You’re viewing a text-only version of this website that uses less data. View the main version of the website including all images and videos.
ਜਦੋਂ ਆਸਟਰੇਲੀਆ 'ਚ ਇੱਕ ਔਰਤ ਨੇ 'ਰਾਜਾ ਹਿੰਦੋਸਤਾਨੀ' ਦੇਖ ਕੇ ਭਾਰਤੀ ਬੱਚਾ ਗੋਦ ਲੈਣ ਦਾ ਲਿਆ ਫ਼ੈਸਲਾ...
- ਲੇਖਕ, ਨੀਨਾ ਭੰਡਾਰੀ
- ਰੋਲ, ਸਿਡਨੀ ਤੋਂ, ਬੀਬੀਸੀ ਦੇ ਲਈ
ਆਸਟਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਵਿੰਡਸਰ ਸ਼ਹਿਰ ਵਿੱਚ ਰਹਿਣ ਵਾਲੀ 33 ਸਾਲਾ ਅਲੀਜ਼ਾਬੇਥ ਬਰੂਕ ਅਤੇ ਉਨ੍ਹਾਂ ਦੇ 32 ਸਾਲਾ ਪਤੀ ਐਡਮ ਬਰੂਕ ਇਸ ਗੱਲ ਨਾਲ ਬਹੁਤ ਖੁਸ਼ ਹਨ ਕਿ ਆਸਟਰੇਲੀਆ ਨੇ ਭਾਰਤ ਦੇ ਨਾਲ ਅਡੌਪਸ਼ਨ ਪ੍ਰੋਗਰਾਮ (ਬੱਚੇ ਗੋਦ ਲੈਣ ਵਾਲਾ ਪ੍ਰੋਗਰਾਮ) ਮੁੜ ਸ਼ੁਰੂ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।
ਅਲੀਜ਼ਾਬੇਥ ਜਦੋਂ 14 ਸਾਲ ਦੀ ਸੀ ਤਾਂ ਉਨ੍ਹਾਂ ਨੂੰ ਪੌਲੀਸਿਸਟਕ ਓਵੋਰੀਅਨ ਸਿੰਡਰੋਮ ਹੋ ਗਿਆ ਸੀ। ਇਸ ਬਿਮਾਰੀ ਕਾਰਨ ਅਲੀਜ਼ਾਬੇਥ ਕਦੇ ਗਰਭਵਤੀ ਨਹੀਂ ਹੋ ਸਕਦੀ।
ਉਹ ਕਹਿੰਦੀ ਹੈ, ''ਇਸ ਪ੍ਰੋਗਰਾਮ ਨੇ ਸਾਡੇ ਲਈ ਉਮੀਦ ਦੀ ਇੱਕ ਨਵੀਂ ਰੋਸ਼ਨੀ ਪੈਦਾ ਕੀਤੀ ਹੈ। ਅਸੀਂ ਆਪਣਾ ਪਰਿਵਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹਾਂ।''
ਇਹ ਵੀ ਪੜ੍ਹੋ:
ਇਹ ਇਤਫ਼ਾਕ ਹੀ ਹੈ ਕਿ ਜਦੋਂ ਅਲੀਜ਼ਬੇਥ ਨੂੰ ਆਪਣੇ ਜਣਨ ਬਾਰੇ ਜਾਣਕਾਰੀ ਮਿਲੀ, ਉਸੇ ਸਮੇਂ ਉਨ੍ਹਾਂ ਨੇ ਟੀਵੀ 'ਤੇ ਬਾਲੀਵੁੱਡ ਫ਼ਿਲਮ 'ਰਾਜਾ ਹਿੰਦੂਸਤਾਨੀ' ਦੇਖੀ ਸੀ।
ਅਲੀਜ਼ਾਬੇਥ ਕਹਿੰਦੀ ਹੈ, ''ਉਸ ਫ਼ਿਲਮ ਨੇ ਮੇਰੇ ਦਿਮਾਗ ਵਿੱਚ ਭਾਰਤ ਦਾ ਇੱਕ ਵੱਖਰਾ ਹੀ ਅਕਸ ਬਣਾ ਦਿੱਤਾ। ਮੈਨੂੰ ਭਾਰਤੀ ਖਾਣਾ, ਕੱਪੜੇ ਅਤੇ ਫ਼ਿਲਮਾਂ ਪਸੰਦ ਆਉਣ ਲੱਗੀਆਂ। ਉਸ ਤੋਂ ਬਾਅਦ ਮੈਂ ਆਪਣੀ ਭੈਣ ਦੇ ਨਾਲ ਭਾਰਤ ਗਈ। ਫਿਰ ਆਪਣੇ ਪਤੀ ਐਡਮ ਦੇ ਨਾਲ ਵੀ ਦੋ ਵਾਰ ਭਾਰਤ ਗਈ। ਅਸੀਂ ਤੈਅ ਕੀਤਾ ਕਿ ਅਸੀਂ ਭਾਰਤ ਤੋਂ ਇੱਕ ਬੱਚਾ ਗੋਦ ਲਵਾਂਗੇ।''
ਅਕਤੂਬਰ 2010 ਵਿੱਚ ਆਸਟਰੇਲੀਆ ਨੇ ਭਾਰਤ ਨਾਲ ਚੱਲਣ ਵਾਲੇ ਅਡੌਪਸ਼ਨ ਪ੍ਰੋਗਰਾਮ 'ਤੇ ਰੋਕ ਲਗਾ ਦਿੱਤੀ ਸੀ।
ਦਰਅਸਲ ਉਸ ਸਮੇਂ ਅਜਿਹੇ ਇਲਜ਼ਾਮ ਲੱਗੇ ਸੀ ਕਿ ਇਸ ਇੰਟਰ-ਕੰਟਰੀ ਅਡੌਪਸ਼ਨ ਪ੍ਰੋਗਰਾਮ ਤਹਿਤ ਬੱਚਿਆਂ ਦੀ ਤਸਕਰੀ ਹੋ ਰਹੀ ਹੈ।
ਇਸ ਤਸਕਰੀ ਪਿੱਛੇ ਭਾਰਤ ਦੀਆਂ ਕੁਝ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਦਾ ਨਾਮ ਸਾਹਮਣੇ ਆਇਆ ਸੀ।
ਇਸ ਤੋਂ ਬਾਅਦ ਭਾਰਤ ਨੇ ਜੁਵੇਨਾਈਲ ਜਸਟਿਸ ਐਕਟ 2015 ਅਤੇ ਅਡੌਪਸ਼ਨ ਰੈਗੂਲੇਸ਼ਨ 2017 ਦੇ ਤਹਿਤ ਭਾਰਤ ਵਿੱਚ ਦੂਜੇ ਦੇਸਾਂ ਦੇ ਨਾਗਰਿਕਾਂ ਲਈ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਸਖ਼ਤ ਕਰ ਦਿੱਤੀ।
ਪ੍ਰੋਗਰਾਮ ਸ਼ੁਰੂ ਹੋਣ ਵਿੱਚ ਅਜੇ ਸਮਾਂ ਹੈ
ਅਲੀਜ਼ਾਬੇਥ ਦਾ ਪਰਿਵਾਰ ਕਾਫ਼ੀ ਆਜ਼ਾਦ ਖਿਆਲਾ ਵਾਲਾ ਹੈ ਅਤੇ ਉਹ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਵਿਚਾਲੇ ਵੱਡੀ ਹੋਈ ਹੈ।
ਅਲੀਜ਼ਾਬੇਥ ਕਹਿੰਦੀ ਹੈ, ''ਆਸਟਰੇਲੀਆ ਵਿੱਚ ਭਾਰਤ ਦਾ ਬੱਚਾ ਗੋਦ ਲੈਣ ਵਾਲਾ ਪ੍ਰੋਗਰਾਮ ਸ਼ਾਇਦ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗਾ। ਜੇਕਰ ਸਭ ਕੁਝ ਠੀਕ ਤਰ੍ਹਾਂ ਹੁੰਦਾ ਹੈ ਤਾਂ ਆਉਣ ਵਾਲੇ ਤਿੰਨ ਸਾਲਾਂ ਵਿੱਚ ਸਾਡੇ ਕੋਲ ਬੱਚਾ ਹੋਵੇਗਾ।''
ਆਸਟਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ (ਏਆਈਐਚਡਬਲਿਊ) ਦੀ 2016-17 ਦੀ ਰਿਪੋਰਟ ਮੁਤਾਬਕ ਕਿਸੇ ਜੋੜੇ ਲਈ ਦੂਜੇ ਦੇਸ ਦਾ ਬੱਚੇ ਗੋਦ ਲੈਣ ਲਈ ਔਸਤਨ 2 ਸਾਲ 9 ਮਹੀਨੇ ਦਾ ਸਮਾਂ ਲਗਦਾ ਹੈ।
ਅਲੀਜ਼ਾਬੇਥ ਅਤੇ ਐਡਮ ਨੇ ਭਾਰਤ ਦੀ ਸੈਂਟਰਲ ਅਡੌਪਸ਼ਨ ਸੋਸਾਇਟੀ ਆਥਾਰਿਟੀ (ਸੀਏਆਰਏ) ਦੀ ਤਤਕਾਲ ਪਲੇਸਮੈਂਟ ਸ਼੍ਰੇਣੀ ਤਹਿਤ ਦੋ ਜਾਂ ਤਿੰਨ ਬੱਚਿਆਂ ਨੂੰ ਗੋਦ ਲੈਣ ਬਾਰੇ ਸੋਚਿਆ ਹੈ।
ਉਂਝ ਤਾਂ ਆਸਟਰੇਲੀਆ-ਭਾਰਤ ਇੰਟਰਕੰਟਰੀ ਅਡੌਪਸ਼ਨ ਪ੍ਰੋਗਰਾਮ ਮੁੜ ਸ਼ੁਰੂ ਹੋਣ ਵਾਲਾ ਹੈ ਪਰ ਇਸ ਵਿਚਾਲੇ ਆਸਟਰੇਲੀਆ ਵਿੱਚ ਸੋਸ਼ਲ ਸਰਵਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਸ ਪ੍ਰੋਗਰਾਮ ਦੇ ਤਹਿਤ ਅਜੇ ਕੋਈ ਅਪੀਲ ਦਰਜ ਨਹੀਂ ਕੀਤੀ ਜਾ ਰਹੀ ਹੈ।
ਬੁਲਾਰੇ ਮੁਤਾਬਕ, "ਫਿਲਹਾਲ ਆਸਟਰੇਲੀਆ ਦੇ ਪ੍ਰਸ਼ਾਸਨ ਨੂੰ ਇਸ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਲਈ ਇੱਕ ਨਵੀਂ ਪ੍ਰਕਿਰਿਆ ਦਾ ਗਠਨ ਕਰਨਾ ਹੋਵੇਗਾ, ਇਸ ਵਿੱਚ ਅਜੇ ਥੋੜ੍ਹਾ ਸਮਾਂ ਲੱਗੇਗਾ। ਤਾਂ ਹੀ ਭਾਰਤ ਦੇ ਕੋਲ ਇੱਥੋਂ ਬੱਚੇ ਲੈਣ ਦੀਆਂ ਅਰਜ਼ੀਆਂ ਭੇਜੀਆਂ ਜਾ ਸਕਣਗੀਆਂ।"
"ਕੋਈ ਵੀ ਪ੍ਰੋਗਰਾਮ ਜਿਸ ਨੂੰ ਮੁੜ ਸ਼ੁਰੂ ਕੀਤਾ ਜਾਂਦਾ ਹੈ ਉਸ 'ਤੇ ਪ੍ਰਸ਼ਾਸਨ ਆਪਣੀ ਪੂਰੀ ਨਜ਼ਰ ਰਖਦਾ ਹੈ ਤਾਂ ਜੋ ਕੋਈ ਗੜਬੜੀ ਨਾ ਹੋ ਸਕੇ।"
ਮਾਂ ਬਣਨ ਦੀ ਉਮੀਦ
ਭਾਰਤ ਤੋਂ ਬੱਚਾ ਗੋਦ ਲੈਣ ਵਾਲੇ ਇਸ ਪ੍ਰੋਗਰਾਮ ਨੂੰ ਮੁੜ ਸ਼ੁਰੂ ਹੋਣ ਦਾ ਫਾਇਦਾ ਆਸਟਰੇਲੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਵੀ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ:
42 ਸਾਲਾ ਜੌਏਲਕਸ਼ਮੀ ਅਤੇ ਉਨ੍ਹਾਂ ਦੇ ਪਤੀ ਮਨਜੀਤ ਸਿੰਘ ਸੈਣੀ ਆਸਟਰੇਲੀਆ ਦੇ ਮੈਲਬਰਨ ਵਿੱਚ ਰਹਿੰਦੇ ਹਨ। ਜੌਏਲਕਸ਼ਮੀ ਅਤੇ ਮਨਜੀਤ 8 ਸਾਲ ਤੋਂ ਇਸ ਪ੍ਰੋਗਰਾਮ ਦੇ ਮੁੜ ਸ਼ੁਰੂ ਹੋਣ ਦੀ ਉਡੀਕ ਵਿੱਚ ਹਨ।
ਜੌਏਲਕਸ਼ਮੀ ਨੂੰ ਸਾਲ 2008 ਵਿੱਚ ਐਂਡੋਮੀਟ੍ਰਿਓਸਿਸ ਆਪਰੇਸ਼ਨ ਕਰਵਾਉਣਾ ਪਿਆ ਸੀ, ਇਸੇ ਕਾਰਨ ਹੁਣ ਉਹ ਬੱਚਾ ਪੈਦਾ ਨਹੀਂ ਕਰ ਸਕਦੀ।
ਜੌਏਲਕਸ਼ਮੀ ਕਹਿੰਦੀ ਹੈ ਕਿ ਉਹ ਫਿਲਹਾਲ ਇਹ ਸੋਚ ਰਹੀ ਹੈ ਕਿ ਆਸਟਰੇਲੀਆ ਤੋਂ ਹੀ ਸਥਾਨਕ ਥਾਂ ਤੋਂ ਬੱਚਾ ਗੋਦ ਲੈ ਲਈਏ ਜਾਂ ਫਿਰ ਭਾਰਤ ਨਾਲ ਸ਼ੁਰੂ ਹੋਣ ਵਾਲੇ ਅਡੌਪਸ਼ਨ ਪ੍ਰੋਗਰਾਮ ਦੇ ਤਹਿਤ ਭਾਰਤੀ ਬੱਚੇ ਨੂੰ ਗੋਦ ਲੈ ਲਈਏ।
ਜੌਏਲਕਸ਼ਮੀ ਨੇ ਮਾਂ ਬਣਨ ਲਈ ਸਰੋਗੇਸੀ ਦਾ ਵੀ ਰਸਤਾ ਅਪਣਾਇਆ ਸੀ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੀ।
ਜੌਏਲਕਸ਼ਮੀ ਕਹਿੰਦੀ ਹੈ, ''ਸਾਡੇ ਲਈ ਬੱਚਾ ਗੋਦ ਲੈਣਾ ਹੀ ਆਖਰੀ ਰਸਤਾ ਹੈ, ਸਾਲ 2010 ਵਿੱਚ ਅਸੀਂ ਭਾਰਤ ਤੋਂ ਦੋ ਬੱਚਿਆਂ ਨੂੰ ਗੋਦ ਲੈਣਾ ਚਾਹੁੰਦੇ ਸੀ ਪਰ ਫਿਰ ਭਾਰਤ ਅਤੇ ਆਸਟਰੇਲੀਆ ਵਿਚਾਲੇ ਇੰਟਰ-ਕੰਟਰੀ ਅਡੌਪਸ਼ਨ ਪ੍ਰੋਗਰਾਮ ਰੋਕ ਦਿੱਤਾ ਗਿਆ।''
ਅਨਾਥ ਆਸ਼ਰਮਾਂ ਵਿੱਚ ਰਹਿਣ ਵਾਲੇ ਬੱਚਿਆਂ ਦੇ ਹਾਲਾਤ
ਮੇਰੀ ਜੋਂਸ (ਬਦਲਿਆ ਹੋਇਆ ਨਾਮ) ਇੱਕ ਸਿੰਗਲ ਮਦਰ ਹੈ। ਉਹ ਕਵੀਨਸਲੈਂਡ ਦੇ ਇੱਕ ਚੰਗੇ ਇਲਾਕੇ ਵਿੱਚ ਰਹਿੰਦੀ ਹੈ।
ਅਡੌਪਸ਼ਨ ਪ੍ਰੋਗਰਾਮ ਦੇ ਮੁੜ ਸ਼ੁਰੂ ਹੋਣ 'ਤੇ ਮੈਰੀ ਕਹਿੰਦੀ ਹੈ, ''ਇਹ ਬਹੁਤ ਹੀ ਚੰਗੀ ਖ਼ਬਰ ਹੈ ਪਰ ਅਜੇ ਸਾਨੂੰ ਇਸਦੇ ਸ਼ੁਰੂ ਹੋਣ ਦੀ ਉਡੀਕ ਕਰਨੀ ਹੋਵੇਗੀ। ਮੇਰਾ 9 ਸਾਲ ਦਾ ਮੁੰਡਾ ਹੈ ਉਹ ਖ਼ੁਦ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰਦਾ ਹੈ, ਇਸ ਲਈ ਮੈਂ ਭਾਰਤ ਦੀ ਇੱਕ ਕੁੜੀ ਨੂੰ ਪਿਛਲੇ 4 ਸਾਲ ਤੋਂ ਗੋਦ ਲੈਣ ਲਈ ਵਿਚਾਰ ਕਰ ਰਹੀ ਹਾਂ।''
ਮੈਰੀ ਆਪਣੇ ਪਤੀ ਦੇ ਨਾਲ ਭਾਰਤ ਤੋਂ ਨਿਊਜ਼ੀਲੈਡ ਆ ਗਈ ਸੀ। ਪੰਜ ਸਾਲ ਪਹਿਲਾਂ ਉਹ ਆਪਣੇ ਪਤੀ ਤੋਂ ਵੱਖ ਹੋ ਕੇ ਆਸਟਰੇਲੀਆ ਚਲੀ ਗਈ ਸੀ।
ਮੇਰੀ ਇੱਕ ਨਰਸ ਹੈ ਅਤੇ ਜਦੋਂ ਉਹ ਭਾਰਤ ਵਿੱਚ ਸੀ ਤਾਂ ਉਨ੍ਹਾਂ ਨੇ ਬੈਂਗਲੁਰੂ ਦੇ ਇੱਕ ਅਨਾਥ ਆਸ਼ਰਮ ਵਿੱਚ ਬੱਚਿਆਂ ਦੀ ਹਾਲਤ ਦੇਖੀ।
ਉਹ ਚਾਹੁੰਦੀ ਸੀ ਕਿ ਘੱਟੋ ਘੱਟ ਇੱਕ ਭਾਰਤੀ ਬੱਚੇ ਨੂੰ ਗੋਦ ਲੈ ਕੇ ਉਸ ਨੂੰ ਚੰਗੀ ਜ਼ਿੰਦਗੀ ਦੇਵੇ।
ਅਡੌਪਟ ਚੇਂਜ ਨਾਮਕ ਇੱਕ ਗ਼ੈਰਲਾਭਕਾਰੀ ਸੰਸਥਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਰੇਨੀ ਕਾਰਟਰ ਕਹਿੰਦੀ ਹੈ ਕਿ ਅਨਾਥ ਆਸ਼ਰਮਾਂ ਵਿੱਚ ਰਹਿਣ ਵਾਲੇ ਬੱਚਿਆਂ ਦੇ ਨਾਲ ਮਾੜਾ ਵਿਹਾਰ ਹੋਣ ਦੇ ਸਬੂਤ ਮਿਲੇ ਹਨ।
ਇਹ ਵੀ ਪੜ੍ਹੋ:
ਰੇਨੀ ਕਾਰਟਰ ਇਸ ਬਾਰੇ ਡਿਟੇਲ ਵਿੱਚ ਦੱਸਦੀ ਹੈ, ''ਬੱਚਾ ਗੋਦ ਦੇਣ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਦੇਸ ਵਿੱਚ ਹੀ ਕਿਸੇ ਪਰਿਵਾਰ ਨੂੰ ਗੋਦ ਦਿੱਤਾ ਜਾਵੇ।"
"ਹਾਲਾਂਕਿ ਜੇਕਰ ਕਿਸੇ ਬੱਚੇ ਨੂੰ ਦੂਜੇ ਦੇਸ ਦੇ ਪਰਿਵਾਰ ਨੂੰ ਗੋਦ ਦਿੱਤਾ ਜਾ ਰਿਹਾ ਹੈ ਤਾਂ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਇਹ ਪੂਰੀ ਪ੍ਰਕਰਿਆ ਸੁਰੱਖਿਅਤ, ਪਾਰਦਰਸ਼ੀ ਅਤੇ ਸਹੀ ਤਰੀਕੇ ਨਾਲ ਹੋਵੇ ਜਿਸ ਨਾਲ ਬੱਚਿਆਂ ਨੂੰ ਚੰਗਾ ਮਾਹੌਲ ਅਤੇ ਪਰਿਵਾਰ ਮਿਲ ਸਕੇ।