You’re viewing a text-only version of this website that uses less data. View the main version of the website including all images and videos.
ਕੀ ਭਾਰਤ ਦੇ ਰਾਫੇਲ ਤੋਂ ਡਰ ਜਾਣਗੇ ਚੀਨ ਤੇ ਪਾਕਿਸਤਾਨ
ਫਰਾਂਸ ਤੋਂ ਭਾਰਤ ਦਾ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਮਸਲਾ ਕਾਫੀ ਵਿਵਾਦਿਤ ਹੋ ਗਿਆ ਹੈ। ਵਿਰੋਧੀ ਪਾਰਟੀਆਂ ਨਰਿੰਦਰ ਮੋਦੀ ਸਰਕਾਰ 'ਤੇ ਇਸ ਸਮਝੌਤੇ ਵਿੱਚ ਘਪਲਾ ਕਰਨ ਦਾ ਦੋਸ਼ ਲਗਾ ਰਹੀਆਂ ਹਨ।
ਇਸ ਸਮਝੌਤੇ ਨੂੰ ਰੋਕਣ ਲਈ ਮਨੋਹਰ ਲਾਲ ਸ਼ਰਮਾ ਨਾਂ ਦੇ ਇੱਕ ਵਕੀਲ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਸੁਪਰੀਮ ਕੋਰਟ ਨੇ ਇਸਨੂੰ ਸਵੀਕਾਰ ਕਰ ਲਿਆ ਹੈ। ਅਗਲੇ ਹਫ਼ਤੇ ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਿਚ ਬੈਂਚ ਇਸ ਦੀ ਸੁਣਵਾਈ ਕਰੇਗਾ। ਜਸਟਿਸ ਦੀਪਕ ਮਿਸ਼ਰਾ ਤੋਂ ਇਲਾਵਾ ਇਸ ਵਿੱਚ ਜਸਟਿਸ ਖਾਨਵਿਲਕਰ ਤੇ ਜਸਟਿਸ ਡੀਵਾਈ ਚੰਦਰਚੂਹੜ ਹੋਣਗੇ।
ਭਾਰਤੀ ਹਵਾਈ ਫੌਜ ਦੇ ਉੱਪ ਮੁਖੀ ਐਸਬੀ ਦੇਵ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ ਕਿ ਰਾਫੇਲ ਇੱਕ ਬਿਹਤਰੀਨ ਲੜਾਕੂ ਜਹਾਜ਼ ਹੈ। ਉਨ੍ਹਾਂ ਕਿਹਾ, ''ਇਹ ਲੜਾਕੂ ਜਹਾਜ਼ ਬਿਹਤਰੀਨ ਹਨ, ਇਸਦੀ ਸਮਰੱਥਾ ਜ਼ਬਰਦਸਤ ਹੈ ਤੇ ਅਸੀਂ ਇਸਦਾ ਇੰਤਜ਼ਾਰ ਕਰ ਰਹੇ ਹਨ।''
ਇਹ ਵੀ ਪੜ੍ਹੋ:
ਰਾਫੇਲ ਕੀ ਕਰ ਸਕੇਗਾ?
ਕੀ ਰਾਫੇਲ ਵਾਕਈ ਬਿਹਤਰੀਨ ਲੜਾਕੂ ਜਹਾਜ਼ ਹੈ? ਕੀ ਇਸ ਦੇ ਆਉਣ ਨਾਲ ਭਾਰਤੀ ਫੌਜ ਦੀ ਤਾਕਤ ਵਧੇਗੀ? ਕੀ ਚੀਨ ਤੇ ਪਾਕਿਸਤਾਨ ਨਾਲ ਜੰਗ ਦੇ ਹਾਲਾਤ ਵਿੱਚ ਰਾਫੇਲ ਕਾਰਗਰ ਸਾਬਿਤ ਹੋਵੇਗਾ?
ਦਿ ਇੰਸਟੀਟਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਅਨੈਲਿਸਿਜ਼ ਦੇ ਵਿਸ਼ਲੇਸ਼ਕ ਨੇ ਕਿਹਾ, ''ਕਿਸੇ ਵੀ ਲੜਾਕੂ ਜਹਾਜ਼ ਦੀ ਤਾਕਤ ਉਸਦੀ ਸੈਂਸਰ ਸਮਰੱਥ ਤੇ ਹਥਿਆਰ 'ਤੇ ਨਿਰਭਰ ਕਰਦੀ ਹੈ। ਭਾਵ ਕਿ ਕੋਈ ਫਾਈਟਰ ਪਲੇਨ ਕਿੰਨੀ ਦੂਰੀ ਤੋਂ ਵੇਖ ਸਕਦਾ ਹੈ ਤੇ ਕਿੰਨੀ ਦੂਰੀ ਤੱਕ ਮਾਰ ਕਰ ਸਕਦਾ ਹੈ।''
ਜ਼ਾਹਿਰ ਹੈ ਇਸ ਮਾਮਲੇ ਵਿੱਚ ਰਾਫੇਲ ਇੱਕਦਮ ਨਵਾਂ ਹੈ। ਭਾਰਤ ਨੇ ਇਸ ਤੋਂ ਪਹਿਲਾਂ 1997-98 ਵਿੱਚ ਰੂਸ ਤੋਂ ਸੁਖੋਈ ਲੜਾਕੂ ਜ਼ਹਾਜ਼ ਖਰੀਦਿਆ ਸੀ। ਸੁਖੋਈ ਤੋਂ ਬਾਅਦ ਰਾਫੇਲ ਖਰੀਦਿਆ ਜਾ ਰਿਹਾ ਹੈ। 20 ਤੋਂ 21 ਸਾਲ ਬਾਅਦ ਇਹ ਸੌਦਾ ਹੋ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ, ''ਕੋਈ ਫਾਈਟਰ ਪਲੇਨ ਕਿੰਨੀ ਊਂਚਾਈ ਤੱਕ ਜਾਂਦਾ ਹੈ, ਇਹ ਉਸਦੇ ਇੰਜਨ ਦੀ ਤਾਕਤ 'ਤੇ ਨਿਰਭਰ ਕਰਦਾ ਹੈ। ਆਮ ਤੌਰ 'ਤੇ ਫਾਈਟਰ ਪਲੇਨ 40 ਤੋਂ 50 ਹਜ਼ਾਰ ਫੁੱਟ ਦੀ ਉਚਾਈ ਤੱਕ ਜਾਂਦੇ ਹਨ, ਪਰ ਅਸੀਂ ਉਚਾਈ ਤੋਂ ਕਿਸੇ ਲੜਾਕੂ ਜਹਾਜ਼ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਹਨ। ਫਾਈਟਰ ਪਲੇਨ ਦੀ ਤਾਕਤ ਹਥਿਆਰ ਤੇ ਸੈਂਸਰ ਸਮਰਥਾ ਤੋਂ ਹੀ ਪਤਾ ਲੱਗ ਸਕਦੀ ਹੈ।''
ਏਸ਼ੀਆ ਟਾਈਮਜ਼ ਵਿੱਚ ਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਹਿਰ ਇਮੈਨੁਅਲ ਸਕੀਨਿਅ ਨੇ ਲਿਖਿਆ, ''ਪਰਮਾਣੂ ਹਥਿਆਰਾਂ ਨਾਲ ਲੈੱਸ ਰਾਫੇਲ ਹਵਾ ਤੋਂ ਹਵਾ ਵਿੱਚ 150 ਕਿਲੋਮੀਟਰ ਤੱਕ ਮਿਜ਼ਾਈਲ ਦਾਗ ਸਕਦਾ ਹੈ ਤੇ ਹਵਾ ਤੋਂ ਜ਼ਮੀਨ ਤੱਕ ਇਹ 300 ਕਿਲੋਮੀਟਰ ਤੱਕ ਮਾਰ ਕਰਨ ਦਾ ਸਮਰੱਥ ਹੈ।''
''ਕੁਝ ਭਾਰਤੀ ਆਬਜ਼ਰਵਰਜ਼ ਦਾ ਮੰਨਣਾ ਹੈ ਕਿ ਰਾਫੇਲ ਦੀ ਸਮਰੱਥਾ ਪਾਕਿਸਤਾਨ ਦੇ ਐਫ-16 ਤੋਂ ਵੱਧ ਹੈ।''
ਭਾਰਤ ਰਾਫੇਲ ਦੇ ਦਮ 'ਤੇ ਜੰਗ ਜਿੱਤ ਸਕੇਗਾ?
ਕੀ ਭਾਰਤ ਇਸ ਲੜਾਕੂ ਜਹਾਜ਼ ਰਾਹੀਂ ਪਾਕਿਸਤਾਨ ਤੋਂ ਜੰਗ ਜਿੱਤ ਸਕਦਾ ਹੈ? ਇੱਕ ਮਾਹਿਰ ਮੁਤਾਬਕ, ''ਪਾਕਿਸਤਾਨ ਦੇ ਫਾਈਟਰ ਪਲੇਨ ਕਿਸੇ ਤੋਂ ਲੁਕੇ ਨਹੀਂ ਹਨ। ਉਨ੍ਹਾਂ ਕੋਲ ਜੇ-17, ਐਫ-16 ਅਤੇ ਮਿਰਾਜ ਹਨ।''
''ਤਕਨੀਕੀ ਤੌਰ 'ਤੇ ਇਹ ਰਾਫੇਲ ਜਿੰਨੇ ਆਧੁਨਿਕ ਨਹੀਂ ਹਨ। ਪਰ ਜੇ ਭਾਰਤ ਕੋਲ੍ਹ 36 ਰਾਫੇਲ ਹਨ ਤਾਂ ਉਹ 36 ਥਾਵਾਂ ਤੋਂ ਲੜ ਸਕਦੇ ਹਨ। ਜੇ ਪਾਕਿਸਤਾਨ ਕੋਲ੍ਹ ਇਸ ਤੋਂ ਵੱਧ ਫਾਈਟਰ ਪਲੇਨ ਹੋਣਗੇ ਤਾਂ ਉਹ ਵੱਧ ਥਾਵਾਂ ਤੋਂ ਲੜੇਗਾ। ਜਿਸਦਾ ਮਤਲਬ ਹੈ ਕਿ ਗਿਣਤੀ ਮਾਇਨੇ ਰੱਖਦੀ ਹੈ।''
ਸਾਬਕਾ ਰੱਖਿਆ ਮੰਤਰੀ ਅਤੇ ਹੁਣ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਵੀ ਰਾਫੇਲ ਬਾਰੇ ਕਿਹਾ ਸੀ, ''ਇਸਦਾ ਟਾਰਗੈਟ ਅਚੂਕ ਹੋਵੇਗਾ। ਰਾਫੇਲ ਉੱਤੇ -ਥੱਲੇ, ਅਗਲ -ਬਗਲ, ਹਰ ਪਾਸੇ ਨਿਗਰਾਨੀ ਰੱਖਣ ਵਿੱਚ ਸਮਰੱਥ ਹੈ। ਇਸਦੀ ਵਿਜ਼ੀਬਿਲਿਟੀ 360 ਡਿਗਰੀ ਹੈ।''
''ਪਾਇਲਟ ਨੇ ਬਸ ਵਿਰੋਧੀ ਨੂੰ ਵੇਖ ਕੇ ਬਟਨ ਦੱਬਣਾ ਹੈ, ਬਾਕੀ ਦਾ ਕੰਮ ਕੰਪਿਊਟਰ ਕਰੇਗਾ। ਪਾਇਲਟ ਲਈ ਇਸ ਵਿੱਚ ਹੈਲਮੇਟ ਵੀ ਹੋਵੇਗਾ।''
ਪਾਕਿਸਤਾਨ ਹਾਲੇ ਵੀ ਸਾਡੇ ਤੋਂ ਅੱਗੇ?
ਪਾਰੀਕਰ ਨੇ ਕਿਹਾ ਸੀ, ''1999 ਦੀ ਕਾਰਗਿਲ ਜੰਗ ਵਿੱਚ ਭਾਰਤੀ ਹਵਾਈ ਫੌਜ ਪਾਕਿਸਤਾਨ 'ਤੇ ਹਾਵੀ ਸੀ ਕਿਉਂਕਿ ਭਾਰਤ ਦੀਆਂ ਮਿਜ਼ਾਈਲਾਂ ਦੀ ਪਹੁੰਚ 30 ਕਿਲੋਮੀਟਰ ਤੱਕ ਦੀ ਹੀ ਸੀ, ਜਦਕਿ ਪਾਕਿਸਤਾਨ ਦੀ ਪਹੁੰਚ ਸਿਰਫ 20 ਕਿਲੋਮੀਟਰ ਤੱਕ ਹੀ ਸੀ। ਇਸੇ ਲਈ ਅਸੀਂ ਅੱਗੇ ਰਹੇ।''
''ਹਾਲਾਂਕਿ 1999 ਤੋਂ 2014 ਵਿਚਾਲੇ ਪਾਕਿਸਤਾਨ ਨੇ ਆਪਣੀ ਸਮਰੱਥਾ ਵਧਾ ਕੇ 100 ਕਿਲੋਮੀਟਰ ਤੱਕ ਕਰ ਲਈ ਜਦਕਿ ਭਾਰਤ 60 ਕਿਲੋਮੀਟਰ ਹੀ ਕਰ ਸਕਿਆ। ਮਤਲਬ ਅਸੀਂ ਲੋਕ ਅਜੇ ਖਤਰੇ ਵਿੱਚ ਹਨ।''
''ਪਾਕਿਸਤਾਨੀ ਲੜਾਕੂ ਜਹਾਜ਼ ਸਾਡੇ 'ਤੇ ਹਮਲਾ ਕਰਨਗੇ ਤਾਂ ਅਸੀਂ ਪਲਟਵਾਰ ਨਹੀਂ ਕਰ ਸਕਾਂਗੇ। ਰਾਫੇਲ ਤੋਂ ਬਾਅਦ ਸਾਡੀ ਪਹੁੰਚ 150 ਕਿਲੋਮੀਟਰ ਤੱਕ ਹੋ ਜਾਵੇਗੀ।''
ਦੋ ਹੀ ਸਕੁਆਡਰਨਜ਼ ਵਿੱਚ ਖਪ ਜਾਣਗੇ ਰਾਫੇਲ
ਰੱਖਿਆ ਮਾਹਿਰ ਰਾਹੁਲ ਬੇਦੀ ਮੁਤਾਬਕ ਰਾਫੇਲ ਨਾਲ ਭਾਰਤੀ ਏਅਰ ਫੋਰਸ ਦੀ ਤਾਕਤ ਵਧੇਗੀ, ਪਰ ਇਸਦੀ ਗਿਣਤੀ ਬਹੁਤ ਘੱਟ ਹੈ। ਬੇਦੀ ਦਾ ਮੰਨਣਾ ਹੈ ਕਿ 36 ਰਾਫੇਲ ਅੰਬਾਲਾ ਤੇ ਪੱਛਮੀ ਬੰਗਾਲ ਦੇ ਹਾਸੀਮਾਰਾ ਸਕੁਆਰਡਨਜ਼ ਵਿੱਚ ਹੀ ਖਪ ਜਾਣਗੇ।
ਉਨ੍ਹਾਂ ਕਿਹਾ, ''ਭਾਰਤੀ ਹਵਾਈ ਫੌਜ ਨੂੰ 42 ਸਕੁਆਡਰਨਜ਼ ਵੰਡੇ ਹੋਏ ਹਨ ਤੇ ਹਾਲੇ 32 ਹੀ ਹਨ। ਸਕੁਆਡਰਨਜ਼ ਦੇ ਹਿਸਾਬ ਨਾਲ ਲੜਾਕੂ ਜਹਾਜ਼ ਹੀ ਨਹੀਂ ਹਨ। ਸਾਨੂੰ ਗੁਣਵੱਤਾ ਤਾਂ ਚਾਹੀਦੀ ਹੈ ਪਰ ਨਾਲ ਹੀ ਗਿਣਤੀ ਵੀ ਚਾਹੀਦੀ ਹੈ।''
''ਜੇ ਤੁਸੀਂ ਚੀਨ ਜਾਂ ਪਾਕਿਸਤਾਨ ਦਾ ਮੁਕਾਬਲਾ ਕਰ ਰਹੇ ਹੋ ਤਾਂ ਤੁਹਾਡੇ ਕੋਲ ਲੜਾਕੂ ਜਹਾਜ਼ ਦੀ ਕਾਫ਼ੀ ਤਾਦਾਦ ਵੀ ਹੋਣੀ ਚਾਹੀਦੀ ਹੈ।''
ਉਨ੍ਹਾਂ ਅੱਗੇ ਕਿਹਾ, ''ਚੀਨ ਕੋਲ ਸਾਡੇ ਤੋਂ ਕਈ ਵੱਧ ਫਾਈਟਰ ਜਹਾਜ਼ ਹਨ। ਰਾਫੇਲ ਬਹੁਤ ਐਡਵਾਂਸ ਹੈ, ਪਰ ਚੀਨ ਕੋਲ੍ਹ ਪਹਿਲਾਂ ਤੋਂ ਹੀ ਅਜਿਹੇ ਫਾਈਟਰ ਪਲੇਨ ਹਨ। ਪਾਕਿਸਤਾਨ ਕੋਲ ਐਫ-16 ਹੈ ਤੇ ਉਹ ਵੀ ਬਹੁਤ ਐਡਵਾਂਸ ਹੈ।''
ਇਹ ਵੀ ਪੜ੍ਹੋ:
25 ਸਕੁਆਡਰਨਜ਼ ਹੀ ਬਚਣਗੇ
ਹਾਲੇ ਭਾਰਤ ਦੇ 32 ਸਕੁਆਡਰਨਜ਼ 'ਤੇ 18-18 ਫਾਈਟਰ ਪਲੇਨ ਹਨ। ਏਅਰਫੋਰਸ ਨੂੰ ਸ਼ੱਕ ਹੈ ਕਿ ਜੇ ਏਅਰਕਰਾਫਟ ਦੀ ਗਿਣਤੀ ਨਹੀਂ ਵਧਾਈ ਗਈ ਤਾਂ ਸਕੁਆਡਰਨਜ਼ ਦੀ ਗਿਣਤੀ 2022 ਤੱਕ 25 ਹੀ ਰਹਿ ਜਾਵੇਗੀ ਤੇ ਇਹ ਭਾਰਤ ਦੀ ਸੁਰੱਖਿਆ ਲਈ ਖਤਰਨਾਕ ਹੋਵੇਗਾ।
ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਕਈ ਵਾਰ ਇੱਕੋ ਸਮੇਂ 'ਤੇ ਦੋ ਦੇਸਾਂ ਵੱਲੋਂ ਹਮਲੇ ਦੀ ਗੱਲ ਕਰ ਚੁੱਕੇ ਹਨ।
ਮਤਲਬ ਜੇ ਪਾਕਿਸਤਾਨ ਭਾਰਤ ਨਾਲ ਜੰਗ ਕਰਦਾ ਹੈ ਤਾਂ ਚੀਨ ਵੀ ਉਸ ਦਾ ਸਾਥ ਦੇ ਸਕਦਾ ਹੈ। ਅਜਿਹੇ ਵਿੱਚ ਕੀ ਭਾਰਤ ਦੋਹਾਂ ਦੇਸਾਂ ਨਾਲ ਨਿਪਟ ਸਕੇਗਾ?
ਗੁਲਸ਼ਨ ਲੁਥਰਾ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਸੀ, ''ਪਾਕਿਸਤਾਨ ਨੂੰ ਅਸੀਂ ਲੋਕ ਵੇਖ ਲਵਾਂਗੇ ਪਰ ਸਾਡੇ ਕੋਲ੍ਹ ਚੀਨ ਦਾ ਕੋਈ ਇਲਾਜ ਨਹੀਂ ਹੈ। ਜੇ ਇਹ ਦੋਵੇਂ ਇਕੱਠੇ ਆ ਗਏ ਤਾਂ ਸਾਡਾ ਫਸਣਾ ਤੈਅ ਹੈ।''
ਡਰ ਦਾ ਕਾਰੋਬਾਰ
ਕਈ ਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਰਤ ਛੋਟੇ ਅਤੇ ਹਲਕੇ ਫਾਈਟਰ ਪਲੇਨਜ਼ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਰਾਫੇਲ ਵਰਗੇ ਫਾਈਟਰ ਪਲੇਨਜ਼ ਨੂੰ ਲਾਉਣ ਵਿੱਚ ਸਮਰਥ ਨਹੀਂ ਹੈ।
ਕੀਮਤ ਨੂੰ ਲੈ ਕੇ ਰਾਹੁਲ ਬੇਦੀ ਨੇ ਵੀ ਕਿਹਾ ਕਿ ਇਹ ਡਰ ਦਾ ਕਾਰੋਬਾਰ ਹੈ,ਜੋ ਰੁਕਦਾ ਨਜ਼ਰ ਨਹੀਂ ਆ ਰਿਹਾ।
ਉਨ੍ਹਾਂ ਕਿਹਾ, ''ਭਾਰਤ ਨੇ ਅਰਬਾਂ ਡਾਲਰ ਲਗਾ ਕੇ ਰਾਫੇਲ ਖਰੀਦਿਆ ਹੈ। ਸੰਭਵ ਹੈ ਕਿ ਕਦੇ ਵੀ ਇਸਦਾ ਇਸਤੇਮਾਲ ਨਾ ਹੋਵੇ ਤੇ ਲੰਮੇ ਸਮੇਂ ਵਿੱਚ ਇਸਦੀ ਤਕਨੀਕ ਪੁਰਾਣੀ ਹੋ ਜਾਵੇ ਅਤੇ ਫੇਰ ਭਾਰਤ ਨੂੰ ਦੂਜੇ ਫਾਈਟਰ ਪਲੇਨ ਖਰੀਦਣੇ ਪੈਣ।''
ਇਹ ਵੀ ਪੜ੍ਹੋ:
''ਇਹ ਡਰ ਦਾ ਕਾਰੋਬਾਰ ਦੁਨੀਆਂ ਦੇ ਤਾਕਤਵਰ ਦੇਸਾਂ ਨੂੰ ਰਾਸ ਆਉਂਦਾ ਹੈ। ਭਾਰਤ ਇਨ੍ਹਾਂ ਲਈ ਬਾਜ਼ਾਰ ਹੈ ਤੇ ਇਹ ਬਾਜ਼ਾਰ ਜੰਗ ਦੇ ਡਰ 'ਤੇ ਹੀ ਚਲਦਾ ਹੈ। ਇਸਦੇ ਕਾਰੋਬਾਰ ਸ਼ੰਕਾ ਵਧਾਏ ਰੱਖਦੇ ਹਨ ਤੇ ਗਾਹਕ ਡਰਿਆ ਰਹਿੰਦਾ ਹੈ।''
ਹਾਲਾਂ ਕਿ ਰਾਹੁਲ ਮੁਤਾਬਕ ਭਾਰਤ ਲਈ ਇਸ ਡਰ ਦੇ ਕਾਰੋਬਾਰ ਤੋਂ ਨਿਕਲਣਾ ਬਹੁਤ ਔਖਾ ਹੈ ਕਿਉਂਕਿ ਚੀਨ ਤੇ ਪਾਕਿਸਤਾਨ ਉਸ ਦੇ ਗੁਆਂਢੀ ਹਨ।
ਰਾਫੇਲ ਤੋਂ ਡਰੇਗਾ ਚੀਨ ਤੇ ਪਾਕਿਸਤਾਨ?
ਰਾਹੁਲ ਨੇ ਕਿਹਾ, ''ਚੀਨ ਤਾਂ ਬਿਲਕੁਲ ਵੀ ਨਹੀਂ। ਪਾਕਿਸਤਾਨ ਬਾਰੇ ਵੀ ਪੱਕੇ ਤੌਰ 'ਤੇ ਹਾਂ ਨਹੀਂ ਕਹਿ ਸਕਦਾ। ਜੇ 72 ਰਾਫੇਲ ਹੁੰਦੇ ਤਾਂ ਪਾਕਿਸਤਾਨ ਨੂੰ ਡਰਨਾ ਪੈਂਦਾ, ਪਰ 36 ਵਿੱਚ ਡਰ ਵਰਗੀ ਕੋਈ ਗੱਲ ਨਹੀਂ ਹੈ।''
ਉਨ੍ਹਾਂ ਮੁਤਾਬਕ 2020 ਤੱਕ ਪਾਕਿਸਤਾਨ ਦੇ 190 ਫਾਈਟਰ ਪਲੇਨਜ਼ ਬੇਕਾਰ ਹੋ ਜਾਣਗੇ।
ਅਮਰੀਕੀ ਸੈਨੇਟ ਨੇ ਪਾਕਿਸਤਾਨ ਦੇ ਨਾਲ ਅੱਠ ਐਫ-6 ਫਾਈਟਰ ਜਹਾਜ਼ਾਂ ਦਾ ਸੌਦਾ ਰੋਕ ਦਿੱਤਾ ਸੀ। ਇਸ ਦੇ ਪਿੱਛੇ ਅਮਰੀਕਾ ਨੇ ਤਰਕ ਦਿੱਤਾ ਸੀ ਕਿ ਪਾਕਿਸਤਾਨ ਅੱਤਵਾਦ ਖਿਲਾਫ ਲੜਾਈ ਵਿੱਚ ਭਰੋਸੇਮੰਦ ਨਹੀਂ ਹੈ।
ਅਜੇ ਪਾਕਿਸਤਾਨ ਦੀ ਆਰਥਕ ਹਾਲਤ ਠੀਕ ਨਹੀਂ ਹੈ ਜੋ ਉਹ ਰਾਫੇਲ ਵਰਗਾ ਸੌਦਾ ਕਰੇ।