ਪਾਕਿਸਤਾਨ ਦੇ ਬਾਲਾਕੋਟ ’ਚ ਏਅਰ ਸਟਰਾਈਕ ’ਚ ਕਿੰਨੇ ਮਰੇ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਸੋਸ਼ਲ ਮੀਡੀਆ ਉੱਤੇ ਇੱਕ ਕਥਿਤ ਵਟਸਐਪ ਚੈਟ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਬਾਲਾਕੋਟ ਵਿੱਚ ਹੋਏ ਭਾਰਤੀ ਹਵਾਈ ਫੌਜ ਦੇ ਹਮਲੇ ਵਿੱਚ 292 ਅੱਤਵਾਦੀਆਂ ਦੀ ਮੌਤ ਹੋਈ ਸੀ।

ਜਿਨ੍ਹਾਂ ਲੋਕਾਂ ਨੇ ਵਟਸਐਪ ਗਰੁਪਜ਼ ਅਤੇ ਫੇਸਬੁੱਕ ਗਰੁੱਪਾਂ ਵਿੱਚ ਇਸ ਕਥਿਤ ਗੱਲਬਾਤ ਦੇ ਸਕਰੀਨ ਸ਼ਾਟ ਸ਼ੇਅਰ ਕੀਤੇ ਹਨ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਗੱਲਬਾਤ ਕਿਸੇ ਭਾਰਤੀ ਦੋਸਤ ਅਤੇ ਬਾਲਾਕੋਟ ਵਿੱਚ ਰਹਿਣ ਵਾਲੇ 'ਡਾਕਟਰ ਇਜਾਜ਼' ਨਾਮ ਦੇ ਇੱਕ ਸ਼ਖ਼ਸ ਵਿਚਾਲੇ ਹੋਈ ਹੈ।

ਜ਼ਿਆਦਾਤਰ ਲੋਕਾਂ ਨੇ ਇਸੇ ਦਾਅਵੇ ਦੇ ਨਾਲ ਤਿੰਨ ਸਕਰੀਨਸ਼ਾਟ ਸ਼ੇਅਰ ਕੀਤੇ ਹਨ।

ਕੁਝ ਲੋਕਾਂ ਨੇ ਇਹ ਦਾਅਵਾ ਕੀਤਾ ਹੈ ਕਿ 'ਜਿਸ ਸ਼ਖ਼ਸ ਦਾ ਨਾਮ ਸਕਰੀਨਸ਼ਾਟ ਵਿੱਚ ਨਜ਼ਰ ਆ ਰਿਹਾ ਹੈ ਉਹ ਬਾਲਾਕੋਟ ਵਿੱਚ ਹੀ ਡਾਕਟਰ ਹੈ ਅਤੇ ਜਿਸ ਦਿਨ ਏਅਰ-ਸਟਰਾਈਕ ਹੋਈ ਉਹ ਘਟਨਾ ਵਾਲੀ ਥਾਂ 'ਤੇ ਹੀ ਮੌਜੂਦ ਸੀ। ਇਸ ਲਈ ਉਹ ਮ੍ਰਿਤਕਾਂ ਦਾ ਸਹੀ ਅੰਕੜਾ ਦੱਸ ਸਕਦਾ ਹੈ।'

ਇਹ ਵੀ ਪੜ੍ਹੋ:

ਸਕਰੀਨਸ਼ਾਟ ਵਿਚ ਕੀ ਹੈ?

ਇਸ ਵਾਇਰਲ 'ਚੈਟ' ਉੱਤੇ ਨਜ਼ਰ ਮਾਰੀਏ ਤਾਂ ਇਸ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੁੰਦੀ ਹੈ:

ਪਾਤਰ 1: ਭਾਈ, ਇਹ ਕੀ ਹੈ ... ਕੱਲ੍ਹ ਭਾਰਤੀ ਫੌਜ ਨੇ ਜੋ ਏਅਰ ਸਟਰਾਈਕ ਕੀਤੀ... ਕੀ ਇਹ ਸੱਚ ਹੈ ਜਾਂ ਮੀਡੀਆ ਇੰਝ ਹੀ ਦਿਖਾ ਰਿਹਾ ਹੈ?

ਪਾਤਰ 2: ਜਨਾਬ ਹਵਾਈ ਫੌਜ ਦੇ ਕੁਝ ਜਹਾਜ਼ ਬਾਲਾਕੋਟ ਅਤੇ ਨੇੜਲੇ ਇਲਾਕਿਆਂ ਵਿਚ ਦਾਖ਼ਲ ਹੋ ਗਏ ਸਨ ... ਪਰ ਐਲਓਸੀ ਨੂੰ ਪਾਰ ਕਰਨਾ ਗ਼ਲਤ ਹੈ ਨਾ... ਪਰ ਅੱਲ੍ਹਾ ਫਿਤਰਤ ਕਰੇ

ਪਾਤਰ 1: ਹਾਂ, ਕੁਝ 12 ਜਹਾਜ਼ ਗਏ ਸੀ ... ਪਰ ਯਾਰ ਜੇ ਪਾਕਿਸਤਾਨ ਦਾ ਜੈਸ਼-ਏ-ਮੁਹੰਮਦ ਹਮਲਾ ਕਰਵਾਉਂਦਾ ਹੈ ਤਾਂ, ਭਾਰਤ ਇਸ ਦਾ ਜਵਾਬ ਤਾਂ ਦੇਵੇਗਾ ਨਾ... ਭਾਈ, ਇਹ ਦੱਸੋ ਕਿ ਕਿੰਨੇ ਲੋਕ ਮਾਰੇ ਗਏ ਸਨ?

ਪਾਤਰ 2: ਭਾਈ ... ਕੋਈ ਲੋਕਲ ਨਹੀਂ ਮਾਰਿਆ ਗਿਆ ... ਜੋ ਮਾਰੇ ਗਏ ਉਹ ਅੱਤਵਾਦੀ ਸਨ ... ਅਸੀਂ ਖੁਦ ਉਨ੍ਹਾਂ ਤੋਂ ਪਰੇਸ਼ਾਨ ਸੀ।

ਇਸ ਤੋਂ ਬਾਅਦ ਦੀ ਕਥਿਤ ਗੱਲਬਾਤ ਦਾ ਹਿੱਸਾ ਹੈ ਜਿਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ।

ਇਸ ਸਕਰੀਨਸ਼ਾਟ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਭਗ ਓਨੀ ਹੀ ਦੱਸੀ ਗਈ ਹੈ ਜੋ ਕਿ ਭਾਰਤ ਦੇ ਕੁਝ ਮੀਡੀਆ ਚੈਨਲਾਂ ਵਾਲੇ ਅਸਪਸ਼ਟ ਜਾਣਕਾਰੀ ਦੇ ਆਧਾਰ 'ਤੇ ਦੇ ਰਹੇ ਹਨ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਵੀ ਐਤਵਾਰ ਨੂੰ ਇਸ ਹਮਲੇ ਵਿਚ 250 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ:

ਭਾਰਤੀ ਹਵਾਈ ਫੌਜ ਦੇ ਮੁਖੀ ਬੀ.ਐਸ. ਧਨੋਆ ਨੇ ਸੋਮਵਾਰ ਨੂੰ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਕਰਨਾ ਹਵਾਈ ਫੌਜ ਦਾ ਕੰਮ ਨਹੀਂ ਹੈ। ਹਵਾਈ ਫੌਜ ਨੂੰ ਜੋ ਟੀਚੇ ਦਿੱਤੇ ਗਏ ਸਨ ਉਨ੍ਹਾਂ ਨੂੰ ਉਨ੍ਹਾਂ ਨੇ ਨਿਸ਼ਾਨਾ ਬਣਾਇਆ ਸੀ।

ਭਾਰਤ ਸਰਕਾਰ ਨੇ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅਧਿਕਾਰਿਕ ਤੌਰ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਮੈਸੇਜ ਸੱਚ ਜਾਂ ਝੂਠ

ਜਿਸ ਵਟਸਐਪ ਮੈਸੇਜ ਦੇ ਆਧਾਰ 'ਤੇ ਲੋਕ 292 ਅੱਤਵਾਦੀਆਂ ਦੇ ਮਾਰੇ ਜਾਣ ਦੀ ਗੱਲ ਨੂੰ ਸਹੀ ਸਮਝ ਰਹੇ ਹਨ ਉਹ ਦਰਅਸਲ ਇੱਕ ਫੇਕ ਮੈਸੇਜ ਲਗਦਾ ਹੈ ਕਿਉਂਕਿ ਪਾਕਿਸਤਾਨ ਦੇ ਬਾਲਾਕੋਟ ਕਸਬੇ ਵਿਚ ਕੋਈ ਵੀ ਮੈਡੀਕਲ ਯੂਨੀਵਰਸਿਟੀ ਨਹੀਂ ਹੈ।

ਬਾਲਾਕੋਟ ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਸੂਬੇ ਦੇ ਮਨਸ਼ੇਰਾ ਜ਼ਿਲ੍ਹੇ ਵਿਚ ਹੈ। ਇਹ ਕਸਬਾ ਸਿੰਧੂ ਘਾਟੀ ਸੱਭਿਅਤਾ ਦੇ ਚਾਰ ਕੰਢੀ ਖੇਤਰਾਂ ਵਿੱਚੋਂ ਇੱਕ ਹੈ ਅਤੇ ਇਹ ਕੁਨਹਰ ਨਦੀ ਦੇ ਕੰਢੇ 'ਤੇ ਸਥਿਤ ਹੈ।

ਪਾਕਿਸਤਾਨ ਵਿਚ ਸੈਰ ਸਪਾਟੇ ਲਈ ਕਾਫ਼ੀ ਮਸ਼ਹੂਰ ਬਾਲਾਕੋਟ ਦੇਸ ਦੀ ਰਾਜਧਾਨੀ ਇਸਲਾਮਾਬਾਦ ਤੋਂ ਤਕਰੀਬਨ 160 ਕਿਲੋਮੀਟਰ ਦੂਰੀ 'ਤੇ ਸਥਿਤ ਹੈ।

ਪਾਕਿਸਤਾਨ ਦੀ ਮੈਡੀਕਲ ਅਤੇ ਡੈਂਟਲ ਕੌਂਸਲ ਅਨੁਸਾਰ ਬਾਲਾਕੋਟ ਦੇ ਲੋਕਾਂ ਲਈ ਸਭ ਤੋਂ ਨੇੜਲਾ ਸਰਕਾਰੀ ਮੈਡੀਕਲ ਕਾਲਜ ਐਬਟਾਬਾਦ ਵਿਚ ਹੈ।

ਭਾਰਤੀ ਹਵਾਈ ਫੌਜ ਨੇ ਮੰਗਲਵਾਰ 26 ਫਰਵਰੀ ਨੂੰ ਜਦੋਂ ਬਾਲਾਕੋਟ ਦੇ ਨੇੜੇ ਬੰਬ ਸੁੱਟੇ ਸਨ ਤਾਂ ਉੱਥੇ ਪਹੁੰਚ ਕੇ ਸਥਾਨਕ ਲੋਕਾਂ ਅਤੇ ਪ੍ਰਤੱਖਦਰਸ਼ੀਆਂ ਨਾਲ ਸਭ ਤੋਂ ਪਹਿਲਾਂ ਗੱਲ ਕਰਨ ਵਾਲੇ ਬੀਬੀਸੀ ਦੇ ਸਹਿਯੋਗੀ ਮਿਰਜ਼ਾ ਔਰੰਗਜ਼ੇਬ ਜਰਾਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ, "ਬਾਲਾਕੋਟ ਵਿਚ ਕੋਈ ਮੈਡੀਕਲ ਯੂਨੀਵਰਸਿਟੀ ਨਹੀਂ ਹੈ। ਬਾਲਕੋਟ ਵਿਚ ਸਿਰਫ਼ ਇਕ 'ਬੁਨਿਆਦੀ ਹੈਲਥ ਯੂਨਿਟ' ਹੈ ਜਿਸ ਵਿਚ ਇੱਕ ਡਾਕਟਰ ਹੁੰਦਾ ਹੈ ਅਤੇ ਕੁਝ ਸਟਾਫ਼ ਦੇ ਲੋਕ ਹੁੰਦੇ ਹਨ। ਇੱਥੇ ਮਰੀਜ਼ਾਂ ਨੂੰ ਭਰਤੀ ਕਰਨ ਦੀ ਸਹੂਲਤ ਨਾ ਦੇ ਬਰਾਬਰ ਹੈ।"

ਜਰਾਲ ਨੇ ਦੱਸਿਆ, "ਹਮਲੇ ਤੋਂ ਬਾਅਦ ਅਸੀਂ ਬਾਲਾਕੋਟ ਅਤੇ ਗੜ੍ਹੀ ਬੁੱਲਾ ਦੇ ਬੁਨਿਆਦੀ ਹੈਲਥ ਯੁਨਿਟ ਜਾ ਕੇ ਦੇਖਿਆ ਸੀ ਪਰ ਉੱਥੇ ਸਾਨੂੰ ਕੋਈ ਜ਼ਖਮੀ ਆਦਮੀ ਨਹੀਂ ਮਿਲਿਆ ਸੀ। ਇਹ ਸਾਰੇ ਹੈਲਥ ਸੈਂਟਰ ਹਮਲੇ ਦੀ ਥਾਂ ਤੋਂ ਸਿਰਫ਼ ਅੱਧੇ ਘੰਟੇ ਦੀ ਦੂਰੀ 'ਤੇ ਸਥਿਤ ਹਨ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)