮੁਫ਼ਤੀ ਕਵੀ ਨੂੰ ਬਰੀ ਕਰ ਦਿੱਤਾ ਹੈ।

ਫੈਸਲਾ ਸੁਣਾਏ ਜਾਣ ਤੋਂ ਬਾਅਦ ਮੁਫ਼ਤੀ ਨੇ ਬੀਬੀਸੀ ਉਰਦੂ ਨੂੰ ਕਿਹਾ ਕਿ ਉਸਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਸੀ।

ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਣ ਵਾਲੀ ਪਾਕਿਸਤਾਨੀ ਸੋਸ਼ਲ ਮੀਡੀਆ ਸੇਲੀਬ੍ਰਿਟੀ ਕੰਦੀਲ ਬਲੋਚ ਦਾ ਜੁਲਾਈ 2016 ਵਿੱਚ ਕਤਲ ਕਰ ਦਿੱਤਾ ਗਿਆ ਸੀ। ਕੌਣ ਸੀ ਕੰਦੀਲ ਬਲੋਚ, ਇਹ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ :

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)