ਹੇਮਾ ਮਾਲਿਨੀ ਦੀ ਫੋਟੋ ਸਾਡੀ ਮਿਹਨਤ ਨਾਲ ਮਜ਼ਾਕ ਹੈ - ਗ੍ਰਾਊਂਡ ਰਿਪੋਰਟ

    • ਲੇਖਕ, ਪੂਨਮ ਕੌਸ਼ਲ
    • ਰੋਲ, ਮਥੁਰਾ ਤੋਂ, ਬੀਬੀਸੀ ਦੇ ਲਈ

ਰਾਜੇਂਦਰੀ ਦੇਵੀ ਆਪਣੀਆਂ ਛੋਟੀਆਂ-ਛੋਟੀਆਂ ਪੋਤੀਆਂ ਦੇ ਨਾਲ ਕਣਕ ਦੀ ਫਸਲ ਦੀ ਵਾਢੀ ਕਰ ਰਹੀ ਹੈ। ਉਨ੍ਹਾਂ ਦਾ ਪੂਰਾ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਹੈ।

ਕਣਕ ਦੀ ਵਾਢੀ ਨੂੰ ਖੇਤੀ ਦਾ ਸਭ ਤੋਂ ਮੁਸ਼ਕਿਲ ਕੰਮ ਮੰਨਿਆ ਜਾਂਦਾ ਹੈ। ਇੱਕ ਤਾਂ ਗਰਮ ਮੌਸਮ ਅਤੇ ਉੱਪਰੋਂ ਐਨੀ ਮਿਹਨਤ।

ਇਹੀ ਕਾਰਨ ਹੈ ਕਿ ਜ਼ਮੀਦਾਰ ਕਿਸਾਨ ਕਣਕ ਦੀ ਵਾਢੀ ਆਪਣੇ ਹੱਥੀਂ ਕਰਨ ਦੀ ਬਜਾਏ ਰਾਜੇਂਦਰੀ ਦੇਵੀ ਵਰਗੇ ਮਜ਼ਦੂਰਾਂ ਤੋਂ ਕਰਵਾਉਂਦੇ ਹਨ।

ਰਾਜੇਂਦਰੀ ਦੇਵੀ ਤਿੰਨ ਬੀਘਾ ਵਿੱਚ ਬੀਜੀ ਗਈ ਕਣਕ ਦੀ ਫਸਲ ਵੱਢ ਰਹੀ ਹੈ। ਉਨ੍ਹਾਂ ਦੇ ਪਤੀ ਤੋਂ ਇਲਾਵਾ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਨੌਂ ਪੋਤੀਆਂ ਵੀ ਇਸ ਕੰਮ ਵਿੱਚ ਲੱਗੀਆਂ ਹਨ।

ਇਹ ਵੀ ਪੜ੍ਹੋ:

ਇਸ ਖੇਤ ਦੀ ਵਾਢੀ ਵਿੱਚ ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ ਅਤੇ ਇਸਦੇ ਬਦਲੇ ਵਿੱਚ ਉਨ੍ਹਾਂ ਨੂੰ 120 ਕਿੱਲੋ ਕਣਕ ਮਿਲੇਗੀ।

ਰਾਜੇਂਦਰੀ ਦੇਵੀ ਕਹਿੰਦੀ ਹੈ, "ਅਸੀਂ ਇੱਥੇ ਮਜ਼ਦੂਰੀ ਕਰਦੇ ਹਾਂ। ਖੇਤ-ਖੇਤ ਜਾ ਕੇ ਕਣਕ ਦੀ ਵਾਢੀ ਕਰਦੇ ਹਾਂ। ਤਿੰਨ ਬੀਘਾ ਕੱਟਣ ਦੇ ਬਦਲੇ 120 ਕਿੱਲੋ ਕਣਕ ਮਿਲੇਗੀ।''

ਉਹ ਕਹਿੰਦੀ ਹੈ, "ਰੋਜ਼ ਦੀ ਦੋ-ਢਾਈ ਸੌ ਰੁਪਏ ਮਜ਼ਦੂਰੀ ਵੀ ਨਹੀਂ ਮਿਲਦੀ। ਕੀ ਹੁੰਦਾ ਹੈ ਐਨੇ ਪੈਸਿਆਂ 'ਚ? ਇੱਕ ਕਿੱਲੋ ਤੇਲ ਨਹੀਂ ਮਿਲਦਾ। ਇਹ ਬਹੁਤ ਔਖਾ ਕੰਮ ਹੈ ਅਤੇ ਕਦੇ-ਕਦੇ ਤਾਂ ਮਜ਼ਦੂਰੀ ਵੀ ਨਹੀਂ ਮਿਲਦੀ। ਮਿਹਨਤ ਕਰਵਾ ਕੇ ਭਜਾ ਦਿੰਦੇ ਹਨ। ਅਸੀਂ ਰੋਂਦੇ ਹੋਏ ਆ ਜਾਂਦੇ ਹਾਂ।"

ਰਾਜੇਂਦਰੀ ਦੇਵੀ ਕੋਲ ਆਪਣੀ ਕੋਈ ਜ਼ਮੀਨ ਨਹੀਂ ਹੈ। ਛੇ ਸਾਲ ਪਹਿਲਾਂ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਦੀ ਮੌਤ ਤੋਂ ਬਾਅਦ ਪਿੱਛੇ ਰਹਿ ਗਈਆਂ ਨੌਂ ਪੋਤੀਆਂ, ਜਿਨ੍ਹਾਂ ਦਾ ਢਿੱਡ ਭਰਨ ਦੀ ਜ਼ਿੰਮੇਦਾਰੀ ਹੁਣ ਰਾਜੇਂਦਰੀ ਦੇਵੀ ਦੇ ਮੋਢਿਆਂ 'ਤੇ ਹੈ।

ਕਣਕ ਦੀ ਵਾਢੀ ਕਰਕੇ ਉਹ ਪੂਰੇ ਸਾਲ ਦੇ ਖਾਣੇ ਦਾ ਇੰਤਜ਼ਾਮ ਕਰੇਗੀ। ਰਾਜੇਂਦਰੀ ਦੇਵੀ ਕਹਿੰਦੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਰਕਾਰੀ ਯੋਜਨਾ ਦਾ ਫਾਇਦਾ ਨਹੀਂ ਮਿਲਦਾ ਹੈ।

ਉਹ ਕਹਿੰਦੀ ਹੈ, "ਕਿਸੇ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਹੈ। ਐਨੇ ਦੁਖੀ ਹਾਂ ਕਿ ਦੱਸ ਨਹੀਂ ਸਕਦੇ। ਕੋਈ ਕੁਝ ਨਹੀਂ ਦਿੰਦਾ ਹੈ। ਅਸੀਂ ਕਿਹਾ ਪੈਨਸ਼ਨ ਹੀ ਲਗਵਾ ਦਿਓ, ਇਨ੍ਹਾਂ ਬੱਚੀਆਂ ਨੂੰ ਕੁਝ ਖਾਣ-ਖਰਚਣ ਨੂੰ ਮਿਲ ਜਾਵੇਗਾ, ਕੋਈ ਪੈਨਸ਼ਨ ਨਹੀਂ ਲੱਗੀ। ਮੰਗ-ਮੰਗ ਕੇ ਤਾਂ ਕੱਪੜੇ ਪੁਆਂਦੇ ਹਾਂ।''

ਆਪਣੀ ਫਟੀ ਹੋਈ ਕਮੀਜ਼ ਦਿਖਾਉਂਦੇ ਹੋਏ ਉਹ ਕਹਿੰਦੀ ਹੈ, "ਅਸੀਂ ਅਜਿਹੇ ਫਟੇ ਹੋਏ ਕੱਪੜੇ ਪਹਿਨਣ ਦੇ ਲਾਇਕ ਹਾਂ। ਸਾਡੇ ਅੱਗੇ ਮਜਬੂਰੀ ਹੈ। ਜਦੋਂ ਉੱਪਰ ਚਲੇ ਜਾਵਾਂਗੇ ਉਦੋਂ ਹੀ ਮਜਬੂਰੀ ਦੂਰ ਹੋਵੇਗੀ ਸਾਡੀ ਉਸ ਤੋਂ ਪਹਿਲਾਂ ਨਹੀਂ ਹੋਵੇਗੀ।''

ਹਾਲ ਹੀ ਵਿੱਚ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਦੀ ਹੱਥ ਵਿੱਚ ਦਾਤੀ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ। ਡ੍ਰੀਮ ਗਰਲ ਹੇਮਾ ਮਾਲਿਨੀ ਸੱਤਾਧਾਰੀ ਪਾਰਟੀ ਦੀ ਪੋਸਟਰ ਗਰਲ ਵੀ ਹੈ।

ਵਿਕਾਸ ਦੀ 'ਕਾਲੀ ਕਹਾਣੀ'

ਜਿਸ ਖੇਤ ਵਿੱਚ ਰਾਜੇਂਦਰੀ ਕਣਕ ਦੀ ਵਾਢੀ ਕਰ ਰਹੀ ਹੈ ਉਹ ਯਮੁਨਾ ਐਕਸਪ੍ਰੈੱਸ ਵੇਅ ਨਾਲ ਜੁੜਦਾ ਹੈ।

ਇੱਕ ਪਾਸੇ ਦੇਸ ਦੇ ਤੇਜ਼ੀ ਨਾਲ ਦੌੜਦੇ ਵਿਕਾਸ ਦੀ ਰਫ਼ਤਾਰ ਹੈ ਅਤੇ ਦੂਜੇ ਪਾਸੇ ਆਪਣੀ ਜ਼ਿੰਦਗੀ ਦੇ ਖ਼ਤਮ ਹੋਣ ਦੀ ਉਡੀਕ ਕਰਦੀ ਇੱਕ ਮਜਬੂਰ ਮਜ਼ਦੂਰ।

ਬੱਚੀਆਂ ਤੋਂ ਕਣਕ ਵਢਾਵਾਉਣ ਦੇ ਸਵਾਲ 'ਤੇ ਉਹ ਕਹਿੰਦੀ ਹੈ, "ਕੋਈ ਤਾਂ ਸਹਾਰਾ ਮਿਲੇਗਾ। ਥੋੜ੍ਹੀ-ਬਹੁਤ ਕਣਕ ਤਾਂ ਮਿਲੇਗੀ। ਜਦੋਂ ਇਹ ਬੱਚੇ ਭੁੱਖੇ ਸੌਣਗੇ ਤਾਂ ਕੌਣ ਪੁੱਛੇਗਾ? ਕੋਈ ਮਦਦ ਨਹੀਂ ਕਰਦਾ, ਨਾ ਸਮਾਜ, ਨਾ ਸਰਕਾਰ। ਸਾਡੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਦੀਆਂ ਪੋਤੀਆਂ ਦੱਸਦੀਆਂ ਹਨ। ਅਸੀਂ ਸਵੇਰੇ ਸੱਤ ਵਜੇ ਖੇਤਾਂ ਵਿੱਚ ਆ ਜਾਂਦੇ ਹਾਂ, ਸ਼ਾਮ ਛੇ ਵਜੇ ਤੱਕ ਇੱਥੇ ਹੀ ਰਹਿੰਦੇ ਹਨ। ਪੂਰਾ ਦਿਨ ਕਣਕ ਦੀ ਵਾਢੀ ਕਰਦੇ ਹਾਂ।

ਖੇਤ ਮਾਲਕ ਸੱਤਿਆਪਾਲ ਸਿੰਘ ਕਹਿੰਦੇ ਹਨ, "ਹੇਮਾ ਮਾਲਿਨੀ ਨੇ ਫੋਟੋ ਖਿਚਵਾ ਕੇ ਦਿਖਾਵਾ ਕੀਤਾ ਹੈ। ਅਸਲ ਵਿੱਚ ਕਣਕ ਵੱਢਣਾ ਉਨ੍ਹਾਂ ਦੇ ਵਸ ਦੀ ਗੱਲ ਕਿੱਥੇ ਹੈ। ਇਹ ਬਹੁਤ ਮਿਹਨਤ ਦਾ ਕੰਮ ਹੈ। ਸਾਰਾ ਦਿਨ ਧੁੱਪ ਵਿੱਚ ਪਸੀਨਾ ਵਹਾਉਣਾ ਪੈਂਦਾ ਹੈ, ਸਾਡੇ ਤੋਂ ਵਾਢੀ ਨਹੀਂ ਹੁੰਦੀ, ਉਹ ਕਿੱਥੋਂ ਕਰੇਗੀ?"

ਜ਼ਮੀਨ ਤੋਂ ਵਾਂਝੇ ਕਿਸਾਨਾਂ ਦੀ ਹਾਲਤ

ਅਕਸਰ ਉਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਹੀ ਕਣਕ ਵੱਢਦੀਆਂ ਹਨ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੁੰਦੀ। ਤਿੰਨ ਬੱਚਿਆਂ ਦੀ ਮਾਂ ਪਿੰਕੀ ਆਪਣੇ ਪਰਿਵਾਰ ਦੇ ਨਾਲ ਕਣਕ ਵੱਢ ਰਹੀ ਹੈ।

ਇਸ ਕੰਮ ਨਾਲ ਉਨ੍ਹਾਂ ਦੇ ਹੱਥ ਸਖਤ ਹੋ ਗਏ ਹਨ, ਜ਼ਖਮ ਹੋ ਗਏ ਹਨ।

ਪਿੰਕੀ ਕਹਿੰਦੀ ਹੈ, "ਹੱਥਾਂ ਵਿੱਚ ਬਹੁਤ ਦਰਦ ਹੁੰਦਾ ਹੈ। ਮਜ਼ਦੂਰੀ ਬਸ ਐਨੀ ਮਿਲਦੀ ਹੈ ਕਿ ਢਿੱਡ ਹੀ ਭਰਦਾ ਹੈ। ਸਾਨੂੰ ਇਸ ਕੰਮ ਦੇ ਬਦਲੇ ਪੈਸੇ ਨਹੀਂ ਮਿਲਦੇ ਹਨ ਸਿਰਫ਼ ਕਣਕ ਹੀ ਮਿਲਦੀ ਹੈ।''

"ਸਾਡੇ ਗਰੀਬਾਂ ਲਈ ਕੁਝ ਵੀ ਨਹੀਂ ਹੈ। ਵੋਟ ਪਾਉਂਦੇ ਹਾਂ। ਨੇਤਾ ਬਣਨ ਤੋਂ ਬਾਅਦ ਕੋਈ ਪੁੱਛਦਾ ਵੀ ਨਹੀਂ ਹੈ। ਕੱਚੇ ਘਰਾਂ ਵਿੱਚ ਰਹਿੰਦੇ ਹਾਂ। ਚੋਣਾਂ ਦੇ ਦਿਨਾਂ ਵਿੱਚ ਮੁਫ਼ਤ ਸ਼ਰਾਬ ਵੰਡਦੇ ਹਨ। ਪੀਓ ਮੌਜ ਕਰੋ, ਔਰਤਾਂ ਲਈ ਕੁਝ ਵੀ ਨਹੀਂ ਹੈ।''

ਉਹ ਕਹਿੰਦੀ ਹੈ, "ਅਸੀਂ ਖੇਤਾਂ ਵਿੱਚ ਕੰਮ ਕਰਦੇ ਹਾਂ, ਫਿਰ ਘਰ ਜਾ ਕੇ ਖਾਣਾ ਵੀ ਬਣਾਉਂਦੇ ਹਾਂ। ਮਰਦਾਂ ਤੋਂ ਵੀ ਵੱਧ ਕੰਮ ਕਰਦੇ ਹਾਂ। ਹੱਥਾਂ ਵਿੱਚ ਐਨਾ ਦਰਦ ਹੁੰਦਾ ਹੈ ਫਿਰ ਵੀ ਕੰਮ ਕਰਦੇ ਹਾਂ।"

'ਰੋਂਦੇ-ਰੋਂਦੇ ਲੰਘਦੀ ਹੈ ਰਾਤ'

ਸਾਵਿੱਤਰੀ ਦੇਵੀ ਕੋਲ ਵੀ ਜ਼ਮੀਨ ਨਹੀਂ ਹੈ। ਉਹ ਸਵੇਰੇ ਪਹਿਲਾਂ ਘਰ ਦਾ ਕੰਮ ਕਰਦੀ ਹੈ ਫਿਰ ਖੇਤਾਂ 'ਚ ਵਾਢੀ ਕਰਨ ਆਉਂਦੀ ਹੈ। ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਜਦੋਂ ਦਿਨ ਖ਼ਤਮ ਹੋਣ 'ਤੇ ਉਹ ਘਰ ਪਹੁੰਚਦੀ ਹੈ ਤਾਂ ਉਨ੍ਹਾਂ ਕੋਲ ਆਰਾਮ ਕਰਨ ਲਈ ਸਮਾਂ ਨਹੀਂ ਹੁੰਦਾ। ਉਹ ਬੱਚਿਆਂ ਲਈ ਖਾਣਾ ਬਣਾਉਂਦੀ ਹੈ, ਪੂਰੇ ਪਰਿਵਾਰ ਨੂੰ ਰੋਟ ਖੁਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਕੁਝ ਆਰਾਮ ਮਿਲਦਾ ਹੈ।

ਅਕਸਰ ਪਤੀ ਦਾਰੂ ਦੇ ਨਸ਼ੇ ਵਿੱਚ ਹੁੰਦੇ ਹਨ ਤੇ ਕੁਝ ਕਹਿਣ 'ਤੇ ਮਾਰਦੇ ਹਨ। ਉਹ ਕਹਿੰਦੀ ਹੈ ਕਿ ਕਈ ਵਾਰ ਰੋਂਦੇ-ਰੋਂਦੇ ਰਾਤ ਲੰਘ ਜਾਂਦੀ ਹੈ।

ਉਹ ਕਹਿੰਦੀ ਹੈ ਕਿ ਅਜੇ ਤੱਕ ਕਿਸੇ ਵੀ ਸਰਕਾਰ ਦੀ ਯੋਜਨਾ ਦਾ ਫਾਇਦਾ ਉਨ੍ਹਾਂ ਨੂੰ ਨਹੀਂ ਮਿਲਦਾ ਹੈ।

ਉਹ ਕਹਿੰਦੀ ਹੈ, "ਸਰਕਾਰ ਵੀ ਸਾਡੇ ਗਰੀਬਾਂ ਲਈ ਕੁਝ ਨਹੀਂ ਕਰ ਰਹੀ। ਮਰਦ ਗਾਲਾਂ ਕੱਢਦੇ ਹਨ। ਸ਼ਾਮ-ਸਵੇਰੇ ਮਾਰਦੇ ਹਨ। ਮਰਦ ਜੰਗਲ ਵਿੱਚ ਛੇੜਦੇ ਹਨ। ਸਾਰਾ ਦਿਨ ਭੁੱਖੇ ਬਾਲ-ਬੱਚਿਆਂ ਨੂੰ ਲੈ ਕੇ ਜੰਗਲ ਵਿੱਚ ਬੈਠੇ ਰਹਿੰਦੇ ਹਾਂ।''

"ਅਨਾਜ-ਪਾਣੀ ਐਨਾ ਮਹਿੰਗਾ ਹੋ ਗਿਆ, ਤੇਲ ਵੀ ਬਹੁਤ ਮਹਿੰਗਾ ਹੈ। ਸਬਜ਼ੀ ਵੀ ਬਹੁਤ ਮਹਿੰਗੀ ਹੈ। ਬੱਚਿਆਂ ਨੂੰ ਕਿਵੇਂ ਪਾਲ ਰਹੇ ਹਾਂ ਕਿਸੇ ਨੂੰ ਨਹੀਂ ਪਤਾ? ਸ਼ਰਾਬ ਵਾਲੇ ਤਾਂ ਸ਼ਰਾਬ ਪੀ ਕੇ ਸੁੱਤੇ ਰਹਿੰਦੇ ਹਾਂ, ਉਨ੍ਹਾਂ ਨੂੰ ਕੀ ਪਤਾ ਬੱਚੇ ਕਿਵੇਂ ਪਲ ਰਹੇ ਹਨ।''

ਫੋਟੋ ਖਿਚਵਾਉਣਾ ਹੋਰ ਗੱਲ ਤੇ ਕਣਕ ਵੱਢਣੀ ਹੋਰ

ਉੱਧਰ ਰਾਜਧਾਨੀ ਦਿੱਲੀ ਤੋਂ ਕੁਝ ਹੀ ਦੂਰ ਦਾਦਰੀ ਖੇਤਰ ਦੇ ਇੱਕ ਪਿੰਡ ਵਿੱਚ ਕਸ਼ਮੀਰੀ ਆਪਣੇ ਦੋ ਨੌਜਵਾਨ ਬੇਰੁਜ਼ਗਾਰ ਮੁੰਡਿਆਂ ਦੇ ਨਾਲ ਕਣਕ ਦੀ ਵਾਢੀ ਕਰ ਰਹੀ ਹੈ।

ਹੇਮਾ ਮਾਲਿਨੀ ਦੀ ਤਸਵੀਰ ਦੇਖਦੇ ਹੋਏ ਉਹ ਕਹਿੰਦੀ ਹੈ, "ਫੋਟੋ ਖਿਚਾਉਣਾ ਹੋਰ ਕੰਮ ਹੈ, ਕਣਕ ਦੀ ਵਾਢੀ ਕਰਨਾ ਹੋਰ। ਇਹ ਖੇਤੀਬਾੜੀ ਦਾ ਸਭ ਤੋਂ ਭਾਰੀ ਕੰਮ ਹੈ। ਅਜਿਹੀ ਫੋਟੋ ਸਾਡੀ ਮਿਹਨਤ ਨਾਲ ਮਜ਼ਾਕ ਹੈ।''

ਕਸ਼ਮੀਰੀ ਕਹਿੰਦੀ ਹੈ, "ਸਿਰ ਦਾ ਪਸੀਨਾ ਪੈਰਾਂ ਵਿੱਚੋਂ ਨਿਕਲ ਜਾਂਦਾ ਹੈ। ਮਜਬੂਰੀ ਹੈ ਤਾਂ ਇਹ ਮਜ਼ਦੂਰੀ ਕਰ ਰਹੇ ਹਨ। ਗਰਮੀ ਲਗਦੀ ਹੈ ਬਹੁਤ ਔਖਾ ਕੰਮ ਹੈ। ਤਿੰਨ ਚਾਰ ਲੋਕ ਲੱਗੇ ਹਨ। ਪੂਰੇ ਦਿਨ ਵਿੱਚ ਇੱਕ ਬੀਘਾ ਵੀ ਨਹੀਂ ਪੂਰੀ ਹੋਵੇਗਾ। ਬੱਚਿਆਂ ਦਾ ਢਿੱਡ ਭਰਨਾ ਹੈ ਇਸ ਲਈ ਕਰ ਰਹੇ ਹਾਂ।"

ਰਾਜੇਂਦਰੀ ਦੀ ਤਰ੍ਹਾਂ ਹੀ ਕਸ਼ਮੀਰੀ ਨੂੰ ਵੀ ਕਿਸੇ ਸਰਕਾਰੀ ਯੋਜਨਾ ਦਾ ਕੋਈ ਫਾਇਦਾ ਨਹੀਂ ਮਿਲਿਆ ਹੈ। ਖੇਤਾਂ ਦੀ ਵਾਢੀ ਦੇ ਬਦਲੇ ਉਨ੍ਹਾਂ ਨੂੰ ਕਣਕ ਮਿਲੇਗੀ।

ਉਹ ਕਹਿੰਦੀ ਹੈ, "ਮਿੱਟੀ ਦੇ ਕੱਚੇ ਮਕਾਨ ਵਿੱਚ ਸਮਾਂ ਲੰਘ ਰਿਹਾ ਹੈ। ਪੂਰੇ ਪਿੰਡ ਵਿੱਚ ਸਾਡਾ ਹੀ ਮਕਾਨ ਸਭ ਤੋਂ ਕੱਚਾ ਹੈ ਪਰ ਕਿਸੇ ਨੇ ਸਾਡਾ ਘਰ ਨਹੀਂ ਬਣਵਾਇਆ।''

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਸ਼ਮੀਰੀ ਵਰਗੇ ਗ਼ਰੀਬ ਪਰਿਵਾਰਾਂ ਦਾ ਘਰ ਬਣਵਾਉਣ ਵਿੱਚ ਸਰਕਾਰ ਢਾਈ ਲੱਖ ਰੁਪਏ ਤੱਕ ਦੀ ਮਦਦ ਕਰਦੀ ਹੈ।

ਪਰ ਕਸ਼ਮੀਰੀ ਦੀ ਮਦਦ ਕਰਨ ਅਜੇ ਤੱਕ ਕੋਈ ਨਹੀਂ ਆਇਆ ਹੈ।

ਇਹ ਵੀ ਪੜ੍ਹੋ:

ਇੱਥੋਂ ਕੁਝ ਹੀ ਦੂਰੀ 'ਤੇ ਜੈਪਾਲੀ ਆਪਣੀ ਇੱਕ ਗੁਆਂਢਣ ਨਾਲ ਮਿਲ ਕੇ ਖੇਤਾਂ ਵਿੱਚ ਵਾਢੀ ਕਰ ਰਹੀ ਹੈ।

ਉਨ੍ਹਾਂ ਦਾ ਦਰਦ ਵੀ ਅਜਿਹਾ ਹੈ ਜਿਵੇਂ ਕਸ਼ਮੀਰੀ ਅਤੇ ਰਾਜੇਂਦਰੀ ਦਾ। ਸਾਲ ਭਰ ਦੇ ਖਾਣੇ ਲਈ ਉਹ ਇੰਤਜ਼ਾਮ ਕਰ ਰਹੀ ਹੈ।

ਉਹ ਕਹਿੰਦੀ ਹੈ, "ਕੰਮ ਕੀ ਕਰ ਰਹੇ ਹਾਂ, ਗਰਮੀ ਵਿੱਚ ਮਰ ਰਹੇ ਹਾਂ। ਨਹੀਂ ਕਰਾਂਗੇ ਤਾਂ ਬੱਚੇ ਕਿਵੇਂ ਪਾਲਾਂਗੇ। ਗਰਮੀ ਹੋਵੇ ਭਾਵੇਂ ਸਰਦੀ ਅਸੀਂ ਤਾਂ ਮਿਹਨਤ ਹੀ ਕਰਨੀ ਹੈ।''

'ਕਿੱਥੋਂ ਭਰੀਏ ਬਿਜਲੀ ਦਾ ਬਿੱਲ'

ਉਹ ਕਹਿੰਦੀ ਹੈ, "ਪਹਿਲਾਂ ਬਿਜਲੀ ਦਾ ਬਿੱਲ ਘੱਟ ਆਉਂਦਾ ਸੀ। ਹੁਣ ਹਜ਼ਾਰ ਰੁਪਏ ਮਹੀਨਾ ਆ ਰਿਹਾ ਹੈ। ਸਾਡੇ ਵਰਗਾ ਗ਼ਰੀਬ ਆਦਮੀ ਕਿੱਥੋਂ ਐਨਾ ਬਿੱਲ ਭਰੇਗਾ। ਹੁਣ ਤਾਂ 35,000 ਤੱਕ ਪਹੁੰਚ ਗਿਆ ਹੈ। ਕੋਈ ਸਾਡਾ ਬਿੱਲ ਘੱਟ ਕਰ ਦੇਵੇ ਤਾਂ ਬੜੀ ਮਦਦ ਹੋਵੇਗੀ।''

ਉਨ੍ਹਾਂ ਨੂੰ ਕਿਸੇ ਸਰਕਾਰ ਜਾਂ ਪਾਰਟੀ ਦੇ ਵਾਅਦੇ 'ਤੇ ਕੋਈ ਭਰੋਸਾ ਨਹੀਂ ਹੈ। ਪਰ ਜਦੋਂ ਉਨ੍ਹਾਂ ਨੂੰ ਸਿੱਧਾ ਖਾਤੇ ਵਿੱਚ ਪੈਸੇ ਆਉਣ ਦੀ ਪ੍ਰਸਤਾਵਿਤ ਯੋਜਨਾ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ, "ਜੇਕਰ ਅਜਿਹਾ ਹੋ ਜਾਵੇ, ਸਿੱਧਾ ਪੈਸਾ ਸਾਡੇ ਖਾਤੇ ਵਿੱਚ ਆ ਜਾਵੇ ਤਾਂ ਅਸੀਂ ਇੱਥੇ ਗਰਮੀ ਵਿੱਚ ਕਿਉਂ ਸੜਾਂਗੇ।''

ਇੱਥੋਂ ਕਰੀਬ 50 ਕਿੱਲੋਮੀਟਰ ਦੂਰ ਗੰਗਾਨਗਰ ਦੇ ਕਿਨਾਰੇ ਵਸੇ ਮੇਰਠ ਜ਼ਿਲ੍ਹੇ ਦੇ ਭੋਲਾ ਝਾਲ ਪਿੰਡ ਦੀ ਰਹਿਣ ਵਾਲੀ ਮੁੰਨੀ ਦੇਵੀ ਆਪਣੀਆਂ ਧੀਆਂ ਨੂੰ ਨਾਲ ਲੈ ਕੇ ਜੰਗਲ ਜਾ ਰਹੀ ਹੈ।

ਉਨ੍ਹਾਂ ਦੇ ਹੱਥ ਵਿੱਚ ਦਾਤੀ ਹੈ।

ਉਹ ਕਹਿੰਦੀ ਹੈ, "ਲੱਕੜੀ ਕੱਟਣ ਜਾ ਰਹੇ ਹਾਂ। ਜੰਗਲ ਵਿੱਚ ਲੱਕੜੀ ਕੱਟਾਂਗੇ ਤਾਂ ਹੀ ਘਰ ਵਿੱਚ ਸ਼ਾਮ ਨੂੰ ਚੁੱਲ੍ਹਾ ਬਲੇਗਾ।''

ਕੇਂਦਰ ਸਰਕਾਰ ਦੀ ਉੱਜਵਲਾ ਯੋਜਨਾ ਦਾ ਫਾਇਦਾ ਮੁੰਨੀ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਦੇ ਨਾਲ ਜਾ ਰਹੀ ਉਨ੍ਹਾਂ ਦੀ ਨਾਬਾਲਿਗ ਧੀ ਨਿਸ਼ਾ ਅੱਗੇ ਵਧਣਾ ਚਾਹੁੰਦੀ ਹੈ ਪਰ ਛੇਤੀ ਹੀ ਉਸਦਾ ਵਿਆਹ ਕਰ ਦਿੱਤਾ ਜਾਵੇਗਾ।

ਨਿਸ਼ਾ ਅਜੇ ਵਿਆਹ ਨਹੀਂ ਕਰਨਾ ਚਾਹੁੰਦੀ।

ਪਰ ਕਹਿੰਦੀ ਹੈ, "ਮੰਮੀ-ਪਾਪਾ ਮਜਬੂਰ ਹਨ। ਘਰ ਵਿੱਚ ਕੁਝ ਨਹੀਂ ਹੈ। ਕਰਜ਼ਾ ਚੜ੍ਹਿਆ ਹੈ। ਮਕਾਨ ਗਹਿਣੇ ਪਿਆ ਹੈ। ਮੇਰੇ ਕੋਲ ਕੋਈ ਰਸਤਾ ਨਹੀਂ ਹੈ।''

ਮੁੰਨੀ ਦੇ ਪਤੀ ਮਜ਼ਦੂਰੀ ਕਰਦੇ ਹਨ ਅਤੇ ਅਕਸਰ ਸ਼ਾਮ ਨੂੰ ਸ਼ਰਾਬ ਪੀ ਕੇ ਲੜਾਈ ਕਰਦੇ ਹਨ।

ਚੋਣਾਂ ਦੇ ਮੌਸਮ ਵਿੱਚ ਉਨ੍ਹਾਂ ਨੂੰ ਕਿਸੇ ਨੇਤਾ ਤੋਂ ਕੋਈ ਉਮੀਦ ਨਹੀਂ ਹੈ। ਉਹ ਕਹਿੰਦੀ ਹੈ, "ਸਾਡੇ ਵਰਗੇ ਗਰੀਬਾਂ ਦਾ ਕੋਈ ਕੁਝ ਨਹੀਂ ਕਰਦਾ। ਤੁਸੀਂ ਕੁਝ ਕਰਵਾ ਦਿਓ ਤਾਂ ਭਲਾ ਹੋਵੇ।''

ਕਣਕ ਦੀ ਫਸਲ ਦੀ ਵਾਢੀ ਕਰ ਰਹੀਆਂ ਜਿੰਨੀਆਂ ਵੀ ਔਰਤਾਂ ਨੂੰ ਮੈਂ ਮਿਲੀ ਉਹ ਦਲਿਤ ਵਰਗ ਤੋਂ ਸਨ। ਹੇਮਾ ਮਾਲਿਨੀ ਦੀ ਤਸਵੀਰ ਉਨ੍ਹਾਂ ਦੀ ਮਿਹਨਤ ਅਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਮਜ਼ਾਕ ਜਿਹਾ ਲਗਦੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)