ਭਾਰਤ -ਪਾਕਿਸਤਾਨ ਸਰਹੱਦ : ਬੰਬਾਂ ਦੇ ਸ਼ੈਲ ਨਾਲ ਖੇਡਦੇ ਬੱਚੇ - ਬੀਬੀਸੀ ਦੀ ਗਰਾਉਂਡ ਰਿਪੋਰਟ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ, ਐਲਓਸੀ ਤੋਂ ਪਰਤ ਕੇ

ਉਹ ਮੇਰੀ ਸੁਰੱਖਿਆ ਜੈਕੇਟ ਨੂੰ ਹੌਲੀ ਜਿਹੀ ਛੂੰਹਦੀ ਹੈ ਅਤੇ ਦੂਜਾ ਹੱਥ ਅੱਗੇ ਵਧਾ ਕੇ ਕਹਿੰਦੀ ਹੈ, "ਇਹ ਦੇਖੋ" ਉਸ ਦੀ ਛੋਟੀ ਜਿਹੀ ਮੁੱਠੀ ਵਿੱਚ ਪਾਕਿਸਤਾਨ ਵੱਲੋਂ ਹੋਈ ਸ਼ੈਲਿੰਗ ਦੇ ਟੁੱਟੇ ਹੋਏ ਟੁਕੜੇ ਹਨ।

ਕਾਲੇ, ਬਦਬੂ ਵਾਲੇ ਲੋਹੇ ਦੇ ਉਨ੍ਹਾਂ ਟੁਕੜਿਆਂ ਨੂੰ ਉਹ ਜਿੱਤ ਦੇ ਮੈਡਲ ਦੀ ਤਰ੍ਹਾਂ ਪੇਸ਼ ਕਰਦੀ ਹੈ।

ਚਿਹਰੇ 'ਤੇ ਮੁਸਕਰਾਹਟ ਹੈ ਕਿਉਂਕਿ ਅੱਜ ਉਹ ਵੱਡੀ ਗਿਣਤੀ ਵਿੱਚ ਟੁਕੜੇ ਇਕੱਠੇ ਕਰ ਸਕੀ ਹੈ। ਉਸ ਨੂੰ ਇਸ ਖੇਡ ਵਿੱਚ ਬਾਕੀ ਬੱਚਿਆਂ ਨੂੰ ਹਰਾਉਣ ਦੀ ਉਮੀਦ ਹੈ।

ਮੈਂ ਉਸ ਨੂੰ ਉਹ ਸੁੱਟ ਕੇ ਹੱਥ ਧੌਣ ਲਈ ਕਹਿੰਦੀ ਹਾਂ। ਇੱਕ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਇਨ੍ਹਾਂ ਟੁਕੜਿਆਂ ਨਾਲ ਰਸਾਇਣਿਕ ਗੈਸ ਨਿਕਲਦੀ ਹੈ, ਜੋ ਖ਼ਤਰਨਾਕ ਹੋ ਸਕਦੀ ਹੈ।

ਉਹ ਹੱਥ ਖਿੱਚ ਕੇ ਮੁੱਠੀ ਬੰਦ ਕਰ ਲੈਂਦੀ ਹੈ। ਮੈਂ ਪੁੱਛਦੀ ਹਾਂ, "ਤੈਨੂੰ ਡਰ ਲਗਦਾ ਹੈ?" ਉਹ ਕਹਿੰਦੀ ਹੈ, "ਅਸੀਂ ਵੱਡੇ ਹੋ ਕੇ ਪੁਲਿਸ ਬਣਾਂਗੇ, ਅਸੀਂ ਬਹਾਦਰ ਹੋਵਾਂਗੇ, ਸਾਨੂੰ ਕਿਸ ਚੀਜ਼ ਦਾ ਡਰ।"

ਐਲਓਸੀ ਦੇ ਕੋਲ ਕਲਸਿਆ ਪਿੰਡ ਵਿੱਚ ਬੱਚਿਆਂ ਦਾ ਵਾਸਤਾ ਗੋਲੀ, ਬਾਰੂਦ ਅਤੇ ਉਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਤੋਂ ਵੀ ਵੱਧ ਹੁੰਦਾ ਹੈ। ਤਣਾਅ ਵਧਣ 'ਤੇ ਸਕੂਲ ਬੰਦ ਹੋ ਜਾਂਦੇ ਹਨ।

ਖੇਤੀ-ਮਜ਼ਦੂਰੀ ਤੋਂ ਇਲਾਵਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀਆਂ ਦੇ ਮੌਕੇ ਘੱਟ ਹਨ।

ਇਹ ਵੀ ਪੜ੍ਹੋ:

ਜ਼ਿਆਦਾਤਰ ਪਰਿਵਾਰਾਂ ਵਿੱਚੋਂ ਕੋਈ ਨਾ ਕੋਈ ਪੁਲਿਸ ਜਾਂ ਫੌਜ ਵਿੱਚ ਹੀ ਨੌਕਰੀ ਲੱਭਦਾ ਹੈ।

ਜੰਮੂ ਕੋਲ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਅਸੀਂ ਜ਼ੀਰੋ ਪੁਆਇੰਟ ਦੇ ਨੇੜੇ ਹਾਂ। ਐਲਓਸੀ 'ਤੇ ਬਣੇ ਭਾਰਤੀ ਕੈਂਪ ਇੱਥੋਂ ਦਿਖਾਈ ਦਿੰਦੇ ਹਨ।

ਖ਼ਤਰਾ ਬਹੁਤ ਨੇੜੇ ਹੈ ਅਤੇ ਕਈ ਲੋਕਾਂ ਨੇ ਸ਼ੈਲਿੰਗ ਵਿੱਚ ਆਪਣੀ ਕਰੀਬੀ ਨੂੰ ਗਵਾਇਆ ਹੈ। ਕਲਸਿਆ ਪਿੰਡ ਦੇ ਰਤਨ ਲਾਲ ਦੀ ਪਤਨੀ ਵੀ ਇਸੇ ਦਾ ਸ਼ਿਕਾਰ ਹੋਈ ਸੀ।

ਜੰਗ ਦੀ ਕੀਮਤ

ਰਤਨ ਲਾਲ ਕਹਿੰਦੇ ਹਨ, "ਕੋਈ ਖੇਤੀਬਾੜੀ ਕਰ ਰਿਹਾ ਹੈ ਤਾਂ ਕੋਈ ਕੁਝ ਹੋਰ। ਜਦੋਂ ਸ਼ੈਲਿੰਗ ਹੁੰਦੀ ਹੈ ਤਾਂ ਕੋਈ ਸ਼ੈਲਟਰ ਹੋਣ 'ਤੇ ਵੀ ਉੱਥੇ ਕੋਈ ਪਹੁੰਚ ਨਹੀਂ ਸਕਦਾ। ਇਸੇ ਤਰ੍ਹਾਂ ਮੇਰੀ ਪਤਨੀ ਵੀ ਖੂਹ 'ਤੇ ਪਾਣੀ ਭਰਨ ਗਈ ਸੀ ਤਾਂ ਉੱਥੇ ਅਚਾਨਕ ਆ ਕੇ ਜਦੋਂ ਸ਼ੈਲ ਡਿੱਗਿਆ ਤਾਂ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।"

ਭਾਰਤ-ਪਾਕਿਸਤਾਨ ਤਣਾਅ ਵਿੱਚ ਆਪਣੇ ਘਰ ਦੇ ਇੱਕ ਮੈਂਬਰ ਨੂੰ ਗਵਾਉਣ ਦੇ ਬਾਵਜੂਦ ਰਤਨ ਲਾਲ ਦਾ ਪੁੱਤ ਹੁਣ ਫੌਜ ਵਿੱਚ ਹੈ। ਉਨ੍ਹਾਂ ਮੁਤਾਬਕ ਪੜ੍ਹਾਈ ਜ਼ਿਆਦਾ ਨਾ ਹੋਣ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਮਜਬੂਰੀ ਵਿੱਚ ਫੌਜ ਵਿੱਚ ਜਾਣਾ ਪੈਂਦਾ ਹੈ।

ਅਸ਼ਵਿਨੀ ਚੌਧਰੀ ਉਨ੍ਹਾਂ ਦੇ ਗੁਆਂਢੀ ਹਨ। ਉਹ ਕਹਿੰਦੇ ਹਨ ਲਗਾਤਾਰ ਪਾਕਿਸਤਾਨੀ ਸ਼ੈਲਿੰਗ ਦਾ ਡਰ ਬੱਚਿਆਂ ਦੇ ਦਿਮਾਗ 'ਤੇ ਡੂੰਘਾ ਅਸਰ ਪਾਉਂਦਾ ਹੈ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਇਹ ਬੱਚੇ ਅਜਿਹੇ ਹਾਲਾਤ ਵਿੱਚ ਪਰੀਖਿਆ ਦੀ ਕੋਈ ਤਿਆਰੀ ਨਹੀਂ ਕਰ ਸਕਦੇ। ਤੁਸੀਂ ਸੋਚੋ ਕਿ ਇਹ ਬੱਚੇ ਦਿੱਲੀ ਅਤੇ ਮੁੰਬਈ ਦੇ ਸਕੂਲਾਂ ਵਿੱਚ ਪੜ੍ਹੇ ਹੋਏ ਬੱਚਿਆਂ ਦੇ ਨਾਲ ਕਿਵੇਂ ਮੁਕਾਬਲਾ ਕਰ ਸਕਦੇ ਹਨ? ਕਦੇ ਨਹੀਂ ਕਰ ਸਕਦੇ।"

ਘਰ ਵਿੱਚ ਕੈਦ

ਨੇੜਲੇ ਗਨੇਹਾ ਪਿੰਡ ਦੀ ਰਹਿਣ ਵਾਲੀ ਸੁਦੇਸ਼ ਕੁਮਾਰੀ ਦਾ ਪੁੱਤ ਵੀ ਫੌਜ ਵਿੱਚ ਸ਼੍ਰੀਨਗਰ ਵਿੱਚ ਤਾਇਨਾਤ ਹੈ ਪਰ ਇੱਥੇ ਉਨ੍ਹਾਂ ਦੀ ਆਪਣੀ ਜ਼ਿੰਦਗੀ ਵੀ ਜੰਗ ਦਾ ਮੈਦਾਨ ਹੀ ਹੈ।

ਘਰ ਦੀਆਂ ਕੰਧਾਂ ਵਿੱਚ ਥਾਂ-ਥਾਂ 'ਤੇ ਮੋਹਰੀਆਂ ਹੋ ਗਈਆਂ ਹਨ ਅਤੇ ਚਾਰੋ ਪਾਸੇ ਕੱਚ ਅਤੇ ਮਲਬਾ ਖਿੱਲਰਿਆ ਹੋਇਆ ਹੈ।

ਪਿਛਲੀ ਸ਼ਾਮ ਹੋਈ ਛੇ ਘੰਟਿਆਂ ਦੀ ਸ਼ੈਲਿੰਗ ਦਾ ਖੌਫ਼ ਹਾਲੇ ਵੀ ਤਾਜ਼ਾ ਹੈ।

ਦੱਬੀ ਹੋਈ ਆਵਾਜ਼ ਵਿੱਚ ਉਹ ਦੱਸਦੀ ਹੈ, "ਬੰਕਰ ਵੀ ਹਿੱਲ ਚੁੱਕਿਆ ਸੀ। ਸਾਰੇ ਰੋਣ ਲੱਗੇ ਸੀ। ਬੱਚੇ ਵੀ, ਵੱਡੇ ਵੀ ਘਬਰਾ ਗਏ ਸੀ। ਸਾਡੇ ਚਾਰੇ ਪਾਸੇ ਸ਼ੈਲਿੰਗ ਹੋ ਰਹੀ ਸੀ। ਅਸੀਂ ਬਾਹਰ ਨਿਕਲ ਨਹੀਂ ਸਕਦੇ ਸੀ।"

ਸੁਦੇਸ਼ ਇਸ ਮਾਹੌਲ ਵਿੱਚ ਖੁਦ ਨੂੰ ਘਰ ਵਿੱਚ ਕੈਦ ਪਾਉਂਦੀ ਹੈ। ਜ਼ਿਆਦਾਤਰ ਔਰਤਾਂ ਤਣਾਅ ਵਧਣ 'ਤੇ ਘਰ ਛੱਡ ਕੇ ਜਾਣ ਤੋਂ ਡਰਦੀਆਂ ਹਨ।

ਛੋਟੇ ਬੱਚਿਆਂ ਦੀਆਂ ਖਾਣ-ਪੀਣ ਦੀਆਂ ਲੋੜਾਂ ਅਤੇ ਮਵੇਸ਼ੀਆਂ ਦੀ ਦੇਖਭਾਲ ਤੋਂ ਇਲਾਵਾ ਸਕੂਲਾਂ ਵਿੱਚ ਬਣਾਏ ਜਾਣ ਵਾਲੇ ਰਾਹਤ ਕੈਂਪਾਂ ਵਿੱਚ ਅਣਜਾਨ ਲੋਕਾਂ ਵਿੱਚ ਰਹਿਣਾ ਔਖਾ ਹੁੰਦਾ ਹੈ।

ਬੰਕਰ ਦੀ ਉਡੀਕ

ਸੁਦੇਸ਼ ਖੁਸ਼ਕਿਸਮਤ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਬੰਕਰ ਹਨ। ਰਤਨ ਲਾਲ ਸਣੇ ਕਈ ਪਿੰਡਾਂ ਦੇ ਲੋਕਾਂ ਨੂੰ ਇਹ ਵੀ ਨਸੀਬ ਨਹੀਂ।

ਪਿਛਲੇ ਸਾਲ ਅਗਸਤ ਵਿੱਚ ਗ੍ਰਹਿ ਮੰਤਰਾਲੇ ਨੇ ਸਰਹੱਦੀ ਪਿੰਡਾਂ ਵਿੱਚ 14, 000 ਬੰਕਰ ਬਣਾਉਣ ਦਾ ਐਲਾਨ ਕੀਤਾ ਸੀ ਪਰ ਇਨ੍ਹਾਂ ਵਿੱਚੋਂ 1500 ਹੀ ਬਣ ਸਕੇ ਹਨ।

ਰਤਨ ਲਾਲ ਦੇ ਪਿੰਡ ਸਣੇ ਕਈਆਂ ਨੂੰ ਇਸ ਦੀ ਹਾਲੇ ਵੀ ਉਡੀਕ ਹੈ।

ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਮੁਤਾਬਕ ਅਗਲੇ ਤਿੰਨ ਮਹੀਨਿਆਂ ਵਿੱਚ ਉਹ ਬਾਕੀ ਬੰਕਰ ਬਣਾਉਣ ਦਾ ਕੰਮ ਤੇਜ਼ੀ ਨਾਲ ਪੂਰਾ ਕਰਨਗੇ।

ਬੰਕਰ ਸੁਰੱਖਿਆ ਤਾਂ ਦਿੰਦਾ ਹੈ ਪਰ ਲੰਬੇ ਵੇਲੇ ਤੱਕ ਇਸ ਵਿੱਚ ਰਹਿਣਾ ਵੀ ਸੌਖਾ ਨਹੀਂ। ਅਕਸਰ ਬੰਕਰ ਵਿੱਚ ਦਰਜਨ ਤੋਂ ਵੱਧ ਲੋਕ ਲੁਕਦੇ ਹਨ।

ਬੰਕਰ ਵਿੱਚ ਪਾਣੀ ਭਰ ਜਾਵੇ ਤਾਂ ਸਿੱਲ੍ਹ ਨਾਲ ਹੋਰ ਘੁਟਣ ਹੋ ਜਾਂਦੀ ਹੈ। ਜਿਵੇਂ ਸੁਦੇਸ਼ ਦੇ ਘਰ ਨੇੜੇ ਬੰਕਰ ਵਿੱਚ ਵੀ ਹੋਇਆ ਹੈ।

ਸੁਦੇਸ਼ ਵਿਆਹ ਤੋਂ ਬਾਅਦ ਉੱਥੇ ਆਈ ਸੀ। 35 ਸਾਲ ਐਲਓਸੀ ਦੇ ਖ਼ਤਰੇ ਵਿੱਚ ਰਹਿਣ ਦਾ ਮਲਾਲ ਤਾਂ ਨਹੀਂ ਪਰ ਥੱਕ ਗਈ ਹੈ।

ਇਹ ਵੀ ਪੜ੍ਹੋ:

ਕਹਿੰਦੀ ਹੈ ਉਸ ਦਿਨ ਦੀ ਉਡੀਕ ਹੈ ਜਦੋਂ ਸ਼ਾਂਤੀ ਆਏ ਤਾਂ ਪਰਤਣ ਦੀ ਜਲਦੀ ਨਾ ਹੋਵੇ। ਬੱਚੇ ਗੋਲੀ-ਬਾਰੂਦ ਨਹੀਂ ਸਗੋਂ ਫਿਰ ਤੋਂ ਕਿਤਾਬਾਂ ਨਾਲ ਖੇਡਣ ਲਗਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)