You’re viewing a text-only version of this website that uses less data. View the main version of the website including all images and videos.
ਸਮਲਿੰਗੀ ਸੈਕਸ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਖੁਸ਼ ਹੈ ਜਲੰਧਰ ਦਾ ਸਮਲਿੰਗੀ ਜੋੜਾ
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
"ਹੁਣ ਲੋਕਾਂ ਦਾ ਕੋਈ ਡਰ ਨਹੀਂ ਰਹਿ ਗਿਆ ਹੈ'', ਸੁਪਰੀਮ ਕੋਰਟ ਵੱਲੋਂ ਸਮਲਿੰਗੀ ਸੈਕਸ ਨੂੰ ਅਪਰਾਧ ਦੀ ਕੈਟੇਗਰੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਸ਼ਬਦ ਕਪੂਰਥਲਾ ਦੀ ਪੁਲਿਸ ਮੁਲਾਜ਼ਮ ਮਨਜੀਤ ਕੌਰ ਸੰਧੂ ਦੇ ਹਨ।
ਮਨਜੀਤ ਕੌਰ ਸੰਧੂ ਕਪੂਰਥਲਾ ਜੇਲ੍ਹ ਵਿਚ ਕਤਲ ਕੇਸ ਦੀ ਹਵਾਲਾਤੀ ਰਹੀ ਸੀਰਤ ਨਾਲ ਸਮਲਿੰਗੀ ਸਬੰਧਾਂ ਕਾਰਨ ਚਰਚਾ ਵਿਚ ਆਈ ਸੀ।
ਮਨਜੀਤ ਕੌਰ ਨੇ ਦੱਸਿਆ, 'ਸੀਰਤ ਮੈਨੂੰ ਕਪੂਰਥਲਾ ਜੇਲ੍ਹ ਵਿੱਚ ਹੀ ਮਿਲੀ ਸੀ ਤੇ ਉਸ 'ਤੇ ਆਪਣੇ ਪਤੀ ਦੇ ਕਤਲ ਦਾ ਇਲਜ਼ਾਮ ਸੀ ਪਰ ਉਹ ਇਲਜ਼ਾਮ ਝੂਠਾ ਨਿਕਲਿਆ ਤੇ ਉਹ ਬਰੀ ਹੋ ਗਈ।"
ਕਪੂਰਥਲਾ ਜੇਲ੍ਹ ਵਿੱਚ ਤਾਇਨਾਤ ਮਨਜੀਤ ਕੌਰ ਸੰਧੂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਬੜੇ ਧੂਮ-ਧੜੱਕੇ ਨਾਲ ਸਿਹਰੇ ਬੰਨ੍ਹ ਕੇ ਸੀਰਤ ਨਾਲ ਮੰਦਿਰ ਵਿੱਚ 'ਵਿਆਹ' ਕਰਵਾਇਆ ਸੀ।
ਖ਼ਾਸ ਗੱਲ ਇਹ ਸੀ ਕਿ 'ਵਿਆਹ' ਆਮ ਵਿਆਹਾਂ ਵਾਂਗ ਹੁੰਦੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਰਸਮਾਂ ਮੁਤਾਬਕ ਕੀਤਾ ਗਿਆ ਅਤੇ ਇਸ ਮੌਕੇ ਵਹੁਟੀ ਬਣੀ ਸੀਰਤ ਦੇ ਮਾਪੇ ਮੌਜੂਦ ਸਨ।
ਇਹ ਵੀ ਪੜ੍ਹੋ:
ਮਨਜੀਤ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਸਮਲਿੰਗੀ ਸੈਕਸ ਨੂੰ ਜਾਇਜ਼ ਠਹਿਰਾਉਣ ਦੇ ਦਿੱਤੇ ਫੈਸਲੇ ਤੋਂ ਬਾਅਦ ਉਹ ਅਤੇ ਉਸ ਦੀ 'ਪਤਨੀ' ਸੀਰਤ ਖੁਸ਼ ਹਨ।
ਹਾਲਾਂਕਿ ਉਦੋਂ ਦੋਵੇਂ ਔਰਤਾਂ ਵੱਲੋਂ ਵਿਆਹ ਕਰਵਾਏ ਜਾਣ 'ਤੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ। ਉਹ ਸੁਪਰੀਮ ਕੋਰਟ ਵੱਲੋਂ ਸਮਲਿੰਗੀ ਸੈਕਸ ਨੂੰ ਅਪਰਾਧ ਨਾ ਮੰਨਣ ਦੇ ਆਏ ਫੈਸਲੇ ਨੂੰ ਸ਼ੁਭ ਸ਼ਗਨ ਵੱਜੋਂ ਦੇਖ ਰਹੀਆਂ ਹਨ।
ਮਾਪੇ ਪਹਿਲਾਂ ਤਿਆਰ ਨਹੀਂ ਸਨ...
ਮਨਜੀਤ ਕੌਰ ਸੰਧੂ ਨੂੰ ਉਮੀਦ ਹੈ ਕਿ ਇੱਕ ਦਿਨ ਉਨ੍ਹਾਂ ਦੇ 'ਵਿਆਹ' ਨੂੰ ਵੀ ਕਾਨੂੰਨੀ ਮਾਨਤਾ ਵੀ ਮਿਲ ਜਾਵੇਗੀ। ਸੁਪਰੀਮ ਕੋਰਟ ਵੱਲੋ ਸਮਲਿੰਗੀ ਸੈਕਸ ਨੂੰ ਮਾਨਤਾ ਦਿੱਤੇ ਜਾਣ ਨੇ ,ਉਨ੍ਹਾਂ ਦੀਆਂ ਕਾਫ਼ੀ ਮੁਸ਼ਕਲਾਂ ਹੱਲ ਕਰ ਦਿੱਤੀਆਂ ਹਨ। ਭਾਵੇਂ ਕਿ ਉਹ ਆਪਣੀ ਸਾਥਣ ਨੂੰ ਸੀਰਤ ਤੇ ਆਪਣੀ ਜਾਇਦਾਦ ਦੀ ਵਾਰਸ ਨਹੀਂ ਬਣਾ ਸਕਦੀ ਹੈ।
ਪਹਿਲਾਂ ਧਾਰਾ 377 ਤਹਿਤ ਸਮਲਿੰਗੀ ਸੈਕਸ ਕਾਰਨ 10 ਸਾਲ ਦੀ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਸੀ।
ਮਨਜੀਤ ਸੰਧੂ ਦਾ ਕਹਿਣਾ ਹੈ, "ਸੀਰਤ ਦੇ ਰਿਹਾਅ ਹੋਣ ਤੋਂ ਬਾਅਦ ਵਿੱਚ ਵੀ ਸਾਡੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਜੇਲ੍ਹ ਦੌਰਾਨ ਹੀ ਮੈਂ ਆਪਣੇ ਮਨ ਦੀ ਗੱਲ ਸੀਰਤ ਨੂੰ ਦੱਸ ਦਿੱਤੀ ਸੀ ਕਿ ਮੈਂ ਉਸ ਨਾਲ 'ਵਿਆਹ' ਕਰਵਾਉਣਾ ਚਾਹੁੰਦੀ ਹਾਂ। ਇਸ ਗੱਲ ਵਿੱਚ ਸਭ ਤੋਂ ਵੱਡਾ ਅੜਿੱਕਾ ਸੀਰਤ ਦੇ ਮਾਪਿਆਂ ਨੂੰ ਮਨਾਉਣ ਦਾ ਸੀ ਪਰ ਅਖੀਰ ਉਹ ਵੀ ਇਸ ਗੱਲ ਲਈ ਰਾਜ਼ੀ ਹੋ ਗਏ ਸਨ ਕਿਉਂਕਿ ਪਹਿਲੇ ਵਿਆਹ ਵਿੱਚ ਸੀਰਤ ਨੇ ਕਾਫੀ ਦੁੱਖ ਭੋਗਿਆ ਸੀ।"
ਇਹ ਵੀ ਪੜ੍ਹੋ:
ਜਲੰਧਰ ਦੇ ਪੱਕਾ ਬਾਗ ਦੀ ਰਹਿਣ ਵਾਲੀ ਮਨਜੀਤ ਕੌਰ ਸੰਧੂ ਨੇ ਆਪਣਾ ਤਿੰਨ ਮੰਜ਼ਿਲਾ ਘਰ ਬਣਾਇਆ ਹੋਇਆ ਹੈ ਤੇ ਉਹ ਆਪਣੀ ਸਮਲਿੰਗੀ ਸਾਥਣ ਸੀਰਤ ਨਾਲ ਇੱਥੇ ਹੀ ਰਹਿ ਰਹੀ ਹੈ।
ਮਨਜੀਤ ਕੌਰ ਦਾ ਕਹਿਣਾ ਹੈ, "ਮੇਰੀ ਉਮਰ ਵੀ ਜ਼ਿਆਦਾ ਹੁੰਦੀ ਜਾ ਰਹੀ ਸੀ। ਮਾਪੇ ਦਿੱਲੀ ਦੰਗਿਆਂ ਵਿੱਚ ਮਾਰੇ ਗਏ ਸਨ। ਇਸ ਕਾਰਨ ਰਿਸ਼ਤੇਦਾਰਾਂ ਕੋਲ ਰਹੀ ਪਰ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਜ਼ਿੰਦਗੀ ਖੁਦ ਹੀ ਜਿਉਣੀ ਪੈਣੀ ਹੈ। ਜਦੋਂ ਜੇਲ੍ਹ ਵਿੱਚ ਸੀਰਤ ਨਾਲ ਮੁਲਾਕਾਤਾਂ ਹੋਣ ਲੱਗੀਆਂ ਤਾਂ ਉਦੋਂ ਹੀ ਮੈਂ ਵਿਆਹ ਲਈ ਮਨ ਬਣਾ ਲਿਆ ਸੀ।"