ਦਲਿਤ ਮੁੰਡੇ ਨੂੰ ਕਥਿਤ ਚੋਰੀ ਲਈ ਗਰਮ ਟਾਇਲਾਂ ਉੱਤੇ ਨੰਗੇ ਬੈਠਣ ਦੀ ਸਜ਼ਾ

ਬੱਚੇ ਦਾ ਹੱਥ

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਨਿਤੇਸ਼ ਰਾਉਤ
    • ਰੋਲ, ਬੀਬੀਸੀ ਪੱਤਰਕਾਰ

ਮਹਾਰਾਸ਼ਟਰ ਦੇ ਵਾਰਧਾ ਜ਼ਿਲ੍ਹੇ ਵਿੱਚ ਇੱਕ 5 ਸਾਲ ਦੇ ਦਲਿਤ ਮੁੰਡੇ ਦੇ ਖਿਲਾਫ਼ ਇਹ ਦੋਸ਼ ਲਗਾਇਆ ਗਿਆ ਕਿ ਉਸ ਨੇ ਇੱਕ ਮੰਦਰ ਵਿੱਚੋਂ ਚੋਰੀ ਕੀਤੀ ਹੈ।

ਕਥਿਤ ਚੋਰੀ ਦੀ ਸਜ਼ਾ ਵਜੋਂ ਮੁੰਡੇ ਨੂੰ ਗਰਮ ਟਾਇਲਾਂ ਉੱਤੇ ਨੰਗੇ ਬੈਠਣ ਦੀ ਸਜ਼ਾ ਮਿਲੀ।

ਇਸ ਸਜ਼ਾ ਦੇ ਕਾਰਨ ਬੱਚੇ ਦੀ ਪਿੱਠ 'ਤੇ ਗੰਭੀਰ ਸਾੜ ਦੇ ਨਿਸ਼ਾਨ ਪੈ ਗਏ। ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੁੰਡੇ ਦਾ ਨਾਮ ਆਰੀਅਨ ਖਡਸੇ ਹੈ।

ਪੀੜਤ ਦੇ ਪਿਤਾ ਦੁਆਰਾ ਲਿਖਵਾਈ ਗਈ ਸ਼ਿਕਾਇਤ ਦੇ ਅਨੁਸਾਰ, ਪੁਲਿਸ ਨੇ ਮੁਲਜ਼ਮ ਅਮੋਲ ਢੌਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਤਿਆਚਾਰ-ਰੋਕਥਾਮ ਐਕਟ ਅਤੇ ਚਾਈਲਡ ਪ੍ਰੋਟੈਕਸ਼ਨ ਐਕਟ ਹੇਠ ਸ਼ਿਕਾਇਤ ਦਰਜ ਕੀਤੀ ਹੈ।

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ।

ਇਹ ਵੀ ਪੜ੍ਹੋ:

ਮੁਲਜ਼ਮ ਅਮੋਲ ਢੋਰੇ ਦਾ ਅਪਰਾਧਕ ਪਿਛੋਕੜ ਰਿਹਾ ਹੈ। ਪੁਲਿਸ ਅਨੁਸਾਰ ਇਸ ਤੋਂ ਪਹਿਲਾਂ ਵੀ ਉਸ ਦੇ ਵਿਰੁੱਧ ਸ਼ਰਾਬ ਵੇਚਣ ਦੇ ਕਈ ਕੇਸ ਦਰਜ ਹਨ।

ਪੀੜਤ ਬੱਚਾ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਅਰਵੀ ਪੁਲਿਸ ਥਾਣੇ ਵਿੱਚ ਡਾਇਰੀ 'ਤੇ ਮੌਜੂਦ ਪੁਲਿਸ ਵਿਅਕਤੀ ਨੇ ਦੱਸਿਆ ਕਿ ਉਹ ਮੁੰਡਾ ਕੁਝ ਚੋਰੀ ਕਰਨ ਦੇ ਇਰਾਦੇ ਨਾਲ ਮੰਦਰ ਵਿੱਚ ਆਇਆ ਸੀ ਜਦੋਂ ਮੁਲਜ਼ਮ ਨੇ ਉਸ ਨੂੰ ਮਾਰਿਆ।

ਜ਼ਖਮੀ ਮੁੰਡਾ

ਤਸਵੀਰ ਸਰੋਤ, Nitesh Raut

ਤਸਵੀਰ ਕੈਪਸ਼ਨ, ਜ਼ਖਮੀ ਮੁੰਡਾ

ਅਸਲ ਵਿੱਚ ਕੀ ਹੋਇਆ?

ਅਰਵੀ ਕਸਬੇ 'ਚ ਰਾਣੀ ਲਕਸ਼ਮੀ ਬਾਈ ਵਾਰਡ ਦੇ ਜੋਗਾਨਾ ਮਾਤਾ ਦੇ ਮੰਦਰ ਵਿੱਚ ਦੁਪਹਿਰ ਵੇਲੇ ਭੀੜ ਨਹੀਂ ਹੁੰਦੀ।

ਸਥਾਨਕ ਸਮਾਜ ਸੇਵਕ ਦਿਲੀਪ ਪੋਟਫੋਡੇ ਕਹਿੰਦੇ ਹਨ ਕਿ ਇਹ ਮੰਦਿਰ ਬਹੁਤਾ ਮਸ਼ਹੂਰ ਨਹੀਂ ਹੈ।

ਮੰਦਰ ਦੇ ਨੇੜੇ ਇੱਕ ਬੋਹੜ ਹੈ ਜਿਸ ਕਰਕੇ ਵਤਪੋਰਨੀਮਾ ਦਿਹਾੜੇ 'ਤੇ ਮੰਦਿਰ ਵਿੱਚ ਭੀੜ ਹੁੰਦੀ ਹੈ।

"ਜ਼ਿਆਦਾਤਰ ਜੂਏਬਾਜ ਇਸ ਜਗ੍ਹਾ ਉੱਤੇ ਇਕੱਠੇ ਹੁੰਦੇ ਹਨ। ਉਹ ਬੋਹੜ ਹੇਠ ਜੂਆ ਖੇਡਦੇ ਹਨ। ਸ਼ਰਾਬ ਦੀ ਵਿਕਰੀ ਅਤੇ ਜੂਆ ਇੱਥੇ ਪੂਰੇ ਜ਼ੋਰਾਂ 'ਤੇ ਹੈ। ਮੁਲਜ਼ਮ ਦਾ ਅਪਰਾਧਕ ਪਿਛੋਕੜ ਹੈ ਅਤੇ ਉਹ ਸ਼ਰਾਬ ਦਾ ਕਾਰੋਬਾਰ ਕਰਦਾ ਹੈ", ਪੋਟਫੋਡੇ ਨੇ ਦੱਸਿਆ।

ਰੋਜ਼ਾਨਾ ਦੀ ਤਰ੍ਹਾਂ ਆਰੀਅਨ 12 ਵਜੇ ਮੰਦਰ ਦੇ ਨੇੜੇ ਖੇਡ ਰਿਹਾ ਸੀ। ਮੁਲਜ਼ਮ ਢੋਰੇ ਮੰਦਿਰ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਬੈਠਾ ਸੀ। ਅਚਾਨਕ ਅਮੋਲ ਢੌਰੇ ਨੇ ਮੁੰਡੇ ਨੂੰ ਫੜਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਉਸਨੇ ਮੁੰਡੇ ਦੇ ਸਾਰੇ ਕੱਪੜੇ ਲੁਹਾਏ ਅਤੇ ਉਸਨੂੰ ਦੁਪਹਿਰ ਦੇ ਸਮੇਂ ਮੰਦਰ ਦੀਆਂ ਟਾਇਲਾਂ ਉੱਤੇ ਬਿੱਠਾ ਦਿੱਤਾ ਜੋ ਕਿ 45 ਡਿਗਰੀ ਤਾਪਮਾਨ ਕਾਰਨ ਬਹੁਤ ਗਰਮ ਸਨ। ਇਸ ਨਾਲ ਆਰੀਅਨ ਦੀ ਪਿੱਠ 'ਤੇ ਗੰਭੀਰ ਸਾੜ ਪੈ ਗਏ।

ਜ਼ਖ਼ਮੀ ਮੁੰਡਾ ਆਪਣੇ ਘਰ ਵੱਲ ਦੌੜਿਆ ਅਤੇ ਆਪਣੀ ਮਾਂ ਦੇ ਸਾਹਮਣੇ ਰੋਣ ਲੱਗ ਪਿਆ। ਉਸ ਦੀ ਮਾਂ ਵੀ ਇਹ ਦੇਖ ਕੇ ਹੈਰਾਨ ਹੋ ਗਈ। ਫਿਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ

ਆਰੀਅਨ, ਜ਼ਿਲ੍ਹਾ ਸਿਵਲ ਹਸਪਤਾਲ ਦੇ ਆਈ.ਸੀ.ਯੂ. ਵਿੱਚ ਜ਼ੇਰੇ-ਇਲਾਜ ਹੈ। ਉਸ ਦੇ ਪਿਤਾ ਗਜਾਨਨ ਖਾਡਸੇ ਨੇ ਕਿਹਾ ਕਿ ਉਸ ਦਾ ਘੱਟੋ ਘੱਟ ਦਸ ਦਿਨ ਇਲਾਜ਼ ਹੋਰ ਹੋਵੇਗਾ।

ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੁਲਜ਼ਮ ਦੀ ਮਾਨਸਿਕ ਸਥਿਤੀ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ। ਕੀ ਆਰੀਅਨ ਨੇ ਸੱਚਮੁਚ ਕੋਈ ਚੋਰੀ ਕੀਤੀ ਸੀ ਜਾਂ ਜਾਤੀ ਨਫ਼ਰਤ ਦੇ ਕਾਰਨ ਉਸ ਨੂੰ ਸਜ਼ਾ ਦਿੱਤੀ ਗਈ ਸੀ?”

“ਮੰਨ ਲਓ ਕਿ ਉਸਨੇ ਮੰਦਰ ਵਿੱਚੋਂ ਪੰਜ-ਦੱਸ ਰੁਪਏ ਚੋਰੀ ਕੀਤੇ ਹਨ, ਤਾਂ ਉਸ ਨੂੰ ਡਰਾਇਆ-ਧਮਕਾਇਆ ਜਾ ਸਕਦਾ ਸੀ ਅਤੇ ਕੁਝ ਥੱਪੜ ਮਾਰੇ ਜਾ ਸਕਦੇ ਸਨ। ਪਰ ਉਸ ਨੂੰ ਕੱਪੜੇ ਲਾਹ ਕੇ, ਉਸ ਸਮੇਂ ਟਾਇਲਾਂ ’ਤੇ ਬਿਠਾਇਆ ਗਿਆ ਜਦੋਂ 45 ਡਿਗਰੀ ਸੂਰਜ ਦੀ ਗਰਮੀ ਪੈ ਰਹੀ ਸੀ।”

ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਅੱਗੇ ਕਿਹਾ,“ਉਸ ਨੂੰ ਦਰਦ ਝੱਲਣਾ ਪਿਆ। ਉਹ ਰੋ ਰਿਹਾ ਸੀ। ਉਸ ਦਾ ਦਰਦ ਅਸਹਿ ਸੀ ਪਰ ਮੁਲਜ਼ਮ ਨੇ ਕੋਈ ਤਰਸ ਨਹੀਂ ਦਿਖਾਇਆ।"

ਭੀਮ ਟਾਇਗਰ ਸੈਨਾ

ਤਸਵੀਰ ਸਰੋਤ, NITESH RAUT

ਤਸਵੀਰ ਕੈਪਸ਼ਨ, ਭੀਮ ਟਾਇਗਰ ਸੈਨਾ ਦਾ ਮੰਗ ਪੱਤਰ

"ਉਸ ਇਲਾਕੇ ਦੀ ਇੱਕ ਔਰਤ ਇਹ ਘਟਨਾ ਦੇਖ ਰਹੀ ਸੀ। ਉਸਨੇ ਮੁਲਜ਼ਮ ਨੂੰ ਇਹ ਰੋਕਣ ਲਈ ਕਿਹਾ ਪਰ ਉਹ ਪਿੱਛੇ ਹੱਟਣ ਲਈ ਤਿਆਰ ਨਹੀਂ ਸੀ। ਅਖੀਰ ਵਿੱਚ ਉਸ ਔਰਤ ਨੇ ਮੇਰੇ ਲੜਕੇ ਨੂੰ ਉਸ ਤੋਂ ਛੁਡਾਇਆ।”

“ਮੈਨੂੰ ਲੱਗਦਾ ਹੈ ਕਿ ਉਹ ਮੇਰੇ ਮੁੰਡੇ ਨੂੰ ਮਾਰਨਾ ਚਾਹੁੰਦਾ ਸੀ। ਖੁਸ਼ਕਿਸਮਤੀ ਨਾਲ ਉਹ ਔਰਤ ਰੱਬ ਵਾਂਗ ਸਹਾਇਤਾ ਕਰਨ ਆਈ। ਨਹੀਂ ਤਾਂ ਅਸੀਂ ਆਪਣਾ ਬੱਚਾ ਗੁਆ ਦਿੰਦੇ।"

"ਉਹ ਵਿਅਕਤੀ ਸਾਡਾ ਦੁਸ਼ਮਣ ਨਹੀਂ ਹੈ। ਅਸੀਂ ਇੱਕ ਮਜ਼ਦੂਰ ਪਰਿਵਾਰ ਹਾਂ। ਸਾਡੇ ਦੋ ਪੁੱਤਰ ਅਤੇ ਦੋ ਧੀਆਂ ਹਨ। ਸਾਡੀ ਇਹੋ ਮੰਗ ਹੈ ਕਿ ਮੁਲਜ਼ਮ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"

ਐਵੇਂ ਮਜ਼ੇ ਲਈ ਹੀ?

ਪੋਟਫੋਡੇ ਨੇ ਕਿਹਾ, "ਹਰ ਦੁਪਹਿਰ ਇਹ ਲੜਕਾ ਖੇਡਣ ਲਈ ਮੰਦਰ ਵੱਲ ਜਾਂਦਾ ਹੁੰਦਾ ਸੀ। ਇਹ ਢੌਰੇ ਦੇ ਕਾਰੋਬਾਰ ਨੂੰ ਪ੍ਰਭਾਵਤ ਕਰਦਾ ਸੀ, ਇਸ ਲਈ ਉਸਨੇ ਮੁੰਡੇ ਨੂੰ ਸਜ਼ਾ ਦਿੱਤੀ ਹੋ ਸਕਦੀ ਹੈ।"

ਜਾਂਚ ਅਧਿਕਾਰੀ ਪਰਮਸੇਸ਼ ਅਗਾਸੇ ਨੇ ਕਿਹਾ ਕਿ ਜੋਗਾਨਾ ਮੰਦਰ ਦੇ ਇਲਾਕੇ ਵਿੱਚ ਕੋਈ ਗ਼ੈਰ-ਕਾਨੂੰਨੀ ਕੰਮ ਨਹੀਂ ਹੁੰਦਾ। ਆਰੀਅਨ ਹਰ ਰੋਜ਼ ਮੰਦਰ ਵਿੱਚ ਜਾਂਦਾ ਹੁੰਦਾ ਸੀ। ਇਸ ਲਈ, ਇਸ ਕੇਸ ਵਿੱਚ ਕੋਈ ਵੀ ਜਾਤ ਵਾਲੀ ਗੱਲ ਨਹੀਂ ਹੈ।

ਉਨ੍ਹਾਂ ਕਿਹਾ, "ਹੋ ਸਕਦਾ ਹੈ ਕਿ ਮੁਲਜ਼ਮ ਨੂੰ ਸ਼ੱਕ ਹੋਵੇ ਕਿ ਇਸ ਲੜਕੇ ਨੇ ਮੰਦਰ ਤੋਂ ਕੁਝ ਚੋਰੀ ਕੀਤਾ ਹੈ। ਇਸ ਲਈ, ਘਟਨਾ ਸ਼ਾਇਦ ਮਜ਼ੇ ਲਈ ਹੋਈ ਹੋਵੇ," ਅਗਾਸੇ ਨੇ ਦੱਸਿਆ।

ਪੀੜਤ ਪਰਿਵਾਰ ਦੀ ਹਾਲਤ ਖ਼ਰਾਬ ਹੈ। ਉਹ ਰੋਜ਼ਾਨਾ ਦਿਹਾੜੀ ਕਰਕੇ ਪੈਸੇ ਕਮਾਉਂਦੇ ਹਨ। ਬਹੁਤ ਸਾਰੇ ਸੰਗਠਨਾਂ ਨੇ ਅੱਗੇ ਆ ਕੇ ਕੇਸ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਭੀਮ ਟਾਇਗਰ ਸੈਨਾ ਨੇ ਜ਼ਿਲ੍ਹਾ ਕੁਲੈਕਟਰ ਨੂੰ ਇਕ ਬਿਆਨ ਸੌਂਪਿਆ ਹੈ ਅਤੇ ਸਖ਼ਤ ਕਾਰਵਾਈ ਨਾ ਹੋਣ 'ਤੇ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ।

ਪਹਿਲਾਂ ਵੀ ਇਸ ਮੰਦਿਰ ਦੇ ਨੇੜੇ ਖੇਡ ਰਹੇ ਕੁਝ ਬੱਚੇ ਕੁੱਟੇ ਗਏ ਸਨ ਪਰ ਇਸ ਵਾਰ ਮੁੰਡਾ ਬਹੁਤ ਜ਼ਿਆਦਾ ਬੇਰਹਿਮੀ ਦਾ ਸ਼ਿਕਾਰ ਹੋਇਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)