ਸਿਆਸਤ 'ਚ ਆਕੇ ਹਲਚਲ ਮਚਾਉਣ ਵਾਲੀ ਪ੍ਰਿਅੰਕਾ ਗਾਂਧੀ ਅਚਾਨਕ ਕਿੱਥੇ ਗਾਇਬ ਹੋ ਗਈ

    • ਲੇਖਕ, ਅਪਰਣਾ ਦ੍ਰਿਵੇਦੀ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ

ਕਾਂਗਰਸ ਦੀ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਪਹਿਲੀ ਸੂਚੀ ਆਈ ਤਾਂ ਵਰਕਰਾਂ ਤੋਂ ਲੈ ਕੇ ਪੱਤਰਕਾਰਾਂ ਤੱਕ ਸਭ ਦੀਆਂ ਨਜ਼ਰਾਂ ਲਿਸਟ ਵਿੱਚ ਪ੍ਰਿਅੰਕਾ ਗਾਂਧੀ ਨੂੰ ਲੱਭ ਰਹੀਆਂ ਸਨ।

ਮੰਨਿਆ ਜਾ ਰਿਹਾ ਸੀ ਕਿ ਖਰਾਬ ਸਿਹਤ ਕਾਰਨ ਸੋਨੀਆ ਗਾਂਧੀ ਰਾਏਬਰੇਲੀ ਤੋਂ ਚੋਣ ਨਹੀਂ ਲੜਨਗੇ ਅਤੇ ਉਨ੍ਹਾਂ ਦੀ ਥਾਂ ਪ੍ਰਿਅੰਕਾ ਗਾਂਧੀ ਚੋਣ ਮੈਦਾਨ ਵਿੱਚ ਉਤਰਨਗੇ।

ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਕਾਂਗਰਸ ਨੇ ਇਨ੍ਹਾਂ ਵਿੱਚੋਂ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ

ਰਾਏਬਰੇਲੀ ਤੋਂ ਸੋਨੀਆ ਗਾਂਧੀ ਅਤੇ ਅਮੇਠੀ ਤੋਂ ਰਾਹੁਲ ਗਾਂਧੀ ਦੇ ਇਲਾਵਾ ਕਾਂਗਰਸ ਦੇ ਪੁਰਾਣੇ ਵੱਡੇ ਆਗੂ ਆਪੋ-ਆਪਣੀਆਂ ਸੀਟਾਂ ਤੋਂ ਚੋਣ ਲੜਨ ਦੀ ਤਿਆਰੀ ਵਿੱਚ ਹਨ। 2014 ਦੀ ਮੋਦੀ ਲਹਿਰ ਵਿੱਚ ਕਾਂਗਰਸ ਰਾਏਬਰੇਲੀ ਅਤੇ ਅਮੇਠੀ ਹੀ ਬਚਾ ਸਕੀ ਸੀ।

ਪ੍ਰਿਅੰਕਾ ਕਾਂਗਰਸ ਦੀ ਮਜਬੂਰੀ

ਇਸ ਸਾਲ ਜਦੋਂ ਪ੍ਰਿਅੰਕਾ ਗਾਂਧੀ ਦੇ ਸਰਗਰਮ ਸਿਆਸਤ ਵਿੱਚ ਆਉਣ ਦਾ ਐਲਾਨ ਹੋਇਆ ਸੀ ਤਾਂ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਵਿਰੋਧੀ ਪਾਰਟੀਆਂ ਲਈ ਬਹੁਤ ਵੱਡੀ ਚੁਣੌਤੀ ਬਣੇਨਗੇ। ਜਾਣਕਾਰ ਮੰਨਦੇ ਹਨ ਕਿ ਪ੍ਰਿਅੰਕਾ ਗਾਂਧੀ ਨੂੰ ਸਰਗਰਮ ਸਿਆਸਤ ਵਿੱਚ ਲਿਆਉਣਾ ਕਾਂਗਰਸ ਦੀ ਮਜਬੂਰੀ ਵੀ ਸੀ।

ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੇ ਐਲਾਨ ਨੇ ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਸਨ। ਉੱਤਰ ਪ੍ਰਦੇਸ਼ ਦੀਆਂ ਇਨ੍ਹਾਂ ਪਾਰਟੀਆਂ ਨੇ ਦੇਸ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਨੂੰ ਨਜ਼ਰਅੰਦਾਜ਼ ਕੀਤਾ।

ਇਹ ਵੀ ਪੜ੍ਹੋ:

ਸਪਾ ਅਤੇ ਬਸਪਾ ਤੋਂ ਮਿਲੇ ਇਸ ਸਬਕ ਨਾਲ ਕਾਂਗਰਸ ਨੇ ਸ਼ੁਰੂਆਤ ਵਿੱਚ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ, ਹਾਲਾਂਕਿ ਉਸ ਨੇ ਇੱਕੋ ਜਿਹੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਨਾਲ ਗਠਜੋੜ ਵੱਲ ਇਸ਼ਾਰਾ ਕੀਤਾ।

ਪ੍ਰਿਅੰਕਾ ਗਾਂਧੀ ਦੇ ਆਉਣ ਨਾਲ ਨਾ ਸਿਰਫ਼ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਵਧਿਆ ਸਗੋਂ ਮੀਡੀਆ ਵਿੱਚ ਵੀ ਕਾਂਗਰਸ ਮੁੜ ਤੋਂ ਖ਼ਬਰਾਂ ਵਿੱਚ ਆ ਗਈ।

ਖਾਸ ਤੌਰ 'ਤੇ ਜਿਸ ਖੇਤਰ ਦੀ ਜ਼ਿੰਮੇਵਾਰੀ ਪ੍ਰਿਅੰਕਾ ਗਾਂਧੀ ਨੂੰ ਦਿੱਤੀ ਗਈ ਯਾਨਿ ਪੂਰਬੀ ਉੱਤਰ ਪ੍ਰਦੇਸ਼ ਉੱਥੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਹੈ। ਨਾਲ ਹੀ ਕਾਂਗਰਸ ਨੇ ਸਪਾ ਬਸਪਾ ਗਠਜੋੜ ਨੂੰ ਵੀ ਇਸ਼ਾਰਾ ਕੀਤਾ ਕਿ ਉਹ ਉਸ ਨੂੰ ਘੱਟ ਨਾ ਸਮਝੇ।

ਪ੍ਰਿਅੰਕਾ ਦਾ ਉੱਤਰ ਪ੍ਰਦੇਸ਼ ਦੌਰਾ

ਪ੍ਰਿਅੰਕਾ ਗਾਂਧੀ ਨੇ ਪਾਰਟੀ ਦਫ਼ਤਰ ਆਉਣ ਤੋਂ ਬਾਅਦ ਜ਼ੋਰ-ਸ਼ੋਰ ਨਾਲ ਕੰਮ ਸ਼ੁਰੂ ਕੀਤਾ। ਉਨ੍ਹਾਂ ਦਾ ਚਾਰ ਦਿਨ ਦਾ ਉੱਤਰ ਪ੍ਰਦੇਸ਼ ਦੌਰਾ ਸੁਰਖੀਆਂ ਵਿੱਚ ਰਿਹਾ।

ਸਿਆਸਤ ਵਿੱਚ ਰਸਮੀ ਐਂਟਰੀ ਤੋਂ ਬਾਅਦ ਲਖਨਊ ਦੇ ਪਹਿਲੇ ਦੌਰੇ ਵਿੱਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਚਾਰ ਦਿਨ ਅਤੇ ਪੰਜ ਰਾਤਾਂ ਦੌਰਾਨ ਪਾਰਟੀ ਦੇ 4 ਹਜ਼ਾਰ ਤੋਂ ਵੱਧ ਵਰਕਰਾਂ ਨਾਲ ਮੁਲਾਕਾਤ ਕੀਤੀ।

ਜਿਸ ਦਿਨ ਪ੍ਰਿਅੰਕਾ ਗਾਂਧੀ ਮੀਡੀਆ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ ਉਸੇ ਦਿਨ ਪੁਲਵਾਮਾ ਹਾਦਸਾ ਹੋ ਗਿਆ। ਉਦੋਂ ਪ੍ਰਿਅੰਕਾ ਨੇ ਮੀਡੀਆ ਸਾਹਮਣੇ ਕਿਹਾ ਕਿ ਇਹ ਸਮਾਂ ਸਿਆਸਤ ਦੀ ਗੱਲ ਦਾ ਨਹੀਂ ਹੈ। ਉਸ ਤੋਂ ਬਾਅਦ ਪ੍ਰਿਅੰਕਾ ਖ਼ਬਰਾਂ ਦੀਆਂ ਸੁਰਖ਼ੀਆਂ ਤੋਂ ਗਾਇਬ ਹੋ ਗਏ।

ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਦੇਸ ਵਿੱਚ ਜਦੋਂ-ਜਦੋਂ ਸੰਕਟ ਦੇ ਬੱਦਲ ਆਉਂਦੇ ਹਨ ਉਦੋਂ-ਉਦੋਂ ਕਾਂਗਰਸ ਸਿਆਸਤ ਛੱਡ ਕੇ ਦੇਸ ਹਿੱਤਾਂ ਵਿੱਚ ਕੰਮ ਕਰਦੀ ਹੈ।

ਪੁਲਵਾਮਾ ਹਮਲੇ ਸਮੇਂ ਪ੍ਰਿਅੰਕਾ ਗਾਂਧੀ ਦਾ ਸਿਆਸਤ 'ਤੇ ਗੱਲ ਨਾ ਕਰਨਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਸਿਆਸੀ ਰੂਪ ਤੋਂ ਸਮਝਦਾਰ ਹਨ। ਹਾਲਾਂਕਿ ਕਾਂਗਰਸ ਨੇ ਇਸ ਬਹਾਨੇ ਭਾਜਪਾ 'ਤੇ ਨਿਸ਼ਾਨਾ ਵੀ ਸਾਧਿਆ ਸੀ ਕਿ ਜਦੋਂ ਦੇਸ ਵਿੱਚ ਗੰਭੀਰ ਘਟਨਾ ਵਾਪਰੀ ਉਦੋਂ ਭਾਜਪਾ ਦੇ ਲੀਡਰ ਪ੍ਰਚਾਰ ਵਿੱਚ ਲੱਗੇ ਸਨ।

ਵਰਕਰਾਂ ਦੀ ਨਜ਼ਦੀਕੀ

ਸ਼ੁਰੂ ਤੋਂ ਹੀ ਮੰਨਿਆ ਜਾਂਦਾ ਹੈ ਕਿ ਪ੍ਰਿਅੰਕਾ ਗਾਂਧੀ ਵਰਕਰਾਂ ਵਿੱਚ ਕਾਫ਼ੀ ਪੰਸਦ ਕੀਤੇ ਜਾਂਦੇ ਹਨ। ਜਦੋਂਜ਼ਿਆਦਾਤਰ ਕਾਂਗਰਸੀ ਨੇਤਾ ਵਰਕਰਾਂ ਨਾਲ ਗੱਲ ਕਰਨ ਦੀ ਥਾਂ ਉਨ੍ਹਾਂ ਨੂੰ ਹੁਕਮ ਦੇਣ ਵਿੱਚ ਲੱਗੇ ਰਹਿੰਦੇ ਹਨ, ਉਦੋਂ ਪ੍ਰਿਅੰਕਾ ਗਾਂਧੀ ਉਨ੍ਹਾਂ ਦੇ ਨਾਲ ਬੈਠਦੇ ਹੈ ਤੇ ਉਨ੍ਹਾਂ ਦੀ ਗੱਲ ਸੁਣਦੇ ਹਨ।

ਵਰਕਰਾਂ ਦੇ ਜ਼ਰੀਏ ਉਹ ਜ਼ਮੀਨੀ ਹਕੀਕਤ ਤਾਂ ਪਤਾ ਕਰਦੇ ਹੀ ਹਨ ਉਨ੍ਹਾਂ ਦਾ ਹੌਸਲਾ ਵੀ ਵਧਾਉਂਦੇ ਹਨ।

ਛੋਟੀਆਂ ਪਾਰਟੀਆਂ ਅਤੇ ਅਸੰਤੁਸ਼ਟ ਨੇਤਾਵਾਂ 'ਤੇ ਨਜ਼ਰ

ਵਰਕਰਾਂ ਨੂੰ ਸਮਾਂ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਦੇ ਅਸੰਤੁਸ਼ਟ ਲੀਡਰਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ। ਇਸ ਸਬੰਧ ਵਿੱਚ ਪਹਿਲਾ ਨਾਮ ਮਹਾਨ ਦਲ ਪਾਰਟੀ ਦੇ ਨੇਤਾ ਕੇਸ਼ਵ ਦੇਵ ਮੌਰਿਆ ਦਾ ਹੈ।

ਕੇਸ਼ਵ ਮੌਰਿਆ ਪਹਿਲਾਂ ਬਹੁਜਨ ਸਮਾਜਵਾਦੀ ਪਾਰਟੀ ਵਿੱਚ ਸਨ ਅਤੇ ਉਨ੍ਹਾਂ ਦਾ ਦਬਦਬਾ ਕੁਸ਼ਵਾਹਾ, ਨਿਸ਼ਾਦ, ਨਾਈ, ਰਾਜਭਰ ਸਮਾਜ ਵਿੱਚ ਹੈ ਜੋ ਕਿ ਪੱਛੜਿਆਂ ਵਿੱਚ ਯਾਦਵਾਂ ਤੋਂ ਬਾਅਦ ਸਭ ਤੋਂ ਵੱਡੀ ਆਬਾਦੀ ਹੈ।

ਇਸ ਸਬੰਧ ਵਿੱਚ ਭਾਜਪਾ ਦੀ ਬਹਿਰਾਈਚ ਦੀ ਸਾਂਸਦ ਸਾਵਿਤਰੀ ਬਾਈ ਫੁਲੇ ਨੇ ਭਾਜਪਾ ਨੂੰ 'ਦਲਿਤ ਵਿਰੋਧੀ' ਵੀ ਕਰਾਰ ਦਿੱਤਾ ਸੀ।

ਪਿਛਲੇ ਸਾਲ ਦਸੰਬਰ ਵਿੱਚ ਉਨ੍ਹਾਂ ਨੇ ਭਾਜਪਾ 'ਤੇ ਸਮਾਜ ਵਿੱਚ ਵੰਡ ਦੀ ਸਿਆਸਤ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਫੂਲੇ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਫਤਹਿਪੁਰ ਤੋਂ ਸਾਬਕਾ ਸੰਸਦ ਮੈਂਬਰ ਰਾਕੇਸ਼ ਸਚਾਨ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਕਾਂਗਰਸ ਲਈ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਆਪਣੇ ਵੱਲ ਕਰਨਾ ਪ੍ਰਿਅੰਕਾ ਦੀ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਆਪੋ-ਆਪਣੇ ਇਲਾਕਿਆਂ ਵਿੱਚ ਚੰਗਾ ਰੁਤਬਾ ਰੱਖਣ ਵਾਲੇ ਨੇਤਾਵਾਂ ਨੂੰ ਜੋੜਨ ਨਾਲ ਕਾਂਗਰਸ ਦੀਆਂ ਵੋਟਾਂ ਵਿੱਚ ਇਜ਼ਾਫ਼ਾ ਹੋਵੇਗਾ।

ਇਹ ਵੀ ਪੜ੍ਹੋ:

ਕਾਂਗਰਸ ਵਿੱਚ ਹਰ ਸੀਟ 'ਤੇ ਕੋਆਰਡੀਨੇਟਰ

ਨਾਲ ਹੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਸਾਰੀਆਂ ਸੀਟਾਂ 'ਤੇ ਕਾਰਡੀਨੇਟਰਾਂ ਨੂੰ ਤਾਇਨਾਤ ਕਰ ਦਿੱਤਾ ਹੈ।

ਮੈਦਾਨ ਵਿੱਚ ਉਤਾਰਣ ਤੋਂ ਪਹਿਲਾਂ ਇਨ੍ਹਾਂ ਕਾਰਡੀਨੇਟਰਾਂ ਨੂੰ ਕੰਪਿਊਟਰ ਤੋਂ ਲੈ ਕੇ ਚੋਣ ਪ੍ਰਬੰਧ ਆਦਿ ਦੀ ਟ੍ਰੇਨਿੰਗ ਦਿੱਤੀ ਗਈ ਹੈ।

ਅਮੇਠੀ, ਰਾਏਬਰੇਲੀ ਦੇ ਆਧਾਰ 'ਤੇ ਨਿਯੁਕਤ ਪਾਰਟੀ ਦੇ ਇਹ ਕੋਆਰਡੀਨੇਟਰ ਆਪੋ-ਆਪਣੇ ਖੇਤਰਾਂ ਵਿੱਚ ਚੋਣਾਂ ਅਤੇ ਪਾਰਟੀ ਨੇਤਾਵਾਂ ਨਾਲ ਜੁੜੀ ਹਰ ਛੋਟੀ-ਵੱਡੀ ਗਤੀਵਿਧੀ 'ਤੇ ਨਜ਼ਰ ਰੱਖਣਗੇ। ਅਜਿਹੀ ਕੋਸ਼ਿਸ਼ ਮੱਧ ਪ੍ਰਦੇਸ਼ ਵਿੱਚ ਕੀਤੀ ਜਾ ਚੁੱਕੀ ਹੈ।

ਕੋਆਰਡੀਨੇਟਰਾਂ ਵਿੱਚ ਨੌਜਵਾਨਾਂ ਅਤੇ ਐਨਐਸਯੂਆਈ ਅਤੇ ਯੂਥ ਕਾਂਗਰਸ ਵਿੱਚ ਰਹੇ ਨੇਤਾਵਾਂ ਨੂੰ ਤਰਜੀਹ ਦਿੱਤੀ ਗਈ ਹੈ। ਕੋਆਰਡੀਨੇਟਰ ਸਿੱਧੇ ਪ੍ਰਿਅੰਕਾ ਗਾਂਧੀ ਨੂੰ ਰਿਪੋਰਟ ਕਰਨਗੇ। ਇੰਝ ਕਹਿ ਲਓ ਇਹ ਰਿਪੋਰਟਰ ਪ੍ਰਿਅੰਕਾ ਦੀ ਅੱਖ ਅਤੇ ਕੰਨ ਹੋਣਗੇ।

ਪ੍ਰਿਅੰਕਾ ਦੀ ਚੋਣ ਮੁਹਿੰਮ ਦੀ ਟੀਮ

ਪ੍ਰਿਅੰਕਾ ਗਾਂਧੀ ਦੀ ਚੋਣ ਮੁਹਿੰਮ ਵਿੱਚ ਰੌਬਿਨ ਸ਼ਰਮਾ ਸਲਾਹਕਾਰ ਦੀ ਭੂਮਿਕਾ ਨਿਭਾਉਣਗੇ। ਰੌਬਿਨ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੇ ਸਿਟੀਜਨ ਫਾਰ ਅਕਾਊਂਟੇਬਲ ਗਵਰਨੈਂਸ (ਸੀਏਜੀ) ਦੇ ਕੋ-ਫਾਊਂਡਰ ਹਨ ਅਤੇ ਇੰਡੀਅਨ ਪੌਲੀਟੀਕਲ ਐਕਸ਼ਨ ਕਮੇਟੀ ਨਾਲ ਜੁੜੇ ਹਨ।

2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਦੀ 'ਚਾਏ ਪੇ ਚਰਚਾ' 2015 ਦੀਆਂ ਬਿਹਾਰ ਚੋਣਾਂ ਵਿੱਚ ਨੀਤੀਸ਼ ਕੁਮਾਰ ਦੇ 'ਹਰ ਘਰ ਨਿਤੀਸ਼, ਹਰ ਮਨ ਨੀਤੀਸ਼' ਨਾਮ ਨਾਲ ਕੱਢੀ ਗਈ ਸਾਈਕਲ ਯਾਤਰਾ ਅਤੇ 2017 ਦੀਆਂ ਯੂਪੀ ਚੋਣਾਂ ਵਿੱਚ ਰਾਹੁਲ ਗਾਂਧੀ ਦੇ 'ਖਾਟ ਸਭਾ' ਮੁਹਿੰਮ ਦੇ ਪਿੱਛੇ ਰੌਬਿਨ ਸ਼ਰਮਾ ਦਾ ਹੀ ਦਿਮਾਗ ਸੀ।

ਕਾਂਗਰਸ ਦੀ ਰਣਨੀਤੀ

ਕਾਂਗਰਸ ਪ੍ਰਿਅੰਕਾ ਅਤੇ ਜਯੋਤੀਰਾਦਿੱਤਿਆ ਤੋਂ ਵੱਡੀ ਰੈਲੀ ਕਰਨ ਦੀ ਬਜਾਏ ਨੁੱਕੜ ਸਭਾ, ਮੁਹੱਲਾ ਸਭਾ, ਚੋਪਾਲ ਅਤੇ ਰੋਡ ਸ਼ੋਅ 'ਤੇ ਵਧੇਰੇ ਧਿਆਨ ਲਗਾਉਣਾ ਚਾਹੁੰਦੀ ਹੈ। ਕਾਂਗਰਸ ਦਾ ਮੰਨਣਾ ਹੈ ਕਿ ਵੱਡੀਆਂ ਸਭਾਵਾਂ ਦੀ ਬਜਾਏ ਛੋਟੇ ਪ੍ਰੋਗਰਾਮ ਕਰਕੇ ਨੇੜਿਓਂ ਅਤੇ ਪੁਖ਼ਤਾ ਤਰੀਕੇ ਨਾਲ ਆਪਣੀ ਗੱਲ ਜਨਤਾ ਵਿੱਚ ਰੱਖੀ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਪ੍ਰਿਅੰਕਾ ਉਂਝ ਵੀ ਵੱਡੀਆਂ ਰੈਲੀਆਂ ਦੀ ਬਜਾਏ ਛੋਟੀਆਂ-ਛੋਟੀਆਂ ਸਭਾਵਾਂ ਨੂੰ ਪਸੰਦ ਕਰਦੀ ਹੈ। ਪ੍ਰਿਅੰਕਾ ਦਾ ਰੋਡ ਸ਼ੋਅ ਦਾ ਰੂਟ ਅਜਿਹਾ ਰੱਖਿਆ ਜਾਵੇਗਾ ਤਾਂ ਜੋ ਇੱਕ ਲੋਕ ਸਭਾ ਖੇਤਰ ਦਾ ਵੱਧ ਤੋਂ ਵੱਧ ਹਿੱਸਾ ਕਵਰ ਹੋ ਸਕੇ।

ਹਾਲਾਂਕਿ 14 ਫਰਵਰੀ ਤੋਂ ਬਾਅਦ ਦੇਸ ਦੀ ਸਿਆਸਤ ਵਿੱਚ ਕਾਫ਼ੀ ਬਦਲਾਅ ਆਇਆ ਹੈ। ਪੁਲਵਾਮਾ ਹਾਦਸਾ ਅਤੇ ਉਸ ਤੋਂ ਬਾਅਦ ਭਾਰਤ ਸਰਕਾਰ ਦਾ ਜਵਾਬੀ ਕਾਰਵਾਈ ਵਿੱਚ ਬਾਲਾਕੋਟ 'ਚ ਹਵਾਈ ਹਮਲੇ ਤੋਂ ਬਾਅਦ ਲੋਕਾਂ ਦਾ ਰੁਝਾਨ ਭਾਜਪਾ ਵੱਲ ਦਿਖਣ ਲੱਗਿਆ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਦੇਸ ਵਿੱਚ ਸੁਰੱਖਿਆ ਤੋਂ ਵੱਧ ਕੋਈ ਵੱਡਾ ਮਸਲਾ ਨਹੀਂ ਹੁੰਦਾ।

ਇਹੀ ਕਾਰਨ ਹੈ ਕਿ ਰਾਫ਼ੇਲ, ਬੇਰੁਜ਼ਗਾਰੀ ਅਤੇ ਕਿਸਾਨ ਵਰਗੇ ਮੁੱਦੇ ਬਿਲਕੁਲ ਪਿੱਛੇ ਹੋ ਗਏ ਹਨ। ਉਂਝ ਵੀ ਬਾਲਾਕੋਟ ਦੇ ਹਵਾਈ ਹਮਲੇ ਨੂੰ ਭਾਜਪਾ ਸਿਆਸੀ ਰੂਪ ਤੋਂ ਲਗਾਤਾਰ ਵਰਤ ਵੀ ਰਹੀ ਹੈ।

ਅਜਿਹੇ ਵਿੱਚ ਕਾਂਗਰਸ ਕੀ ਰਣਨੀਤੀ ਅਖਤਿਆਰ ਕਰੇਗੀ ਅਤੇ ਇਸ ਰਣਨੀਤੀ ਵਿੱਚ ਪ੍ਰਿਅੰਕਾ ਗਾਂਧੀ ਦੀ ਕੀ ਭੂਮਿਕਾ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)