ਲੋਕ ਸਭਾ ਚੋਣਾਂ 2019: ‘ਨਹਿਰੂ ਤੋਂ ਬਾਅਦ ਰਾਹੁਲ ਨੂੰ ਬੇਅਦਬੀ ਦਾ ਦਰਦ ਆਇਆ’ ਪਰ ਬਰਗਾੜੀ ਤੋਂ ਕਿਹੜਾ ਸਿਆਸੀ ਨਕਸ਼ਾ ਉਭਰਿਆ

    • ਲੇਖਕ, ਦਲਜੀਤ ਅਮੀ
    • ਰੋਲ, ਬੀਬੀਸੀ ਪੱਤਰਕਾਰ

ਬਰਗਾੜੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਚੋਣ ਜਲਸੇ ਵਿੱਚ ਪੁੱਜਣ ਨਾਲ ਹੀ ਇਹ ਪਿੰਡ ਉਨ੍ਹਾਂ ਦੀ ਪਾਰਟੀ ਦੇ ਸਿਆਸੀ ਨਕਸ਼ੇ ਉੱਤੇ ਰਸਮੀ ਤੌਰ ਉੱਤੇ ਦਰਜ ਹੋ ਗਿਆ ਹੈ।

ਹੁਣ ਤੱਕ ਬਰਗਾੜੀ ਵਿੱਚ ਹੋਈ ਬੇਅਦਬੀ ਦੇ ਮਾਮਲੇ, ਰੋਸ ਮੁਜ਼ਾਹਰਿਆਂ ਤੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਨੌਜਵਾਨਾਂ ਨਾਲ ਜੁੜੇ ਹੋਏ ਸਮਾਗਮਾਂ ਵਿੱਚ ਕਾਂਗਰਸੀ ਆਗੂ ਆਪਣੀ ਨਿੱਜੀ ਹੈਸੀਅਤ ਵਿੱਚ ਜਾਂ ਗੁੱਝੀ ਸਿਆਸੀ ਸਰਗਰਮੀ ਵਜੋਂ ਪਹੁੰਚਦੇ ਰਹੇ ਹਨ।

ਬਰਗਾੜੀ ਮੋਰਚੇ ਦੇ ਹਵਾਲੇ ਨਾਲ ਇਹ ਪਿੰਡ ਲਗਾਤਾਰ ਚਰਚਾ ਵਿੱਚ ਰਿਹਾ ਅਤੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਫਾਂਟਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜੇ ਬਰਗਾੜੀ ਮੋਰਚੇ ਦੀ ਜ਼ਾਹਰਾ ਜਾਂ ਲੁਕਵੀਂ ਹਮਾਇਤ ਕਰਦੇ ਰਹੇ ਹਨ।

ਸੂਬਾ ਸਰਕਾਰ ਦੇ ਨੁਮਾਇੰਦੇ ਸਿਆਸੀ ਜਲਸਿਆਂ ਵਿੱਚ ਬੇਅਦਬੀ ਦੇ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਖ਼ਿਲਾਫ਼ ਵਰਤਦੇ ਰਹੇ ਹਨ।

ਇਹ ਵੀ ਪੜ੍ਹੋ:

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਦੇ ਅਰਵਿੰਦ ਛਾਬੜਾ ਨਾਲ ਮੁਲਾਕਾਤ ਵਿੱਚ ਕਿਹਾ ਹੈ ਕਿ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ, ਹਿੰਦੂ ਕਦੇ ਵੀ ਗੀਤਾ-ਰਾਮਾਇਣ ਦੀ ਅਤੇ ਮੁਸਲਮਾਨ ਕਦੇ ਵੀ ਕੁਰਾਨ ਦੀ ਜਾਂ ਈਸਾਈ ਕਦੇ ਵੀ ਅੰਜ਼ੀਲ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ।

ਕੈਪਟਨ ਵੱਲੋਂ ਸ਼੍ਰੋਮਣੀ ਕਮੇਟੀ ’ਚ ਭੂਮਿਕਾ ਵੱਲ ਇਸ਼ਾਰਾ

ਹਾਂਲਾਕਿ ਮੁੱਖ ਮੰਤਰੀ ਦਾ ਬਿਆਨੀਆ ਮੋਕਲੇ ਅਰਥ ਵਿੱਚ ਹੈ ਪਰ ਬਰਗਾੜੀ ਕਾਂਡ ਦਾ ਅਰਥ ਅਤੇ ਇਸ ਦੇ ਦੁਆਲੇ ਹੋਈ ਸਿਆਸੀ/ਮਜਹਬੀ ਸਰਗਰਮੀ ਦਾ ਧੁਰਾ ਸਿੱਖ ਹੀ ਹਨ।

ਮੌਜੂਦਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ, ਸਿਆਸੀ ਆਗੂਆਂ ਅਤੇ ਬਰਗਾੜੀ ਮੋਰਚੇ ਦੇ ਆਗੂਆਂ (ਇਹ ਆਗੂ ਮੌਕੇ ਮੁਤਾਬਕ ਬਦਲਦੇ ਰਹੇ ਹਨ, ਕਦੇ ਇਕੱਠੇ ਅਤੇ ਕਦੇ ਇਕੱਲੇ-ਇਕੱਲੇ ਸਾਹਮਣੇ ਆਉਂਦੇ ਰਹੇ ਹਨ) ਦੀ ਸੁਰ ਬਹੁਤ ਮਿਲਦੀ ਹੈ।

ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਬੇਅਦਬੀ ਕਾਂਡ ਦੀ ਤਫ਼ਸੀਲ ਕਰਨ ਤੋਂ ਬਾਅਦ ਸਿੱਖਾਂ ਖ਼ਿਲਾਫ਼ ਜ਼ੁਲਮ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਤੋੜਾ ਝਾੜਦੇ ਹਨ, "ਮੈਨੂੰ ਵੋਟ ਪਾਇਓ ਜਾਂ ਨਾ ਪਾਇਓ, ਭਾਵੇਂ ਕਿਸੇ ਕਾਲੇ ਚੋਰ ਨੂੰ ਵੋਟ ਪਾ ਦਿਓ ਪਰ ਬਾਦਲਾਂ ਦੀ ਨੂੰਹ ਨੂੰ ਵੋਟ ਨਾ ਪਾਇਓ, ਨਹੀਂ ਤਾਂ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਗੁਨਾਹਗਾਰ ਹੋਵਾਂਗੇ।"

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਇਹ ਵੀ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਿਨਾਂ ਕਿਸੇ ਵੀ ਤਾਕਤਵਰ ਧਿਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਤੌਰ ਸਿੱਖ ਇਮਦਾਦ ਕਰਨਗੇ।

ਹਰ ਧਿਰ ਵੱਲੋਂ ਸਮੁੱਚੇ ਪੰਥ ਦੀ ਨੁਮਾਇੰਦਗੀ ਦਾ ਦਾਅਵਾ

ਇਸੇ ਦਲੀਲ ਦਾ ਨਾਟਕੀ ਨਿਭਾਅ ਨਵਜੋਤ ਸਿੰਘ ਸਿੱਧੂ ਕਰਦੇ ਹਨ। ਉਨ੍ਹਾਂ ਨੇ ਬਠਿੰਡਾ ਵਿੱਚ ਚੋਣ ਜਲਸੇ ਦੌਰਾਨ ਪ੍ਰਿਅੰਕਾ ਗਾਂਧੀ ਅਤੇ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਿਹਾ ਕਿ ਜੇ ਉਹ ਬੇਅਦਬੀ ਲਈ ਕਸੂਰਵਾਰ ਲੋਕਾਂ ਨੂੰ ਸਜ਼ਾ ਨਾ ਦਿਵਾ ਸਕੇ ਤਾਂ ਸਿਆਸਤ ਨੂੰ ਛੱਡ ਦੇਣਗੇ ਅਤੇ ਉਨ੍ਹਾਂ ਦੀ ਆਤਮਾ ਭਟਕਦੀ ਰਹੇਗੀ।

ਮੌਜੂਦਾ ਚੋਣਾਂ ਦੌਰਾਨ ਬਰਗਾੜੀ ਮੋਰਚੇ ਦੇ ਆਗੂ ਧਿਆਨ ਸਿੰਘ ਮੰਡ ਨੇ ਦੋ ਰੋਸ ਮਾਰਚ ਕੀਤੇ ਹਨ।

ਇੱਕ ਮਾਰਚ ਉਨ੍ਹਾਂ ਨੇ ਬਠਿੰਡਾ ਹਲਕੇ ਵਿੱਚ ਅਤੇ ਦੂਜਾ ਫਿਰੋਜ਼ਪੁਰ ਵਿੱਚ ਕੀਤਾ। ਇਨ੍ਹਾਂ ਰੋਸ ਮਾਰਚ ਨੇ ਆਪਣੇ-ਆਪ ਨੂੰ ਪੰਥ ਦੇ ਨੁਮਾਇੰਦੇ ਵਜੋਂ ਪੇਸ਼ ਕਰਦੇ ਹੋਏ ਸਿੱਖ ਭਾਵਨਾਵਾਂ ਨੂੰ ਲੱਗੀ ਠੇਸ ਦੀ ਗੱਲ ਕੀਤੀ ਪਰ ਨਾਅਰਾ 'ਬਾਦਲ ਭਜਾਓ, ਪੰਥ ਬਚਾਓ' ਦਾ ਦਿੱਤਾ।

ਇਸ ਮੋਰਚੇ ਵਿੱਚ ਸ਼ਾਮਿਲ ਆਗੂ ਆਪਣੇ-ਆਪਣੇ ਰਾਹ ਤੁਰਦੇ ਰਹੇ ਹਨ ਅਤੇ ਹਰ ਵਾਰ ਆਪਣੀ (ਇੱਕ ਜਾਂ ਵੱਖ-ਵੱਖ) ਧਿਰ ਨੂੰ ਪੰਥ ਦੇ ਨੁਮਾਇੰਦੇ ਵਜੋਂ ਹੀ ਨਹੀਂ ਸਗੋਂ ਸਮੁੱਚੇ ਪੰਥ ਵਜੋਂ ਪੇਸ਼ ਕਰਦੇ ਰਹੇ ਹਨ।

ਇਹ ਵੀ ਪੜ੍ਹੋ:

ਫਿਰੋਜ਼ਪੁਰ ਹਲਕੇ ਵਿੱਚ ਰੋਸ ਮਾਰਚ ਦੌਰਾਨ ਬੀਬੀਸੀ ਪੰਜਾਬੀ ਦੇ ਸੁਰਿੰਦਰ ਮਾਨ ਨਾਲ ਗੱਲ ਕਰਦੇ ਧਿਆਨ ਸਿੰਘ ਮੰਡ ਨੇ ਕਿਹਾ, "ਪੰਥ ਮੈਦਾਨਿ-ਜੰਗ ਵਿੱਚ ਹੈ।"

ਇਸੇ ਦੌਰਾਨ ਧਿਆਨ ਸਿੰਘ ਮੰਡ ਦੁਆਲੇ ਜੁੜੇ ਮੁਜ਼ਾਹਰਾਕਾਰੀਆਂ ਦੀ ਭੀੜ ਖਿੰਡ ਗਈ ਹੈ ਅਤੇ ਰੋਸ ਮਾਰਚਾਂ ਵਿੱਚ ਸ਼ਾਮਿਲ ਕਾਰਾਂ ਅਤੇ ਹੋਰ ਗੱਡੀਆਂ ਦੀਆਂ ਸਵਾਰੀਆਂ ਖੁੱਲ੍ਹੀਆਂ ਸਫ਼ਰ ਕਰ ਰਹੀਆਂ ਹਨ।

ਇਨ੍ਹਾਂ ਹਾਲਾਤ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਚੋਣ ਜਲਸਾ ਬਰਗਾੜੀ ਵਿੱਚ ਹੁੰਦਾ ਹੈ ਤਾਂ ਬੇਅਦਬੀ ਕਾਂਡ ਦੀ ਠੇਸ ਦਾ ਮੁਜ਼ਾਹਰਾ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਜਾਂਦਾ ਹੈ।

‘ਨਹਿਰੂ ਤੋਂ ਬਾਅਦ ਰਾਹੁਲ ਨੂੰ ਬੇਅਦਬੀ ਦਾ ਦਰਦ ਆਇਆ’

ਇਨ੍ਹਾਂ ਮੁਜ਼ਾਹਰਾਕਾਰੀਆਂ ਵਿੱਚ ਕੋਈ ਨਾਮੀ ਚਿਹਰਾ ਨਹੀਂ ਹੈ ਪਰ ਬਿਆਨੀਆ ਜਿਉਂ ਦਾ ਤਿਉਂ ਕਾਇਮ ਹੈ। ਇਹ ਮੁਜ਼ਾਹਰਾਕਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਬਰਾਬਰ ਦੀਆਂ ਕਸੂਰਵਾਰ ਧਿਰਾਂ ਮੰਨਦੇ ਹਨ।

ਇਹ ਵੀ ਪੰਥ ਦੇ ਨੁਮਾਇੰਦੇ ਹਨ ਅਤੇ ਸਮੁੱਚਾ ਪੰਥ ਹਨ। ਬਰਗਾੜੀ ਮੋਰਚੇ ਦੀ ਹਮਾਇਤ ਕਰਨ ਵਾਲੇ ਵਿਦਵਾਨ ਬਿਲਕੁਲ ਚੁੱਪ ਹਨ।

ਬੀਰਦਵਿੰਦਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਬਰਗਾੜੀ ਮੋਰਚੇ ਨਾਲ ਜੁੜੀਆਂ ਆਸਾਂ ਦੇ ਨਿਹਫਲ ਹੋ ਜਾਣ ਤੋਂ ਬਾਅਦ ਆਪਣੀਆਂ ਮੁਹਿੰਮਾਂ ਦੀਆਂ ਮੁਹਾਰਾਂ ਮੋੜ ਚੁੱਕੇ ਹਨ ਪਰ ਉਨ੍ਹਾਂ ਦੇ ਬਿਆਨੀਏ ਵਿੱਚ 'ਘਰ ਵਾਪਸੀ' ਦੀ ਗੁੰਜ਼ਾਇਸ਼ ਕਾਇਮ ਹੈ।

ਬਰਗਾੜੀ ਦੇ ਚੋਣ ਜਲਸੇ ਦੌਰਾਨ ਕਾਂਗਰਸ ਦੇ ਫਰੀਦਕੋਟ ਤੋਂ ਉਮੀਦਵਾਰ ਮੁਹੰਮਦ ਸਦੀਕ ਦਾ ਬਿਆਨ ਅਹਿਮ ਹੈ।

ਉਹ ਆਪਣੇ ਆਗੂ ਰਾਹੁਲ ਗਾਂਧੀ ਦੀ ਸਿਫ਼ਤ ਕਰਦੇ ਹੋਏ ਕਹਿੰਦੇ ਹਨ ਕਿ ਪਹਿਲਾਂ 1922 ਵਿੱਚ ਬੇਅਦਬੀ ਦੀ ਠੇਸ ਮਹਿਸੂਸ ਕਰਦੇ ਹੋਏ ਜਵਾਹਰ ਲਾਲ ਨਹਿਰੂ ਆਏ ਸਨ ਅਤੇ ਨਾਭਾ ਜੇਲ੍ਹ ਵਿੱਚ ਬੰਦ ਰਹੇ ਸਨ। ਉਸ ਤੋਂ ਬਾਅਦ ਰਾਹੁਲ ਗਾਂਧੀ ਬਰਗਾੜੀ ਮੋਰਚੇ ਦੀ ਹਮਾਇਤ ਵਿੱਚ ਆਏ ਹਨ।

ਬਰਗਾੜੀ ਨੂੰ ਮਿਲੀ ਸਿਆਸੀ ਪਛਾਣ

ਇਸ ਚੋਣ ਜਲਸੇ ਵਿੱਚ ਕਾਂਗਰਸੀ ਆਗੂਆਂ ਦਾ ਨਿਸ਼ਾਨਾ ਬੇਅਦਬੀ ਕਾਂਡ ਰਾਹੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਤੇ ਟਿਕਿਆ ਰਿਹਾ। ਜਿਸ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਦਾਇਤ ਉੱਤੇ ਪੁਲਿਸ ਉਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਉਹ ਚੋਣ ਜਲਸਿਆਂ ਵਿੱਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦੇ ਹਨ ਜਿਨ੍ਹਾਂ ਨੂੰ ਉਂਝ ਮੁਲਜ਼ਮ ਵਜੋਂ ਵੀ ਨਾਮਜ਼ਦ ਨਹੀਂ ਕੀਤਾ ਗਿਆ।

ਬਰਗਾੜੀ ਇਸ ਸਿਆਸਤ ਦਾ ਗਵਾਹ ਹੈ। ਪਿੰਡ ਵਿੱਚ ਸਕੂਲ ਦੇ ਬੱਚਿਆਂ ਨੂੰ ਰਾਹੁਲ ਗਾਂਧੀ ਦੇ ਜਲਸੇ ਵਾਲੇ ਦਿਨ ਦੀ ਛੁੱਟੀ ਕਰ ਦਿੱਤੀ ਗਈ।

ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ 'ਬਰਗਾੜੀ ਮੋਰਚੇ' ਦੌਰਾਨ ਦਾਣਾ ਮੰਡੀ ਦਾ ਪਿੜ ਬਦਲ ਦਿੱਤਾ ਗਿਆ ਸੀ। ਆਖ਼ਰ ਬਰਗਾੜੀ ਇਸ ਸਾਰੇ ਰੁਝਾਨ ਦੀ ਕਿੰਨੀ ਕੁ ਥਾਹ ਪਾ ਸਕਿਆ ਹੈ?

ਬੀਬੀਸੀ ਪੰਜਾਬੀ ਦੇ ਸੁਖਚਰਨ ਪ੍ਰੀਤ ਨੂੰ ਕਾਂਗਰਸ ਦੇ ਚੋਣ ਜਲਸੇ ਤੋਂ ਪਹਿਲਾਂ ਸੁਦਾਗਰ ਸਿੰਘ ਨਾਮ ਦੇ ਬਜ਼ੁਰਗ ਨੇ ਦੱਸਿਆ ਕਿ ਬੇਅਦਬੀ ਤੋਂ ਬਾਅਦ ਹੀ ਵੱਡੇ ਸਿਆਸੀ ਆਗੂ ਇਸ ਪਿੰਡ ਆਉਣ ਲੱਗੇ ਹਨ।

ਇਸ ਤੋਂ ਪਹਿਲਾਂ ਕਦੇ ਇਹ ਪਿੰਡ ਸਿਆਸੀ ਨਕਸ਼ੇ ਉੱਤੇ ਨਹੀਂ ਸੀ। ਪਿੰਡ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਪਹਿਲਾਂ ਤਾਂ ਚੋਣ ਪ੍ਰਚਾਰ ਲਈ ਸਿਰਫ਼ ਮੁਕਾਮੀ ਆਗੂ ਹੀ ਆਉਂਦੇ ਸਨ ਪਰ ਇਸ ਵਾਰ ਸਾਰੀਆਂ ਧਿਰਾਂ ਦੇ ਵੱਡੇ ਆਗੂ ਆਏ ਹਨ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਿਨਾਂ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਰਗਾੜੀ ਸਿਆਸੀ ਨਕਸ਼ੇ ਉੱਤੇ ਅਹਿਮ ਥਾਂ ਵਜੋਂ ਉਭਰ ਆਇਆ ਹੈ ਪਰ ਬਰਗਾੜੀ ਤੋਂ ਸਿਆਸਤ ਦਾ ਕਿਹੋ-ਜਿਹਾ ਨਕਸ਼ਾ ਉਭਰਦਾ ਹੈ, ਇਸ ਸੁਆਲ ਤੋਂ ਸਿਆਸੀ ਧਿਰਾਂ (ਨਿਰੋਲ ਮਜ਼ਹਬੀ ਧਿਰਾਂ ਸਮੇਤ) ਕੰਨੀ ਖਿਸਕਾ ਗਈਆਂ ਹਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)