You’re viewing a text-only version of this website that uses less data. View the main version of the website including all images and videos.
ਇੱਕ ਮਾਂ ਅਤੇ ਉਸਦੇ ਗੇਅ ਮੁੰਡੇ ਦੀ ਕਹਾਣੀ ਜੋ ਤੁਹਾਨੂੰ ਰੁਆ ਦੇਵੇਗੀ
- ਲੇਖਕ, ਸ਼ਰੀਫ਼ ਡੀ ਰਾਂਗਣੇਕਰ
- ਰੋਲ, ਲੇਖਕ, ਬੀਬੀਸੀ ਦੇ ਲਈ
ਜਦੋਂ ਤੋਂ ਮੈਂ ਆਪਣੇ ਲੇਖਾਂ, ਗੀਤਾਂ, ਮਿਊਜ਼ਿਕ ਵੀਡੀਓ ਅਤੇ ਹਾਲ ਹੀ ਵਿੱਚ ਆਪਣੀ ਨਵੀਂ ਕਿਤਾਬ ਜ਼ਰੀਏ ਆਪਣੀ ਸੈਕਸੁਐਲਿਟੀ ਬਾਰੇ ਦੱਸਿਆ, ਲਗਭਗ ਹਰ ਸ਼ਖ਼ਸ ਮੈਨੂੰ 'ਬਹਾਦੁਰ' ਕਹਿਣਾ ਲੱਗਾ ਹੈ।
ਪਰ ਮੈਨੂੰ ਲਗਦਾ ਹੈ ਕਿ ਜੇਕਰ ਕੋਈ ਬਹਾਦੁਰ ਹੈ ਤਾਂ ਉਹ ਮੇਰੀ ਮਾਂ ਅਤੇ ਉਨ੍ਹਾਂ ਵਰਗੀਆਂ ਔਰਤਾਂ ਹਨ ਜੋ ਇੱਕ ਅਜਿਹੀ ਦੁਨੀਆ ਦਾ ਸਾਹਮਣਾ ਕਰਨ ਲਈ ਤਿਆਰ ਹਨ, ਜੋ ਹਰ ਹਾਲ ਵਿੱਚ ਉਨ੍ਹਾਂ ਨੂੰ ਮਰਦ ਪ੍ਰਧਾਨ ਸਮਾਜ ਜ਼ਰੀਏ ਕਮਜ਼ੋਰ ਦਿਖਾਉਣ ਦਾ ਤਰੀਕਾ ਲੱਭ ਹੀ ਲੈਂਦਾ ਹੈ।
ਮੇਰੀ ਜ਼ਿੰਦਗੀ ਦੇ 50 ਸਾਲ ਦੇ ਸਫ਼ਰ ਵਿੱਚ ਮੇਰੀ ਮਾਂ ਹਮੇਸ਼ਾ ਮੇਰੀ 'ਰੱਖਿਅਕ ਅਤੇ ਦੋਸਤ' ਰਹੀ ਹੈ। ਉਨ੍ਹਾਂ ਨੇ ਮੈਨੂੰ ਨਾ ਸਿਰਫ਼ ਓਨੇ ਹੀ ਪਿਆਰ ਨਾਲ ਵੱਡਾ ਕੀਤਾ ਜਿੰਨੇ ਮੇਰੇ ਦੋ ਹੋਰ ਭਰਾਵਾਂ ਨੂੰ। ਸਗੋਂ ਮੈਂ ਕਹਾਂਗਾ ਕਿ ਉਨ੍ਹਾਂ ਨੇ ਮੈਨੂੰ ਉਨ੍ਹਾਂ ਤੋਂ ਵੀ ਵੱਧ ਪਿਆਰ ਦਿੱਤਾ।
ਉਨ੍ਹਾਂ ਨੇ ਸਕੂਲ ਵਿੱਚ ਉਸ ਵੇਲੇ ਮੇਰਾ ਹੱਥ ਫੜਿਆ ਜਦੋਂ ਮੈਂ ਆਪਣੇ ਮੋਟਾਪੇ ਕਾਰਨ ਮੁਸ਼ਕਿਲ ਵਿੱਚ ਸੀ। ਉਨ੍ਹਾਂ ਨੇ ਉਸ ਵੇਲੇ ਮੇਰਾ ਹੱਥ ਫੜਿਆ ਜਦੋਂ ਮੈਂ ਆਪਣੇ ਆਪ ਨੂੰ ਕਬੂਲਿਆ।
ਉਹ ਮੇਰੇ ਪੱਤਰਕਾਰਿਤਾ ਅਤੇ ਕਮਿਊਨੀਕੇਸ਼ਨ ਦੇ ਕਰੀਅਰ ਦੇ ਸਾਰੇ ਖ਼ੂਬਸੂਰਤ ਮੋੜਾਂ 'ਤੇ ਦਰਸ਼ਕਾਂ ਦੇ ਨਾਲ ਜਸ਼ਨ ਮਨਾਉਂਦੀ ਹੋਈ ਦਿਖੀ। ਜਦੋਂ ਮੇਰੇ ਬੈਂਡ ਨੇ ਭਾਰਤ ਦਾ ਅਜਿਹਾ ਪਹਿਲਾ ਗਾਣਾ ਬਣਾਇਆ ਜੋ ਐਲਜੀਬੀਟੀ (ਲੈਸਬੀਅਨ, ਗੇਅ, ਬਾਈਸੈਕਸ਼ੁਅਲ, ਟਰਾਂਸਜੈਂਡਰ) ਭਾਈਚਾਰੇ ਨੂੰ ਸਮਰਪਿਤ ਸੀ, ਮੇਰੀ ਮਾਂ ਉੱਥੇ ਦਰਸ਼ਕਾਂ ਵਿੱਚ ਖੜ੍ਹੀ ਜ਼ੋਰ ਨਾਲ ਤਾੜੀਆਂ ਵਜਾ ਰਹੀ ਸੀ।
ਇਹ ਵੀ ਪੜ੍ਹੋ:
ਹਾਲਾਂਕਿ ਜਿਸ ਗੱਲ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਉਹ ਇਹ ਕਿ ਮੈਂ ਆਪਣੀ ਸੈਕਸੁਐਲਿਟੀ ਲੁਕਾ ਕੇ ਕਿਉਂ ਰੱਖੀ। ਉਹ ਇਹ ਸੋਚਣ ਲੱਗੀ ਕਿ ਮੇਰੇ ਲਈ ਇਹ ਕਿੰਨਾ ਮੁਸ਼ਕਿਲ ਰਿਹਾ ਹੋਵੇਗਾ।
ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਦੁਨੀਆ ਮੇਰੇ ਨਾਲ ਕਿਵੇਂ ਪੇਸ਼ ਆਵੇਗੀ ਅਤੇ ਕੀ ਮੈਂ ਆਪਣਾ ਰਾਹ ਲੱਭਣ ਵਿੱਚ ਕਾਮਯਾਬ ਹੋ ਸਕਾਂਗਾ।
ਇੱਕ ਔਰਤ ਅਤੇ ਇੱਕ ਮਾਂ ਹੀ ਅਜਿਹਾ ਸੋਚ ਸਕਦੀ ਹੈ। ਉਨ੍ਹਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਜ਼ਬਰਦਸਤੀ ਜਾਂ ਦਬਾਅ ਕੇ ਰੱਖਣਾ ਕੀ ਹੁੰਦਾ ਹੈ, ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਸ ਜ਼ਬਰਦਸਤੀ ਨੂੰ 'ਸਧਾਰਣ' ਦੱਸ ਕੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਜਾਂਦਾ ਹੈ, ਕਿਵੇਂ ਉਨ੍ਹਾਂ ਨੂੰ ਸੀਮਤ ਬਦਲਾਂ ਅਤੇ ਤੈਅ ਕੀਤੀਆਂ ਗਈਆਂ ਭੂਮਿਕਾਵਾਂ ਵਿੱਚ ਬੰਨ ਦਿੱਤਾ ਜਾਂਦਾ ਹੈ।
ਇਹ ਆਮ ਸੱਚਾਈ ਹੈ। ਹਾਲਾਂਕਿ ਮੇਰੇ ਵਰਗੇ ਲੋਕ, ਆਮ ਧਾਰਨਾ ਤੋਂ ਉਲਟ ਔਰਤਾਂ ਦੇ ਨਾਲ ਵਧੇਰੇ ਸਕੂਨ ਮਹਿਸੂਸ ਕਰਦੇ ਹਨ। 'ਸਾਡੀ' ਸਮੱਸਿਆ ਪਿਤਾਪੁਰਖੀ ਅਤੇ 'ਦਬਾਅ ਪਾਉਣ ਵਾਲੀ ਮਰਦਾਨਗੀ' ਹੈ ਜੋ ਸਾਨੂੰ ਖ਼ੁਦ ਨੂੰ ਪੂਰੀ ਤਰ੍ਹਾਂ ਕਬੂਲਣ ਤੋਂ ਰੋਕਦੀ ਹੈ।
ਇਹੀ ਕਾਰਨ ਹੈ ਕਿ ਸਾਡੇ ਸਮਾਜ ਵਿੱਚ 'ਮਜ਼ਬੂਤ' ਔਰਤਾਂ ਨੂੰ ਬਿਹਤਰ ਮੰਨਿਆ ਜਾਂਦਾ ਹੈ। ਉਨ੍ਹਾਂ ਔਰਤਾਂ ਦੀ ਤਾਰੀਫ਼ ਕੀਤੀ ਜਾਂਦੀ ਹੈ ਜੋ ਬੇਮਤਲਬੀ ਨਿਯਮਾਂ ਨੂੰ ਤੋੜਦੀਆਂ ਹਨ। ਆਪਣੇ ਹੱਕਾਂ ਦੀ ਰੱਖਿਆ ਕਰਨ ਵਾਲੀਆਂ ਔਰਤਾਂ ਨੂੰ ਅਸੀਂ ਸਵੀਕਾਰ ਕਰਦੇ ਹਾਂ। ਉਹ ਮਾਵਾਂ ਜੋ ਆਪਣੇ (ਐਲਜੀਬੀਟੀ) ਬੱਚਿਆਂ ਦੀ 'ਰੱਖਿਆ ਕਰਦੀਆਂ ਹਨ', ਜੋ ਉਨ੍ਹਾਂ ਲਈ 'ਖੜ੍ਹੀਆਂ ਹੁੰਦੀਆਂ ਹਨ' ਉਹ ਮਸੀਹੇ ਤੋਂ ਘੱਟ ਨਹੀਂ ਹੁੰਦੀਆਂ। ਅਜਿਹਾ ਕਰਨ ਲਈ ਉਹ ਲਗਭਗ ਹਰ ਰੋਜ਼ ਸਮਾਜ ਦੇ ਨਾਲ ਇੱਕ ਸ਼ਾਂਤ 'ਯੁੱਧ' ਲੜਦੀਆਂ ਹਨ।
ਮੇਰੀ ਮਾਂ, ਮੇਰੀ ਹੀਰੋ
ਮੈਨੂੰ ਯਾਦ ਹੈ ਕਿ ਜਦੋਂ ਮੇਰੇ ਪਿਤਾ ਦਾ ਦੇਹਾਂਤ ਹੋਇਆ ਅਤੇ ਅਸੀਂ ਦਿੱਲੀ ਆਏ ਉਦੋਂ ਕਿਵੇਂ ਮੇਰੀ ਮਾਂ ਨੂੰ 'ਵਿਧਵਾ' ਦੀ ਤਰ੍ਹਾਂ ਮਹਿਸੂਸ ਕਰਵਾਇਆ ਗਿਆ। ਮੇਰੀ ਉਸ ਮਾਂ ਨੂੰ ਜਿਹੜੀ ਹਮੇਸ਼ਾ ਖੁਸ਼ ਰਹਿੰਦੀ ਸੀ, ਜਿਨ੍ਹਾਂ ਕਲਾ ਦੇ ਨਾਲ ਤਜ਼ਰਬੇ ਕਰਨਾ ਪਸੰਦ ਸੀ, ਜਿਨ੍ਹਾਂ ਨੂੰ ਆਪਣੇ ਸੀਤੇ ਅਤੇ ਡਿਜ਼ਾਈਨ ਕੀਤੇ ਕੱਪੜਿਆਂ ਦੇ ਰੰਗ ਪਸੰਦ ਸਨ...
ਮੇਰੀ ਮਾਂ ਤੋਂ ਸਾਰੇ ਰੰਗ ਖੋਹ ਕੇ ਉਨ੍ਹਾਂ ਨੂੰ ਸਿਰਫ਼ ਚਿੱਟਾ ਕੱਪੜਾ ਫੜਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਮੈਂ ਸਾਲਾਂ ਤੱਕ ਉਨ੍ਹਾਂ ਦੇ ਹੱਥ ਵਿੱਚ ਪੇਂਟ ਬਰੱਸ਼ ਨਹੀਂ ਦੇਖਿਆ।
ਮੇਰੀ ਮਾਂ ਨਾਲ ਇਹ ਸਭ ਹੋਣਾ ਉਨ੍ਹਾਂ ਠੇਕੇਦਾਰਾਂ ਅਤੇ ਮਜ਼ਦੂਰਾਂ ਲਈ ਬਿਲਕੁਲ ਵੀ ਹੈਰਾਨ ਕਰਨ ਵਾਲਾ ਨਹੀਂ ਸੀ ਜੋ ਮਾਂ ਲਈ ਗਾਲੀਆਂ ਵਾਲੀ ਭਾਸ਼ਾ ਦੀ ਵਰਤੋਂ ਕਰਦੇ ਸਨ ਕਿਉਂਕਿ ਉਹ ਘਰ ਦੇ ਮੁਖੀਆ ਦੀ ਤਰ੍ਹਾਂ ਪੇਸ਼ ਆਉਂਦੀ ਸੀ। ਉਹ ਇਹ ਜਾਣਦੇ ਹੋਏ ਵੀ ਅਜਿਹਾ ਕਰਦੇ ਸਨ ਕਿ ਸਾਡੇ ਘਰ ਵਿੱਚ ਮਰਦਾਂ ਦੇ ਨਾਮ 'ਤੇ ਸਿਰਫ਼ ਬੱਚੇ ਸਨ।
ਮੇਰੀ ਮਾਂ ਵਰਗੀਆਂ ਔਰਤਾਂ ਨੂੰ ਸ਼ਾਇਦ ਇਹ ਕਦੇ ਨਹੀਂ ਪਤਾ ਚੱਲੇਗਾ ਕਿ ਉਨ੍ਹਾਂ ਨੂੰ ਕਿੰਨਾ ਜ਼ਖ਼ਮੀ ਕੀਤਾ ਗਿਆ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੀ ਤਾਕਤ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਦੀ ਪਰਵਾਹ ਐਨੀ ਮਜ਼ਬੂਤ ਹੁੰਦੀ ਹੈ ਕਿ ਇਸਦੀ ਮਦਦ ਨਾਲ ਉਹ ਆਪਣੀਆਂ ਸਭ ਤੋਂ ਮਾੜੀਆਂ ਯਾਦਾਂ ਨੂੰ ਵੀ ਭੁਲਾ ਸਕਦੀ ਹੈ।
ਇਹ ਵੀ ਪੜ੍ਹੋ:
ਮੇਰੇ ਵਰਗੇ ਬਹੁਤ ਸਾਰੇ ਸਮਲਿੰਗੀ ਪੁਰਸ਼ਾਂ ਦੀ ਜ਼ਿੰਦਗੀ ਵਿੱਚ ਅਜਿਹਾ ਕੋਈ ਨਾ ਕੋਈ ਖਾਸ ਸ਼ਖ਼ਸ ਜ਼ਰੂਰ ਹੁੰਦਾ ਹੈ। ਆਮ ਤੌਰ 'ਤੇ ਇਹ ਖਾਸ ਸ਼ਖ਼ਸ ਕੋਈ ਮਹਿਲਾ ਹੀ ਹੁੰਦੀ ਹੈ ਅਤੇ ਕਈ ਵਾਰ ਉਹ ਸਾਡੀ ਮਾਂ ਹੁੰਦੀ ਹੈ।
ਮੁਸ਼ਕਿਲਾਂ ਔਰਤਾਂ ਨੂੰ ਹੋਰ ਮਜ਼ਬੂਤ ਬਣਾ ਦਿੰਦੀਆਂ ਹਨ
ਅਸੀਂ ਗੇਅ ਪੁਰਸ਼ ਅਤੇ ਉਹ ਔਰਤਾਂ ਇੱਕ ਦੂਜੇ ਲਈ ਤਾਕਤ ਅਤੇ ਸਹਾਰਾ ਬਣ ਜਾਂਦੇ ਹਨ। ਅਸੀਂ ਸਮਲਿੰਗੀ ਪੁਰਸ਼ ਅਤੇ ਔਰਤਾਂ ਜਾਣੇ-ਅਣਜਾਣੇ ਵਿੱਚ ਇੱਕੋ ਜਿਹੀ ਲੜਾਈ ਲੜ ਰਹੇ ਹੁੰਦੇ ਹਾਂ।
ਹਾਲ ਹੀ ਵਿੱਚ ਮੈਂ 35 ਔਰਤਾਂ ਦੇ ਇੱਕ ਗਰੁੱਪ ਨਾਲ ਗੱਲ ਕਰ ਰਿਹਾ ਸੀ। ਇਹ ਔਰਤਾਂ 'ਦਿਸ਼ਾ' ਨਾਮ ਦੇ ਇੱਕ ਗਰੁੱਪ ਦੀਆਂ ਮੈਂਬਰ ਹਨ। ਮੈਂ ਇਨ੍ਹਾਂ ਨਾਲ ਆਪਣੀ ਜ਼ਿੰਦਗੀ ਅਤੇ ਕਿਤਾਬ ਦੇ ਬਾਰੇ ਗੱਲ ਕਰ ਰਿਹਾ ਸੀ। ਗੱਲਬਾਤ ਵਿੱਚ ਸ਼ਾਮਲ ਇਨ੍ਹਾਂ ਔਰਤਾਂ ਦੀ ਔਸਤ ਉਮਰ ਘੱਟੋ ਘੱਟ 72 ਸਾਲ ਤਾਂ ਹੋਵੇਗੀ। ਯਾਨਿ ਉਨ੍ਹਾਂ ਵਿੱਚੋਂ ਵਧੇਰੇ ਔਰਤਾਂ ਬਜ਼ੁਰਗ ਸਨ।
ਜਦੋਂ ਮੈਂ ਉਨ੍ਹਾਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਉਨ੍ਹਾਂ ਨੂੰ ਮੇਰੀ ਜ਼ਿੰਦਗੀ ਕਾਫ਼ੀ ਹੱਦ ਤੱਕ ਆਪਣੀ ਜ਼ਿੰਦਗੀ ਵਰਗੀ ਲੱਗੀ। ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਵਿੱਚ ਉਸੇ ਤਰ੍ਹਾਂ ਦੀਆਂ ਮੁਸ਼ਕਲਾਂ, ਉਸੇ ਤਰ੍ਹਾਂ ਦੇ ਫ਼ੈਸਲੇ ਅਤੇ ਉਸੇ ਤਰ੍ਹਾਂ ਦੀ ਹੀ ਜਿੱਤ ਹਾਸਲ ਕੀਤੀ ਸੀ ਜਿਸ ਤਰ੍ਹਾਂ ਦੀ ਮੈਂ।
ਜਦੋਂ ਮੈਂ ਐਲਜੀਬੀਟੀ ਭਾਈਚਾਰੇ ਅਤੇ ਔਰਤਾਂ ਨੂੰ ਇਕੱਠੇ ਹੋ ਕੇ ਦੁਨੀਆ ਨੂੰ ਚੁਣੌਤੀ ਦੇਣ ਅਤੇ 'ਸਾਡੇ' ਲਈ ਬਿਹਤਰ ਭਵਿੱਖ ਬਣਾਉਣ ਦੀ ਗੱਲ ਕਹੀ ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਵਿੱਚ ਉਮੀਦ ਦੀ ਕਿਰਨ ਵਿਖਾਈ ਦਿੱਤੀ।
ਉਨ੍ਹਾਂ ਬਜ਼ੁਰਗ ਔਰਤਾਂ ਨਾਲ ਆਪਣੀ ਕਹਾਣੀ ਸ਼ੇਅਰ ਕਰਨ ਤੋਂ ਬਾਅਦ ਅਤੇ ਮਜ਼ਬੂਤ ਹੋ ਕੇ ਕਮਰੇ ਤੋਂ ਬਾਹਰ ਨਿਕਲਿਆ। ਪਰ ਇਹ ਸਿਰਫ਼ ਇਸ ਲਈ ਨਹੀਂ ਹੋਇਆ ਕਿਉਂਕਿ ਮੈਂ ਉਨ੍ਹਾਂ ਨੂੰ ਆਪਣੀ ਕਹਾਣੀ ਦੱਸੀ। ਅਜਿਹਾ ਇਸ ਲਈ ਵੀ ਹੋਇਆ ਕਿਉਂਕਿ ਮੈਂ ਉਨ੍ਹਾਂ ਦੀ ਉਸ ਤਾਕਤ ਅਤੇ ਇੱਛਾ ਨੂੰ ਮਹਿਸੂਸ ਕੀਤਾ ਜੋ ਬਦਲਾਅ ਦੇ ਸਮਰਥਨ ਵਿੱਚ ਸੀ। ਜਿਵੇਂ-ਜਿਵੇਂ ਮੈਂ ਵੱਖਰੇ-ਵੱਖਰੇ ਮੰਚਾਂ 'ਤੇ ਆਪਣੇ ਦਿਲ ਦੀ ਗੱਲ ਕਹਿਣ ਲੱਗਾ, ਮੈਨੂੰ ਮੇਰੀ ਰਾਹ ਹੋਰ ਸਾਫ ਦਿਖਣ ਲੱਗੀ।
ਇਹ ਵੀ ਪੜ੍ਹੋ:
ਇਹ ਬਿਲਕੁਲ ਉਹੀ ਮਕਸਦ ਸੀ ਜੋ ਮੇਰੀ ਮਾਂ ਨੇ ਮੇਰੇ ਲਈ ਉਸ ਸਮੇਂ ਤੈਅ ਕੀਤਾ ਸੀ ਜਦੋਂ ਮੈਂ ਅਗਸਤ ਵਿੱਚ ਸਵੈ-ਜੀਵਨੀ ਲਿਖਣੀ ਸ਼ੁਰੂ ਕੀਤੀ ਸੀ। ਇਸਦੇ ਕੁਝ ਹੀ ਦਿਨਾਂ ਬਾਅਦ ਸਤੰਬਰ ਵਿੱਚ ਸੁਪਰੀਮ ਕੋਰਟ ਨੇ ਦੋ ਬਾਲਗਾਂ ਵਿਚਾਲੇ ਆਪਸੀ ਸਹਿਮਤੀ ਨਾਲ ਬਣਾਏ ਸਬੰਧਾਂ ਨੂੰ ਜੁਰਮ ਕਰਾਰ ਦੇਣ ਵਾਲੀ ਆਈਪੀਸੀ ਦੀ ਧਾਰਾ 377 ਨੂੰ ਰੱਦ ਕਰ ਦਿੱਤਾ ਸੀ।
ਜਿਵੇਂ ਕਿ ਹਰ ਕੋਈ ਦੇਖ ਸਕਦਾ ਹੈ ਕਿ ਇਹ ਕਿੰਨਾ ਅਦਭੁੱਤ ਹੈ ਕਿ ਔਰਤਾਂ ਐਨੀਆਂ ਮਜ਼ਬੂਤ ਹੁੰਦੀਆਂ ਹਨ ਕਿ ਉਨ੍ਹਾਂ ਸਾਹਮਣੇ ਆਉਣ ਵਾਲੀ ਹਰ ਮੁਸ਼ਕਿਲ ਉਨ੍ਹਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਦਿੰਦੀ ਹੈ।
ਉਹ ਐਨੀ ਮਜ਼ਬੂਤ ਹੈ ਕਿ ਚੀਜ਼ਾਂ ਬਣਾ ਸਕਦੀ ਹੈ, ਉਨ੍ਹਾਂ ਨੂੰ ਵਿਕਸਿਤ ਕਰ ਸਕਦੀ ਹੈ, ਬਰਦਾਸ਼ਤ ਕਰ ਸਕਦੀ ਹੈ, ਮਾਫ਼ੀ ਮੰਗ ਸਕਦੀ ਹੈ, ਰਾਹ ਵਿਖਾ ਸਕਦੀ ਹੈ, ਸੁਰੱਖਿਆ ਕਰ ਸਕਦੀ ਹੈ ਅਤੇ ਪਿਆਰ ਕਰ ਸਕਦੀ ਹੈ।
ਇਹ ਤਾਂ ਸਾਫ਼ ਹੈ ਕਿ ਔਰਤਾਂ ਦੇ ਸਨਮਾਨ ਤੋਂ ਬਿਨਾਂ ਨਿਆਂ ਅਤੇ ਸਮਾਨਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਆਖ਼ਰ ਵਿੱਚ ਮੈਂ ਸਿਰਫ਼ ਐਨਾ ਹੀ ਕਹਾਂਗਾ ਕਿ ਮੈਂ ਬਿਨਾਂ ਇੱਕ ਔਰਤ ਦੀ ਤਾਕਤ ਦੇ, ਆਪਣੀ ਸਮਲਿੰਗਤਾ ਨੂੰ, ਆਪਣੀ ਸੈਕਸ਼ੁਐਲਿਟੀ ਨੂੰ ਕਦੇ ਪੂਰੀ ਤਰ੍ਹਾਂ ਨਹੀਂ ਅਪਣਾ ਸਕਦਾ ਸੀ। ਉਹ ਔਰਤ ਮੇਰੀ ਮਾਂ ਹੈ।
(ਸ਼ਰੀਫ਼ ਡੀ ਰਾਂਗਣੇਕਰ ਇੱਕ ਐਲਜੀਬੀਟੀ ਕਾਰਕੁਨ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ''Straight To Normal - My Life As A Gay Man' ਨਾਮ ਦੀ ਕਿਤਾਬ ਲਿਖੀ ਹੈ, ਜਿਸ ਨੂੰ ਭਾਰਤ ਦੀ ਪਹਿਲੀ ਐਲਜੀਬੀਟੀ ਸਵੈ-ਜੀਵਨੀ ਮੰਨਿਆ ਜਾ ਰਿਹਾ ਹੈ।)
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ