ਫ਼ਿਲਮ ਅਦਾਕਾਰੀ ਦੇ ਨਾਲ ਆਟੋ ਰਿਕਸ਼ਾ ਚਲਾਉਣ ਵਾਲੀ ਲਕਸ਼ਮੀ ਦੀ ਕਹਾਣੀ

    • ਲੇਖਕ, ਮਧੂ ਪਾਲ
    • ਰੋਲ, ਬੀਬੀਸੀ ਪੰਜਾਬੀ ਲਈ

'ਜੇ ਕਿਸੇ ਚੀਜ਼ ਨੂੰ ਦਿਲ ਨਾਲ ਚਾਹੋ, ਤਾਂ ਸਾਰੀ ਕੁਦਰਤ ਤੁਹਾਨੂੰ ਉਸ ਨਾਲ ਮਿਲਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੀ ਹੈ।'

ਇਹ ਡਾਇਲੌਗ 'ਓਮ ਸ਼ਾਂਤੀ ਓਮ' ਫ਼ਿਲਮ ਦਾ ਹੈ, ਜਿਸ 'ਚ ਸ਼ਾਹਰੁਖ਼ ਖ਼ਾਨ ਅਤੇ ਦੀਪਿਕਾ ਪਾਦੁਕੋਣ ਹਨ।

ਹੁਣ ਇਹ ਡਾਇਲੌਗ, ਮੁੰਬਈ ਦੇ ਮੁਲੁੰਡ ਇਲਾਕੇ ਵਿੱਚ ਰਹਿਣ ਵਾਲੀ 28 ਸਾਲਾ ਦੀ ਲਕਸ਼ਮੀ ਨਿਵ੍ਰਤੀ ਪੰਧੇ 'ਤੇ ਸਹੀ ਢੁੱਕਦਾ ਹੈ।

ਬਚਪਨ ਤੋਂ ਲਕਸ਼ਮੀ ਦਾ ਇੱਕ ਸੁਪਨਾ ਸੀ ਕਿ ਉਹ ਫ਼ਿਲਮਾਂ ਅਤੇ ਟੀਵੀ ਸੀਰੀਅਲਜ਼ ਵਿੱਚ ਕੰਮ ਕਰੇ। ਬਚਪਨ ਵਿੱਚ ਆਪਣੇ ਘਰ ਟੀਵੀ ਨਾ ਹੋਣ ਕਰਕੇ ਉਹ ਗੁਆਂਢੀਆਂ ਦੇ ਘਰਾਂ ਵਿਚ ਕੰਮ ਕਰਦੀ ਸੀ ਅਤੇ ਬਦਲੇ ਵਿੱਚ ਟੀਵੀ ਦੇਖਦੀ ਸੀ।

ਇਹ ਵੀ ਜ਼ਰੂਰ ਪੜ੍ਹੋ:

ਟੀਵੀ 'ਤੇ ਮਾਧੁਰੀ ਦੀਕਸ਼ਿਤ ਅਤੇ ਸ਼੍ਰੀਦੇਵੀ ਦੇ ਗਾਣਿਆਂ ਨੂੰ ਦੇਖ ਉਹ ਨੱਚ ਉਠਦੀ ਸੀ। ਬਚਪਨ ਦਾ ਇਹ ਸ਼ੌਕ ਕਦੋਂ ਉਸ ਦਾ ਸੁਪਨਾ ਬਣਿਆ, ਲਕਸ਼ਮੀ ਨੂੰ ਪਤਾ ਨਹੀਂ ਲੱਗਿਆ।

ਸੁਪਨੇ ਅਤੇ ਘਰ ਦੀ ਜ਼ਿੰਮੇਵਾਰੀ

ਪਰਿਵਾਰ ਵਿੱਚ ਦੋ ਵੱਡੀਆਂ ਭੈਣਾਂ ਅਤੇ ਇੱਕ ਵੱਡਾ ਭਰਾ ਹੈ ਅਤੇ ਲਕਸ਼ਮੀ ਸਭ ਤੋਂ ਛੋਟੀ ਹੈ। ਬਿਮਾਰ ਭੈਣ ਅਤੇ ਮਾਂ ਦੀ ਦੇਖਭਾਲ ਲਕਸ਼ਮੀ ਨੇ ਹੀ ਸੰਭਾਲੀ ਹੋਈ ਸੀ। ਬਚਪਨ ਵਿੱਚ ਹੀ ਪਿਤਾ ਦਾ ਹੱਥ ਉਸ ਦੇ ਸਿਰ ਤੋਂ ਉੱਠ ਗਿਆ ਸੀ।

ਘਰ ਵਿੱਚ ਆਪਣੀ ਮਾਂ ਦਾ ਹੱਥ ਵਟਾਉਣ ਲਈ ਉਸ ਨੇ ਆਪਣੀ ਪੜ੍ਹਾਈ ਛੱਡ ਦਿੱਤੀ। 8ਵੀਂ ਜਮਾਤ ਤੋਂ ਬਾਅਦ ਉਹ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਨ ਲਈ ਜਾਂਦੀ ਸੀ।

ਆਪਣੀ ਜ਼ਿੰਦਗੀ ਦੀ ਕੌੜੀ ਸੱਚਾਈ ਜਾਣਦੇ ਹੋਏ ਵੀ ਲਕਸ਼ਮੀ ਨੇ ਆਪਣਾ ਰਾਹ ਆਪ ਬਣਾਇਆ। ਉਹ ਜਾਣਦੀ ਹੈ ਕਿ ਉਸ ਕੋਲ ਕੋਈ ਗੌਡਫਾਦਰ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਨਾਇਕਾ ਦੀ ਤਰ੍ਹਾਂ ਦਿਖਦੀ ਹੈ। ਅਦਾਕਾਰੀ ਅਤੇ ਆਪਣੇ ਸ਼ੌਕ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਇਹ ਵੀ ਜਾਣਦੀ ਹੈ ਕਿ ਉਸ ਨੇ ਘਰ ਦੀ ਰੋਜ਼ੀ ਵੀ ਕਮਾਉਣੀ ਹੈ।

ਇਸੇ ਲਈ ਉਹ ਅਦਾਕਾਰੀ ਦੇ ਨਾਲ ਪਰਿਵਾਰ ਨੂੰ ਚਲਦਾ ਰੱਖਣ ਲਈ ਆਟੋ ਰਿਕਸ਼ਾ ਵੀ ਚਲਾਉਂਦੀ ਹੈ।

ਬੋਮਨ ਇਰਾਨੀ ਨੇ ਬਣਾਇਆ ਸਟਾਰ

ਲਕਸ਼ਮੀ ਦੀ ਮਾਂ-ਬੋਲੀ ਮਰਾਠੀ ਹੈ। ਲਕਸ਼ਮੀ ਕਈ ਮਰਾਠੀ ਸੀਰੀਅਲਜ਼ ਜਿਵੇਂ 'ਦੇਵਯਾਨੀ', 'ਲਕਸ਼ਯ', 'ਤੂੰ ਮਜ਼ਾ ਸੰਗਤਿ' ਅਤੇ ਮਰਾਠੀ ਫ਼ਿਲਮ 'ਮੁੰਬਈ-ਪੁਣੇ-ਮੁੰਬਈ' ਤੋਂ ਇਲਾਵਾ ਜ਼ੀ 5 ਦੀ ਵੈੱਬਸੀਰੀਜ਼ 'ਸਵਰਾਜਯ ਰਕਸ਼ਕ' ਅਤੇ ਹਿੰਦੀ ਫ਼ਿਲਮ 'ਮਰਾਠਵਾੜਾ' ਵਰਗੀਆਂ ਕਈ ਫ਼ਿਲਮਾਂ ਅਤੇ ਨਾਟਕਾਂ ਵਿੱਚ ਕੰਮ ਕਰ ਚੁੱਕੀ ਹੈ।

ਪਰ ਇਸ ਸਭ ਦੇ ਬਾਵਜੂਦ ਉਸ ਨੂੰ ਪਛਾਣ ਉਦੋਂ ਮਿਲੀ ਜਦੋਂ ਮਸ਼ਹੂਰ ਬਾਲੀਵੁੱਡ ਅਦਾਕਾਰ ਬੋਮਨ ਇਰਾਨੀ ਨੇ ਆਪਣੇ ਸੋਸ਼ਲ ਮੀਡਿਆ 'ਤੇ ਇੱਕ ਵੀਡਿਓ ਸ਼ੇਅਰ ਕੀਤਾ।

ਉਨ੍ਹਾਂ ਨੇ ਲਿਖਿਆ ਕਿ 'ਲਕਸ਼ਮੀ ਮਰਾਠੀ ਸੀਰੀਅਲਜ਼ ਵਿੱਚ ਐਕਟਿੰਗ ਕਰਦੀ ਹੈ ਅਤੇ ਬਾਕੀ ਸਮੇਂ ਆਟੋ ਚਲਾ ਕੇ ਆਪਣੇ ਪਰਿਵਾਰ ਦੇ ਪਾਲਨ-ਪੋਸ਼ਣ ਲਈ ਮਜ਼ਬੂਤ ਭੂਮਿਕਾ ਨਿਭਾਉਂਦੀ ਹੈ।'

ਲਕਸ਼ਮੀ ਕਹਿੰਦੀ ਹੈ ਕਿ ਅਜਿਹਾ ਬਿਲਕੁਲ ਨਹੀਂ ਹੈ, ''ਮੈਂ ਪਹਿਲਾਂ ਤੋਂ ਬੋਮਨ ਇਰਾਨੀ ਸਰ ਨੂੰ ਜਾਣਦੀ ਸੀ, ਹੋਇਆ ਇੰਝ ਕਿ ਜਿੱਥੇ ਮੈਂ ਸ਼ੂਟਿੰਗ ਕਰ ਰਹੀ ਸੀ, ਉੱਥੇ ਉਸ ਦਿਨ ਬੋਮਨ ਸਰ ਵੀ ਮੁੰਬਈ ਦੇ ਫ਼ਿਲਮ ਸਿਟੀ ਸਟੂਡਿਓ ਤੋਂ ਆਪਣੀ ਕਿਸੇ ਫ਼ਿਲਮ ਦੀ ਸ਼ੂਟਿੰਗ ਕਰ ਕੇ ਘਰ ਪਰਤ ਰਹੇ ਸਨ।''

ਲਕਸ਼ਮੀ ਦੱਸਦੀ ਹੈ, ''ਮੈਂ ਵੀ ਆਪਣੀ ਕੁਝ ਸਾਥੀ ਕਲਾਕਾਰ ਦੇ ਤੌਰ 'ਤੇ ਕੰਮ ਕਰਨ ਵਾਲੀਆਂ ਕੁੜੀਆਂ ਦੇ ਨਾਲ ਘਰ ਜਾ ਰਹੀ ਸੀ। ਉੱਥੇ ਅਚਾਨਕ ਬੋਮਨ ਇਰਾਨੀ ਸਰ ਦੇ ਨਾਲ ਮੁਲਾਕਾਤ ਹੋਈ। ਬੋਮਨ ਸਰ ਦੇ ਬਾਰੇ ਸੁਣਿਆ ਸੀ ਕਿ ਬਹੁਤ ਚੰਗੇ ਇਨਸਾਨ ਹਨ, ਉਸ ਦਿਨ ਦੇਖ ਵੀ ਲਿਆ।''

''ਮੈਂ ਦੇਖਿਆ ਬੋਮਨ ਸਰ ਆਪਣੀ ਕਾਰ ਤੋਂ ਸਾਡਾ ਵੀਡੀਓ ਬਣਾ ਰਹੇ ਸਨ। ਆਪਣੀ ਬੀਐੱਮਡਬਲਿਊ ਤੋਂ ਹੇਠਾਂ ਉੱਤਰੇ ਅਤੇ ਮੇਰੇ ਕੋਲ ਆਏ ਅਤੇ ਕਹਿੰਦੇ ਚਲੋ ਇੱਕ ਰਾਊਂਡ ਲਗਾਉਂਦੇ ਹਾਂ। ਮੈਂ ਉਨ੍ਹਾਂ ਨੂੰ ਦੇਖ ਕੇ ਬਹੁਤ ਖ਼ੁਸ਼ ਹੋ ਗਈ ਅਤੇ ਉਨ੍ਹਾਂ ਦੇ ਪੈਰ ਛੂਹਣ ਲੱਗੀ ਤਾਂ ਬੋਮਨ ਸਰ ਨੇ ਕਿਹਾ ਕਿ ਮੇਰੇ ਪੈਰ ਨਾ ਛੂਹੋ।''

ਉਸਨੇ ਅੱਗੇ ਦੱਸਿਆ, ''ਬੋਮਨ ਜੀ ਮੈਨੂੰ ਛੋਟਾ ਨਹੀਂ ਦਿਖਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਅਜਿਹਾ ਕੀਤੀ। ਉਨ੍ਹਾਂ ਨੇ ਮੇਰੇ ਨਾਲ ਤਸਵੀਰ ਲਈ ਅਤੇ ਖ਼ੁਸ਼ ਹੋ ਕੇ ਮੇਰੀ ਤਾਰੀਫ਼ ਕਰਦੇ ਗਏ, ਮੈਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਮੇਰੇ ਨਾਲ ਹਨ।''

ਇਹ ਵੀ ਜ਼ਰੂਰ ਪੜ੍ਹੋ:

ਰਿਕਸ਼ਾ ਅਤੇ ਪਰਿਵਾਰ

ਕਈ ਘਰਾਂ ਵਿੱਚ ਕੰਮ ਕਰ ਕੇ ਆਪਣੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇਣ ਵਾਲੀ ਲਕਸ਼ਮੀ ਦਸਦੀ ਹੈ, ''ਮੈਂ ਪਾਰਲਰ ਵਿੱਚ ਵੀ ਕੰਮ ਕੀਤਾ ਹੈ ਪਰ ਦੂਜੀ ਥਾਂ ਕੰਮ ਕਰਨ ਦੇ ਕਰਕੇ ਮੈਂ ਆਪਣੀ ਐਕਟਿੰਗ 'ਤੇ ਫੋਕਸ ਨਹੀਂ ਕਰ ਪਾ ਰਹੀ ਸੀ।''

ਉਹ ਦੱਸਦੀ ਹੈ, ''ਆਡੀਸ਼ਨ ਦੇ ਲਈ ਕਈ ਵੱਖੋ-ਵੱਖ ਸਟੂਡੀਓਜ਼ ਵਿੱਚ ਜਾਣਾ ਪੈਂਦਾ ਸੀ। ਇਹ ਸਟੂਡੀਓ ਬਹੁਤ ਦੂਰ-ਦੂਰ ਹਨ ਅਤੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਸਨ। ਇਸ ਲਈ ਕਈ ਵਾਰ ਤਾਂ ਜਾ ਹੀ ਨਹੀਂ ਪਾਉਂਦੀ ਸੀ। ਮੈਨੂੰ ਪਤਾ ਹੈ ਲੀਡ ਰੋਲ ਤਾਂ ਮੈਨੂੰ ਮਿਲਣ ਤੋਂ ਰਿਹਾ ਇਸ ਲਈ ਮੈਂ ਸਾਈਡ ਰੋਲ ਕਰ ਲੈਂਦੀ ਹਾਂ।''

''ਮਰਾਠੀ ਦੇ ਕਈ ਸ਼ੋਅਜ਼ ਵਿੱਚ ਮੈਨੂੰ ਕਦੇ ਗਰਭਵਤੀ ਔਰਤ, ਕਦੇ ਪਾਗਲ, ਕਦੇ ਕਿਸਾਨ ਦੀ ਪਤਨੀ, ਕਦੇ ਕੰਮ ਵਾਲੀ ਅਤੇ ਅਜਿਹੇ ਕਈ ਸਪੈਸ਼ਲ ਤਜ਼ਰਬੇ ਮਿਲਦੇ ਹਨ।''

ਪਰ ਲਕਸ਼ਮੀ ਨਾ-ਉਮੀਦ ਨਹੀਂ ਹੈ, ''ਮੈਂ ਇਸ ਤਰ੍ਹਾਂ ਹੀ ਕੰਮ ਕਰਕੇ ਖ਼ੁਸ਼ ਹਾਂ, ਖ਼ੁਦ ਦੀ ਮਿਹਨਤ ਨਾਲ ਜੋ ਕਰ ਰਹੀ ਹਾਂ, ਉਸ ਤੋਂ ਸੰਤੂਸ਼ਟ ਹਾਂ।''

ਲਕਸ਼ਮੀ ਨੂੰ ਸੀਰੀਅਲਜ਼ ਆਦਿ ਵਿੱਚ ਕੰਮ ਕਰਨ ਦੇ ਪੰਜ-ਛੇ ਦਿਨਾਂ ਬਾਅਦ ਹੀ ਪੈਸੇ ਮਿਲਦੇ ਹਨ ਜਿਸ ਕਾਰਨ ਕਈ ਵਾਰ ਪਰਿਵਾਰ ਵਾਲਿਆਂ ਨੂੰ ਖਾਲ੍ਹੀ ਢਿੱਡ ਰਹਿਣਾ ਪੈਂਦਾ ਸੀ। ਇਸ ਲਈ ਉਨ੍ਹਾਂ ਨੇ ਆਟੋ ਰਿਕਸ਼ਾ ਚਲਾਉਣ ਦਾ ਫ਼ੈਸਲਾ ਕੀਤਾ।

ਲਕਸ਼ਮੀ ਮੁਸਕੁਰਾਉਂਦੇ ਹੋਏ ਕਹਿੰਦੀ ਹੈ, ''ਰਿਕਸ਼ਾ ਚਲਾਉਣ ਨਾਲ ਦੋ ਫਾਇਦੇ ਹੁੰਦੇ ਹਨ: ਇੱਕ ਤਾਂ ਰੋਜ਼ ਕਮਾਈ ਹੋ ਜਾਂਦੀ ਹੈ ਅਤੇ ਦੂਜਾ ਇਹ ਕਿ ਕਿਸੇ ਵੀ ਥਾਂ ਪਹੁੰਚਣ ਵਿੱਚ ਆਸਾਨੀ ਹੋ ਜਾਂਦੀ ਹੈ। ਕਈ ਵਾਰ ਆਡੀਸ਼ਨ ਦੇ ਲਈ ਜਾਂਦਿਆਂ ਮੈਂ ਸਵਾਰੀ ਵੀ ਬਿਠਾ ਲੈਂਦੀ ਹਾਂ ਅਤੇ ਉਨ੍ਹਾਂ ਨੂੰ ਛੱਡਦੇ ਹੋਏ ਆਡੀਸ਼ਨ ਲਈ ਨਿਕਲ ਜਾਂਦੀ ਹਾਂ।''

ਨਸੀਹਤਾਂ

ਡਰਾਇਵਿੰਗ ਸਿੱਖਣ ਦੇ ਸਮੇਂ ਨੂੰ ਯਾਦ ਕਰਦੇ ਹੋਏ ਲਕਸ਼ਦੀ ਦਸਦੀ ਹੈ ਕਿ ਡਰਾਇਵਿੰਗ ਸਿੱਖਣਾ ਉਨ੍ਹਾਂ ਲਈ ਸੌਖਾ ਨਹੀਂ ਸੀ। ਸ਼ੁਰੂ ਵਿੱਚ ਉਨ੍ਹਾਂ ਦੇ ਹੱਥ ਵਿੱਚ ਦਰਦ ਹੋਣ ਲਗਦਾ ਸੀ ਪਰ ਹੁਣ ਉਹ ਇਸ ਕੰਮ ਵਿੱਚ ਮਾਹਿਰ ਹੋ ਗਈ ਹੈ।

ਉਹ ਦਸਦੀ ਹੈ, ''ਹੁਣ ਤਾਂ ਕਈ ਸਵਾਰੀ ਸਿਰਫ਼ ਮੇਰੇ ਹੀ ਰਿਕਸ਼ੇ ਵਿੱਚ ਬੈਠਦੀ ਹੈ ਜਿਸ ਲਈ ਉਨ੍ਹਾਂ ਨੂੰ ਕਈ ਵਾਰ ਉਡੀਕ ਵੀ ਕਰਨੀ ਪੈਂਦੀ ਹੈ। ਇਹ ਸਭ ਦੇਖ ਕੇ ਕੀ ਦੂਜੇ ਆਟੋ ਵਾਲੇ ਨਾਰਾਜ਼ ਹੁੰਦੇ ਰਹਿੰਦੇ ਹਨ ਪਰ ਹੁਣ ਇਸ ਸਭ ਦੀ ਆਦਤ ਹੋ ਗਈ ਹੈ।''

ਉਹ ਦੱਸਦੀ ਹੈ, ''ਕੁਝ ਲੋਕ ਕਹਿੰਦੇ ਹਨ ਕਿ ਔਰਤਾਂ ਦੀ ਡਰਾਇਵਿੰਗ ਖ਼ਤਰਨਾਕ ਹੁੰਦੀ ਹੈ। ਔਰਤਾਂ ਨੂੰ ਡਰਾਇਵਿੰਗ ਨਹੀਂ ਆਉਂਦੀ। ਕਈ ਵਾਰ ਤਾਂ ਕੁਝ ਲੋਕ ਮੈਨੂੰ ਨਸੀਹਤ ਤੱਕ ਦੇ ਦਿੰਦੇ ਹਨ ਕਿ ਔਰਤਾਂ ਨੂੰ ਰਿਕਸ਼ਾ ਚਲਾਉਣਾ ਸ਼ੋਭਾ ਨਹੀਂ ਦਿੰਦਾ ਤੁਸੀਂ ਹੋਰ ਕੰਮ ਕਰੋ। ਅਜਿਹੇ ਲੋਕਾਂ ਨੂੰ ਮੈਂ ਬਸ ਇੱਕ ਹੀ ਜਵਾਬ ਦਿੰਦੀ ਹਾਂ ਕਿ ਜਦੋਂ ਔਰਤਾਂ ਤੁਹਾਡੇ ਵਰਗੇ ਮਰਦਾਂ ਨੂੰ ਪੈਦਾ ਕਰ ਸਕਦੀਆਂ ਹਨ ਤਾਂ ਉਹ ਦੁਨੀਆਂ ਦਾ ਕੋਈ ਵੀ ਕੰਮ ਕਰ ਸਕਦੀਆਂ ਹਨ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)