Results 2019: ਮੋਦੀ ਦੇ 9 ਬਿਆਨ ਜਿੰਨਾਂ ਨੇ ਵਿਗਿਆਨੀਆਂ ਤੇ ਇਤਿਹਾਸਕਾਰਾਂ ਨੂੰ ਸੋਚ 'ਚ ਪਾ ਦਿੱਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਬਾਲਾਕੋਟ ਵਿੱਚ ਹਮਲਾ ਕਰਨ ਗਏ ਸਾਡੇ ਹਵਾਈ ਜਹਾਜ਼ ਬੱਦਲ ਹੋਣ ਕਰਕੇ ਪਾਕਿਸਤਾਨੀ ਰਡਾਰ ਤੋਂ ਬਚ ਗਏ।

ਇਸ ਬਿਆਨ ਕਾਰਨ ਉਨ੍ਹਾਂ ਦਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਮਜ਼ਾਕ ਉਡਾਇਆ ਗਿਆ। ਉਨ੍ਹਾਂ ਦਾ ਬਿਆਨ ਜੋ ਵਿਗਿਆਨ ਦੀ ਕਸੌਟੀ ’ਤੇ ਖਰਾ ਨਹੀਂ ਉਤਰਦਾ, ਉਹ ਚਰਚਾ ਦਾ ਵਿਸ਼ਾ ਬਣਿਆ।

ਇਸੇ ਤਰ੍ਹਾਂ ਨਰਿੰਦਰ ਮੋਦੀ ਕਈ ਵਾਰੀ ਵਿਵਾਦਤ ਬਿਆਨ ਦੇ ਚੁੱਕੇ ਹਨ ਜੋ ਤੱਥਾਂ ਤੋਂ ਪਰੇ ਹਨ। ਪੇਸ਼ ਹਨ ਉਨ੍ਹਾਂ ਦੇ ਅਜਿਹੇ 9 ਬਿਆਨ:

1. ਰਡਾਰ ਬਾਰੇ ਬਿਆਨ

"ਏਅਰ ਸਟਰਾਈਕਜ਼ ਦੇ ਦਿਨ ਮੌਸਮ ਚੰਗਾ ਨਹੀਂ ਸੀ। ਮਾਹਿਰਾਂ ਦਾ ਮੰਨਣਾ ਸੀ ਕਿ ਹਮਲੇ ਦਾ ਦਿਨ ਬਦਲ ਦਿੱਤਾ ਜਾਵੇ। ਮੈਂ ਕਿਹਾ ਕਿ 'ਆਈ ਐਮ ਨਾਟ ਅ ਪਰਸਨ' ਜਿਹੜਾ ਸਾਰੇ ਵਿਗਿਆਨਾਂ ਬਾਰੇ ਜਾਣਦਾ ਹੋਵਾਂ.. ਪਰ ਮੈਂ ਸੁਝਾਅ ਦਿੱਤਾ ਕਿ ਬੱਦਲ ਹਨ, ਇੱਕ ਫਾਇਦਾ ਹੋ ਸਕਦਾ ਹੈ ਕਿ ਸਾਡੇ ਜਹਾਜ਼ ਰਡਾਰ ਤੋਂ ਬਚ ਸਕਦੇ ਹਨ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਬਿਆਨ ਇੱਕ ਨਿੱਜੀ ਚੈਨਲ ਨੂੰ ਪਾਕਿਸਤਾਨ ਦੇ ਬਾਲਾਕੋਟ ਹਵਾਈ ਹਮਲਿਆਂ ਦੇ ਸੰਦਰਭ ਵਿੱਚ ਦਿੱਤਾ ਜੋ ਕਿ ਫਰਵਰੀ ਵਿੱਚ ਕੀਤਾ ਗਿਆ ਸੀ।

2. 80ਵਿਆਂ ਵਿੱਚ ਈਮੇਲ ਭੇਜਣਾ

"ਮੇਰੇ ਕੋਲ 1987-88 ਵਿੱਚ ਇੱਕ ਡਿਜੀਟਲ ਕੈਮਰਾ ਸੀ। ਮੈਂ ਉਸ ਨਾਲ ਐਲਕੇ ਅਡਵਾਨੀ ਦੀ ਗੁਜਰਾਤ ਦੇ ਵਿਰਾਮਗਮ ਵਿੱਚ ਇੱਕ ਰੰਗੀਨ ਫੋਟੋ ਖਿੱਚੀ ਸੀ ਅਤੇ ਉਸ ਨੂੰ ਦਿੱਲੀ ਭੇਜਿਆ ਸੀ।"

ਇਸ ਨਾਲ ਹੀ ਜੁੜੀ ਇੱਕ ਹੋਰ ਗੱਲ ਪੀਐਮ ਮੋਦੀ ਨੇ ਇਸ ਟੀਵੀ ਇੰਟਰਵਿਊ ਵਿੱਚ ਕਹੀ ਕਿ ਉਹਨਾਂ ਨੇ ਇਹ ਫੋਟੋ ਈ-ਮੇਲ ਰਾਹੀਂ ਦਿੱਲੀ ਭੇਜੀ ਸੀ। ਉਸ ਵੇਲੇ ਕੁਝ ਹੀ ਲੋਕਾਂ ਕੋਲ ਈ-ਮੇਲ ਹੁੰਦੀ ਸੀ।

ਇਹ ਵੀ ਪੜ੍ਹੋ:

ਮੋਦੀ ਦਾ ਇਹ ਬਿਆਨ ਹਾਲ ਹੀ ਵਿੱਚ ਆਇਆ ਹੈ। ਦਿਲਚਸਪ ਗੱਲ ਇਹ ਹੈ ਕਿ ਕੋਡਕ ਕੰਪਨੀ ਨੇ ਆਪਣਾ ਪਹਿਲਾ ਕਨਜ਼ਿਊਮਰ ਡਿਜਿਟਲ ਕੈਮਰਾ 1995 ਵਿੱਚ ਵੇਚਿਆ ਸੀ ਅਤੇ ਵਿਦੇਸ਼ ਸੰਚਾਰ ਨਿਗਮ ਲਿਮਿਟਿਡ ਨੇ ਭਾਰਤ ਵਿੱਚ ਇੰਟਰਨੈਟ ਸੇਵਾ ਅਗਸਤ 1995 ਵਿੱਚ ਸ਼ੁਰੂ ਕੀਤੀ ਸੀ।

3. ਪਲਾਸਟਿਕ ਸਰਜਰੀ ਬਾਰੇ ਕੀਤਾ ਦਾਅਵਾ

ਅਕਤੂਬਰ 2014 ਵਿੱਚ ਇਹੋ ਜਿਹਾ ਹੀ ਇੱਕ ਹੋਰ ਵਿਵਾਦਿਤ ਬਿਆਨ ਨਰਿੰਦਰ ਮੋਦੀ ਨੇ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਪ੍ਰਾਚੀਨ ਭਾਰਤ ਵਿੱਚ ਆਧੁਨਿਕ ਮੈਡੀਕਲ ਅਭਿਆਸ ਪ੍ਰਚਲਿਤ ਸਨ। ਮੁੰਬਈ ਵਿੱਚ ਹੋ ਰਹੇ ਇੱਕ ਸਮਾਗਮ ਵਿਚ ਉਹਨਾਂ ਨੇ ਕਿਹਾ ਸੀ ਕਿ ਹੁਣ ਪਲਾਸਟਿਕ ਸਰਜਰੀ ਨੂੰ ਦੇਖੀਏ।

"ਮੈਨੂੰ ਲਗਦਾ ਹੈ ਕਿ ਦੁਨੀਆਂ ਦੀ ਸਭ ਤੋਂ ਪਹਿਲੀ ਪਲਾਸਟਿਕ ਸਰਜਰੀ ਇੱਕ ਮਨੁੱਖ ਦੇ ਸਰੀਰ ਅਤੇ ਹਾਥੀ ਦੇ ਮੱਥੇ ਨੂੰ ਜੋੜ ਕੇ ਗਣੇਸ਼ ਜੀ ਦਾ ਨਿਰਮਾਣ ਸੀ ਇਸ ਤੋਂ ਬਾਅਦ ਪਲਾਸਟਿਕ ਸਰਜਰੀ ਹੋਣੀ ਸ਼ੁਰੂ ਹੋ ਗਈ।"

4. ਕਰਨ ਦਾ ਜਨਮ ਸਟੈਮ ਸੈੱਲ ਨਾਲ ਹੋਣ ਦਾ ਦਾਅਵਾ

ਇਸੇ ਸਮਾਗਮ ਵਿਚ ਮੋਦੀ ਨੇ ਇਹ ਵੀ ਕਿਹਾ ਸੀ ਕਿ ਮਹਾਭਾਰਤ ਵਿੱਚ ਦੱਸਿਆ ਗਿਆ ਹੈ ਕਿ ਕਰਨ ਦਾ ਜਨਮ ਆਪਣੀ ਮਾਂ ਦੀ ਗਰਭ ਵਿੱਚ ਨਹੀਂ ਹੋਇਆ ਸੀ।

ਉਨ੍ਹਾਂ ਕਿਹਾ, “ਮੇਰੀ ਜੋ ਛੋਟੀ ਜਿਹੀ ਸਮਝ ਹੈ ਉਸ ਹਿਸਾਬ ਨਾਲ ਮੈਨੂੰ ਲਗਦਾ ਹੈ ਕਿ ਕਰਨ ਦਾ ਜਨਮ ਸਟੈਮ ਸੈੱਲ ਰਾਹੀਂ ਹੋਇਆ ਸੀ। ਉਹ ਵਿਗਿਆਨ ਜਾਂ ਤਕਨੀਕ ਕਰਕੇ ਹੋਇਆ ਸੀ। ਇਸ ਕਰਕੇ ਹੀ ਕਰਨ ਦਾ ਜਨਮ ਆਪਣੀ ਮਾਂ ਦੇ ਗਰਭ ਤੋਂ ਬਾਹਰ ਹੋਇਆ।"

ਇਹ ਵੀ ਪੜ੍ਹੋ:

5. ‘ਮੌਸਮ ਵਿੱਚ ਬਦਲਾਅ ਹੋਇਆ ਹੀ ਨਹੀਂ’

ਪ੍ਰਧਾਨ ਬਣਨ ਤੋਂ ਬਾਅਦ ਸਾਲ 2014 ਵਿੱਚ ਨਰਿੰਦਰ ਮੋਦੀ ਨੇ ਅਧਿਆਪਕ ਦਿਵਸ ਮੌਕੇ ਅਸਾਮ ਵਿੱਚ ਇੱਕ ਸਕੂਲ ਵਿੱਚ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੌਸਮ ਨਹੀਂ ਅਸੀਂ ਬਦਲ ਰਹੇ ਹਾਂ।

ਇੱਕ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਵਾਤਾਵਰਨ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਇਸ ਦਾ ਜਵਾਬ ਦਿੰਦਿਆਂ ਪੀਐਮ ਮੋਦੀ ਨੇ ਕਿਹਾ, "ਮੌਸਮ ਨਹੀਂ ਬਦਲਿਆ ਹੈ। ਅਸੀਂ ਬਦਲ ਗਏ ਹਾਂ। ਸਾਡੀਆਂ ਆਦਤਾਂ ਬਦਲ ਗਈਆਂ ਹਨ। ਸਾਡੀਆਂ ਆਦਤਾਂ ਵਿਗੜ ਗਈਆਂ ਹਨ।"

6. ਟੈਲੀਵਿਜ਼ਨ ਦੀ ਖੋਜ ਬਾਰੇ ਦਾਅਵਾ

ਸਾਲ 2014 ਵਿੱਚ ਹੀ ਨਰਿੰਦਰ ਮੋਦੀ ਨੇ ਭਾਰਤੀ ਰਿਸ਼ੀਆਂ ਬਾਰੇ ਕਿਹਾ ਕਿ ਉਹ ਆਪਣੀ ਯੋਗ ਵਿਦਿਆ ਨਾਲ ਦਿਵਿਆ ਦ੍ਰਿਸ਼ਟੀ ਹਾਸਲ ਕਰ ਲੈਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਟੈਲੀਵਿਜ਼ਨ ਦੀ ਖੋਜ ਇਸੇ ਨਾਲ ਜੁੜੀ ਹੋਈ ਹੈ।

ਦੀਨਾਨਾਥ ਬਤਰਾ ਦੀ ਸਕੂਲ ਦੀ ਕਿਤਾਬ ਦੀ ਇੱਕ ਭੂਮਿਕਾ ਵਿੱਚ ਮੋਦੀ ਨੇ ਇਹ ਕਿਹਾ ਹੈ।

7. ਸਿਕੰਦਰ ਬਿਹਾਰੀਆਂ ਤੋਂ ਹਾਰ ਗਿਆ ਸੀ - ਮੋਦੀ

ਪੀਐੱਮ ਮੋਦੀ ਨੇ ਸਾਲ 2013 ਵਿੱਚ ਕਿਹਾ ਸੀ ਕਿ ਸਿਕੰਦਰ ਦੀ ਸੈਨਾ ਨੇ ਸਾਰੀ ਦੁਨੀਆਂ ਉੱਤੇ ਜਿੱਤ ਹਾਸਲ ਕੀਤੀ ਪਰ ਬਿਹਾਰੀਆਂ ਕੋਲੋਂ ਹਾਰ ਗਿਆ। ਇਹ ਇਸ ਧਰਤੀ ਦੀ ਖਾਸੀਅਤ ਹੈ।

ਪਰ ਇੱਥੇ ਇਹ ਦੱਸਣ ਯੋਗ ਹੈ ਕਿ ਸਿਕੰਦਰ ਕਦੇ ਵੀ ਗੰਗਾ ਨਦੀ ਤੋਂ ਅੱਗੇ ਨਹੀਂ ਗਿਆ ਸੀ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ, "ਜੇ ਗਿਆਨ ਯੁਗ ਦੀ ਗੱਲ ਕਰੀਏ ਤਾਂ ਨਾਲੰਦਾ ਤੇ ਤਕਸ਼ਿਲਾ ਦੀ ਯਾਦ ਆਉਂਦੀ ਹੈ ਤੇ ਇਹ ਮੇਰਾ ਬਿਹਾਰ ਹੈ।"

ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪੀਐਮ ਮੋਦੀ ਦਾ ਕਾਫ਼ੀ ਮਜ਼ਾਕ ਉਡਾਇਆ ਗਿਆ।

8. ਭਗਤ ਸਿੰਘ ਨੂੰ ਕੋਈ ਕਾਂਗਰਸ ਆਗੂ ਮਿਲਣ ਗਿਆ ਸੀ?

ਇਸੇ ਤਰ੍ਹਾਂ 2018 ਵਿੱਚ ਕਰਨਾਟਕ ਵਿਚ ਚੋਣਾਂ ਦਾ ਪ੍ਰਚਾਰ ਕਰਦਿਆਂ ਮੋਦੀ ਨੇ ਕਾਂਗਰਸ 'ਤੇ ਨਿਸ਼ਾਨਾ ਲਗਾਉਂਦਿਆਂ ਸਵਾਲ ਕੀਤਾ ਸੀ ਕਿ, ਕੀ ਕੋਈ ਕਾਂਗਰਸ ਆਗੂ ਵੀਰ ਭਗਤ ਸਿੰਘ ਨੂੰ ਜੇਲ੍ਹ, ਅਦਾਲਤ ਅਤੇ ਹਸਪਤਾਲ ਵਿੱਚ ਮਿਲਣ ਗਿਆ ਸੀ?

ਪਰ ਇਸ ਦੀ ਸੱਚਾਈ ਇਹ ਹੈ ਕਿ ਜਵਾਹਰ ਲਾਲ ਨਹਿਰੂ ਜੂਨ 1929 ਵਿਚ ਭਗਤ ਸਿੰਘ ਨੂੰ ਮਿਲਣ ਗਏ ਸਨ।

9. ਸੰਤ ਕਬੀਰ, ਗੁਰੂ ਨਾਨਕ ਦੇਵ ਤੇ ਬਾਬਾ ਗੋਰਖਨਾਥ ਨੇ ਇਕੱਠੇ ਚਰਚਾ ਕੀਤੀ

2018 ਵਿੱਚ ਪੀਐਮ ਮੋਦੀ ਨੇ ਇੱਕ ਵਾਰ ਹੋਰ ਇਤਿਹਾਸਿਕ ਤੱਥ ਨਾਲ ਗੜਬੜ ਕਰ ਗਏ। ਮਘਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਸੰਤ ਕਬੀਰ, ਗੁਰੂ ਨਾਨਕ ਦੇਵ ਅਤੇ ਬਾਬਾ ਗੋਰਖਨਾਥ ਨੇ ਇਕੱਠੇ ਬੈਠ ਕੇ ਅਧਿਆਤਮਕ ਚਰਚਾ ਕੀਤੀ ਸੀ।

ਇਹ ਜ਼ਿਕਰਯੋਗ ਹੈ ਕਿ ਗੋਰਖਨਾਥ 11ਵੀਂ ਸ਼ਤਾਬਦੀ 'ਚ ਹੋਏ ਸਨ ਅਤੇ ਕਬੀਰ ਅਤੇ ਗੁਰੂ ਨਾਨਕ 15-16ਵੀਂ ਸ਼ਤਾਬਦੀ ਵਿਚ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)