You’re viewing a text-only version of this website that uses less data. View the main version of the website including all images and videos.
‘ਲੋਕ ਨਹੀਂ ਮੰਨਦੇ ਕਿ ਮੁੰਡੇ-ਮੁੰਡੇ ਵੀ ਵਿਆਹ ਕਰਵਾ ਸਕਦੇ’
"ਕਾਨੂੰਨ ਨੇ ਤਾਂ ਸਾਨੂੰ ਮਾਨਤਾ ਦਿੱਤੀ ਹੈ ਪਰ ਸਮਾਜ ਤੋਂ ਹਾਂ-ਪੱਖੀ ਹੁੰਗਰਾ ਮਿਲਣ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਪਤਾ ਨਹੀਂ। ਸਮਾਜ ਅਜੇ ਵੀ ਸਾਨੂੰ ਸਵੀਕਾਰ ਕਰ ਨਹੀਂ ਰਿਹਾ।"
ਇਹ ਕਹਿਣਾ ਹੈ ਚੰਡੀਗੜ੍ਹ ਦੇ 20 ਸਾਲ ਦੇ ਰਮਨ (ਨਾਮ ਬਦਲਿਆ ਗਿਆ ਹੈ) ਦਾ । ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਭਾਰਤ ਵਿੱਚ ਸਮਲਿੰਗਤਾ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ।
ਅਦਾਲਤ ਦੇ ਫ਼ੈਸਲੇ 'ਤੇ ਖ਼ੁਸ਼ੀ ਪ੍ਰਗਟਾਉਣ ਲਈ ਚੰਡੀਗੜ੍ਹ ਦੇ ਸੈਕਟਰ 15 ਵਿੱਚ ਐਤਵਾਰ ਨੂੰ ਐਲਜੀਬੀਟੀਕਿਊ (ਲੈਸਬੀਅਨ, ਗੇਅ, ਬਾਈਸੈਕਸੁਅਲ, ਟਰਾਂਸਜੈਂਡਰ) ਭਾਈਚਾਰੇ ਦਾ ਇਕੱਠ ਹੋਇਆ।
ਪੰਜਾਬ ਯੂਨੀਵਰਸਿਟੀ ਦੇ ਪਹਿਲੇ ਟਰਾਂਸਜੈਂਡਰ ਵਿਦਿਆਰਥੀ ਧਨੰਜੈ ਚੌਹਾਨ ਮੰਗਲਮੁਖੀ ਨੇ ਆਖਿਆ ਕਿ ਕਾਨੂੰਨ ਨੇ ਤਾਂ ਉਨ੍ਹਾਂ ਨੂੰ ਖੁੱਲ੍ਹ ਦੇ ਦਿੱਤੀ ਹੈ, ਬਸ ਹੁਣ ਸਮਾਜ ਦੇ ਨਜ਼ਰੀਏ ਵਿੱਚ ਬਦਲਾਅ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ:
"ਮਾਂ ਨੂੰ ਪਤਾ ਹੈ ਕਿ ਮੈ ਗੇਅ ਹਾਂ
ਇਸ ਦੌਰਾਨ ਬੀਬੀਸੀ ਪੰਜਾਬੀ ਨੇ ਰਮਨ ਨਾਲ ਗੱਲਬਾਤ ਕੀਤੀ ਜੋ ਕਿ ਆਪਣੇ ਆਪ ਨੂੰ ਸਮਲਿੰਗੀ ਦੱਸਦੇ ਹਨ।
ਰਮਨ ਨਾਲ ਜਦੋਂ ਗੱਲਬਾਤ ਸ਼ੁਰੂ ਕੀਤੀ ਤਾਂ ਘਬਰਾਉਂਦਿਆਂ ਉਸ ਦਾ ਪਹਿਲਾ ਸਵਾਲ ਸੀ ਕਿ ਉਸ ਦੀ ਫ਼ੋਟੋ ਤਾਂ ਨਹੀਂ ਆਵੇਗੀ, ਸਾਡਾ ਜਵਾਬ ਸੀ ਕਿ ਤੁਹਾਨੂੰ ਅਜੇ ਵੀ ਡਰ ਹੈ?
ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਕੰਬਦੀ ਆਵਾਜ਼ ਨਾਲ ਹੌਲੀ ਜਿਹੀ ਉਸ ਨੇ ਆਖਿਆ 'ਹਾਂ' ਹੈ।
ਇਸ ਤੋਂ ਬਾਅਦ ਰਮਨ ਨੇ ਹੌਲੀ- ਹੌਲੀ ਬੋਲਣਾ ਸ਼ੁਰੂ ਕੀਤਾ ਕਿ ਕੋਰਟ ਨੇ ਭਾਵੇਂ ਸਮਲਿੰਗਤਾ ਨੂੰ ਗ਼ੈਰ-ਅਪਰਾਧਿਕ ਐਲਾਨਿਆ ਹੈ ਪਰ ਲੋਕਾਂ ਦੀ ਮਾਨਸਿਕਤਾ ਅਜੇ ਨਹੀਂ ਬਦਲੀ।
ਰਮਨ ਨੇ ਦੱਸਿਆ ਕਿ ਉਹ ਬੀ.ਐਸਸੀ ਦਾ ਵਿਦਿਆਰਥੀ ਹੈ ਅਤੇ ਮਾਤਾ-ਪਿਤਾ ਤੋਂ ਇਲਾਵਾ ਇੱਕ ਭੈਣ ਅਤੇ ਭਰਾ ਹੈ ਅਤੇ ਉਹ ਪਰਿਵਾਰ ਵਿੱਚ ਸਭ ਤੋਂ ਛੋਟਾ ਹੈ। ਥੋੜ੍ਹੀ ਜਿਹੀ ਗੱਲਬਾਤ ਕਰਨ ਤੋਂ ਬਾਅਦ ਰਮਨ ਨੇ ਦੱਸਿਆ ਕਿ ਉਸ ਦਾ ਝੁਕਾਅ ਸ਼ੁਰੂ ਤੋਂ ਹੀ ਮੁੰਡਿਆਂ ਵੱਲ ਸੀ ਪਰ ਹੁਣ ਇਹ ਜ਼ਿਆਦਾ ਹੋ ਗਿਆ ਹੈ।
ਰਮਨ ਦੱਸਦੇ ਹਨ ਕਿ ਉਸ ਨੇ ਕੁਝ ਸਮਾਂ ਪਹਿਲਾਂ ਹੀ ਮਾਂ ਨੂੰ ਆਪਣੇ ਗੇਅ ਹੋਣ ਬਾਰੇ ਦੱਸਿਆ ਹੈ, ਬਾਕੀ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ।
ਰਮਨ ਮੁਤਾਬਕ ਉਸ ਦੀ ਮਾਂ ਨੂੰ ਸਮਲਿੰਗਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਲਈ ਸ਼ਾਇਦ ਜ਼ਿਆਦਾ ਰੌਲਾ ਨਹੀਂ ਪਿਆ।
ਰਮਨ ਨੇ ਦੱਸਿਆ ਕਿ ਉਸ ਦੇ ਦੋਸਤਾਂ ਤੋਂ ਉਸ ਨੂੰ ਪੂਰਾ ਸਨਮਾਨ ਮਿਲਦਾ ਹੈ ਪਰ ਸਮਾਜ ਤੋਂ ਨਹੀਂ। ਉਸ ਮੁਤਾਬਕ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ:
ਮੈਨੂੰ ਕੁੜੀਆਂ ਦੇ ਮੁਕਾਬਲੇ ਮੁੰਡੇ ਜ਼ਿਆਦਾ ਪਸੰਦ ਨੇ
ਇਸੇ ਤਰ੍ਹਾਂ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਅਕਾਊਟੈਂਟ ਵਜੋਂ ਕੰਮ ਕਰਨ ਵਾਲੇ ਰਾਹੁਲ ਕੁਮਾਰ ਅਦਾਲਤ ਦੇ ਫ਼ੈਸਲੇ ਤੋਂ ਕਾਫ਼ੀ ਖ਼ੁਸ਼ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ "ਉਹ ਕੋਰਟ ਦੇ ਫ਼ੈਸਲੇ ਦਾ ਜਸ਼ਨ ਮਨਾਉਣਾ ਚਾਹੁੰਦੇ ਸਨ ਅਤੇ ਇਸ ਲਈ ਉਹ ਖ਼ਾਸ ਤੌਰ 'ਤੇ ਚੰਡੀਗੜ੍ਹ ਆਏ ਹਨ। ਰਾਹੁਲ ਦੀ ਖ਼ੁਸ਼ੀ ਉਸੇ ਦੇ ਚਿਹਰੇ 'ਤੇ ਵੀ ਸਾਫ਼ ਝਲਕਦੀ ਸੀ।
ਉਨ੍ਹਾਂ ਨੇ ਦੱਸਿਆ, "ਸ਼ੁਰੂ ਤੋਂ ਹੀ ਮੇਰਾ ਝੁਕਾਅ ਮੁੰਡਿਆਂ ਵੱਲ ਸੀ, ਪਰਿਵਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੀ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਪਿਤਾ ਨੇ ਆਖਿਆ ਕਿ ਇਸ ਦਾ ਮੈਡੀਕਲ ਇਲਾਜ ਕਰਵਾਇਆ ਜਾਵੇ, ਡਾਕਟਰ ਤੋਂ ਮੇਰਾ ਇਲਾਜ ਵੀ ਕਰਵਾਇਆ ਗਿਆ ਪਰ ਮੇਰੇ ਵਿੱਚ ਕੋਈ ਬਦਲਾਅ ਨਹੀਂ ਆਇਆ, ਆਖ਼ਰਕਾਰ ਪਰਿਵਾਰ ਨੇ ਮੈਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਊਣ ਦੀ ਖੁੱਲ੍ਹ ਦਿੱਤੀ।"
ਲੋਕ ਸਾਡੀਆਂ ਭਾਵਨਾਵਾਂ ਦੀ ਕਦਰ ਕਰਨ
ਪਟਿਆਲਾ ਦਾ ਰਹਿਣ ਵਾਲਾ ਅਮਨ ਚੌਹਾਨ ਹੁਣ ਚੰਡੀਗੜ੍ਹ ਦਾ ਵਸਨੀਕ ਬਣ ਚੁੱਕਿਆ ਹੈ। ਪੇਸ਼ੇ ਤੋਂ ਇੱਕ ਐਨਜੀਓ ਵਿੱਚ ਕੰਮ ਕਰ ਰਹੇ ਅਮਨ ਨੇ ਦੱਸਿਆ ਕਿ ਧਾਰਾ 377 'ਤੇ ਇਹ ਇਤਿਹਾਸਕ ਫ਼ੈਸਲਾ ਹੈ।
ਉਹ ਕਹਿੰਦੇ ਹਨ, "ਅਕਸਰ ਅਧੂਰੀ ਜਾਣਕਾਰੀ ਹੋਣ ਕਾਰਨ ਆਮ ਲੋਕ ਸਾਨੂੰ ਸਿਰਫ਼ ਸੈਕਸ ਵਰਕਰ ਵਜੋਂ ਜਾਣਦੇ ਹਨ, ਉਹ ਸਾਡੀਆਂ ਭਾਵਨਾਵਾਂ ਨੂੰ ਨਾ ਸਮਝ ਕੇ ਸਾਨੂੰ ਸਿਰਫ਼ ਮਜ਼ਾਕ ਦੇ ਪਾਤਰ ਸਮਝਦੇ ਹਨ।"
"ਸਮਾਜ ਸਾਨੂੰ ਅਜੇ ਵੀ ਸਵੀਕਾਰ ਨਹੀਂ ਕਰ ਪਾ ਰਿਹਾ। ਅਮਨ ਅਨੁਸਾਰ ਮਾਪਿਆਂ ਨੂੰ ਬਚਪਨ ਵਿੱਚ ਹੀ ਬੱਚੇ ਦੇ ਸੁਭਾਅ ਤੋਂ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਹੋ ਜਿਹੋ ਹੈ ਪਰ ਇਸ ਦੇ ਬਾਵਜੂਦ ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ।''
ਅਮਨ ਕਹਿੰਦੇ ਹਨ, "ਮੇਰੇ ਮਾਪੇ ਤਾਂ ਅਜੇ ਤੱਕ ਅਸਲੀਅਤ ਨੂੰ ਸਵੀਕਾਰ ਨਹੀਂ ਕਰ ਰਹੇ। ਜਦੋਂ ਵੀ ਮੈਂ ਪਰਿਵਾਰਕ ਪ੍ਰੋਗਰਾਮ ਵਿੱਚ ਜਾਂਦਾ ਹਾਂ ਤਾਂ ਰਿਸ਼ਤੇਦਾਰ ਲੜਕੀਆਂ ਵਾਲੀਆਂ ਹਰਕਤਾਂ ਕਰਨ ਤੋਂ ਵਰਜਦੇ ਹਨ।"
ਜਾਗਰੂਕਤਾ ਮੁਹਿੰਮ ਦੀ ਲੋੜ
ਚੰਡੀਗੜ੍ਹ ਵਿੱਚ ਹੋਈ ਇਸ ਪਾਰਟੀ ਦਾ ਪ੍ਰਬੰਧ ਵੀਹ ਸਾਲ ਦੇ ਨੌਜਵਾਨ ਅਪੂਰਵ ਨੇ ਕੀਤਾ ਸੀ। ਉਹ ਕਹਿੰਦੇ ਹਨ ਕਿ ਅਦਾਲਤ ਦੇ ਫ਼ੈਸਲੇ ਤੋਂ ਉਹ ਖ਼ੁਸ਼ ਬਹੁਤ ਹੈ। ਇਸੇ ਕਾਰਨ ਉਸ ਨੇ ਪਾਰਟੀ ਦਾ ਪ੍ਰਬੰਧ ਕੀਤਾ ਹੈ।
ਇਸ ਦੇ ਨਾਲ ਹੀ ਉਹ ਕਹਿੰਦੇ ਹਨ ਸਮਾਜ ਦਾ ਡਰ ਅਜੇ ਵੀ ਲੋਕਾਂ ਨੂੰ ਹੈ ਇਸੇ ਕਰ ਕੇ ਇੱਥੇ ਸਿਰਫ਼ ਕੁਝ ਨੌਜਵਾਨ ਹੀ ਪਹੁੰਚੇ ਹਨ।
ਉਹ ਕਹਿੰਦੇ ਹਨ ਕਿ ਅਸਲ ਵਿੱਚ ਸਮਲਿੰਗੀ ਭਾਈਚਾਰੇ ਨੂੰ ਲੋਕ ਸਮਝ ਹੀ ਨਹੀਂ ਰਹੇ, ਲੋਕ ਇਹ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹਨ ਕਿ ਦੋ ਲੜਕੇ ਵੀ ਆਪਸ ਵਿੱਚ ਵਿਆਹ ਕਰਵਾ ਸਕਦੇ ਹਨ।
ਅਪੂਰਵ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਨ।
ਇਹ ਵੀ ਪੜ੍ਹੋ:
ਸਮਾਜ ਦਾ ਪ੍ਰਤੀਕਰਮ ਦੇਖਣਾ ਅਜੇ ਬਾਕੀ
LGBTQ ਭਾਈਚਾਰੇ ਲਈ ਕੰਮ ਕਰਨ ਵਾਲੀ ਸਮਾਜਕ ਸੰਸਥਾ ਦੇ ਕਾਰਕੁਨ ਕੰਵਲਜੀਤ ਸਿੰਘ ਦਾ ਕਹਿਣਾ ਹੈ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੁਣ ਐਲਜੀਬੀਟੀਕਿਊ ਭਾਈਚਾਰਾ ਸਮਾਜ ਦੇ ਸਾਹਮਣੇ ਖੁੱਲ੍ਹ ਕੇ ਆਵੇਗਾ ਜਿਸ ਨਾਲ ਏਡਜ਼ ਵਰਗੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ।
ਉਨ੍ਹਾਂ ਆਖਿਆ ਕਿ ਪਹਿਲਾਂ ਇਸ ਭਾਈਚਾਰੇ ਵਿੱਚ ਡਰ ਸੀ, ਖ਼ਾਸ ਤੌਰ 'ਤੇ ਕਾਨੂੰਨੀ ਦਾਅ-ਪੇਚ ਕਾਰਨ, ਜਿਸ ਤੋਂ ਇਨ੍ਹਾਂ ਨੂੰ ਹੁਣ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮ 'ਤੇ ਸਮਾਜ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ